ਇੱਕ ਹੋਰ ਸਿੱਖ ਦੀ ਬਹਾਦਰੀ ’ਤੇ ਬਣੇਗੀ ਫ਼ਿਲਮ

ਬੌਲੀਵੁੱਡ ਬੀਤੇ ਸਮੇਂ ਵਿੱਚ ਸਿੱਖ ਸ਼ਖ਼ਸੀਅਤਾਂ ’ਤੇ ਆਧਾਰਿਤ ਫ਼ਿਲਮਾਂ ਬਣਾ ਕੇ ਚਰਚਾ ਵਿੱਚ ਰਿਹਾ ਹੈ। ਸਨੀ ਦਿਓਲ ਵੱਲੋਂ ‘ਬਾਰਡਰ’ ਫ਼ਿਲਮ ਵਿੱਚ ਨਿਭਾਏ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੇ ਕਿਰਦਾਰ ਅਤੇ ਉਸਦੀ ਬਹਾਦਰੀ ਦੀ ਗਾਥਾ ਪੁਰੀ ਦੁਨੀਆਂ ਨੇ ਦੇਖੀ ਹੈ ਜਿਸਨੇ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਆਪਣੇ ਮੁੱਠੀ ਭਰ ਫ਼ੌਜੀਆਂ ਨਾਲ ਰਾਜਸਥਾਨ ਦੀ ਲੌਂਗੇਵਾਲਾ ਪੋਸਟ ’ਤੇ ਟੈਂਕਾਂ ਨਾਲ ਹੱਲਾ ਬੋਲਣ ਵਾਲੀ ਪਾਕਿ ਫ਼ੌਜ ਦੇ ਦੰਦ ਖੱਟੇ ਕੀਤੇ ਸਨ। ਇਸ ਤੋਂ ਬਾਅਦ ਉਡਣਾ ਸਿੱਖ ਦਾ ਖਿਤਾਬ ਪਾਉਣ ਵਾਲੇ ਐਥਲੀਟ ਮਿਲਖਾ ਸਿੰਘ ਦੇ ਜੀਵਨ ’ਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਨੇ ਵੀ ਦਰਸ਼ਕਾਂ ਦੇ ਮਨਾਂ ’ਤੇ ਆਪਣੀ ਛਾਪ ਛੱਡੀ ਹੈ। ਹੁਣ ਫਿਰ ਅਸਲੀ ਜ਼ਿੰਦਗੀ ਦੇ ਨਾਇਕ ਇੱਕ ਹੋਰ ਸਿੱਖ ਇੰਜਨੀਅਰ ਜਸਵੰਤ ਸਿੰਘ ਗਿੱਲ ਦੀ ਜੀਵਨੀ ’ਤੇ ਫ਼ਿਲਮ ਬਣਨ ਜਾ ਰਹੀ ਹੈ ਜਿਸਨੇ ਬੰਗਾਲ ਦੀ ਰਾਣੀਗੰਜ ਖਾਣ ਵਿੱਚ ਫਸੇ 65 ਮਜ਼ਦੂਰਾਂ ਨੂੰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬਚਾਇਆ ਸੀ।
ਇਹ ਫ਼ਿਲਮ ਉੱਘਾ ਬੌਲੀਵੁੱਡ ਅਦਾਕਾਰ ਅਜੇ ਦੇਵਗਨ ਬਣਾ ਰਿਹਾ ਹੈ ਜੋ ਬਤੌਰ ਹੀਰੋ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਏਗਾ। ‘ਅਜੇ ਦੇਵਗਨ ਫ਼ਿਲਮ ਪ੍ਰੋਡਕਸ਼ਨ ਲਿਮਟਿਡ’ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਜਸਵੰਤ ਸਿੰਘ ਗਿੱਲ ਤੋਂ ਪ੍ਰਾਪਤ ਕਰਨ ਉਪਰੰਤ ਖਾਣ ਦੀ ਲੋਕੇਸ਼ਨ ਵਾਚਣ ਦਾ ਕੰਮ ਚਲ ਰਿਹਾ ਹੈ। ਉਮੀਦ ਹੈ ਕਿ ਅਗਲੇ ਸਾਲ ਦੇ ਆਰੰਭ ਵਿੱਚ ਇਹ ਫ਼ਿਲਮ ਸਿਨਮਾਂ ਘਰਾਂ ਦਾ ਸ਼ਿੰਗਾਰ ਬਣੇਗੀ।
ਨਵੰਬਰ 1989 ਵਿੱਚ ਪੱਛਮੀ ਬੰਗਾਲ ਦੀ ਖਾਣ ਵਿੱਚ ਵਾਪਰੀ ਇਸ ਘਟਨਾ ਦੌਰਾਨ ਖਾਣ ਦੀ ਇੱਕ ਪਰਤ ਵਿੱਚੋਂ ਅਚਾਨਕ ਪਾਣੀ ਆਉਣ ਨਾਲ ਮਜ਼ਦੂਰਾਂ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਗਿਆ ਜਿਸਨੂੰ ਮੁੱਖ ਰੱਖਦਿਆਂ 232 ਖਾਣ ਮਜ਼ਦੂਰਾਂ ਵਿੱਚੋਂ 161 ਟਰਾਲੀ ਰਾਹੀਂ ਬਾਹਰ ਆ ਗਏ, ਪਰ ਜਦੋਂ ਖਾਣ ਵਿੱਚ ਪਾਣੀ ਭਰਦੇ ਜਾਣ ਕਰਕੇ ਟਰਾਲੀ ਵਾਰ ਵਾਰ ਖਾਣ ਵਿੱਚ ਪ੍ਰਵੇਸ਼ ਨਾ ਹੋਈ ਤਾਂ 104 ਫੁੱਟ ਡੂੰਘੀ ਖਾਣ ਵਿੱਚ ਮੌਜੂਦ 71 ਮਜ਼ਦੂਰਾਂ ਨੂੰ ਖਾਣ ਵਿੱਚੋਂ ਬਾਹਰ ਜਾਣ ਲਈ ਕਿਸੇ ਚਮਤਕਾਰ ਦੀ ਉਡੀਕ ਸੀ। ਕੋਲ ਇੰਡੀਆ ਵਿੱਚ ਬਤੌਰ ਇੰਜਨੀਅਰ ਜਸਵੰਤ ਸਿੰਘ ਗਿੱਲ 25 ਕਿਲੋਮੀਟਰ ਦੂਰ ਦੀ ਖਾਣ ਵਿੱਚ ਖਾਣ ਮੈਨੇਜਰ ਸਨ। ਜਿਨ੍ਹਾਂ ਦਾ 13 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤੜਕੇ 4 ਵਜੇ ਗੁਰਦੁਆਰਾ ਸਾਹਿਬ ਜਾਣ ਦਾ ਪ੍ਰੋਗਰਾਮ ਸੀ। ਇਸ ਦੌਰਾਨ ਹੀ 12-13 ਨਵੰਬਰ ਦੀ ਦਰਮਿਆਨੀ ਰਾਤ ਨੂੰ ਖਾਣ ਵਿੱਚ ਮਜ਼ਦੂਰਾਂ ਦੇ ਫਸੇ ਹੋਣ ਦਾ ਪਤਾ ਚੱਲਿਆ ਤਾਂ ਇਸ ਪ੍ਰਾਜੈਕਟ ਵਿੱਚ ਲੱਗੇ ਬਾਕੀ ਖਾਣ ਮੈਨੇਜਰਾਂ ਵਾਂਗ ਉਹ ਵੀ ਮੌਕੇ ’ਤੇ ਪੁੱਜੇ। ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਇੱਕ ਕੈਪਸੂਲਨੁਮਾ ਸਟੀਲ ਦੇ ਢਾਂਚੇ ਰਾਹੀਂ ਫਸੇ ਮਜ਼ਦੂਰ ਬਾਹਰ ਕੱਢਣ ਦੀ ਵਿਉਂਤਬੰਦੀ ’ਤੇ ਅਮਲ ਸ਼ੁਰੂ ਕੀਤਾ। ਜਸਵੰਤ ਸਿੰਘ ਗਿੱਲ ਨੇ ਦੱਸਿਆ ਕਿ ਮਜ਼ਦੂਰਾਂ ਤਕ ਪਹੁੰਚਣ ਲਈ ਲਗਪਗ 10 ਘੰਟੇ ਦੀ ਮੁਸ਼ੱਕਤ ਨਾਲ ਤਿਆਰ ਕੀਤੇ ਕੈਪਸੂਲ ਤੋਂ ਬਾਅਦ ਖਾਣ ਅੰਦਰ ਨਵੇਂ ਰਸਤੇ ਰਾਹੀਂ ਪਹੁੰਚਣ ਲਈ 22 ਇੰਚ ਚੌੜਾ ਸੁਰਾਖ ਕਰਨਾ ਵੀ ਵੱਡੀ ਚੁਣੌਤੀ ਸੀ। ਕੈਪਸੂਲ ਵਾਲਾ ਨਵਾਂ ਸਿਸਟਮ ਬਣਾਉਣ ਵਿੱਚ 14-15 ਨਵੰਬਰ ਦਾ ਦਿਨ ਵੀ ਲੰਘ ਗਿਆ। ਉਨ੍ਹਾਂ ਨੇ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਖ਼ੁਦ ਕੈਪਸੂਲ ਰਾਹੀਂ ਜਾਣ ਦਾ ਫ਼ੈਸਲਾ ਕੀਤਾ, ਪਰ ਕੰਪਨੀ ਦੇ ਚੇਅਰਮੈਨ ਅਤੇ ਹੋਰ ਉੱਚ ਅਧਿਕਾਰੀ ਇੱਕ ਕਾਬਲ ਇੰਜਨੀਅਰ ਦੀ ਜਾਨ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ, ਪਰ ਜਸਵੰਤ ਗਿੱਲ ਵੱਲੋਂ ਮਜ਼ਦੂਰਾਂ ਨੂੰ ਬਚਾਉਣ ਲਈ ਖ਼ੁਦ ਖਾਣ ਅੰਦਰ ਜਾਣ ਦੇ ਉਸਦੇ ਫ਼ੈਸਲੇ ਨੂੰ ਕੋਈ ਬਦਲ ਨਹੀਂ ਸਕਿਆ। ਫਿਰ 15-16 ਨਵੰਬਰ ਦੀ ਰਾਤ ਢਾਈ ਵਜੇ ਉਨ੍ਹਾਂ ਨੇ ਕੈਪਸੂਲ ਰਾਹੀਂ ਖਾਣ ਵਿੱਚ ਫਸੇ ਮਜ਼ਦੂਰ ਬਾਹਰ ਲਿਆਉਣ ਦਾ ਕੰਮ ਸ਼ੁਰੂ ਕੀਤਾ। ਅਗਲੇ 6 ਘੰਟੇ ਵਿੱਚ ਇੱਕ-ਇੱਕ ਕਰਕੇ 65 ਮਜ਼ਦੂਰ ਸਹੀ ਸਲਾਮਤ ਬਾਹਰ ਕੱਢ ਲਏ ਗਏ। 66ਵੇਂ ਅਤੇ ਆਖਰੀ ਗੇੜੇ ਵਿੱਚ ਜਦੋਂ ਉਹ ਖਾਣ ਵਿੱਚੋਂ ਬਾਹਰ ਆਏ ਤਾਂ 20 ਹਜ਼ਾਰ ਲੋਕਾਂ ਦਾ ਇਕੱਠ ਉਸਦੀ ਇੱਕ ਝਲਕ ਪਾਉਣ ਲਈ ਉਮੜ ਪਿਆ ਸੀ। ਲੋਕ ਫੁੱਲਾਂ ਦੇ ਨਾਲ ਨਾਲ ਦੁਆਵਾਂ ਦੇ ਰਹੇ ਸਨ।

ਪੱਛਮੀ ਬੰਗਾਲ ਦੀ ਖਾਣ ਵਿੱਚੋਂ ਮਜ਼ਦੂਰਾਂ ਨੂੰ ਕੱਢਣ ਦਾ ਦ੍ਰਿਸ਼ (ਖੱਬੇ) ਅਤੇ ਇੰਜਨੀਅਰ ਜਸਵੰਤ ਸਿੰਘ ਗਿੱਲ (ਸੱਜੇ)

ਪੱਛਮੀ ਬੰਗਾਲ ਦੀ ਖਾਣ ਵਿੱਚੋਂ ਮਜ਼ਦੂਰਾਂ ਨੂੰ ਕੱਢਣ ਦਾ ਦ੍ਰਿਸ਼ (ਖੱਬੇ) ਅਤੇ ਇੰਜਨੀਅਰ ਜਸਵੰਤ ਸਿੰਘ ਗਿੱਲ (ਸੱਜੇ)

ਸ੍ਰੀ ਗਿੱਲ ਨੇ ਦੱਸਿਆ ਕਿ ਖਾਣ ਵਿੱਚ ਫਸੇ ਮਜ਼ਦੂਰਾਂ ਦਾ ਮਨੋਬਲ ਬਣਾ ਕੇ ਉਨ੍ਹਾਂ ਵਿੱਚ ਜ਼ਿੰਦਗੀ ਦੀ ਉਮੀਦ ਬਣਾਈ ਰੱਖਣਾ ਵੀ ਬਚਾਓ ਅਪਰੇਸ਼ਨ ਜਿੰਨਾ ਹੀ ਮੁਸ਼ਕਿਲ ਕਾਰਜ ਸੀ। ਪਰ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਬਚਾਓ ਅਪਰੇਸ਼ਨ ਦੀ ਤਿਆਰੀ ਦੌਰਾਨ ਖਾਣ ਵਿੱਚ ਪਾਣੀ ਭਰਨ ਕਾਰਨ ਮਰੇ 6 ਮਜ਼ਦੂਰਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਸ ਸਰਦਾਰ ਵੱਲੋਂ ਬੇਮਿਸਾਲ ਬਹਾਦਰੀ ਵਿਖਾਉਣ ਕਰਕੇ ਸਰਕਾਰ ਵੱਲੋਂ ਉਨ੍ਹਾਂ ਨੂੰ ਨਾਗਰਿਕ ਬਹਾਦਰੀ ਐਵਾਰਡ ‘ਸਰਵੋਤਮ ਜੀਵਨ ਰਕਸ਼ਕ ਪਦਕ’ ਨਾਲ ਸਨਮਾਨਿਆ ਗਿਆ। ਇਸ ਐਵਾਰਡ ਪ੍ਰਾਪਤੀ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਤੋਂ ਪਹਿਲਾਂ ਇਹ ਸਨਮਾਨ ਜਿਉਂਦੇ ਜੀਅ ਕਿਸੇ ਨੂੰ ਨਹੀਂ ਮਿਲਿਆ। ਪੱਛਮੀ ਬੰਗਾਲ ਦੀ ਸਰਕਾਰ ਨੇ ਇਸ ਬਹਾਦਰ ਸਿੱਖ ਇੰਜੀਨੀਅਰ ਦੀ ਕਹਾਣੀ ‘ਸਾਹਸੀ ਲੋਗ’ ਸਿਰਲੇਖ ਹੇਠ ਸੂਬੇ ਦੇ ਸਕੂਲਾਂ ਵਿੱਚ ਹਾਇਰ ਸੈਕੰਡਰੀ ਦੇ ਵਿਦਿਆਰਥੀਆਂ ਦੇ ਪੁਸਤਕ ਪਾਠਕ੍ਰਮ ਵਿੱਚ ਦਰਜ ਕੀਤੀ ਹੋਈ ਹੈ।
ਪੰਜਾਬ ਵਿੱਚ ਅੰਮ੍ਰਿਤਸਰ ਵਿਖੇ ਰਹਿ ਰਹੇ ਜਸਵੰਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਘਟਨਾ ਨੂੰ ਆਧਾਰ ਬਣਾ ਕੇ ਕਹਾਣੀ ਤਿਆਰ ਕਰ ਰਹੀ ਕਥਾਨਕ ਟੀਮ ਨੂੰ ਉਨ੍ਹਾਂ ਦੱਸ ਦਿੱਤਾ ਹੈ ਕਿ ਫ਼ਿਲਮ ਵਿੱਚ ਕੁਦਰਤੀ ਦ੍ਰਿਸ਼ਾਂ ਤੋਂ ਲਾਂਭੇ ਜਾ ਕੇ ਫ਼ਿਲਮੀ ਨਾਇਕਾਂ ਜਿਹਾ ਸਟੰਟ ਆਦਿ ਕੁਝ ਨਾ ਵਿਖਾਇਆ ਜਾਵੇ ਤਾਂ ਜੋ ਦਰਸ਼ਕ ਇਸ ਗੰਭੀਰ ਅਤੇ ਚੁਣੌਤੀ ਬਣੀ ਮੌਤ ਦੀ ਕਹਾਣੀ ਦਾ ਨੇੜਲਾ ਅਨੁਭਵ ਪ੍ਰਾਪਤ ਕਰ ਸਕਣ। ਜਸਵੰਤ ਸਿੰਘ ਗਿੱਲ ਨੇ 5 ਅਗਸਤ 2010 ਨੂੰ ਚਿੱਲੀ ਦੀ ਤਾਂਬਾ-ਸੋਨਾ ਖਾਣ ਵਿੱਚ ਫਸੇ 33 ਖਾਣ ਮਜ਼ਦੂਰਾਂ ਦੇ ਬਚਾਅ ਲਈ ਵੀ ਆਪਣਾ ਤਜਰਬਾ ਅਤੇ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਚਿੱਲੀ ਦੂਤਘਰ ਨੇ ਬਚਾਓ ਆਪਰੇਸ਼ਨ ਦਾ ਕੰਮ ਨਾਸਾ ਨੂੰ ਦੇਣ ਬਾਰੇ ਸੂਚਨਾ ਦਿੱਤੀ। ਜਦੋਂ ਨਾਸਾ ਦੀ ਟੀਮ ਨੇ 69 ਦਿਨਾਂ ਬਾਅਦ ਇਨ੍ਹਾਂ 33 ਮਜ਼ਦੂਰਾਂ ਨੂੰ ਬਾਹਰ ਕੱਢਿਆ ਤਾਂ ਇਸ ਨੂੰ ਇਤਿਹਾਸ ਵਿੱਚ ਇੰਨੇ ਮਜ਼ਦੂਰ ਬਚਾਉਣ ਨੂੰ ਪਹਿਲੀ ਘਟਨਾ ਦਾ ਨਾਂ ਦਿੱਤਾ ਗਿਆ, ਪਰ ਉਸੇ ਵੇਲੇ ਅਮਰੀਕਾ ਤੋਂ ਆਨਲਾਈਨ ਇੰਟਰਵਿਊ ਵਿੱਚ ਗਿੱਲ ਨੇ ਇਸ ਦਾਅਵੇ ਸਬੰਧੀ ਸਿਰਫ਼ ਇੰਨਾ ਹੀ ਕਿਹਾ ਕਿ ਅਸੀਂ 21 ਸਾਲ ਪਹਿਲਾਂ ਕੋਲਾ ਖਾਣ ਹਾਦਸੇ ਵਿੱਚ ਬਹੁਤ ਘੱਟ ਖ਼ਰਚੇ ਵਿੱਚ ਅਤੇ ਬਹੁਤ ਘੱਟ ਸਮੇਂ ਵਿੱਚ 65 ਜਾਨਾਂ ਬਚਾ ਚੁੱਕੇ ਹਾਂ।

Share :

Share

rbanner1

Share