ਕੇਜਰੀਵਾਲ ਹੋਵੇਗਾ ਸੀਐਮ ਦਾ ਚਿਹਰਾ?

ਮਨੀਸ਼ ਸਿਸੋਦੀਆ ਦੀ ਟਿੱਪਣੀ ਨੇ ਪੈਦਾ ਕੀਤੀ ਰਾਜਸੀ ਖਲਬਲੀ  ਕੇਜਰੀਵਾਲ ਹੋ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ-ਸਿਸੋਦੀਆ

ਸ੍ਰੀ ਆਨੰਦਪੁਰ ਸਾਹਿਬ-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਤੇ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਨਾਲ ਮੀਟਿੰਗ ਲਈ ਪਹੁੰਚੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਅਸਿੱਧੇ ਤੌਰ ਉੱਤੇ ਸੰਕੇਤ ਦਿੱਤੇ ਹਨ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ। ਇੱਥੇ ਕਰੀਬ 15-20 ਮਿੰਟ ਤੱਕ ਚੱਲੀ ਮੀਟਿੰਗ ਉਪਰੰਤ ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਾਥੀ ਮਨੀਸ਼ ਸਿਸੋਦੀਆ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਉੱਤੇ ਭਰੋਸਾ ਰੱਖ ਕੇ ਹੀ ਆਪਣੀ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ। ਕੇਜਰੀਵਾਲ ਜੋ ਵਾਅਦਾ ਪੰਜਾਬ ਦੀ ਜਨਤਾ ਨਾਲ ਕਰ ਰਹੇ ਹਨ, ਉਸ ਨੂੰ ਹਰ ਹਾਲ ਵਿੱਚ ਪੂਰਾ ਕਰਨਗੇ। ਸਿਸੋਦੀਆ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਪਾਰਟੀ ਵੱਲੋਂ ਜਾਣਬੁੱਝ ਕੇ ਸੋਚੀ ਸਮਝੀ ਰਣਨੀਤੀ ਤਹਿਤ ਨਹੀਂ ਕੀਤਾ ਗਿਆ ਹੈ।
ਪੰਜਾਬ ਵਿੱਚ ਸਨਅਤ ਦਾ ਲੱਕ  ਟੁੱਟਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਯੋਗ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ  ਭੇਜੇ, ਮਗਰੋਂ ਇੱਕ ਚੰਗੇ ਵਪਾਰੀ ਨੂੰ ਰਾਜ ਦਾ ਵਿੱਤ ਮੰਤਰੀ ਬਣਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਰਹੇਗੀ।
‘ਆਪ’ ਸਾਂਸਦ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਪੱਥਰ ਮਾਰਨ ਲਈ ਉਕਸਾਉਣ ਦੇ ਸਾਹਮਣੇ ਆ ਰਹੇ ਮਾਮਲੇ ਬਾਰੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੇ ਧਿਆਨ ’ਚ ਅਜਿਹਾ ਕੋਈ ਬਿਆਨ ਨਹੀਂ ਹੈ, ਪਰ ਉਂਜ ਉਨ੍ਹਾਂ ਪੱਥਰਬਾਜ਼ੀ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣਾ ਗੁੱਸਾ 4 ਫਰਵਰੀ ਨੂੰ ਵੋਟ ਪਾ ਕੇ ਕੱਢਣ ਫਿਰ ਚਾਹੇ ਉਨ੍ਹਾਂ ਦਾ ਗੁੱਸਾ ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਖ਼ਿਲਾਫ਼ ਹੀ ਕਿਉਂ ਨਾ ਹੋਵੇ। ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਬਾਰੇ ਬੋਲਦਿਆਂ ਸਿਸੋਦੀਆ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇਸ਼ ਦੀ ਜਨਤਾ ਨੂੰ ਲੁੱਟ ਰਹੀ ਹੈ, ਇਸ ਲਈ ਪੰਜਾਬ ਦੇ ਲੋਕ ਹੁਣ ਝੂਠ ਦੇ ਪੁਲੰਦੇ ’ਤੇ ਵਿਸ਼ਵਾਸ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਸੰਜੀਵ ਗੌਤਮ, ਮਾਸਟਰ ਹਰਦਿਆਲ ਸਿੰਘ, ਹਰਤੇਗਵੀਰ ਸਿੰਘ ਤੇਗੀ, ਜਸਵੀਰ ਸਿੰਘ ਜੱਸੂ, ਰਾਜਾ ਆਦਿ ਹਾਜ਼ਰ ਸਨ।
ਸਿਸੋਦੀਆ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ: ਉੱਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦਾ ਟਾਕਰਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵੀ ਹੋਇਆ। ਹਾਲਾਂਕਿ ਗਿਆਨੀ ਗੁਰਬਚਨ ਸਿੰਘ ਨੇ ਸਿਸੋਦੀਆ ਨੂੰ ਸਿਰੋਪਾਓ ਤਾਂ ਨਹੀਂ ਦਿੱਤਾ, ਪਰ ਦੋਵਾਂ ਨੇ ਇੱਕ ਦੂਜੇ ਨਾਲ ਹੱਥ ਜ਼ਰੂਰ ਮਿਲਾਏ।

ਪੰਜਾਬੀ ਬਨਾਮ ਗ਼ੈਰ-ਪੰਜਾਬੀ ਦਾ ਵਿਵਾਦ ਮੁੜ ਉਭਰਿਆ

ਚੰਡੀਗੜ੍ਹ : ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਅਰਵਿੰਦ ਕੇਜਰੀਵਾਲ ਦੇ ਨਾਮ ਦਾ ਭੁਲਾਵਾ ਪਾਉਣ ਕਰਕੇ ਪੰਜਾਬੀਆਂ ਉਪਰ ਗ਼ੈਰ-ਪੰਜਾਬੀਆਂ ਦਾ ਗ਼ਲਬਾ ਕਾਇਮ ਕਰਨ ਦੇ ਵਿਵਾਦ ਨੇ ਮੁੜ ਸਿਰ ਚੁੱਕ ਲਿਆ ਹੈ। ਸ੍ਰੀ ਸਿਸੋਦੀਆ ਦੇ ਇਸ ਮੁੱਦੇ ਉਪਰ ਭੰਬਲਭੂਸੇ ਵਾਲੇ ਬਿਆਨ ਦੇ ਆਉਂਦਿਆਂ ਹੀ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਪਲਾਂ ਵਿੱਚ ਹੀ ਪੰਜਾਬੀ ਬਨਾਮ ਗ਼ੈਰ-ਪੰਜਾਬੀ ਦਾ ਮੁੱਦਾ ਬਣਾ ਦਿੱਤਾ ਹੈ। ਪਿਛਲੇ ਸਮੇਂ ਜਦੋਂ ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਬਰਖਾਸਤ ਕੀਤਾ ਸੀ ਤਾਂ ਉਦੋਂ ਵੀ ਇਹ ਵੱਡਾ ਮੁੱਦਾ ਬਣ ਗਿਆ ਸੀ ਅਤੇ ਪਾਰਟੀ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ ਸੀ। ਪਾਰਟੀ ਨੂੰ ਚੁੱਪ ਚੁਪੀਤੇ ਪੰਜਾਬ ਵਿੱਚ ਤਾਇਨਾਤ ਦਿੱਲੀ ਦੇ 52 ਅਬਜ਼ਰਵਰਾਂ ਦਾ ਬਿਸਤਰਾ ਗੋਲ ਕਰਨਾ ਪੈ ਗਿਆ ਸੀ। ਉਪਰੰਤ ਪਾਰਟੀ ਨੇ ਪੰਜਾਬੀਆਂ ਦੇ ਗੁੱਸੇ ਨੂੰ ਭਾਂਪਦਿਆਂ ਸੂਬਾ ਪੱਧਰ ਤੋਂ ਵੀ ਦਿੱਲੀ ਦੀ ਟੀਮ ਨੂੰ ਪਿੱਛੇ ਖਿਸਕਾ ਕੇ ਪੰਜਾਬੀ ਚਿਹਰੇ ਮੂਹਰੇ ਲਿਆਂਦੇ ਸਨ। ਹੁਣ ਮਸਾਂ ਇਹ ਮੁੱਦਾ ਖ਼ਤਮ ਹੋਇਆ ਸੀ  ਕਿ ਸ੍ਰੀ ਸਿਸੋਦੀਆ ਨੇ ਅੱਜ ਇਥੇ ਮੁਹਾਲੀ ਵਿਧਾਨ ਸਭਾ ਹਲਕੇ ਦੇ ਕਸਬਾ ਬਲੌਂਗੀ ਵਿੱਚ ਚੋਣ ਸਭਾ ਦੌਰਾਨ ਇਹ ਕਹਿ ਕੇ ਮੁੜ ਇਹ ਦੱਬਿਆ ਮੁੱਦਾ ਉਛਾਲ ਦਿੱਤਾ ਕਿ ਪੰਜਾਬੀ ਇਹ ਸਮਝ ਕੇ ਵੋਟਾਂ ਪਾਉਣ ਕਿ ਸ੍ਰੀ ਕੇਜਰੀਵਾਲ ਨੇ ਹੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ। ਉਂਜ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਚੁਣੇ ਵਿਧਾਇਕ ਹੀ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਦੇ ਸਾਰੇ ਚਿਹਰੇ ਕੇਜਰੀਵਾਲ ਹੀ ਮੰਨੇ ਜਾਣ। ਭਾਵੇਂ ਇਨ੍ਹਾਂ ਬਿਆਨਾਂ ਵਿੱਚ ਸ੍ਰੀ ਸਿਸੋਦੀਆ ਨੇ ਸਿੱਧੇ ਤੌਰ ’ਤੇ ਸ੍ਰੀ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਨਹੀਂ ਐਲਾਨਿਆ, ਪਰ ਇਹ ਵੱਡਾ ਸਿਆਸੀ ਮੁੱਦਾ ਜ਼ਰੂਰ ਬਣ ਗਿਆ ਹੈ। ਉਧਰ ਵਿਰੋਧੀ ਧਿਰਾਂ ਨੇ ਚੁਫੇਰਿਓਂ ਇਸ ਮੁੱਦੇ ਦੀ ਨੁਕਤਾਚੀਨੀ ਕਰਦਿਆਂ ਸਿਆਸੀ ਭੂਚਾਲ ਲਿਆ ਦਿੱਤਾ ਹੈ। ਦੂਸਰੇ ਪਾਸੇ ਪਾਰਟੀ ਦਾ ਕਹਿਣਾ ਹੈ ਕਿ ਸ੍ਰੀ ਸਿਸੋਦੀਆ ਨੇ ਕਿਸੇ ਤਰ੍ਹਾਂ ਵੀ ਸ੍ਰੀ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਗੱਲ ਨਹੀਂ ਕਹੀ। ਉਨ੍ਹਾਂ ਤਾਂ ਪਾਰਟੀ ਸੁਪਰੀਮੋ ਦੀ ਪੰਜਾਬ ਦੇ ਵੋਟਰਾਂ ਨਾਲ ਸਮਰਪਣ ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸ੍ਰੀ ਕੇਜਰੀਵਾਲ ਪਾਰਟੀ ਦੇ ਮੁਖੀ ਵਜੋਂ ਇਕ-ਇਕ ਵੋਟ ਦਾ ਕਰਜ਼ ਉਤਾਰਨ ਲਈ ਵਚਨਬੱਧ ਹਨ।

ਕੇਜਰੀਵਾਲ ਹੋ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ-ਸਿਸੋਦੀਆ-ਵੱਖ-ਵੱਖ ਆਗੂਆਂ ਵੱਲੋਂ ਤਿੱਖਾ ਪ੍ਰਤੀਕਰਮ

ਐੱਸ. ਏ. ਐੱਸ. ਨਗਰ,-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪਿੰਡ ਬਲੌਂਗੀ ਵਿਖੇ ਪੰਜਾਬ ਦੇ ਪਲੇਠੇ ਦੌਰੇ ਦੀ ਪਹਿਲੀ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚੋਂ ਭ੍ਰਿਸ਼ਟਾਚਾਰ, ਨਸ਼ਾਖੋਰੀ ਤੇ ਮਾਫੀਆ ਰਾਜ ਖਤਮ ਕਰਕੇ ਪੰਜਾਬ ਦੇ ਵਿਕਾਸ ਲਈ ਅਰਵਿੰਦ ਕੇਜਰੀਵਾਲ ਨੂੰ ਵੋਟ ਦਿਓ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਸਿਸੋਦੀਆ ਦੇ ਇਸ ਬਿਆਨ ਤੋਂ ਬਾਅਦ ਵੱਖ-ਵੱਖ ਆਗੂਆਂ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਸਿਸੋਦੀਆ ਜੋ ਅੱਜ ਹਲਕਾ ਮੁਹਾਲੀ ਤੋਂ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਲਈ ਚੋਣ ਪ੍ਰਚਾਰ ਲਈ ਇਥੇ ਆਏ ਸੀ, ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਵੀ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰ ਰਹੀ ਹੈ, ਉਨ੍ਹਾਂ ਨੂੰ ਪੂਰੇ ਕਰਨ ਦੀ ਜ਼ਿੰਮੇਵਾਰੀ ਅਰਵਿੰਦ ਕੇਜਰੀਵਾਲ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅਜਿਹਾ ਹੋਵੇਗਾ ਜਿਸ ਦਾ ਨਾ ਤਾਂ ਨਸ਼ੇ ਦਾ ਕਾਰੋਬਾਰ ਅਤੇ ਨਾ ਹੀ ਪ੍ਰਾਪਰਟੀ ਦਾ ਕਾਰੋਬਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਅਰਵਿੰਦ ਕੇਜਰੀਵਾਲ ਜਿਹੇ ਮੁੱਖ ਮੰਤਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਅੱਜ ਇਹ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਲੋਕ ਤੇ ਮਜ਼ਦੂਰ ਭਾਈਚਾਰਾ ਬਿਨਾਂ ਕਿਸੇ ਛੁੱਟੀ ਤੋਂ ਵੱਡੀ ਗਿਣਤੀ ‘ਚ ਇਥੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਉਹ ਪੰਜਾਬ ‘ਚੋਂ ਕੈਪਟਨ ਤੇ ਬਾਦਲਾਂ ਦੀ ਆਪਸੀ ਗਿਟਮਿਟ ਕਰਕੇ ਲੋਕਾਂ ਨੂੰ ਵਾਰੋਂ-ਵਾਰੀ ਲੁੱਟਣ ਤੇ ਕੁੱਟਣ ਦੀ ਪ੍ਰਕਿਰਿਆ ਨੂੰ ਸਮਾਪਤ ਕਰਨ ਲਈ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਮੋਦੀ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਰੁਕਾਵਟਾਂ ਦੇ ਬਾਵਜੂਦ ਵੀ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦਿੱਲੀ ‘ਚ ਸ਼ੁਰੂ ਕੀਤੀ ਮੁਹੱਲਾ ਕਲੀਨਕ ਨੀਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਦੀ ਸਫਲਤਾ ਨੂੰ ਵੇਖਣ ਲਈ ਵਿਦੇਸ਼ਾਂ ‘ਚੋਂ ਵੀ ਡੈਲੀਗੇਟ ਆ ਰਹੇ ਹਨ। ਇਸੇ ਦੌਰਾਨ ਦਿੱਲੀ ‘ਚ ਸਫਾਈ ਮਜ਼ਦੂਰਾਂ ਦੀ ਹੜਤਾਲ ਸਬੰਧੀ ਪੁੱਛੇ ਇਕ ਸਵਾਲ ‘ਚ ਸਿਸੋਦੀਆ ਨੇ ਕਿਹਾ ਇਸ ਦੀ ਜਿੰਮੇਵਾਰੀ ਦਿੱਲੀ ਕਾਰਪੋਰੇਸ਼ਨ ਦੀ ਬਣਦੀ ਹੈ ਜਿਸ ਦੀ ਵਾਗਡੋਰ ਭਾਜਪਾ ਸਰਕਾਰ ਕੋਲ ਹੈ। ਉਨ੍ਹਾਂ ਕਾਂਗਰਸ ਵੱਲੋਂ ਵੀ. ਆਈ. ਪੀ ਕਲਚਰ ਖਤਮ ਕਰਨ ਦੇ ਵਾਅਦੇ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਦਾ ਇਹ ਵਾਅਦਾ ਬਚਕਾਨਾ ਲੱਗਦਾ ਹੈ ਜੋ ਕਿ ਖੁਦ ਪਰਿਵਾਰਵਾਦ ਦੀ ਸ਼ਿਕਾਰ ਹੈ। ਉਨ੍ਹਾਂ ਸਰਕਾਰ ਵੱਲੋਂ ਕਾਲੇ ਧਨ ਦੇ ਪੈਸੇ ਬਾਹਰੋਂ ਲਿਆ ਕੇ ਲੋਕਾਂ ਦੇ ਖਾਤੇ ‘ਚ 15-15 ਲੱਖ ਪਾਉਣ ਦੇ ਕੀਤੇ ਵਾਅਦੇ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਾਲਾ ਧਨ ਬਾਹਰੋਂ ਮੋਦੀ ਸਾਹਿਬ ਨਹੀਂ ਲਿਆ ਸਕੇ ਪਰ ਦੇਸ਼ ਦੇ ਲੋਕਾਂ ਦੀ ਬੈਂਕਾਂ ‘ਚ ਜਮ੍ਹਾਂ ਹੱਕ ਦੀ ਕਮਾਈ ਨੂੰ ਲੈਣ ਲਈ ਵੀ ਉਨ੍ਹਾਂ ਨੂੰ ਲਾਈਨਾਂ ‘ਚ ਲੱਗਣਾ ਪੈ ਰਿਹਾ ਹੈ।

ਕੇਜਰੀਵਾਲ ਨਹੀਂ ਹੋਣਗੇ ਪੰਜਾਬ ਦੇ ਮੁੱਖ ਮੰਤਰੀ-‘ਆਪ’

ਨਵੀਂ ਦਿੱਲੀ-ਆਮ ਆਦਮੀ ਪਾਰਟੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਚੋਣਾਂ ‘ਚ ਪਾਰਟੀ ਦਾ ਚਿਹਰਾ ਹਨ, ਪ੍ਰੰਤੂ ਇਸਦਾ ਮਤਲਬ ਇਹ ਨਹੀਂ ਹੈ ਕਿ ਚੋਣਾਂ ਜਿੱਤਣ ‘ਤੇ ਉਹ ਮੁੱਖ ਮੰਤਰੀ ਬਣਨਗੇ। ‘ਆਪ’ ਨੇਤਾ ਆਤਿਸ਼ੀ ਮਰਲੇਨਾ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਜਰੀਵਾਲ ਨੂੰ ਪੰਜਾਬ ਚੋਣਾਂ ਦਾ ਚਿਹਰਾ ਬਣਾਉਣ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮਰਲੇਨਾ ਨੇ ਕਿਹਾ ਕਿ, ‘ਸਿਸੋਦੀਆ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਸਮਝ ਕੇ ਵੋਟਾਂ ਦਿੱਤੀਆਂ ਜਾਣ, ਉਨ੍ਹਾਂ ਇਹ ਨਹੀਂ ਕਿਹਾ ਸੀ ਕਿ ਕੇਜਰੀਵਾਲ ਮੁੱਖ ਮੰਤਰੀ ਹੋਣਗੇ।

ਪੰਜਾਬ ਦੇ ਲੋਕ ਬਾਹਰਲੇ ਵਿਅਕਤੀ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ-ਬਾਦਲ

ਚੰਡੀਗੜ੍ਹ-ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਇਹ ਗੱਲ ਆਪਣੇ ਧਿਆਨ ‘ਚ ਰੱਖਣ ਕਿ ਪੰਜਾਬ ਦੇ ਲੋਕ ਪੰਜਾਬ ਤੋਂ ਬਾਹਰ ਦੇ ਵਿਅਕਤੀ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਕੋਈ ਹਰਿਆਣਵੀ ਇਹ ਸਹਿਣ ਨਹੀਂ ਕਰ ਸਕਦਾ ਕਿ ਕੋਈ ਪੰਜਾਬੀ ਜਾਂ ਗੈਰ-ਹਰਿਆਣਵੀ ਵਿਅਕਤੀ ਉਸ ‘ਤੇ ਰਾਜ ਕਰੇ ਤਾਂ ਪੰਜਾਬੀ ਇਹ ਗੱਲ ਕਿਵੇਂ ਸਹਿਣ ਕਰ ਸਕਦਾ ਹੈ ਕਿ ਕੋਈ ਹਰਿਆਣਵੀ ਉਸ ‘ਤੇ ਰਾਜ ਕਰੇ। ਸ. ਬਾਦਲ ਦੀ ਇਹ ਟਿੱਪਣੀ, ਦਿੱਲੀ ਦੇ ਉਪ-ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵੱਲੋਂ ਅੱਜ ਮੁਹਾਲੀ ਵਿਖੇ ਦਿੱਤੇ ਉਸ ਬਿਆਨ ‘ਤੇ ਆਈ ਹੈ, ਜਿਸ ‘ਚ ਸਿਸੋਦੀਆ ਨੇ ਕਿਹਾ ਸੀ ਕਿ ਪੰਜਾਬੀ, ਇਹ ਸੋਚ ਕੇ ਵੋਟ ਪਾਉਣ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਪਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਤਾਂ ਮੁਗਲਾਂ ਤੇ ਅੰਗਰੇਜ਼ਾਂ ਨੂੰ ਆਪਣੇ ਸ਼ਾਸਕਾਂ ਵਜੋਂ ਪ੍ਰਵਾਨ ਨਹੀਂ ਕੀਤਾ। ਸਿਸੋਦੀਆ, ਕੇਜਰੀਵਾਲ ਤੇ ਉਨ੍ਹਾਂ ਦਾ ਸਾਰਾ ਗੈਰ-ਪੰਜਾਬੀ ਗੈਂਗ ਇਸ ਇਸ ਗੱਲ ਤੋਂ ਵਾਕਿਫ਼ ਨਹੀਂ ਕਿ ਪੰਜਾਬੀਆਂ ਨੇ ਆਪਣੀ ਖ਼ੁਦ ਦੀ ਸਰਕਾਰ ਦਾ ਹੱਕ ਹਾਸਿਲ ਕਰਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।

ਕੇਜਰੀਵਾਲ ਨੂੰ ਪੰਜਾਬ ਸਿਰ ਮੜ੍ਹਨ ਦੀ ਸਾਜ਼ਿਸ਼ ਬੇਨਕਾਬ ਹੋਈ-ਸੁਖਬੀਰ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਾਹਰੀ ਵਿਅਕਤੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਿਰ ਮੜ੍ਹਨ ਦੀ ਸਾਜ਼ਿਸ਼ ਅੱਜ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਮੁਹਾਲੀ ਵਿਖੇ ਇਕ ਪ੍ਰੋਗਰਾਮ ਦੌਰਾਨ ਕੀਤੇ ਐਲਾਨ ਨਾਲ ਬੇਨਕਾਬ ਹੋ ਗਈ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਿੱਲੀ ਹੁਣ ਥੈਲਿਓਂ ਬਾਹਰ ਆ ਗਈ ਹੈ। ਕੇਜਰੀਵਾਲ ਪਿਛਲੇ ਦੋ ਸਾਲਾਂ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਰੱਖ ਰਿਹਾ ਸੀ ਤੇ ਹੁਣ ਪਾਰਟੀ ਨੇ ਇਸ ਮਾਮਲੇ ਵਿਚ ਸਾਰੇ ਅੜਿੱਕੇ ਦੂਰ ਹੋਣ ਤੋਂ ਬਾਅਦ ਐਲਾਨ ਕਰ ਦਿੱਤਾ ਹੈ। ਸੁਖਬੀਰ ਨੇ ਕਿਹਾ ਕਿ ਪਹਿਲਾਂ ਪਾਰਟੀ ਨੇ ਸੂਬਾ ਕਨਵੀਨਰ ਤੇ ਸਭ ਤੋਂ ਸੀਨੀਅਰ ਨੇਤਾ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੱਢਿਆ ਕਿਉਂਕਿ ਉਹ ਇਕ ਸਿੱਖ ਚਿਹਰਾ ਸਨ ਅਤੇ ਸ੍ਰੀ ਕੇਜਰੀਵਾਲ ਲਈ ਚੁਣੌਤੀ ਬਣ ਰਹੇ ਸਨ। ਇਸ ਮਗਰੋਂ ਪਾਰਟੀ ਨੇ ਭਗਵੰਤ ਮਾਨ ਤੇ ਹਿੰਮਤ ਸਿੰਘ ਸ਼ੇਰਗਿੱਲ ਦੀ ਸੰਭਾਵਨਾ ਨੂੰ ਉਨਾਂ ਦੇ ਅਤੇ ਸ. ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਖੜ੍ਹੇ ਕਰਕੇ ਖ਼ਤਮ ਕਰ ਦਿੱਤੀ। ਹੁਣ ਜਦੋਂ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਤਾਂ ਫਿਰ ਸਿਸੋਦੀਆ ਨੇ ਪੰਜਾਬ ਆ ਕੇ ਇਸ ਸਬੰਧੀ ਬਹੁਤ ਹੀ ਗਿਣੇ ਮਿੱਥੇ ਢੰਗ ਨਾਲ ਇਸਦਾ ਐਲਾਨ ਕਰ ਦਿੱਤਾ ਜਿਸਦਾ ਪਾਰਟੀ ਕੇਡਰ ਨੇ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ।

ਕੇਜਰੀਵਾਲ ਦੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਜੱਗ ਜ਼ਾਹਿਰ ਹੋਈ-ਕੈਪਟਨ

ਨਵੀਂ ਦਿੱਲੀ-ਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦਾ ਇਕ ਤਰ੍ਹਾਂ ਨਾਲ ਉਮੀਦਵਾਰ ਐਲਾਨਣ ਲਈ ਕੇਜਰੀਵਾਲ ‘ਤੇ ਹਮਲਾ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਭੈੜੇ ਮਨਸੂਬੇ ਕਾਮਯਾਬ ਹੋ ਗਏ ਤਾਂ ਹਰਿਆਣਵੀ ਮੁੱਖ ਮੰਤਰੀ ਬਣ ਜਾਵੇਗਾ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਕੇਜਰੀਵਾਲ ਦੇ ਮਾੜੇ ਇਰਾਦੇ ਅੱਜ ਦੀ ਘਟਨਾ ਨਾਲ ਪੂਰੀ ਤਰ੍ਹਾਂ ਸਾਹਮਣੇ ਆ ਗਏ ਹਨ ਜਿਸ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਕਿੰਨੀ ਭੈੜੀ ਲਾਲਸਾ ਹੈ। ਕੈਪਟਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸੂਬੇ ‘ਚ ਸੱਤਾ ‘ਤੇ ਕਾਬਜ਼ ਹੋਣ ਅਤੇ ਨਿੱਜੀ ਲਾਭ ਲੈਣ ਲਈ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਹੈ।

Share :

Share

rbanner1

Share