ਆਜ਼ਾਦੀ ਘੁਲਾਟੀਆਂ ਦਾ ਪਿੰਡ ਜਨੌੜੀ

ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਜਨੌੜੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇਸ ਪੁਰਾਤਨ ਪਿੰਡ ਵਿੱਚ ਡਡਵਾਲ ਗੋਤਰ ਦੇ ਰਾਜਪੂਤਾਂ ਦੀ ਵਸੋਂ ਤਕਰੀਬਨ 70 ਫ਼ੀਸਦੀ ਹੈ। ਇਸ ਤੋਂ ਇਲਾਵਾ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਕਰੀਬ ਅਤੇ ਵੋਟਰਾਂ ਦੀ ਗਿਣਤੀ ਤਕਰੀਬਨ 4 ਹਜ਼ਾਰ ਹੈ। ਪਿੰਡ ਦਾ ਰਕਬਾ ਲਗਪਗ 5600 ਏਕੜ ਹੈ।
ਪਿੰਡ ਦੇ ਇਤਿਹਾਸ ਸਬੰਧੀ ਬਜ਼ੁਰਗ ਠਾਕੁਰ ਸ਼ਾਂਤੀ ਸਰੂਪ (91) ਨੇ ਦੱਸਿਆ ਕਿ ਜਨੌੜੀ ਦਾ ਨਾਂ ਪਹਿਲਾ ਜਨਕਪੁਰੀ ਸੀ ਪਰ ਇਸ ਬਾਰੇ ਠੋਸ ਦਸਤਾਵੇਜ਼ ਨਹੀਂ ਮਿਲਦੇ ਹਨ। ਇਸ ਨੂੰ ਮੰਦਿਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਹਰੇਕ ਮੁਹੱਲੇ ਵਿੱਚ ਇੱਕ ਮੰਦਿਰ ਹੈ। ਪਿੰਡ ਵਿੱਚ ਤਿੰਨ ਦਰਜਨ ਦੇ ਕਰੀਬ ਮੰਦਿਰ ਹਨ। ਮੰਦਿਰ ਬਾਬਾ ਸਰਵਣ ਦਾਸ ਪ੍ਰਤੀ ਲੋਕਾਂ ਦੀ ਬਹੁਤ ਸ਼ਰਧਾ ਹੈ, ਕਿਉਂਕਿ ਇਹ ਪ੍ਰਾਚੀਨ ਮੰਦਿਰ ਹੈ। ਇੱਥੇ ਹਰ ਸਾਲ ਵਿਸਾਖੀ ਨੂੰ ਮੇਲਾ ਲੱਗਦਾ ਹੈ। ਮੇਲੇ ਵਿੱਚ ਲੋਕ ਲੱਖਾਂ ਦੀ ਗਿਣਤੀ ’ਚ ਪੁੱਜਦੇ ਹਨ। ਇਸ ਮੰਦਿਰ ਵਿੱਚ ਸੱਪ ਦੇ ਕੱਟੇ ਦਾ ਇਲਾਜ ਹੁੰਦਾ ਹੈ ਤੇ ਲੋਕ ਦੂਰੋਂ-ਦੂਰੋਂ ਇਲਾਜ ਲਈ ਆਉਂਦੇ ਹਨ। ਇਸ ਪਿੰਡ ਵਿੱਚ ਬੱਸ ਸਟੈਂਡ ਨੇੜਲੇ ਮੈਦਾਨ ਵਿੱਚ ਹੋਲੀ ਮੌਕੇ ਵੀ ਮੇਲਾ ਭਰਦਾ ਹੈ। ਪਿੰਡ ਵਿੱਚ ਮੰਦਿਰਾਂ ਤੋਂ ਇਲਾਵਾ ਦੋ ਗੁਰਦੁਆਰੇ ਹਨ। ਇੱਥੇ ਤੱਖੀ ਗੋਤਰ ਜਠੇਰਿਆਂ ਦੀ ਜਗ੍ਹਾ ਹੈ, ਜਿਸ ’ਤੇ ਸੈਂਕੜੇ ਸ਼ਰਧਾਲੂ ਆਉਂਦੇ ਹਨ।
ਜਨੌੜੀ ਵਿੱਚ ਚਾਰ ਪੰਚਾਇਤਾਂ ਬਣੀਆਂ ਹੋਈਆਂ ਹਨ। ਇਹ ਪੰਚਾਇਤਾਂ ਜਨੌੜੀ, ਟਾਹਲੀਵਾਲ, ਟੱਪਾ ਤੇ ਛਮੇੜੀ ਪੱਤੀ ਦੀਆਂ ਹਨ। ਪਹਿਲਾਂ ਟਾਹਲੀਵਾਲ, ਟੱਪਾ ਤੇ ਛਮੇੜੀ ਪੱਤੀ ਦਾ ਕੰਮਕਾਜ ਜਨੌੜੀ ਦੀ ਪੰਚਾਇਤ ਕੋਲ ਹੁੰਦਾ ਸੀ ਪਰ ਟੱਪਾ ਅਤੇ ਟਾਹਲੀਵਾਲ ਮੁਹੱਲਿਆਂ ਦੀ ਦੂਰੀ ਜ਼ਿਆਦਾ ਹੋਣ ਕਰਕੇ ਇਨ੍ਹਾਂ ਮੁਹੱਲਿਆਂ ਦੀਆਂ ਪੰਚਾਇਤਾਂ ਵੱਖਰੀਆਂ ਬਣਾਉਣੀਆਂ ਪਈਆਂ ਹਨ। ਇਸ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਜਗਮੋਹਨ ਸਿੰਘ ਤੇ ਚੋਣ ਕਮਿਸ਼ਨ ਦੀ ਸੂਚੀ ਅਨੁਸਾਰ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਖ ਕਰਨ ’ਤੇ ਵੀ ਜਨੌੜੀ ਵਿੱਚ ਅਜੇ 22 ਮੁਹੱਲੇ ਹਨ। ਛਮੇੜੀ ਪੱਤੀ ਵਿੱਚ 10 ਮੁਹੱਲੇ, ਟਾਹਲੀਵਾਲ ਵਿੱਚ ਇੱਕ ਮੁਹੱਲਾ ਅਤੇ ਟੱਪਾ ਵਿੱਚ 3 ਮੁਹੱਲੇ ਹਨ। ਇਸ ਤਰ੍ਹਾਂ ਕੁੱਲ 36 ਮੁਹੱਲੇ ਬਣਦੇ ਹਨ।
ਜਨੌੜੀ ਦੇ ਲੋਕ ਜੁਝਾਰੂ ਤਬੀਅਤ ਵਾਲੇ ਹਨ। ਇਸ ਪਿੰਡ ਵਿੱਚੋਂ 25 ਆਜ਼ਾਦੀ ਘੁਲਾਟੀਏ ਹੋਏ ਹਨ। ਪਿੰਡ ਦੇ 155 ਦੇ ਕਰੀਬ ਜਵਾਨਾਂ ਨੇ ਪਹਿਲੇ ਵਿਸ਼ਵ ਯੁੱੱਧ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 6 ਸ਼ਹੀਦ ਹੋ ਗਏ ਸਨ। ਇਨ੍ਹਾਂ ਦਾ ਨਾਂ ਪਿੰਡ ਵਿੱਚ ਸਮਾਰਕੀ ਬੋਰਡ ’ਤੇ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਦੂਜੇ ਵਿਸ਼ਵ ਯੁੱਧ ਵਿੱਚ ਪਿੰਡ ਦੇ 4 ਜਵਾਨਾਂ ਨੇ ਹਿੱਸਾ ਲਿਆ ਸੀ ਅਤੇ ਇੱਕ ਜਵਾਨ ਨੇ 1962 ਅਤੇ ਇੱਕ ਨੇ 1971 ਦੀ ਲੜਾਈ ਵਿੱਚ ਹਿੱਸਾ ਲਿਆ ਸੀ ਤੇ ਪੰਜ ਜਵਾਨਾਂ ਨੂੰ ਬਹਾਦਰੀ ਮੈਡਲ ਮਿਲੇ ਸਨ। ਇਨ੍ਹਾਂ ਦੇ ਨਾਂਵਾਂ ਦੀ ਸੂਚੀ ਪਿੰਡ ਦੇ ਬੱਸ ਅੱਡੇ ’ਤੇ ਲੱਗੇ ਬੋਰਡ ਉੱਤੇ ਦਰਜ ਹੈ। ਇਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸਪਰਪਿਤ ਲਾਇਬ੍ਰੇਰੀ ਵੀ ਬਣੀ ਹੋਈ ਹੈ। ਇਸ ਵਿੱਚ ਸ਼ਹੀਦਾਂ ਬਾਰੇ ਰਿਕਾਰਡ ਅਤੇ ਤਸਵੀਰਾਂ ਸਾਂਭੀਆਂ ਹੋਈਆਂ ਹਨ। ਹੁਣ ਵੀ ਜਨੌੜੀ ਦੇ ਵੱੱਡੀ ਗਿਣਤੀ ਨੌਜਵਾਨ ਦੇਸ਼ ਦੀਆਂ ਵੱਖ-ਵੱਖ ਸੈਨਾਵਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ।
ਇਹ ਪਿੰਡ ਵਿਦਿਅਕ ਖੇਤਰ ਵਿੱਚ ਪਿੱਛੇ ਨਹੀਂ ਹੈ। ਇਸ ਪਿੰਡ ਵਿੱਚ ਚਾਰ ਸਰਕਾਰੀ ਸਕੂਲ ਹਨ। ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ), ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ), ਸਰਕਾਰੀ ਮਿਡਲ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਛੋਟੇ ਬੱਚਿਆਂ ਲਈ 6 ਆਂਗਣਵਾੜੀ ਸੈਂਟਰ ਹਨ। ਇਨ੍ਹਾਂ ਸਕੂਲਾਂ ਵਿੱਚ ਆਲੇ-ਦੁਆਲੇ ਦੇ ਪਿੰਡਾਂ ’ਚੋਂ ਵੱਡੀ ਗਿਣਤੀ ਬੱਚੇ ਪੜ੍ਹਨ ਆਉਂਦੇ ਹਨ। ਪਿੰਡ ਵਿੱਚ 2 ਪ੍ਰਾਈਵੇਟ ਸਕੂਲ ਹਨ।
ਜਨੌੜੀ ਵਿੱਚ ਸਿਹਤ ਸਹੂਲਤਾਂ ਵੀ ਦਰੁਸਤ ਹਨ। ਇੱਥੇ ਇੱਕ ਸਿਵਲ ਡਿਸਪੈਂਸਰੀ ਅਤੇ ਪਸ਼ੂਆਂ ਦਾ ਹਸਪਤਾਲ ਹੈ। ਪਿੰਡ ਵਿੱਚ ਇੱਕ ਪੈਟਰੋਲ ਪੰਪ ਵੀ ਹੈ।
ਜਨੌੜੀ ਵਿੱਚ ਜ਼ੈਲਦਾਰ ਮੁਹੱਲੇ ’ਚ ਇੱਕ ਪੁਰਾਣੀ ਹਵੇਲੀ ਹੈ, ਜਿਸ ਦੀ ਹਾਲਤ ਹੁਣ ਖਸਤਾ ਹੈ। ਪਿੰਡ ਵਿੱਚ ਖੇਤੀਬਾੜੀ ਸਹਿਕਾਰੀ ਸਭਾ, ਪੰਜਾਬ ਨੈਸ਼ਨਲ ਬੈਂਕ ਅਤੇ ਕੋਆਪਰੇਟਿਵ ਬੈਂਕ ਦੀ ਸ਼ਾਖ਼ਾ ਵੀ ਹੈ। ਇਸ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ 2 ਸਰਕਾਰੀ ਟਿਊਬਵੈੱਲ ਹਨ ਅਤੇ ਸਿੰਜਾਈ ਲਈ ਵੀ 2 ਟਿਊਬਵੈੱਲ ਹਨ। ਬਿਜਲੀ ਬੋਰਡ ਦਾ 66 ਕੇ.ਵੀ ਬਿਜਲੀ ਘਰ ਹੈ, ਜਿੱਥੋਂ ਪਿੰਡ ਨੂੰ ਬਿਜਲੀ ਸਪਲਾਈ ਹੁੰਦੀ ਹੈ। ਜਨੌੜੀ ਦੀਆਂ ਗਲੀਆਂ-ਨਾਲੀਆਂ ਅਤੇ ਸੜਕਾਂ ਪੱਕੀਆਂ ਹਨ। ਸੜਕਾਂ ਪੱਕੀਆਂ ਹੋਣ ਕਰਕੇ ਪਿੰਡ ਨੂੰ ਗੌਰਵ, ਰਾਜਧਾਨੀ ਤੇ ਦੋਆਬਾ ਬੱਸਾਂ ਦੀ ਸਰਵਿਸ ਹੈ। ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਪ੍ਰੋ. ਗੁਰਦਿਆਲ ਸਿੰਘ ਦੇ ਪਰਿਵਾਰ ਦਾ ਬਹੁਤ ਯੋਗਦਾਨ ਹੈ। ਇਸ ਪਿੰਡ ਦੀ ਸੁੰਦਰਤਾ ਡੈਮ ਨਾਲ ਬਹੁਤ ਵਧ ਜਾਂਦੀ ਹੈ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣਿਆ ਹੋਇਆ ਹੈ। ਇਹ ਪਿੰਡ ਕੰਢੀ ਖੇਤਰ ਵਿੱਚ ਆਉਣ ਦੇ ਬਾਵਜੂਦ ਸਹੂਲਤਾਂ ਨਾਲ ਮਾਲਾਮਾਲ ਹੈ। ਸੰਪਰਕ: 84279-95427

Share :

Share

rbanner1

Share