ਇਮਾਨਦਾਰ ਨੇਤਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ

ਕਿਸੇ ਵਕਤ ਸ਼੍ਰੋਮਣੀ ਅਕਾਲੀ ਦਲ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲਾ ਦਲ ਮੰਨਿਆ ਜਾਂਦਾ ਸੀ। ਮਾਸਟਰ ਤਾਰਾ ਸਿੰਘ ਅਤੇ ਜਥੇਦਾਰ ਮੋਹਣ ਸਿੰਘ ਤੁੜ ਵਰਗੇ ਨੇਤਾ ਰਾਤ ਨੂੰ ਸਾਦੀ ਰੋਟੀ ਖਾ ਕੇ ਆਮ ਬੰਿਦਆਂ ਦੇ ਘਰ ਸੌ ਜਾਂਦੇ ਸਨ। ਹਾਲਾਤ ਨੇ ਕਰਵਟ ਬਦਲੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਭ੍ਰਿਸ਼ਟਾਚਾਰ ਦਾ ਜ਼ਹਿਰ ਘੁਲ ਗਿਆ। ਕਿਸੇ ਵਕਤ ਐਨੀ ਪਵਿੱਤਰ ਪਾਰਟੀ ਮੰਨੀ ਜਾਂਦੀ ਸੀ ਕਿ ਲੋਕ ਆਪਣੇ ਧੀ-ਪੁੱਤ ਤੋਂ ਜ਼ਿਆਦਾ ਇਸ ਦਲ ਨਾਲ ਪਿਆਰ ਕਰਦੇ ਸਨ। ਇਸ ਦੀ ਉਦਾਹਰਣ ਮਾਸਟਰ ਤਾਰਾ ਸਿੰਘ ਦੀ ਦੇਖੀ ਜਾ ਸਕਦੀ ਹੈ, ਜਦੋਂ ਉਨ੍ਹਾਂ ਦੀ ਧੀ ਨੇ ਪੈਸਿਆਂ ਦੀ ਮੰਗ ਰੱਖੀ ਤਾਂ ਉਨ੍ਹਾਂ ਨੇ ਆਪਣੀ ਸੱਜੀ ਜੇਬ੍ਹ ਵਿੱਚ ਹੱਥ ਮਾਰਿਆ ਤੇ ਹੱਥ ਖਾਲੀ ਬਾਹਰ ਆ ਗਿਆ ਤਾਂ ਬੇਟੀ ਨੂੰ ਨਮੋਸ਼ੀ ਝੱਲਣੀ ਪਈ। ਉਸ ਤੋਂ ਬਾਅਦ ਅਕਾਲੀ ਦਲ ਤੋਂ ਪਾਰਟੀ ਵਰਕਰ ਪੈਸੇ ਦੀ ਮਦਦ ਲਈ ਆਏ ਤਾਂ ਮਾਸਟਰ ਤਾਰਾ ਸਿੰਘ ਨੇ ਖੱਬੀ ਜੇਬ੍ਹ ਵਿੱਚ ਹੱਥ ਮਾਰਿਆ ਤਾਂ ਕੁਝ ਰੁਪਏ ਉਨ੍ਹਾਂ ਜ਼ਰੂਰਤਮੰਦਾਂ ਨੂੰ ਦੇ ਦਿੱਤੇ। ਕੋਲ ਖੜ੍ਹੇ ਇੱਕ ਅਕਾਲੀ ਕਾਰਕੁੰਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੀ ਲੜਕੀ ਨੂੰ ਝੂਠ ਬੋਲਿਆ ਹੈ ਤਾਂ ਉਨ੍ਹਾਂ ਨੇ ਜੁਆਬ ਦਿੱਤਾ ਕਿ ਸੱਜਾ ਬੋਝਾ (ਜੇਬ੍ਹ) ਮੇਰੇ ਪਰਿਵਾਰ ਲਈ ਤੇ ਖੱਬਾ ਬੋਝਾ ਪੰਥ ਤੇ ਅਕਾਲੀ ਦਲ ਦੀ ਸੇਵਾ ਲਈ ਹੈ। ਇਸ ਕਰਕੇ ਮੈਂ ਪੰਥ ਦਾ ਪੈਸਾ ਆਪਣੇ ਪਰਿਵਾਰ ਨੂੰ ਲੁਟਾ ਨਹੀਂ ਸਕਦਾ। ਅੱਜ ਉਸ ਪੁਰਾਣੇ ਅਕਾਲੀ ਦਲ ਦੇ ਨਕਸ਼ੇ ਕਦਮ ਕਿਤੇ ਵੀ ਦਿਖਾਈ ਨਹੀਂ ਦਿੰਦੇ। ਹੁਣ ਅਕਾਲੀ ਦਲ ਵਪਾਰਕ ਪਾਰਟੀ ਤੋਂ ਵਧ ਕੇ ਕੁਝ ਵੀ ਨਹੀਂ ਹੈ। ਅੱਜ ਇਹ ਲੋਕਾਂ ਨੂੰ ਸਬਜ਼-ਬਾਗ ਦਿਖਾ ਕੇ ਤੇ ਧਰਮ ਦਾ ਹਲੂਣਾ ਦੇ ਕੇ ਆਪਣੇ ਨਾਲ ਵੋਟ ਬੈਂਕ ਜੋੜਨ ਦਾ ਤਹੱਈਆ ਕਰ ਰਿਹਾ ਹੈ। ਹੁਣ ਇਸ ਦਲ ਵਿੱਚ ਕੋਈ ਅਪਰਾਧੀ, ਨਸ਼ਾ ਤਸਕਰ ਤੇ ਗਲਤ ਤੋਂ ਗਲਤ ਕੰਮ ਕਰਨ ਵਾਲਾ ਸ਼ਾਮਲ ਹੋ ਸਕਦਾ ਹੈ,ਬਸ਼ਰਤੇ ਉਹ ਲੋਕਾਂ ਨੂੰ ਲੁੱਟ ਕੇ ਪਾਰਟੀ ਲਈ ਫੰਡ ਦੀ ਵਿਵਸਥਾ ਕਰ ਸਕਦਾ ਹੋਵੇ। ਅਕਾਲੀ ਦਲ ਨੇ ਰਾਜ ਕਰਨ ਲਈ ਉਨ੍ਹਾਂ ਪਾਰਟੀਆਂ ਨਾਲ ਸਮਝੌਤੇ ਕੀਤੇ ਹਨ ਜਿਨ੍ਹਾਂ ਦੀ ਵਿਚਾਰਧਾਰਾ ਕਦੇ ਵੀ ਅਕਾਲੀ ਦਲ ਜਾਂ ਪੰਜਾਬ ਨਾਲ ਮੇਲ ਨਹੀਂ ਖਾਂਦੀ।
ਕਈ ਵਾਰ ਸਿਆਣੇ ਤੋਂ ਸਿਆਣੇ ਆਦਮੀ ਜਾਂ ਨੇਤਾ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣਾ ਲੋਚਦੇ ਹਨ ਤੇ ਸ਼ਾਮਲ ਵੀ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪਾਰਟੀ ਲੋਕ ਮਾਮਲਿਆਂ ਸਬੰਧੀ ਜਨਤਾ ਦੇ ਨੇੜੇ ਹੋ ਕੇ ਵਿਚਰਦੀ ਹੈ, ਪਰ ਪਤਾ ਉਦੋਂ ਲੱਗਦਾ ਹੈ ਜਦੋਂ ਪਾਰਟੀ ਦੀਆਂ ਅੰਦਰਲੀਆਂ ਸਫ਼ਾ ਵਿੱਚ ਕੁਝ ਹੋਰ ਹੀ ਨਜ਼ਰ ਆਉਂਦਾ ਹੈ ਤੇ ਫਿਰ ਉਹੀ ਸਿਆਣੇ ਤੇ ਇਮਾਨਦਾਰ ਨੇਤਾ ਕੁਝ ਚਿਰ ਪਿੱਛੋਂ ਤਲਖ ਹਕੀਕਤਾਂ ਦਾ ਸਾਹਮਣਾ ਕਰਦੇ ਹੋਏ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲੱਗਦੇ ਹਨ। 1978 ਤੋਂ ਹੁਣ ਤਕ ਲਗਾਤਾਰ ਪਾਰਟੀ ਵਿੱਚ ਸਭ ਕੁਝ ਠੀਕ ਨਾ ਹੋ ਕੇ ਸਿਰਫ਼ ਪੈਸੇ ਵਾਲੇ ਲੋਕਾਂ ਦਾ ਬੋਲਬਾਲਾ ਹੋ ਕੇ ਰਹਿ ਗਿਆ ਹੈ। ਪਾਰਟੀ ਟਕਸਾਲੀ ਵਰਕਰ ਨੂੰ ਉੱਪਰ ਚੁੱਕਣ ਦੀ ਬਜਾਏ ਕਾਰੋਬਾਰੀ ਨੂੰ ਤਰਜੀਹ ਦੇ ਰਹੀ ਹੈ। ਚਾਹੇ ਉਹ ਅਕਾਲੀ ਦਲ ਦੀ ਪਰਿਭਾਸ਼ਾ ਵੀ ਨਾ ਜਾਣਦਾ ਹੋਵੇ, ਉਸ ਨੂੰ ਵੀ ਵਿਧਾਇਕ ਦੀ ਟਿਕਟ ਨਾਲ ਨਿਵਾਜਿਆ ਜਾਂਦਾ ਹੈ। ਕਿਸੇ ਵਕਤ ਅਕਾਲੀ ਦਲ ਦੇ ਲੀਡਰਾਂ ਵੱਲੋਂ ‘ਪੰਥ ਵਸੈ ਮੈਂ ਉਜੜਾਂ’ ਦਾ ਨਾਅਰਾ ਦਿੱਤਾ ਜਾਂਦਾ ਸੀ ਤੇ ਹੁੰਦਾ ਵੀ ਉਸੇ ਤਰ੍ਹਾਂ ਸੀ, ਪਰ ਹੁਣ ਉਲਟੀ ਗੰਗਾ ਵਹਿ ਰਹੀ ਹੈ। ਅੱਜ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਪਤਾ ਨਹੀਂ ਕਿੰਨੇ ਗੈਂਗਸਟਰ ਵਧ ਫੁੱਲ ਰਹੇ ਹਨ।
ਅਕਾਲੀ ਦਲ ਵਿੱਚ ਜਦੋਂ ਵੀ ਫੁੱਟ ਸਾਹਮਣੇ ਆਈ ਹੈ ਤਾਂ ਪਾਰਟੀ ਵਿੱਚ ਇਮਾਨਦਾਰ ਨੇਤਾ ਨੇ ਹੀ ਵਿਰੋਧ ਜਤਾਇਆ ਹੈ ਜਦੋਂ ਕਿ ਬੇਈਮਾਨ ਨੇਤਾ ਤਾਂ ਸੱਪ ਦੀ ਤਰ੍ਹਾਂ ਗੁੰਝਲੀ ਮਾਰ ਕੇ ਬੈਠੇ ਹਨ। ਪਾਰਟੀ ਵਿੱਚ ਵਧ ਰਹੇ ਪਰਿਵਾਰਵਾਦ ਨੇ ਟਕਸਾਲੀ ਵਰਕਰ ਨੂੰ ਦੂਰ ਕਰ ਦਿੱਤਾ ਹੈ। ਪੂੰਜੀਪਤੀ ਤੇ ਰਿਸ਼ਤੇਦਾਰ ਟਕਸਾਲੀ ਵਰਕਰ ਦੀ ਅੱਡੀ ਨਹੀਂ ਲੱਗਣ ਦਿੰਦੇ।
ਸਮੇਂ-ਸਮੇਂ ਤੇ ਇਮਾਨਦਾਰੀ ਵਾਲੇ ਨੇਤਾਵਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਤੇ ਉਹਨਾਂ ਨੂੰ ਆਪਣਾ ਨੁਕਸਾਨ ਵੀ ਝੱਲਣਾ ਪਿਆ। ਜਿਵੇਂ ਗੁਰਚਰਨ ਸਿੰਘ ਟੋਹੜਾ ਨੇ ਇੱਕ ਵਾਰ ਬਾਦਲ ਪਰਿਵਾਰ ਨੂੰ ਰਾਇ ਦਿੱਤੀ ਕਿ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਜਾਂ ਮੁੱਖ ਮੰਤਰੀ ਵਿੱਚੋਂ ਇੱਕ ਅਹੁਦਾ ਰੱਖ ਲਓ ਤਾਂ ਅਕਾਲੀ ਦਲ ਵੱਲੋਂ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ। ਪਿਛਲੀ ਸਰਕਾਰ ਵਿੱਚ ਭਾਜਪਾ ਦੀ ਲਕਸ਼ਮੀ ਕਾਂਤਾ ਚਾਵਲਾ ਇੱਕ ਇਮਾਨਦਾਰ ਮੰਤਰੀ ਦੇ ਤੌਰ ’ਤੇ ਜਾਣੀ ਜਾਂਦੀ ਸੀ। ਉਸ ਨੇ ਇਸ ਵਾਰ ਪਾਰਟੀ ਵਜੋਂ ਚੋਣਾਂ ਨਹੀਂ ਲੜੀਆਂ ਕਿਉਂਕਿ ਉਸ ਨੂੰ ਲੱਗਾ ਕਿ ਮੰਤਰੀ ਹੁੰਦੇ ਗਲਤ ਕੰਮ ਕਰਨ ਨਾਲੋਂ ਤਾਂ ਚੋਣ ਲੜਨੀ ਠੀਕ ਨਹੀਂ। ਮਨਪ੍ਰੀਤ ਸਿੰਘ ਬਾਦਲ ਨੇ ਮੰਤਰੀ ਹੁੰਦਿਆਂ ਲੋਕਾਂ ਦਾ ਭਲਾ ਸੋਚਣ ਦੀ ਗੱਲ ਕੀਤੀ ਤਾਂ ਉਸ ਨੂੰ ਪਾਰਟੀ ਛੱਡਣੀ ਪਈ। ਬੈਂਸ ਭਰਾਵਾਂ ਨੂੰ ਵੀ ਪਾਰਟੀ ਦੀਆਂ ਗਤੀਵਿਧੀਆਂ ਪਸੰਦ ਨਹੀਂ ਆਈਆਂ। ਕੁਲਦੀਪ ਸਿੰਘ ਵਡਾਲਾ ਤੇ ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ ਵੀ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਛੱਡ ਗਏ। ਪਰਗਟ ਸਿੰਘ ਵੀ ਪਾਰਟੀ ਤੋਂ ਦੂਰ ਹੋ ਗਿਆ। ਉਸ ਨੂੰ ਲੱਗਦਾ ਸੀ ਕਿ ਮੈਂ ਇਸ ਪਾਰਟੀ ਵਿੱਚ ਸ਼ਾਮਲ ਹੋ ਕੇ ਲੋਕ ਭਲਾਈ ਕਰਾਂਗਾ ਕਿਉਂਕਿ ਖਿਡਾਰੀ ਦੀ ਮਨਸ਼ਾ ਹਮੇਸ਼ਾਂ ਚੰਗੇ ਪਾਸੇ ਹੁੰਦੀ ਹੈ, ਪਰ ਉਸ ਨੂੰ ਪਤਾ ਬਾਅਦ ਵਿੱਚ ਲੱਗਾ ਕਿ ਉਹ ਜਿਹੜੀ ਪਾਰਟੀ ਵਿੱਚ ਚਲਾ ਗਿਆ ਹੈ ਉਥੇ ਉਸ ਦੀ ਥਾਂ ਨਹੀਂ ਸੀ।
ਧਰਮ ’ਤੇ ਆਧਾਰਿਤ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਜ਼ਮਾਨੇ ਦੀਆਂ ਪਾਰਟੀਆਂ ਨਾਲ ਮੁਕਾਬਲਾ ਕਰਨ ਲਈ ਪੰਥ ਦੀ ਦੁਰਵਰਤੋਂ ਬੰਦ ਕਰਨੀ ਪਵੇਗੀ ਤੇ ਅਸਲ ਲੋਕ ਮੁੱਦਿਆਂ ਲਈ ਇਮਾਨਦਾਰ ਆਗੂਆਂ ਨੂੰ ਅੱਗੇ ਲਿਆਉਣਾ ਪਵੇਗਾ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਪਾਰਟੀ ਨੂੰ ਲੋਕ ਹਾਸ਼ੀਏ ’ਤੇ ਧੱਕ ਦੇਣਗੇ। ਅੱਜ ਨੌਜਵਾਨ ਵਰਗ ਦਾ ਧਿਆਨ ਆਮ ਆਦਮੀ ਪਾਰਟੀ ਵੱਲ ਹੈ ਕਿਉਂਕਿ ਉਹ ਲੋਕਾਂ ਦੀ ਗੱਲ ਕਰਦੀ ਜਾਪਦੀ ਹੈ। ਪੰਜਾਬ ਵਿੱਚ ਸਿੱਖਾਂ ਦੀ ਵੱਧ ਅਬਾਦੀ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਕਾਂਗਰਸ ਦੇ ਮੁਕਾਬਲੇ ਘੱਟ ਹੈ। ਇਹ ਨਾ ਸਮਝ ਲਿਆ ਜਾਵੇ ਕਿ ਲੋਕਾਂ ਨੇ ਲੰਬਾ ਸਮਾਂ ਰਾਜ ਕਰਨ ਦਾ ਮੌਕਾ ਦੇ ਦਿੱਤਾ, ਪਾਰਟੀ ਠੀਕ ਚਲ ਰਹੀ ਹੈ। ਕਿਤੇ ਨਾ ਕਿਤੇ ਖ਼ਾਲਿਸਤਾਨੀ ਲਹਿਰ ਨੂੰ ਦਬਾਉਣ ਲਈ ਇੰਦਰਾ ਗਾਂਧੀ ਨੇ ਸਖ਼ਤ ਕਦਮ ਚੁੱਕੇ ਸਨ, ਜਿਸ ਕਰਕੇ ਸਿੱਖ ਵੋਟਰ ਦੂਰ ਹੋ ਗਏ ਸਨ, ਨਹੀਂ ਤਾਂ ਅਕਾਲੀ ਰਾਜ ਦੀਆਂ ਦਹਿਲੀਜ਼ਾਂ ਬਹੁਤ ਦੂਰ ਹੋ ਜਾਣੀਆਂ ਸਨ।

Share :

Share

rbanner1

Share