ਅਮਰੀਕਾ ‘ਸੌ ਫ਼ੀਸਦੀ’ ਜਾਪਾਨ ਦੇ ਨਾਲ: ਟਰੰਪ

ਅਮਰੀਕਾ ‘ਸੌ ਫ਼ੀਸਦੀ’ ਜਾਪਾਨ ਦੇ ਨਾਲ: ਟਰੰਪ

ਵਾਸ਼ਿੰਗਟਨ,-ਉੱਤਰੀ ਕੋਰੀਆ ਵੱਲੋਂ ਬੈਲਿਸਟਿਕ ਮਿਜ਼ਾਈਲ ਦੀ ਕੀਤੀ ਗਈ ਅਜ਼ਮਾਇਸ਼ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਜਾਪਾਨ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨਾਲ ਕੀਤੀ ਸਾਂਝੀ ਪ੍ਰੈਸ ਕਾਨਫਰੰਸ, ਜੋ ਕੇਵਲ ਤਿੰਨ ਮਿੰਟ ਚੱਲੀ, ਮੌਕੇ ਕਿਹਾ, ‘‘ਮੈਂ ਸਾਰਿਆਂ ਨੂੰ ਇਹ ਦੱਸਣਾ ਅਤੇ ਸਮਝਾਉਣਾ ਚਾਹੁੰਦਾ ਹਾਂ ਕਿ ਅਮਰੀਕਾ ਪੂਰੀ ਤਰ੍ਹਾਂ ਨਾਲ ਜਾਪਾਨ ਦੀ ਪਿੱਠ ’ਤੇ ਖੜ੍ਹਾ ਹੈ। ਜਾਪਾਨ ਸਾਡਾ ਗੂੜ੍ਹਾ ਮਿੱਤਰ ਹੈ।’’ ਉਨ੍ਹਾਂ ਇਸ ਮੁੱਦੇ ’ਤੇ ਹੋਰ ਵੇਰਵੇ ਨਹੀਂ ਦਿੱਤੇ।

ਟਰੰਪ ਦਾ ਰੁਖ਼ ਜਾਣਨ ਲਈ ਕੀਤੀ ਕਾਰਵਾਈ: ਸਿਓਲ
ਸਿਓਲ: ਉੱਤਰੀ ਕੋਰੀਆ ਵੱਲੋਂ ਬੈਲਿਸਟਿਕ ਮਿਜ਼ਾਈਲ ਦੀ ਕੀਤੀ ਗਈ ਅਜ਼ਮਾਇਸ਼ ਬਾਰੇ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਇਹ ਕਾਰਵਾਈ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਰੁਖ਼ ਜਾਣਨ ਲਈ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ, ‘‘ਉੱਤਰੀ ਕੋਰੀਆ ਨੇ ਪੂਰੇ ਵਿਸ਼ਵ ਦਾ ਧਿਆਨ ਖਿੱਚਣ ਦੇ ਮਕਸਦ ਨਾਲ ਆਪਣੀਆਂ ਪਰਮਾਣੂ ਅਤੇ ਮਿਜ਼ਾਈਲ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੂੰ ਉਕਸਾ ਕੇ ਉਸ ਦਾ ਰੁਖ਼ ਜਾਣਨ ਲਈ ਕੀਤਾ ਗਿਆ ਹੈ।’’

Share :

Share

rbanner1

Share