ਅਰਜਨਟੀਨਾ ਨੂੰ ਹਰਾ ਕੇ ਚਿਲੀ ਬਣਿਆ ਚੈਂਪੀਅਨ

ਈਸਟ ਰਦਰਫੋਰਡ (ਨਿਊ ਜਰਸੀ)- ਚਿਲੀ ਨੇ ਐਤਵਾਰ ਰਾਤ ਨੂੰ ਮੈਟਲਾਈਫ ਸਟੇਡੀਅਮ ‘ਚ ਕੋਪਾ ਅਮਰੀਕਾ ਦੇ 100ਵੇਂ ਸੀਜ਼ਨ ਦੇ ਖਿਤਾਬੀ ਮੁਕਾਬਲੇ ‘ਚ ਅਰਜਨਟੀਨਾ ਨੂੰ ਇਕ ਵਾਰ ਫਿਰ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ | ਰੁਮਾਂਚਕ ਗੱਲ ਇਹ ਰਹੀ ਕਿ ਚਿਲੀ ਨੇ ਅਰਜਨਟੀਨਾ ਨੂੰ ਲਗਾਤਾਰ ਦੂਸਰੀ ਵਾਰ ਪੈਨਾਲਟੀ ਸ਼ੂਟ-ਆਊਟ ‘ਚ ਹਰਾਉਂਦੇ ਹੋਏ ਖਿਤਾਬ ਹਾਸਲ ਕੀਤਾ | ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਦੋਵਾਂ ਟੀਮਾਂ ‘ਚ ਕਾਫੀ ਰੁਮਾਂਚਕ ਰਿਹਾ | ਪਹਿਲੇ ਹਾਫ ‘ਚ ਦੋਵਾਂ ਟੀਮਾਂ ਵੱਲੋਂ ਇਕ ਵੀ ਗੋਲ ਨਾ ਕੀਤਾ ਗਿਆ | ਇਸ ਦੌਰਾਨ ਅਰਜਨਟੀਨਾ ਦੇ ਖਿਡਾਰੀ ਮਾਰਕੋਸ ਰੋਜੋ ਤੇ ਚਿਲੀ ਦੇ ਖਿਡਾਰੀ ਮਾਰਸੇਲੋ ਡਿਆਜ ਨੂੰ ਲਾਲ ਕਾਰਡ ਵੀ ਮਿਲਿਆ | ਦੂਸਰੇ ਹਾਫ ‘ਚ ਵੀ ਚਿਲੀ ਤੇ ਅਰਜਨਟੀਨਾ ਵਿਚਾਲੇ ਗੋਲ ਕਰਨ ਲਈ ਸੰਘਰਸ਼ ਚੱਲਦਾ ਰਿਹਾ, ਫਿਰ ਵੀ ਕੋਈ ਪਰਿਣਾਮ ਨਾ ਨਿਕਲਿਆ | ਖਿਤਾਬ ਹਾਸਲ ਕਰਨ ਲਈ ਬੇਕਰਾਰ ਅਰਜਨਟੀਨਾ ਤੇ ਚਿਲੀ ਨੂੰ ਪਰਿਣਾਮ ਹਾਸਲ ਕਰਨ ਲਈ ਮੁਕਾਬਲੇ ਦੇ ਤੈਅ ਸਮੇਂ (90 ਮਿਨਟ) ਤੋਂ ਇਲਾਵਾ 30 ਮਿਨਟ ਦਾ ਵਾਧੂ ਸਮਾਂ ਵੀ ਦਿੱਤਾ ਗਿਆ | ਇਸ ਦੇ ਬਾਵਜੂਦ ਵੀ ਕੋਈ ਨਤੀਜਾ ਨਾ ਨਿਕਲਿਆ | ਅੰਤ ‘ਚ ਇਹ ਮੁਕਾਬਲਾ ਪੈਨਾਲਟੀ ਸ਼ੂਟ-ਆਊਟ ਤੱਕ ਪਹੰੁਚ ਗਿਆ | ਦੋਵਾਂ ਹੀ ਟੀਮਾਂ ਨੂੰ ਪੰਜ-ਪੰਜ ਵਾਰ ਪੈਨਾਲਟੀ ਸ਼ੂਟ-ਆਊਟ ਦਾ ਮੌਕਾ ਮਿਲਿਆ | ਪੈਨਾਲਟੀ ਸ਼ੂਟ-ਆਊਟ ਦੀ ਸ਼ੁਰੂਆਤ ਚਿਲੀ ਵੱਲੋਂ ਹੋਈ | ਟੀਮ ਵੱਲੋਂ ਗੋਲ ਕਰਨ ਆਏ ਆਰਤੁਰੋ ਵਿਡਾਲ ਦੇ ਸ਼ਾਟ ਨੂੰ ਅਰਜਨਟੀਨਾ ਦੇ ਗੋਲਕੀਪਰ ਸਰਗੀਓ ਰੋਮੇਰੋ ਨੇ ਕਾਫੀ ਬਿਹਤਰੀਨ ਤਰੀਕੇ ਨਾਲ ਰੋਕਦੇ ਹੋਏ ਟੀਚੇ ਤੱਕ ਨਾ ਪਹੁੰਚਣ ਦਿੱਤਾ | ਜਿੱਤ ਦੀ ਉਮੀਦ ਨਾਲ ਅਰਜਨਟੀਨਾ ਵੱਲੋਂ ਟੀਮ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਪਹਿਲਾ ਗੋਲ ਕਰਨ ਆਏ | ਸਾਰੇ ਹੈਰਾਨ ਸਨ ਕਿ ਮੈਸੀ ਗੋਲ ਕਰਨ ‘ਚ ਕਾਮਯਾਬ ਰਹਿਣਗੇ, ਪਰ ਇਸ ਦੇ ਉਲਟ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਬਰਸੀਲੋਨਾ ਦੇ ਦਿੱਗਜ ਗੋਲ ਕਰਨ ‘ਚ ਨਾਕਾਮ ਰਹੇ | ਇਸ ਤੋਂ ਬਾਅਦ ਚਿਲੀ ਵੱਲੋਂ ਕੀਤੇ ਗਏ ਬਾਕੀ ਸਾਰੇ ਗੋਲ ਸਫਲ ਰਹੇ | ਅਰਜਨਟੀਨਾ ਲਈ ਜੇਵੀਅਰ ਮਾਸਚੇਰਾਨੋ, ਸਰਗੀਓ ਅਗੁਏਰੋ ਨੇ ਸਫਲ ਗੋਲ ਕੀਤੇ ਜਦਕਿ ਮੈਸੀ ਤੇ ਲੁਕਾਸ ਗੋਲ ਦਾਗਨ ‘ਚ ਨਾਕਾਮ ਰਹੇ, ਜਿਸ ਕਾਰਨ ਟੀਮ ਨੂੰ ਇਕ ਵਾਰ ਫਿਰ ਫਾਈਨਲ ‘ਚ ਚਿਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ | ਟੂਰਨਾਮੈਂਟ ‘ਚ 23 ਸਾਲ ਦੇ ਸੋਕੇ ਨੂੰ ਖਤਮ ਕਰਨ ਆਈ ਅਰਜਨਟੀਨਾ ਦੀ ਟੀਮ ਨੂੰ ਇਸ ਵਾਰ ਵੀ ਖਾਲੀ ਹੱਥ ਪਰਤਨਾ ਪਿਆ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸਟਾਰ ਖਿਡਾਰੀ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸਨਿਆਸ ਲੈ ਲਿਆ |

Share :

Share

rbanner1

Share