ਉਜੜਨ-ਵਸਣ ਦੀ ਰਵਾਇਤ ਵਾਲਾ ਪਿੰਡ ਮੀਮਸਾ

meemsa darwazaਪਿੰਡ ਮੀਮਸਾ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਅਤੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਧੂਰੀ ਤੋਂ ਬਾਗੜੀਆਂ ਜਾਣ ਵਾਲੀ ਮੁੱਖ ਸੜਕ ’ਤੇ ਸਥਿਤ ਹੈ। ਇਸ ਦਾ ਨਾਮ ਪੰਜਾਬ ਦੇ ਵੱਡੇ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਘੁੱਗ ਵਸਦੇ ਪਿੰਡ ਦੀ ਜੂਹ ਆਲੇ-ਦੁਆਲੇ ਦੇ ਦਰਜਨ ਤੋਂ ਵੱਧ ਛੋਟੇ ਪਿੰਡਾਂ ਨਾਲ ਲੱਗਦੀ ਹੈ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਲਗਪਗ ਹੈ ਅਤੇ ਵੋਟਰਾਂ ਦੀ ਗਿਣਤੀ 3500 ਦੇ ਕਰੀਬ ਹੈ।
ਬਜ਼ੁਰਗਾਂ ਦੇ ਦੱਸਣ ਅਨੁਸਾਰ ਪਿੰਡਾਂ ਦਾ ਇਤਿਹਾਸ ਤਕਰੀਬਨ ਪੰਜ ਸਦੀਆਂ ਪੁਰਾਣਾ ਹੈ। ਇਸ ਨੂੰ 12 ਸਾਲਾਂ ਬਾਅਦ ਉਜੜਨ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ। ਇਸ ਗੱਲ ਦਾ ਸਬੰਧ ਪਿੰਡ ਦੀ ਮੋੜ੍ਹੀ ਗੱਡਣ ਹੈ। ਇਹ ਪਿੰਡ ਬਾਬਾ ਬੁੱਢਾ ਰੰਧਾਵਾ ਜੀ ਦੇ ਵੰਸ਼ਜਾਂ ਦਾ ਹੈ। ਪਿੰਡ ਦੀ ਵਧੇਰੇ ਆਬਾਦੀ ਰੰਧਾਵਾ ਗੋਤ ਨਾਲ ਸਬੰਧਤ ਹੈ। ਬਜ਼ੁਰਗਾਂ ਅਨੁਸਾਰ ਪਿੰਡ ਦੀ ਮੋੜ੍ਹੀ ਬਾਬਾ ਮੋਹਕਮ ਸਿੰਘ ਰੰਧਾਵਾ ਨੇ ਗੱਡੀ ਸੀ। ਬਾਬਾ ਮੋਹਕਮ ਸਿੰਘ ਆਪਣੇ ਹੋਰ ਤਿੰਨ ਭਰਾਵਾਂ ਅਤੇ ਪਰਿਵਾਰਾਂ ਸਮੇਤ ਗੱਡਿਆਂ ’ਤੇ ਸਾਮਾਨ ਲੱਦ ਕੇ ਕਿਸੇ ਥਾਂ ’ਤੇ ਵਸਣ ਲਈ ਇਸ ਰਸਤੇ ਵਿੱਚੋਂ ਦੀ ਲੰਘ ਰਹੇ ਸਨ। ਚਲਦੇ-ਚਲਦੇ ਅਚਾਨਕ ਬਾਬਾ ਮੋਹਕਮ ਸਿੰਘ ਜੀ ਦੇ ਗੱਡੇ ਦੀ ਧੁਰ ਟੁੱਟ ਗਈ। ਬਾਬਾ ਜੀ ਦੇ ਦੂਸਰੇ ਭਰਾ ਵੀ ਆਪਣੇ-ਆਪਣੇ ਗੱਡੇ ਰੋਕ ਕੇ ਰੁਕ ਗਏ। ਸਾਰੇ ਭਰਾਵਾਂ ਨੇ ਕਿਹਾ ਕਿ ਆਪਾਂ ਗੱਡੇ ਦੀ ਧੁਰ ਠੀਕ ਕਰਨ ਉਪਰੰਤ ਹੀ ਅੱਗੇ ਚੱਲਾਂਗੇ। ਬਾਬਾ ਮੋਹਕਮ ਸਿੰਘ ਜੀ ਨੇ ਕਿਹਾ ਨਹੀਂ ਤੁਸੀਂ ਆਪਣੇ ਗੱਡੇ ਲੈ ਕੇ ਚੱਲੋ ਮੈਂ ਬਾਅਦ ਵਿੱਚ ਗੱਡੇ ਦੀ ਧੁਰੀ ਠੀਕ ਕਰਕੇ ਆਵਾਂਗਾ। ਬਾਬਾ ਜੀ ਨੂੰ ਮਨਾਉਣ ਦੀ ਕੋਸ਼ਿਸ਼ ਸਾਰੇ ਭਰਾਵਾਂ ਨੇ ਕੀਤੀ ਪਰ ਬਾਬਾ ਜੀ ਇਸ ਗੱਲ ਨਾਲ ਸਹਿਮਤ ਨਾ ਹੋਏ। ਅਸਲ ਵਿੱਚ ਬਾਬਾ ਜੀ ਨੂੰ ਇਹ ਸਥਾਨ ਪਸੰਦ ਆ ਗਿਆ ਅਤੇ ਉਨ੍ਹਾਂ ਦੀ ਇੱਛਾ ਇੱਥੇ ਹੀ ਪੱਕੇ ਤੌਰ ’ਤੇ ਟਿਕਾਣਾ ਬਣਾਉਣ ਦੀ ਬਣ ਗਈ। ਬਾਬਾ ਜੀ ਦੇ ਭਰਾਵਾਂ ਨੂੰ ਅੰਦਾਜ਼ਾ ਹੋ ਚੁੱਕਿਆ ਸੀ ਕਿ ਉਹ ਹੁਣ ਸਾਡੇ ਨਾਲ ਅੱਗੇ ਨਹੀਂ ਜਾਣਗੇ। ਅਖ਼ੀਰ ਭਰਾਵਾਂ ਨੇ ਗੁੱਸੇ ਵਿੱਚ ਬਾਬਾ ਜੀ ਨੂੰ ਕਿਹਾ ਕਿ ਹਰ 12 ਸਾਲਾਂ ਬਾਅਦ ਤੇਰਾ ਸਾਮਾਨ ਗੱਡਿਆਂ ਵਿੱਚ ਲੱਦਿਆ ਜਾਇਆ ਕਰੇਗਾ ਤੇ ਤੂੰ ਉੱਜੜ ਕੇ ਵਸਿਆ ਕਰੇਗਾ। ਇਸ ਤਰ੍ਹਾਂ ਬਾਬਾ ਜੀ ਨੇ ਵਸਣ ਮਗਰੋਂ 12 ਸਾਲ ਪੂਰੇ ਹੋਣ ’ਤੇ ਭਰਾਵਾਂ ਦੀ ਕਹੀ ਹੋਈ ਗੱਲ ਨੂੰ ਪੂਰਾ ਕੀਤਾ। ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਹੈ। ਇਸ ਪਰੰਪਰਾ ਅਨੁਸਾਰ 12 ਸਾਲ ਦੇ ਵਕਫ਼ੇ ਵਿੱਚ ਰੰਧਾਵਾ ਗੋਤ ਵਾਲੇ ਆਪਣੇ ਘਰਾਂ ਵਿੱਚ ਪੈਦਾ ਹੋਏ ਲੜਕਿਆਂ ਦੀ ਮੱਥਾ ਟਿਕਾਉਣ ਦੀ ਰਸਮ ਮੋੜ੍ਹੀ ਗੱਡਣ ਵਾਲੇ ਸਥਾਨ ’ਤੇ ਕਰਦੇ ਹਨ।
ਇਹ ਸਥਾਨ ਪਿੰਡ ਦੇ ਉੱਤਰ ਵਾਲੇ ਪਾਸੇ ਸਥਿਤ ਹੈ ਜਿਸ ਨੂੰ ਭੱਦਨਾਂ ਦੀ ਰੋੜੀ ਕਿਹਾ ਜਾਂਦਾ ਹੈ। 12 ਸਾਲਾਂ ਬਾਅਦ ਦੀ ਇਹ ਪਰੰਪਰਾ ਜਿਸ ਨੂੰ ਭੱਦਨਾਂ ਕਿਹਾ ਜਾਂਦਾ ਹੈ, ਦੀਆਂ ਤਿਆਰੀਆਂ ਦੋ-ਤਿੰਨ ਸਾਲ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਪਿਛਲੀਆਂ ਭੱਦਨਾਂ ਜੂਨ 2010 ਵਿੱਚ ਸੰਪੂਰਨ ਕੀਤੀਆਂ ਗਈਆਂ ਸਨ ਅਤੇ ਹੁਣ ਜੂਨ 2022 ਵਿੱਚ ਹੋਣਗੀਆਂ। ਇਸ ਤਹਿਤ ਨਵੇਂ ਘਰਾਂ ਦੀ ਉਸਾਰੀ, ਮੁਰੰਮਤ, ਰੰਗ-ਰੋਗਨ, ਮਹਿਮਾਨਾਂ ਦੇ ਖਾਣ-ਪੀਣ, ਠਹਿਰਨ ਦੀ ਯੋਜਨਾਬੰਦੀ ਅਤੇ ਹੋਰ ਅਗਾਊਂ ਪ੍ਰਬੰਧ ਕੀਤੇ ਜਾਂਦੇ ਹਨ। ਭੱਦਨਾਂ ਦਾ ਦਿਨ ਮੁਕੱਰਰ ਕਰਨ ਲਈ ਪਿੰਡ ਦੇ ਮੋਹਤਬਰ, ਫ਼ੈਸਲੇ ਕਰਨ ਵਿੱਚ ਸ਼ਖ਼ਸੀਅਤਾਂ, ਸਮੁੱਚੀ ਗ੍ਰਾਮ ਪੰਚਾਇਤ, ਪਿੰਡ ਦੇ ਵੱਖ-ਵੱਖ ਕਲੱਬਾਂ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇਕੱਠ ਕੀਤਾ ਜਾਂਦਾ ਹੈ ਅਤੇ ਸਰਬਸੰਮਤੀ ਨਾਲ ਸ਼ੁੱਭ ਦਿਨ ਮੁਕੱਰਰ ਕੀਤਾ ਜਾਂਦਾ ਹੈ। ਸਵਾ ਮਹੀਨਾ ਪਹਿਲਾਂ ਪਿੰਡ ਦੀ ਪੁਰਾਤਨ ਅਤੇ ਸਾਂਭੀ ਹੋਈ ਸ਼ਾਨ ਪੱਕੇ ਦਰਵਾਜ਼ੇ ਦੀ ਵੱਡ-ਅਕਾਰੀ ਛੱਤ ’ਤੇ ਨਗਾਰਾ ਵਜਾ ਕੇ ਭੱਦਨਾਂ ਦਾ ਆਗਾਜ਼ ਕੀਤਾ ਜਾਂਦਾ ਹੈ। ਇੱਥੇ ਰੋਜ਼ਾਨਾ ਪਿੰਡ ਦੇ ਗੱਭਰੂ ਇਹ ਨਗਾਰਾ ਵਜਾਉਂਦੇ ਹਨ, ਜਿਸ ਦੀ ਆਵਾਜ਼ ਦੂਰ-ਦੂਰ ਦੇ ਪਿੰਡਾਂ ਤੱਕ ਸੁਣਾਈ ਦਿੰਦੀ ਹੈ। ਨਗਾਰਾ ਵਜਾਉਣ ਦਾ ਇਹ ਸਿਲਸਿਲਾ ਭੱਦਨਾਂ ਵਾਲੇ ਦਿਨ ਤੱਕ ਲਗਾਤਾਰ ਚੱਲਦਾ ਰਹਿੰਦਾ ਹੈ। ਭੱਦਨਾਂ ਵਾਲੇ ਦਿਨ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਦੂਰੋਂ-ਨੇੜਿਓਂ ਸੱਦਾ ਪੱਤਰ ਤੇ ਬੁਲਾਵਾ ਭੇਜ ਕੇ ਬੁਲਾਏ ਹੋਏ ਰਿਸ਼ਤੇਦਾਰ ਤੇ ਦੋਸਤ-ਮਿੱਤਰ ਵਿਆਹ ਵਾਂਗ ਤਿਆਰ ਹੋ ਕੇ ਪਹੁੰਚਦੇ ਹਨ। ਹਰ ਘਰ ਮਹਿਮਾਨਾਂ ਦਾ ਤਾਂਤਾ ਲੱਗ ਜਾਂਦਾ ਹੈ। ਘਰਾਂ ਵਿੱਚ ਕੜਾਹੀ ਚਾੜ ਕੇ ਤਿਆਰ ਕੀਤੇ ਪਕਵਾਨਾਂ ਨਾਲ ਮਹਿਮਾਨਾਂ ਦੀ ਸੇਵਾ ਕੀਤੀ ਜਾਂਦੀ ਹੈ। ਸਾਰੇ ਮਹਿਮਾਨਾਂ ਨੂੰ ਨਾਲ ਲੈ ਕੇ ਸਾਧਨਾਂ ਤੇ ਸਾਮਾਨ ਲੱਦ ਕੇ ਭੱਦਨਾਂ ਦੀ ਰੋੜੀ ’ਤੇ ਮੱਥਾ ਟੇਕਿਆ ਜਾਂਦਾ ਹੈ ਅਤੇ ਰਸਮ ਕੀਤੀ ਜਾਂਦੀ ਹੈ।
ਪਿੰਡ ਵਿੱਚ ਪ੍ਰਾਇਮਰੀ, ਸੈਕੰਡਰੀ ਸਕੂਲ, ਮਿੰਨੀ ਪੀਐਚਸੀ ਹਸਪਤਾਲ, ਪਸ਼ੂ ਹਸਪਤਾਲ, ਡਾਕਘਰ, ਦਾਣਾ ਮੰਡੀ, ਬੈਂਕ ਤੇ ਕੋਆਪਰੇਟਿਵ ਸੁਸਾਇਟੀ ਸਫ਼ਲਤਾਪੂਰਵਕ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ। ਪਿੰਡ ਵਿੱਚ ਗੁਰਦੁਆਰੇ ਤੋਂ ਇਲਾਵਾ ਮੰਦਰ, ਮਸੀਤ ਤੇ ਕਈ ਪੁਰਾਤਨ ਡੇਰੇ ਹਨ, ਜਿੱਥੇ ਵੱਖ-ਵੱਖ ਤਿਉਹਾਰ ਅਤੇ ਦਿਨ-ਦਿਹਾੜੇ ਸ਼ਰਧਾਪੂਰਵਕ ਮਨਾਏ ਜਾਂਦੇ ਹਨ। ਹਰ ਸਾਲ ਯੂਥ ਕਲੱਬ ਵੱਲੋਂ ਵੱਡਾ ਖੇਡ ਮੇਲਾ ਕਰਵਾਇਆ ਜਾਂਦਾ ਹੈ। ਭਾਦਰੋਂ ਮਹੀਨੇ ਦੀ ਨੌਵੀਂ ਨੂੰ ਗੁੱਗਾ ਜਾਹਰ ਪੀਰ ਦੀ ਮਾੜੀ ’ਤੇ ਵੱਡਾ ਮੇਲਾ ਭਰਦਾ ਹੈ।
ਪਿੰਡ ਦੇ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵਿੱਚ ਗਏ ਹਨ। ਪਿੰਡ ਦੇ ਜੰਮਪਲ ਇੰਜੀਨੀਅਰ ਬਿੱਕਰ ਸਿੰਘ, ਡੀ.ਐਸ.ਪੀ. ਰਾਜਵਿੰਦਰ ਸਿੰਘ, ਡਾਕਟਰ ਬਹਾਦਰ ਸਿੰਘ, ਸੈਕਟਰੀ ਜੋਗਾ ਸਿੰਘ, ਐਡਵੋਕੇਟ ਰਾਜਦੀਪ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਜੰਮਪਲ ਪੁਲੀਸ, ਫ਼ੌਜ, ਸਿਹਤ, ਸਿੱਖਿਆ, ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਉਚ-ਅਹੁਦਿਆਂ ’ਤੇ ਹਨ। ਰਾਜਨੀਤਕ ਤੌਰ ’ਤੇ ਚੇਅਰਮੈਨ ਬਲਵੰਤ ਸਿੰਘ, ਸਰਪੰਚ ਇੰਦਰਜੀਤ ਸਿੰਘ, ਨਾਹਰ ਸਿੰਘ, ਹਰਪ੍ਰੀਤ ਸਿੰਘ ਅਗਲੀ ਕਤਾਰ ਵਿੱਚ ਸਰਗਰਮ ਹਨ। ਇਸ ਤੋਂ ਇਲਾਵਾ ਕਾਫ਼ੀ ਗਿਣਤੀ ਵਿੱਚ ਪਿੰਡ ਦੇ ਜੰਮਪਲ ਵੱਖ-ਵੱਖ ਉੱਚ ਅਹੁਦਿਆਂ ’ਤੇ ਸੇਵਾ ਨਿਭਾਅ ਕੇ ਸੇਵਾਮੁਕਤ ਹੋ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਸਮਾਜਸੇਵਾ ਕਰ ਰਹੇ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਇੱਥੇ ਵੱਡੇ ਸਿਹਤ ਹਸਪਤਾਲ ਤੇ ਬਿਜਲੀ ਗਰਿੱਡ ਦੀ ਸਹੁੂਲਤ ਹੋਵੇ ਅਤੇ ਸਰਕਾਰੀ ਬੱਸਾਂ ਦੇ ਰੂਟ ਵਧਾਏ ਜਾਣ। ਪਿੰਡ ਦੇ ਜੰਮਪਲ ਦੇਵੀ ਸਰੂਪ, ਚਰਨਜੀਤ ਸਿੰਘ ਤੇ ਗੁਰਜੰਟ ਸਿੰਘ ਆਪਣੀ ਕਲਮ ਰਾਹੀਂ ਸਮਾਜ ਨੂੰ ਚੰਗੀ ਸੇਧ ਦੇ ਰਹੇ ਹਨ।

Share :

Share

rbanner1

Share