ਅਨੁਸ਼ਕਾ ਸ਼ਰਮਾ ਤਿਆਰੀ ਸ਼ਗਨਾਂ ਦੀ

ਦੀਵਾਲੀ ਤਾਂ ਲੰਘ ਗਈ ਤੇ ਕ੍ਰਿਸਮਸ ਦਾ ਅਨੁਸ਼ਕਾ ਸ਼ਰਮਾ ਨਾਲ ਕੋਈ ਖਾਸ ਲਗਾਓ ਨਹੀਂ ਹੈ। ਇਸ ਲਈ ਆ ਰਹੇ ਨਵੇਂ ਸਾਲ ਦਾ ਤੋਹਫ਼ਾ ਉਹ ਬੀ-ਟਾਊਨ ‘ਤੇ ਆਪਣੇ ਪ੍ਰਸੰਸਕਾਂ ਨੂੰ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਕੇ ਦੇ ਸਕਦੀ ਹੈ। ਸਭ ਠੀਕ-ਠਾਕ ਰਿਹਾ ਤਾਂ ਦਸੰਬਰ ‘ਚ ਅਨੂ ਤੇ ਵਿਰਾਟ ਦੀ ਸ਼ਾਦੀ ਧੂਮ-ਧਾਮ ਨਾਲ ਹੋਵੇਗੀ। ਅਨੁਸ਼ਕਾ ਦੇ ਕਹਿਣ ‘ਤੇ ਵਿਰਾਟ ਨੇ ਬੀ.ਸੀ.ਸੀ. ਆਈ ਨੂੰ ਅਰਜ਼ੀ ਦਿੱਤੀ ਹੈ ਕਿ ਦਸੰਬਰ ਮਹੀਨੇ ਦੀ ਛੁੱਟੀ ਉਸ ਨੂੰ ਚਾਹੀਦੀ ਹੈ। ਕਾਰਨ ‘ਨਿੱਜੀ’ ਲਿਖਿਆ ਹੈ। ਸਮਝ ਲਵੋ ਕਿ ਅਨੁਸ਼ਕਾ ਸ਼ਰਮਾ ਨੇ ਸਹੁਰੇ ਘਰ ਨਵਾਂ ਸਾਲ ਮਨਾਉਣ ਦਾ ਫੈਸਲਾ ਲੈ ਲਿਆ ਹੈ। ਅਨੁਸ਼ਕਾ ਸ਼ਰਮਾ ਵਿਆਹ ਤੋਂ ਪਹਿਲਾਂ ਕਰਨ ਜੌਹਰ ਆਦਿ ਨੂੰ ਮਿਲ ਰਹੀ ਹੈ। ਚਾਰ ਸਾਲ ਤੋਂ ਅਨੂ ਤੇ ਵਿਰਾਟ ਇਕ-ਦੂਜੇ ਲਈ ਬਣੇ ਹੋਏ ਹਨ। ‘ਬਰੇਕਫਾਸਟ ਵਿਦ ਚੈਂਪੀਅਨਜ਼’ ਸ਼ੋਅ ‘ਚ ਅਨੂ ਇਹ ਸੁਣ ਕੇ ਖੁਸ਼ ਹੋਈ ਕਿ ਉਸਦੇ ਵਿਰਾਟ ਹੋਰੀਂ ਸੱਚੀ ਗੱਲ ਕਹਿ ਹੀ ਦਿੰਦੇ ਹਨ। ਅਨੂ ਨੇ ਸਵੀਕਾਰ ਕੀਤਾ ਕਿ ਉਸ ਦੇ ਸਬੰਧ ਟੁੱਟ ਜਾਂਦੇ ਜੇਕਰ ਜ਼ਹੀਰ ਖ਼ਾਨ ਵਿਚੋਲਗਿਰੀ ਨਾ ਨਿਭਾਉਂਦਾ। ਜ਼ਹੀਰ ਦੀ ਵਿਚੋਲਗਿਰੀ ਨੇ ਅਨੂ-ਵਿਰਾਟ ਨੂੰ ਵਿਆਹ ਦੇ ਮੁਕਾਮ ‘ਤੇ ਪਹੁੰਚਾਇਆ ਹੈ। ਜ਼ਹੀਰ ਖ਼ਾਨ ਵੀ ਮਸ਼ਹੂਰ ਗੇਂਦਬਾਜ਼ ਰਹੇ ਹਨ। ਅਨੁਸ਼ਕਾ ਨੇ ਤਾਂ ਹੁਣ ਡਾਕਟਰੀ ਸਹਾਇਤਾ ਲਈ ਵੀ ਵਿਰਾਟ ਦੇ ਡਾਕਟਰ ਕੋਲ ਜਾਣਾ ਸ਼ੁਰੂ ਕੀਤਾ ਹੈ। ਐਕਿਯੂਪੰਕਚਰ ਥੈਰੇਪੀ ਉਹ ਕਰਵਾਉਣ ਵਿਰਾਟ ਦੇ ਡਾਕਟਰ ਕੋਲ ਜਾ ਰਹੀ ਹੈ। ਡਾਕਟਰ ਗਮਡੀਆ ਨਾਲ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਫੋਟੋ ਵੀ ਵਾਇਰਲ ਹੋਈ ਹੈ। ਕੁੱਲ ਮਿਲਾ ਕੇ ਸੰਕੇਤ ਇਹੀ ਹੈ ਕਿ ਅਨੁਸ਼ਕਾ ਸ਼ਰਮਾ ਨੇ ਵਿਆਹ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਹਨ। ਆਮਿਰ ਖ਼ਾਨ, ਜ਼ਹੀਰ ਖ਼ਾਨ ਤੇ ਕਰਨ ਜੌਹਰ ਇਹ ਸਾਰੇ ਅਨੁਸ਼ਕਾ ਸ਼ਰਮਾ ਦੇ ਵਿਆਹ ਲਈ ਆਪਣੇ ਮਸ਼ਵਰੇ ਤੇ ਸਹਾਇਤਾ ਦੇ ਰਹੇ ਹਨ। ਅਨੁਸ਼ਕਾ ਨੇ ਇਸ ਦੌਰਾਨ ਖ਼ੁਸ਼ੀ-ਖ਼ੁਸ਼ੀ ਦੱਸਿਆ ਕਿ ਵਿਰਾਟ ਉਸ ਨੂੰ ਸਹੁਰੇ ਘਰ ਜਾਣ ‘ਤੇ ‘ਨੁਸ਼ਕੀ’ ਦੇ ਨਾਂਅ ਨਾਲ ਸੱਦਿਆ ਕਰੇਗਾ। ਵਿਰਾਟ ਹਮੇਸ਼ਾ ਅਨੁਸ਼ਕਾ ਸ਼ਰਮਾ ਨੂੰ ਇਸ ਨਾਂਅ ਨਾਲ ਹੀ ਬੁਲਾਉਂਦਾ ਹੈ। ਲਹਿੰਗੇ-ਸ਼ੇਰਵਾਨੀ ‘ਚ ਪਹਿਲਾਂ ਹੀ ਅਨੂ-ਵਿਰਾਟ ਜ਼ੀ ਟੀ.ਵੀ. ਦੇ ਇਕ ਸ਼ੋਅ ‘ਚ ਨਜ਼ਰ ਆ ਚੁੱਕੇ ਹਨ। ਚਲੋ ਜੀ ਆਪਾਂ ਵੀ ਅਨੁਸ਼ਕਾ ਸ਼ਰਮਾ ਦੇ ਵਿਆਹ ਦੇ ਦਿਨ ਦੀ ਤਰੀਕ ਦਾ ਇੰਤਜ਼ਾਰ ਕਰੀਏ।

Share :

Share

rbanner1

Share