ਕੀਨੀਆ ਵਿੱਚ ਬੰਬ ਧਮਾਕਾ, 12 ਹਲਾਕ

ਨੈਰੋਬੀ- ਕੀਨੀਆ ਵਿੱਚ ਇਕ ਗੈਸਟ ਹਾਊਸ ’ਚ ਹੋਏ ਬੰਬ ਧਮਾਕੇ ਕਾਰਨ ਘੱਟੋ-ਘੱਟ 12 ਵਿਅਕਤੀ ਮਾਰੇ ਗਏ। ਮੁਲਕ ਦੇ ਉਤਰ-ਪੂਰਬੀ ਖ਼ਿੱਤੇ ਵਿੱਚ ਹੋਏ ਇਸ ਧਮਾਕੇ ਦੀ ਜ਼ਿੰਮੇਵਾਰੀ ਅਲ-ਕਾਇਦਾ ਨਾਲ ਸਬੰਧਤ ਸ਼ਬਾਬ ਦਹਿਸ਼ਤਗਰਦਾਂ ਨੇ ਲਈ ਹੈ, ਜਿਨ੍ਹਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਵੀ ਇਸ ਇਲਾਕੇ ’ਚ ਹਮਲਾ ਕੀਤਾ ਸੀ।
ਇਕ ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ, ‘‘ਇਮਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਹੁਣ ਤੱਕ ਸਾਨੂੰ 12 ਲਾਸ਼ਾਂ ਮਿਲੀਆਂ ਹਨ।’’ ਉਨ੍ਹਾਂ ਕਿਹਾ ਕਿ ਇਹ ਧਮਾਕਾ ਮੰਡੇਰਾ ਦੇ ਬਿਸ਼ਾਰੋ ਲੌਜ ਵਿੱਚ ਮੁਕਾਮੀ ਵਕਤ ਮੁਤਾਬਕ ਤੜਕੇ ਕਰੀਬ ਸਾਢੇ ਤਿੰਨ ਵਜੇ ਹੋਇਆ, ਜਿਸ ਵਿੱਚ ਮਰਨ ਵਾਲਿਆਂ ’ਚ ਇਕ ਔਰਤ ਵੀ ਸ਼ਾਮਲ ਹੈ। ਸਰਕਾਰੀ ਤੌਰ ’ਤੇ ਵੀ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਹੈ ਕਿ ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ।
ਸ਼ਬਾਬ ਨੇ ਆਪਣੇ ਰੇਡੀਓ ਅੰਦਾਲੁਸ ਤੋਂ ਨਸ਼ਰ ਇਕ ਸੁਨੇਹੇ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਮਰਨ ਵਾਲਿਆਂ ਦੀ ਗਿਣਤੀ 15 ਹੋਣ ਦਾ ਦਾਅਵਾ ਕੀਤਾ ਹੈ। ਸੁਨੇਹੇ ਵਿੱਚ ਕਿਹਾ ਗਿਆ ਹੈ, ‘‘ਇਹ ਹਮਲਾ ਮੁਜਾਹਦੀਨ ਵੱਲੋਂ ਆਪਣੇ ਇਲਾਕੇ ਵਿੱਚ ਕੀਤੇ ਜਾ ਰਹੇ ਲੜੀਵਾਰ ਹਮਲਿਆਂ ਦਾ ਹਿੱਸਾ ਹੈ।’’ ਦੱਸਣਯੋਗ ਹੈ ਕਿ ਮੰਡੇਰਾ ਵਿੱਚ ਸ਼ਬਾਬ ਵੱਲੋਂ ਤਿੰਨ ਹਫ਼ਤਿਆਂ ਦੌਰਾਨ ਕੀਤਾ ਗਿਆ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਇਕ ਰਿਹਾਇਸ਼ੀ ਇਮਾਰਤ ਵਿੱਚ ਕੀਤੇ ਗਏ ਹਮਲੇ ਦੌਰਾਨ 6 ਵਿਅਕਤੀ ਮਾਰੇ ਗਏ ਸਨ। ਇਸ ਇਮਾਰਤ ਵਿੱਚ ਮੁੱਖ ਤੌਰ ’ਤੇ ਗ਼ੈਰ-ਸੋਮਾਲੀ ਗ਼ੈਰ-ਮੁਸਲਿਮ ਲੋਕ ਰਹਿੰਦੇ ਹਨ।

Share :

Share

rbanner1

Share