ਅਮਰੀਕਾ-ਚੀਨ ਇਕੱਠਿਆਂ ਸੁਲਝਾ ਸਕਦੇ ਨੇ ਆਲਮੀ ਮੁਸ਼ਕਲਾਂ: ਟਰੰਪ

ਅਮਰੀਕਾ-ਚੀਨ ਇਕੱਠਿਆਂ ਸੁਲਝਾ ਸਕਦੇ ਨੇ ਆਲਮੀ ਮੁਸ਼ਕਲਾਂ: ਟਰੰਪਪੇਈਚਿੰਗ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਪਰਮਾਣੂ ਮਸਲੇ ਨਾਲ ਨਜਿੱਠਣ ਲਈ ਚੀਨ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਚੀਨ ਇਕੱਠਿਆਂ ਗੰਭੀਰ ਆਲਮੀ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਅੱਜ ਇਥੇ ਹੋਈ ਬੈਠਕ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦਾ ਚੀਨੀ ਰਾਜਧਾਨੀ ’ਚ ਸ਼ਾਹੀ ਅੰਦਾਜ਼ ’ਚ ਸਵਾਗਤ ਕੀਤਾ ਗਿਆ। ਟਰੰਪ ਨੇ ਨਿੱਘੇ ਸਵਾਗਤ ਦਾ ਧੰਨਵਾਦ ਕਰਦਿਆਂ ਆਲਮੀ ਸਮੱਸਿਆਵਾਂ ਦੇ ਟਾਕਰੇ ਲਈ ਜਿਨਪਿੰਗ ਨੂੰ ਇਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ। ਏਸ਼ੀਆ ਦੇ ਪੰਜ ਮੁਲਕਾਂ ਦੇ ਦੌਰੇ ’ਤੇ ਨਿਕਲੇ ਟਰੰਪ ਜਦੋਂ ਚੀਨ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰੇਟ ਹਾਲ ਆਫ਼ ਪੀਪਲ ’ਚ 21 ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਟਰੰਪ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਨੁਮਾਇੰਦਿਆਂ ਦੀ ਬੈਠਕ ਸ਼ਾਨਦਾਰ ਰਹੀ ਅਤੇ ਉੱਤਰੀ ਕੋਰੀਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ‘ਸਾਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਪਏਗੀ ਅਤੇ ਚੀਨ ਹੋਰਾਂ ਨਾਲੋਂ ਤੇਜ਼ੀ ਨਾਲ ਇਸ ਮੁਸ਼ਕਲ ਦਾ ਨਿਪਟਾਰਾ ਕਰੇਗਾ।’ ਦੁਵੱਲੇ ਵਪਾਰ ਦੇ ਮਾਮਲੇ ’ਚ 370 ਅਰਬ ਡਾਲਰ ਤੋਂ ਵੱਧ ਦੇ ਅਸੰਤੁਲਨ ਦਾ ਹਵਾਲਾ ਦਿੰਦਿਆਂ ਟਰੰਪ ਨੇ ਅਮਰੀਕਾ ਦੀਆਂ ਪਿਛਲੀਆਂ ਸਰਕਾਰਾਂ ਨੂੰ ਇਸ ਲਈ ਦੋਸ਼ੀ ਠਹਿਰਾਇਆ। ਇਸ ਤੋਂ ਪਹਿਲਾਂ ਟਰੰਪ ਦਾ ਸਵਾਗਤ ਕਰਦਿਆਂ ਸ਼ੀ ਨੇ ਕਿਹਾ ਕਿ ਦੋਹਾਂ ਵਿਚਕਾਰ ਕੱਲ ਤੋਂ ਚੀਨ-ਅਮਰੀਕਾ ਸਬੰਧਾਂ ਅਤੇ ਸਾਂਝੇ ਹਿੱਤਾਂ ਵਾਲੇ ਅਹਿਮ ਮੁੱਦਿਆਂ ’ਤੇ ਡੂੰਘੀਆਂ ਵਿਚਾਰਾਂ ਹੋਈਆਂ ਹਨ। ਉਨ੍ਹਾਂ ਉੱਤਰੀ ਕੋਰੀਆ ਪਰਮਾਣੂ ਪ੍ਰੋਗਰਾਮ ਅਤੇ ਅਫ਼ਗਾਨਿਸਤਾਨ ਦੇ ਮੁੱਦਿਆਂ ਨੂੰ ਸੁਲਝਾਉਣ ’ਚ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ। ਟਰੰਪ ਨੇ ਸ਼ੀ ਨੂੰ ‘ਚੀਨ ਦਾ ਬਾਦਸ਼ਾਹ’ ਕਰਾਰ ਦਿੱਤਾ ਜਦਕਿ ਸ਼ੀ ਨੇ ਕਿਹਾ ਕ ਟਰੰਪ ਦੇ ਚੀਨ ਦੌਰੇ ਨਾਲ ਹਾਂ-ਪੱਖੀ ਅਤੇ ਅਹਿਮ ਨਤੀਜੇ ਨਿਕਲਣਗੇ।

ਟਰੰਪ ਅਤੇ ਸ਼ੀ ਦੱਖਣੀ ਏਸ਼ੀਆ ’ਚੋਂ ਅਤਿਵਾਦ ਦੇ ਖ਼ਾਤਮੇ ਲਈ ਰਜ਼ਾਮੰਦ

ਪੇਈਚਿੰਗ: ਚੀਨ ਨੇ  ਕਿਹਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਦੱਖਣੀ ਏਸ਼ੀਆ ’ਚ ਸ਼ਾਂਤੀ ਅਤੇ ਸਥਿਰਤਾ ਬਹਾਲੀ ਤੇ ਅਤਿਵਾਦ ਦੇ ਟਾਕਰੇ ਲਈ ਰਜ਼ਾਮੰਦ ਹੋ ਗਏ ਹਨ। ਇਹ ਫ਼ੈਸਲਾ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਵੱਲੋਂ ਪਾਕਿਸਤਾਨ ’ਤੇ ਅਤਿਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਖ਼ਤਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਗੱਲਬਾਤ ਦੌਰਾਨ ਸ਼ੀ ਅਤੇ ਟਰੰਪ ਨੇ ਅਫ਼ਗਾਨਿਸਤਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਥੇ ਸ਼ਾਂਤੀ ਲਿਆਉਣ ਪ੍ਰਤੀ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਨੇ ਦੱਖਣੀ ਏਸ਼ੀਆ ’ਚ ਅਤਿਵਾਦ ਵਿਰੋਧੀ ਮੁੱਦਿਆਂ ਅਤੇ ਸ਼ਾਂਤੀ ਤੇ ਸਥਿਰਤਾ ਬਹਾਲੀ ਦੇ ਯਤਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਹਾਂ ਆਗੂਆਂ ਦਰਮਿਆਨ ਬੈਠਕ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਤਿਵਾਦੀ ਮਨੁੱਖਤਾ ਲਈ ਖ਼ਤਰਾ ਹਨ।
ਟਰੰਪ ਦੇ ਪਹਿਲੇ ਦੌਰੇ ’ਤੇ ਹੀ ਚੀਨ ਨਾਲ 250 ਅਰਬ ਡਾਲਰ ਦੇ ਕਾਰੋਬਾਰੀ ਸੌਦੇ

ਪੇਈਚਿੰਗ: ਚੀਨ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਲੇਠੇ ਦੌਰੇ ਮੌਕੇ ਅਮਰੀਕਾ ਨਾਲ 250 ਅਰਬ ਡਾਲਰ ਤੋਂ ਵੱਧ ਦੇ ਸੌਦਿਆਂ ’ਤੇ ਦਸਤਖ਼ਤ ਕੀਤੇ। ਇਸ ਮੌਕੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਹਾਜ਼ਰ ਸਨ। ਟਰੰਪ ਨੇ ਦੁਵੱਲੇ ਕਾਰੋਬਾਰੀ ਸਬੰਧਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਨੂੰ ਇਕੋ ਜਿਹਾ ਸਹਿਯੋਗ ਕਰਨਾ ਪਏਗਾ। ਆਪਣੀ ਟਿੱਪਣੀ ’ਚ ਸ਼ੀ ਨੇ ਦੋਹਾਂ ਮੁਲਕਾਂ ਦਰਮਿਆਨ ਸੁਲ੍ਹਾ ਸਫ਼ਾਈ ਦੀ ਪੇਸ਼ਕਸ਼ ਵੀ ਕੀਤੀ।

Share :

Share

rbanner1

Share