ਕੈਨੇਡਾ ‘ਚ ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ‘ਚ ਘਰ ਨੂੰ ਲੱਗੀ ਅੱਗ, ਜ਼ਿੰਦਾ ਸੜ ਗਿਆ ਪਰਿਵਾਰ, 3 ਦੀ ਮੌਤ

ਟੋਰਾਂਟੋ— ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਸਥਿਤ ਇਕ ਘਰ ਨੂੰ ਅੱਗ ਲੱਗਣ ਦੀ ਘਟਨਾ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਰਾਤ ਨੂੰ ਬਰੈਂਪਟਨ ਦੇ ਡਿਕਸੀ ਰੋਡ/ਵਿਲੀਅਮਜ਼ ਪਾਰਕਵੇਅ ਖੇਤਰ ਵਿਖੇ ਸਥਿਤ ਇਕ ਘਰ ਵਿਚ ਵਾਪਰੀ। ਅੱਗ ਲੱਗਣ ਦੀ ਇਸ ਘਟਨਾ ਵਿਚ ਪਰਿਵਾਰ ਦੀ ਇਕ 9 ਸਾਲਾ ਬੱਚੀ ਜੋਇਆ ਨੂੰ ਹੀ ਜ਼ਿੰਦਾ ਬਚਾਇਆ ਜਾ ਸਕਿਆ, ਜੋ ਇਸ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਗਈ ਸੀ। ਉਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।

ਮ੍ਰਿਤਕਾਂ ਵਿਚ 19 ਸਾਲਾ ਲੜਕੀ ਅਮੀਨਾ ਕਪਾੜੀਆ ਅਤੇ ਉਸ ਦੇ ਮਾਪੇ ਇਫਤਖਾਰ ਨਿਆਜ਼ੀ ਅਤੇ ਮਾਤਾ ਜੋਤੀ ਕਪਾੜੀਆ ਸ਼ਾਮਲ ਹਨ। ਘਰ ਦੇ ਹੇਠਾਂ ਬੇਸਮੈਂਟ ‘ਚ ਬਣੇ ਅਪਾਰਟਮੈਂਟ ਵਿਚ ਰਹਿੰਦੇ ਕਿਰਾਏਦਾਰ ਦੇ ਘਰ ਆਏ ਇਕ 19 ਸਾਲਾ ਮੁੰਡੇ ਸ਼ੈਲਡਨ ਨੇ ਮੌਕੇ ‘ਤੇ ਬਹਾਦਰੀ ਅਤੇ ਸਮਝਦਾਰੀ ਨਾਲ ਕੰਮ ਲੈਂਦਿਆਂ ਜੋਇਆ ਨੂੰ ਬਚਾਇਆ। ਸ਼ੈਲਡਨ ਇੱਥੇ ਆਪਣੇ ਇਕ ਦੋਸਤ ਨੂੰ ਮਿਲਣ ਆਇਆ ਸੀ ਅਤੇ ਜਦੋਂ ਉਸ ਨੇ ਧੂੰਏ ਨੂੰ ਦੇਖਿਆ ਤਾਂ ਦੌੜ ਕੇ ਉਪਰਲੇ ਅਪਾਰਟਮੈਂਟ ਵਿਚ ਗਿਆ। ਸ਼ੈਲਡਨ ਨੇ ਕਿਹਾ ਕਿ ਉਹ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਬਚਾਉਣਾ ਚਾਹੁੰਦਾ ਸੀ ਪਰ ਅਜਿਹਾ ਹੋ ਨਾ ਸਕਿਆ। ਉਹ ਸਿਰਫ ਜੋਇਆ ਨੂੰ ਬਚਾਉਣ ਵਿਚ ਸਫਲ ਹੋ ਸਕਿਆ। ਅੱਗ ਬੁਝਾਊ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ।
ਘਟਨਾ ‘ਚ ਮਾਰੀ ਗਈ ਜੋਇਆ ਦੀ ਵੱਡੀ ਭੈਣ ਅਮੀਨਾ, ਗੁਲਫ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿਚ ਸੋਗ ਦਾ ਮਾਹੌਲ ਹੈ। ਉਸ ਦੇ ਸਾਥੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਕ ਬੇਹੱਦ ਹੋਣਹਾਰ ਅਤੇ ਵਧੀਆ ਸੁਭਾਅ ਦੀ ਲੜਕੀ ਸੀ। ਘਟਨਾ ਤੋਂ ਇਕ ਦਿਨ ਪਹਿਲਾਂ ਹੀ ਅਮੀਨਾ ਦੀ ਮਾਂ ਜੋਤੀ ਆਪਣਾ 45ਵਾਂ ਜਨਮ ਦਿਨ ਮਨਾ ਕੇ ਹਟੀ ਸੀ ਅਤੇ ਪਰਿਵਾਰ ਬੇਹੱਦ ਖੁਸ਼ ਸੀ। ਪਰਿਵਾਰ ਦੇ ਗੁਆਂਢੀਆਂ ਨੇ ਰੋ-ਰੋ ਕੇ ਇਸ ਘਟਨਾ ਦਾ ਹਾਲ ਸੁਣਾਇਆ। ਉਨ੍ਹਾਂ ਕਿਹਾ ਕਿ ਕਿਸੇ ਦੁਸ਼ਮਣ ਨਾਲ ਵੀ ਅਜਿਹਾ ਨਾ ਹੋਵੇ, ਜੋ ਇਸ ਪਰਿਵਾਰ ਨਾਲ ਹੋਇਆ। ਗੁਆਂਢੀਆਂ ਨੇ ਕਿਹਾ ਕਿ ਨਿਆਜ਼ੀ ਅਤੇ ਉਸ ਦਾ ਪਰਿਵਾਰ ਬੇਹੱਦ ਪਿਆਰਾ ਸੀ। ਹਾਦਸੇ ‘ਚ ਜ਼ਿੰਦਾ ਬਚੀ ਬੱਚੀ ਦੀ ਦੇਖਭਾਲ ਲਈ ਪਾਕਿਸਤਾਨ ਤੋਂ ਉਸ ਦਾ ਰਿਸ਼ਤੇਦਾਰ ਕੈਨੇਡਾ ਆ ਰਿਹਾ ਹੈ। ਪੁਲਸ ਨੇ ਦੱਸਿਆ ਕਿ ਜੋਇਆ ਇਸ ਹਾਦਸੇ ਤੋਂ ਬਾਅਦ ਪੂਰੀ ਤਰ੍ਹਾਂ ਸਦਮੇ ਵਿਚ ਹੈ। ਘਰ ਦੇ ਮਲਬੇ ‘ਚੋਂ ਹੁਣ ਤੱਕ ਦੋ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਅਤੇ ਤੀਜੀ ਲਾਸ਼ ਨੂੰ ਬਾਹਰ ਕੱਢਣ ਦਾ ਕੰਮ ਚੱਲ ਰਿਹਾ ਹੈ।

Share :

Share

rbanner1

Share