ਆਪਣੀ ਸਫਲਤਾ ਦਾ ਕਦੇ ਘੁਮੰਡ ਨਹੀਂ ਸੀ ਕੀਤਾ ਗੁਰੂ ਦੱਤ ਨੇ

ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਗੁਰੂ ਦੱਤ ਦਾ ਨਾਂ ਹਿੰਦੀ ਸਿਨਮਾ ਜਗਤ ਵਿੱਚ ਪਹਿਲੇ ਸ਼ੋਅਮੈਨ ਵਜੋਂ ਲਿਆ ਜਾਂਦਾ ਹੈ। ਉਹ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ ਜਿਸ ਨੇ ਆਪਣੀ ਸਫਲਤਾ ਉੁੱਪਰ ਕਦੇ ਘੁਮੰਡ ਨਹੀਂ ਕੀਤਾ। ਉਹ ਕਮਰਸ਼ੀਅਲ ਫ਼ਿਲਮ ਨੂੰ ਆਰਟ ਮੂਵੀ ਵਾਂਗ ਪੇਸ਼ ਕਰਨ ਦੀ ਵਿਲੱਖਣ ਪ੍ਰਤਿਭਾ ਰੱਖਦਾ ਸੀ। ਗੁਰੂ ਦੱਤ ਵੱਲੋਂ ਨਿਰਮਿਤ ਫ਼ਿਲਮਾਂ ਉਸ ਦੀ ਨਿੱਜੀ ਜ਼ਿੰਦਗੀ ਦਾ ਹੀ ਰੂਪ ਪ੍ਰਤੀਤ ਹੁੰਦੀਆਂ ਹਨ। ਸਮਾਜਿਕ ਢਾਂਚੇ ਤੋਂ ਨਿਰਾਸ਼ ਗੁਰੂ ਦੱਤ ਨੇ ਆਪਣੀਆਂ ਫ਼ਿਲਮਾਂ ਰਾਹੀਂ ਆਪਣੇ ਜਜ਼ਬਾਤ ਨੂੰ ਦਰਸ਼ਕਾਂ ਸਨਮੁੱਖ ਬਾਖ਼ੂਬੀ ਪੇਸ਼ ਕੀਤਾ ਅਤੇ ਉਸ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਸ਼ਾਹਕਾਰ ਫ਼ਿਲਮਾਂ ਬਣ ਗਈਆਂ।
ਨੌਂ ਜੁਲਾਈ 1925 ਨੂੰ ਬੰਗਲੌਰ ਵਿੱਚ ਜਨਮੇ ਗੁਰੂ ਦੱਤ ਦਾ ਅਸਲ ਨਾਂ ਵਸੰਤ ਕੁਮਾਰ ਸ਼ਿਵਸ਼ੰਕਰ ਪਾਦੂਕੋਨ ਸੀ। ਬਚਪਨ ਘਰੇਲੂ ਤੰਗੀਆਂ ਅਤੇ ਆਰਥਿਕ ਪ੍ਰੇਸ਼ਾਨੀਆਂ ਵਿੱਚ ਗੁਜ਼ਰਿਆ। ਆਰਥਿਕ ਤੰਗੀ ਦੇ ਚੱਲਦਿਆਂ ਮੁਸ਼ਕਿਲ ਨਾਲ ਪੜ੍ਹਾਈ ਪੂਰੀ ਕਰ ਕੇ ਉਸ ਨੇ ਕੋਲਕਾਤਾ ਵਿੱਚ ਟੈਲੀਫੋਨ ਆਪਰੇਟਰ ਵਜੋਂ ਨੌਕਰੀ ਸ਼ੁਰੂ ਕੀਤੀ। ਕੁਝ ਦੇਰ ਬਾਅਦ ਨੌਕਰੀ ਛੱਡ ਕੇ ਮੰਨੇ ਪ੍ਰਮੰਨੇ ਡਾਂਸਰ ਉਦੈ ਸ਼ੰਕਰ ਦੀ ਡਾਂਸ ਅਕੈਡਮੀ ਵਿੱਚ ਨ੍ਰਿਤ ਦੀ ਸਿੱਖਿਆ ਹਾਸਿਲ ਕੀਤੀ। ਇਸ ਦੇ ਨਾਲ ਹੀ ਪੂਣੇ ਸਥਿਤ ਪ੍ਰਭਾਤ ਫ਼ਿਲਮ ਕੰਪਨੀ ਵਿੱਚ ਤਿੰਨ ਸਾਲ ਦੇ ਕਾਂਟ੍ਰੈਕਟ ’ਤੇ ਨੌਕਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਰੂ ਦੱਤ ਕੁਝ ਫ਼ਿਲਮੀ ਹਸਤੀਆਂ ਦੇ ਸੰਪਰਕ ਵਿੱਚ ਆਏ। ਦੇਵ ਆਨੰਦ ਨਾਲ ਉਸ ਦੀ ਪਹਿਲੀ ਮੁਲਾਕਾਤ ਇੱਥੇ ਹੀ ਹੋਈ। ਪੂਣੇ ਵਿੱਚ 1944 ਵਿੱਚ ‘ਚਾਂਦ’ ਨਾਂ ਦੀ ਫ਼ਿਲਮ ਵਿੱਚ ਛੋਟੀ ਜਿਹੀ ਭੂਮਿਕਾ ਮਿਲੀ। ਬਾਅਦ ਵਿੱਚ ਫਿਰ ਮੁੰਬਈ ਆ ਕੇ ਫ਼ਿਲਮ ਨਿਰਮਾਣ ਅਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ। 1946 ਵਿੱਚ ਉਸ ਨੇ ਪ੍ਰਭਾਤ ਸਟੂਡਿਓ ਦੀ ਨਿਰਮਿਤ ਫ਼ਿਲਮ ‘ਹਮ ਏਕ ਹੈਂ’ ਤੋਂ ਬਤੌਰ ਕੋਰਿਓਗ੍ਰਾਫਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਬਤੌਰ ਨਿਰਦੇਸ਼ਕ ਉਸ ਨੇ ਆਪਣੀ ਪਹਿਲੀ ਫ਼ਿਲਮ ‘ਬਾਜ਼ੀ’ ਬਣਾਈ ਜਿਸ ਵਿੱਚ ਦੇਵ ਆਨੰਦ ਮੁੱਖ ਭੂਮਿਕਾ ਵਿੱਚ ਸਨ। ਇਸ ਤੋਂ ਬਾਅਦ ਦੇਵ ਆਨੰਦ ਨੂੰ ਹੀ ਲੈ ਕੇ ਫ਼ਿਲਮ ‘ਜਾਲ’ ਬਣਾਈ।
ਗੁਰੂ ਦੱਤ ਨੇ ਪਿਆਸਾ, ਕਾਗਜ਼ ਕੇ ਫੂਲ; ਸਾਹਿਬ ਬੀਬੀ ਔਰ ਗੁਲਾਮ ਅਤੇ ਚੌਦ੍ਹਵੀਂ ਕਾ ਚਾਂਦ ਵਰਗੀਆਂ ਯਾਦਗਾਰ ਫ਼ਿਲਮਾਂ ਦਾ ਨਿਰਮਾਣ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਸਿਰਫ਼ ਦਸ ਸਾਲ ਬਾਅਦ 1957 ਵਿੱਚ ਰਿਲੀਜ਼ ਹੋਈ ਫ਼ਿਲਮ ‘ਪਿਆਸਾ’ ਨੂੰ ਵੇਖ ਕੇ ਦਰਸ਼ਕ ਚੌਂਕ ਗਏ। ਦਰਸ਼ਕ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗੇ ਕਿ ਫ਼ਿਲਮ ਨਿਰਮਾਤਾ ਪ੍ਰੇਸ਼ਾਨ ਕਿਉਂ ਹੈ ਅਤੇ ਉਸ ਨੂੰ ਕਿਹੋ ਜਿਹੇ ਸਮਾਜ ਦੀ ਤਲਾਸ਼ ਹੈ? ‘ਪਿਆਸਾ’ ਨੂੰ ਟਾਈਮ ਮੈਗਜ਼ੀਨ ਨੇ ਵਿਸ਼ਵ ਦੀਆਂ 100 ਸਰਬਕਾਲੀਨ ਸਰਵੋਤਮ ਫ਼ਿਲਮਾਂ ਵਿੱਚ ਜਗ੍ਹਾ ਦਿੱਤੀ। ਫ਼ਿਲਮ ਦੇ ਗੀਤ ਵੀ ਸੁਪਰਹਿੱਟ ਹੋਏ। ਸਾਹਿਰ ਲੁਧਿਆਣਵੀ ਦੇ ਲਿਖੇ ਇਨ੍ਹਾਂ ਗੀਤਾਂ ਨੂੰ ਐਸ.ਡੀ. ਬਰਮਨ ਨੇ ਸੰਗੀਤ ਦਿੱਤਾ ਸੀ।

ਗੁਰੂ ਦੱਤ ਦੀ ਅਧੂਰੀ ਰਹੀ ਫਿਲਮ ‘ਰਾਜ਼’ ਦਾ ਇਕ ਦਿ੍ਰਸ਼।

ਗੁਰੂ ਦੱਤ ਦੀ ਅਧੂਰੀ ਰਹੀ ਫਿਲਮ ‘ਰਾਜ਼’ ਦਾ ਇਕ ਦਿ੍ਰਸ਼।

ਉਨ੍ਹਾਂ ਵੱਲੋਂ ਨਿਰਮਿਤ ਫ਼ਿਲਮ ‘ਸਾਹਿਬ, ਬੀਵੀ ਔਰ ਗੁਲਾਮ’ ਨੂੰ ਫ਼ਿਲਮਫੇਅਰ ਐਵਾਰਡ ਮਿਲਿਆ। ‘ਮਿਸਟਰ ਐਂਡ ਮਿਸਿਜ਼ 55’ ਅਤੇ ‘ਆਰ ਪਾਰ’ ਵਰਗੀਆਂ ਹਲਕੇ ਫੁਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਦੇ ਸੁਰੀਲੇ ਗੀਤਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਫ਼ਿਲਮ ਅਦਾਕਾਰਾ ਵਹੀਦਾ ਰਹਿਮਾਨ ਨਾਲ ਗੁਰੂ ਦੱਤ ਦੀ ਜੋੜੀ ਕਾਫ਼ੀ ਚਰਚਾ ਵਿੱਚ ਰਹੀ। ਪਰਦੇ ਦੇ ਪਿੱਛੇ ਇਨ੍ਹਾਂ ਦੇ ਪ੍ਰੇਮ ਸਬੰਧਾਂ ਦੀ ਚਰਚਾ ਵੀ ਹੁੰਦੀ ਰਹੀ। ਗੁਰੂ ਦੱਤ ਦੀ ਆਖ਼ਰੀ ਫ਼ਿਲਮ ‘ਸਾਂਝ ਔਰ ਸਵੇਰਾ’ ਸੀ।
ਅਦਾਕਾਰ ਦੇਵ  ਆਨੰਦ ਨਾਲ ਉਸ ਦੀ ਦੋਸਤੀ ਇੱਕ ਮਿਸਾਲ ਬਣ ਕੇ ਸਾਹਮਣੇ ਆਈ। ਦੋਵਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਾਲ ਨਾਲ ਹੀ ਕੀਤੀ ਸੀ। ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਦੋਵਾਂ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਗੁਰੂ ਦੱਤ ਕਦੇ ਨਿਰਦੇਸ਼ਕ ਬਣੇ ਤਾਂ ਉਹ ਦੇਵ ਆਨੰਦ ਨੂੰ ਆਪਣੀ ਫ਼ਿਲਮ ਵਿੱਚ ਲਵੇਗਾ ਅਤੇ ਜੇ ਦੇਵ ਆਨੰਦ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਖੋਲ੍ਹੀ ਤਾਂ ਗੁਰੂ ਦੱਤ ਉਸ ਦੀ ਫ਼ਿਲਮ ਨੂੰ ਨਿਰਦੇਸ਼ਿਤ ਕਰੇਗਾ। ਦੇਵ ਆਨੰਦ ਨੇ ਆਪਣੀ ਫ਼ਿਲਮ ਨਿਰਮਾਣ ਕੰਪਨੀ ਨਵਕੇਤਨ ਖੋਲ੍ਹੀ ਤਾਂ ਗੁਰੂ ਦੱਤ ਨੂੰਂ ਪਹਿਲੀ ਵਾਰ ਨਿਰਦੇਸ਼ਕ ਬਣਨ ਦਾ ਮੌਕਾ ਦਿੱਤਾ। ਗੁਰੂ ਦੱਤ ਨੇ ‘ਬਾਜ਼ੀ’ ਫ਼ਿਲਮ ਦਾ ਨਿਰਦੇਸ਼ਨ ਕੀਤਾ ਅਤੇ ਗੁਰੂ ਦੱਤ ਮੂਵੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਿਤ ਆਪਣੀ ਸੁਪਰਹਿੱਟ ਫ਼ਿਲਮ ‘ਸੀਆਈਡੀ’ ਵਿੱਚ ਦੇਵ ਆਨੰਦ ਨੂੰ ਬਤੌਰ ਅਭਿਨੇਤਾ ਲਿਆ। ਹਾਲਾਂਕਿ ਗੁਰੂ ਦੱਤ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਨਹੀਂ ਕੀਤਾ, ਪਰ ਦੇਵ ਆਨੰਦ ਨੂੰ ਅਭਿਨੇਤਾ ਲੈ ਕੇ ਆਪਣਾ ਵਾਅਦਾ ਪੂਰਾ ਕੀਤਾ।
ਦਸ ਅਕਤੂਬਰ 1964 ਨੂੰ ਗੁਰੂ ਦੱਤ ਦੀ ਮੌਤ ਹੋ ਗਈ। ਉਸ ਸਮੇਂ ਉਸ ਦੀ ਉਮਰ ਸਿਰਫ਼ 39 ਸਾਲ ਸੀ। ਉਸ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਕੁਝ ਦਾ ਕਹਿਣਾ ਸੀ ਕਿ ਗੁਰੂ ਦੱਤ ਨੇ ਆਤਮ ਹੱਤਿਆ ਕੀਤੀ ਹੈ ਜਦੋਂਕਿ ਕੁਝ ਇਸ ਨੂੰ ਕੁਦਰਤੀ ਮੌਤ ਮੰਨਦੇ ਹਨ।
ਗੁਰੂ ਦੱਤ ਨੇ 1953 ਵਿੱਚ ਪ੍ਰਸਿੱਧ ਗਾਇਕਾ ਗੀਤਾ ਰਾਏ ਨਾਲ ਵਿਆਹ ਕੀਤਾ। ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਗੁਰੂ ਦੱਤ, ਅਦਾਕਾਰਾ ਵਹੀਦਾ ਰਹਿਮਾਨ ਉੱਤੇ ਫ਼ਿਦਾ ਹੋ ਗਏ ਜਿਸ ਕਾਰਨ ਪਤਨੀ ਗੀਤਾ ਨਾਲ ਸਬੰਧ ਸੁਖਾਵੇਂ ਨਹੀਂ ਰਹੇ। ਮੌਤ ਸਮੇਂ ਨਾ ਤਾਂ ਉਸ ਕੋਲ ਪਤਨੀ ਗੀਤਾ ਸੀ ਅਤੇ ਨਾ ਹੀ ਵਹੀਦਾ ਰਹਿਮਾਨ। ਮੌਤ ਤੋਂ ਪਹਿਲਾਂ ਉਸ ਨੇ ਕਈ ਵਾਰ ਫ਼ੋਨ ਕਰ ਕੇ ਪਤਨੀ ਗੀਤਾ ਨੂੰ ਬੱਚਿਆਂ ਸਹਿਤ ਆ ਕੇ ਮਿਲ ਜਾਣ ਦੀ ਇੱਛਾ ਜ਼ਾਹਿਰ ਕੀਤੀ, ਪਰ ਉਹ ਨਹੀਂ ਆਈ। ਚਰਚਾ ਮੁਤਾਬਿਕ ਉਸ ਰਾਤ ਗੁਰੂ ਦੱਤ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਨੀਂਦ ਦੀਆਂ ਗੋਲੀਆਂ ਵੀ ਜ਼ਿਆਦਾ ਮਾਤਰਾ ਵਿੱਚ ਖਾ ਲਈਆਂ ਜੋ ਉਸ ਲਈ ਜਾਨਲੇਵਾ ਸਾਬਿਤ ਹੋਈਆਂ।

Share :

Share

rbanner1

Share