‘ਆਪ’ ਦੇ 21 ਆਗੂਆਂ ਨੇ ਛੋਟੇਪੁਰ ਖ਼ਿਲਾਫ਼ ਕੇਜਰੀਵਾਲ ਨੂੰ ਲਿਖੀ ਚਿੱਠੀ

ਪਾਰਟੀ ‘ਚੋਂ ਤੁਰੰਤ ਬਾਹਰ ਕੱਢਣ ਦੀ ਮੰਗ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪਾਰਟੀ ਦੇ ਪੰਜਾਬ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੂੰ ਤੁਰੰਤ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ। ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਐਡਵੋਕੇਟ ਐਚ. ਐਸ. ਫੂਲਕਾ, ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ, ਸ. ਜਸਬੀਰ ਸਿੰਘ ਬੀਰ, ਗੁਰਪ੍ਰੀਤ ਸਿੰਘ ਘੁੱਗੀ ਅਤੇ ਯੂਥ ਪ੍ਰਧਾਨ ਹਰਜੋਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ, ਯਾਮਿਨੀ ਗੋਮਰ, ਪ੍ਰੋ. ਬਲਜਿੰਦਰ ਕੌਰ, ਕੈਪਟਨ ਜੀ.ਐਸ. ਕੰਗ, ਆਰ.ਆਰ. ਭਾਰਦਵਾਜ, ਜਗਤਾਰ ਸਿੰਘ ਸੰਘੇੜਾ, ਕੈਪਟਨ ਬਿਕਰਮਜੀਤ ਸਿੰਘ, ਦੇਵ ਮਾਨ, ਕਰਨਵੀਰ ਸਿੰਘ ਟਿਵਾਣਾ, ਜਸਵੀਰ ਸਿੰਘ ਜੱਸੀ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਾਂਵਾਂ, ਐਚ. ਐਸ. ਅਦਾਲਤੀਵਾਲਾ ਅਤੇ ਪਰਮਿੰਦਰ ਸਿੰਘ ਗੋਲਡੀ ਨੇ ਹਸਤਾਖ਼ਰ ਕਰਕੇ ਕੇਜਰੀਵਾਲ ਨੂੰ ਭੇਜੀ ਚਿੱਠੀ ‘ਚ ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ਮਗਰੋਂ ਹੀ ਹੋਂਦ ਵਿਚ ਆਈ ਸੀ ਅਤੇ ਇਸੇ ਕਰਕੇ ਭ੍ਰਿਸ਼ਟਾਚਾਰੀ ਪ੍ਰਣਾਲੀ ਤੋਂ ਤੰਗ ਆਏ ਆਮ ਲੋਕ ਪਾਰਟੀ ਨਾਲ ਜੁੜਦੇ ਆ ਰਹੇ ਹਨ ਅਤੇ ਹੋਰਨਾਂ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਲੋਕ ਪਾਰਟੀ ਅਤੇ ਇਸ ਦੀਆਂ ਸਾਫ਼-ਸੁਥਰੀਆਂ ਨੀਤੀਆਂ ‘ਤੇ ਭਰੋਸਾ ਕਰਕੇ ਅਤੇ ਅਕਾਲੀ ਦਲ, ਕਾਂਗਰਸ ਦੇ ਬਦਲ ਵਜੋਂ ਸੂਬੇ ‘ਚ ‘ਆਪ’ ਦੀ ਸਰਕਾਰ ਲਿਆਉਣ ਲਈ ਕਾਹਲੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੂਬੇ ‘ਚ ਪਾਰਟੀ ਨੂੰ ਖੜ੍ਹਾ ਕਰਨ ਲਈ ਹਰ ਆਗੂ ਅਤੇ ਵਰਕਰ ਨੇ ਖ਼ੂਨ ਪਸੀਨਾ ਵਹਾਇਆ ਹੈ ਪਰ ਕੁਝ ਦਿਨਾਂ ਤੋਂ ਮੀਡੀਆ ‘ਚ ਸੂਬਾ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਵੱਲੋਂ ਰਿਸ਼ਵਤ ਲੈਣ ਸਬੰਧੀ ਸਾਹਮਣੇ ਆਈ ਇਕ ਵੀਡੀਓ ਅਤੇ ਇਸ ਸਬੰਧੀ ਆ ਰਹੀਆਂ ਰਿਪੋਰਟਾਂ ਕਾਰਨ ਜਿੱਥੇ ਪਾਰਟੀ ਦੀ ਬਦਨਾਮੀ ਹੋ ਰਹੀ ਹੈ ਉਥੇ ਪਾਰਟੀ ਆਗੂ ਅਤੇ ਵਰਕਰ ਵੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ। ਚਿੱਠੀ ‘ਚ ਲਿਖਿਆ ਗਿਆ ਕਿ ਇਕ ਇੰਟਰਵਿਊ ਵਿਚ ਛੋਟੇਪੁਰ ਵੱਲੋਂ ਵੀ ਵੀਡੀਓ ਸੰਬੰਧੀ ਗੱਲ ਨੂੰ ਖ਼ੁਦ ਹੀ ਮੰਨ ਵੀ ਲਿਆ ਗਿਆ ਹੈ ਅਤੇ ਪਾਰਟੀ ਦੀ ਰਾਜਨੀਤਕ ਮਾਮਲੇ ਕਮੇਟੀ ਕੋਲ ਸੂਬੇ ਭਰ ‘ਚ ਇਸ ਸਬੰਧੀ ਸ਼ਿਕਾਇਤਾਂ ‘ਤੇ ਪੁੱਛ-ਪੜਤਾਲ ਵੀ ਆ ਰਹੀ ਹੈ। ਇਹ ਵੀ ਲਿਖਿਆ ਗਿਆ ਕਿ ਪਾਰਟੀ ਦਾ ਸਿਧਾਂਤ ਵੀ ਸ਼ੁਰੂ ਤੋਂ ਇਹੀ ਰਿਹਾ ਹੈ ਕਿ ਭ੍ਰਿਸ਼ਟਾਚਾਰ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਹੋਵੇ ਉਹ ਪਾਰਟੀ ਤੋਂ ਬਾਹਰ ਹੋਵੇਗਾ। ਇਸ ਲਈ ਪਾਰਟੀ ਦੇ ਅਹੁਦੇਦਾਰ, ਵਰਕਰ ਅਤੇ ਵਲੰਟੀਅਰ ਸ. ਛੋਟੇਪੁਰ ਨੂੰ ਤੁਰੰਤ ਲਾਹ ਕੇ ਕਿਸੇ ਇਮਾਨਦਾਰ ਆਗੂ ਨੂੰ ਕਨਵੀਨਰ ਦੀ ਜ਼ਿੰਮੇਵਾਰੀ ਸੌਂਪਣ ਦੀ ਅਪੀਲ ਕਰਦੇ ਹਨ।

Share :

Share

rbanner1

Share