ਖ਼ਾਮੋਸ਼ ਹੋ ਰਿਹਾ ਮੇਰਾ ਪਿੰਡ

village sathਆਧੁਨਿਕੀਕਰਨ ਦੇ ਸੱਪ ਨੇ ਸ਼ਹਿਰਾਂ ਨੂੰ ਤਾਂ ਡੱਸਿਆ ਹੀ ਹੈ। ਇਸ ਦੇ ਨਾਲ ਹੀ ਇਸ ਨੇ ਆਪਣੇ ਡੰਗ ਨਾਲ ਪਿੰਡਾਂ ਵਿੱਚੋਂ ਵੀ ਪਹਿਲਾਂ ਵਾਲੀ ਸ਼ਾਂਤੀ, ਪਿਆਰ, ਭਾਈਚਾਰਾ ਤੇ ਹੋਰ ਪਤਾ ਨਹੀਂ ਕੀ ਕੁਝ ਖਾ ਲਿਆ ਹੈ। ਪਿੰਡ ਦੇ ਲੋਕ ਹੁਣ ਕਦੇ ਅੱਡਿਆਂ ਤੋਂ ਆਉਂਦੇ ਰਾਹੀਆਂ ਵੱਲ ਨਹੀਂ ਤੱਕਦੇ ਅਤੇ ਨਾ ਹੀ ਪਹਿਲਾਂ ਵਾਂਗ ਕਿਸੇ ਘਰ ਆਏ ਪ੍ਰਾਹੁਣੇ ਦਾ ਸਾਰੇ ਪਿੰਡ ਨੂੰ ਪਤਾ ਚੱਲਦਾ ਹੈ। ਹੁਣ ਤਾਂ ਪਿੰਡ ਦੇ ਲੋਕ ਵੀ ਕੋਠੀਨੁਮਾ ਘਰਾਂ ਵਿੱਚ ਰਹਿਣ ਨੂੰ ਚੌਧਰ ਸਮਝਣ ਲੱਗੇ ਹਨ। ਪਿੰਡਾਂ ਵਿੱਚ ਹੁਣ ਬੋਹੜਾਂ ਪਿੱਪਲਾਂ ਥੱਲੇ ਤਖਤਪੋਸ਼ਾਂ ਉੱਪਰ ਬੈਠ ਕੇ ਤਾਸ਼ ਖੇਡਣ ਵਾਲਿਆਂ ਦੀ ਦੁਨੀਆਂ ਜਿਵੇਂ ਪਤਾ ਨਹੀਂ ਕਿਤੇ ਚਲੀ ਗਈ ਹੋਵੇ। ਹੁਣ ਕਦੇ ਬਾਈ ਬਚਿੱਤਰ ਦੇ ਕਿੱਸਿਆਂ ਨੂੰ ਸੁਣ ਕੇ ਜ਼ੋਰ-ਜ਼ੋਰ ਦੀ ਠਹਾਕੇ ਨਹੀਂ ਵੱਜਦੇ। ਹੁਣ ਤਾਂ ਪਿੰਡ ਦੇ ਧੁਰ ਅੰਦਰ ਤਕ ਇੱਕ ਮਾਤਮੀ ਜਿਹਾ ਸੰਨਾਟਾ ਛਾ ਗਿਆ ਹੈ।
ਹੁਣ ਕਦੇ ਪਿੰਡ ਦੇ ਵਿਚਾਲੇ ਬੋਹੜ ਹੇਠ ਬਣੀ ਬਾਪੂ ਬਚਨ ਦੀ ਹੱਟੀ ’ਤੇ ਰੌਣਕ ਲੱਗੀ ਨਹੀਂ ਦੇਖੀ। ਹੁਣ ਤਾਂ ਪਿੰਡਾਂ ਦੇ ਬੱਚੇ ਵੀ ਚਾਕਲੇਟਾਂ, ਆਈਸਕ੍ਰੀਮਾਂ, ਕੁਰਕੁਰਿਆਂ ਆਦਿ ਦੀ ਮੰਗ ਕਰਦੇ ਹਨ। ਉਨ੍ਹਾਂ ਨੂੰ ਸੀਰਨੀ, ਭੁਜੀਆ ਤਾਂ ਚਿੱਤ ਚੇਤੇ ਵੀ ਨਹੀਂ। ਹੁਣ 5-7 ਜਣੇ ਮਿਲ ਕੇ ਰੁੱਖਾਂ ਹੇਠ ਖੇਡਣ ਦੀ ਰੀਤ ਹੀ ਚਲੀ ਗਈ ਹੈ; ਪਰ ਬੱਚੇ ਵੀ ਕੀ ਕਰਨ, ਅਸੀਂ ਆਪ ਹੀ ਘਰਾਂ ਦੀ ਸ਼ਾਨ ਮੰਨੇ ਜਾਂਦੇ ਤੂਤਾਂ, ਧਰੇਕਾਂ, ਗੁੰਮੀਆਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਹੁਣ ਟਾਹਲੀਆਂ ਹੇਠ ਬੈਠ ਕੇ ਕਦੇ ਪਿੰਡ ਦੀਆਂ ਔਰਤਾਂ ਨੇ ਇਕੱਠੀਆਂ ਨਾ ਕਸੀਦਾ ਕੱਢਿਆ ਹੈ ਅਤੇ ਨਾ ਹੀ ਕਦੇ ਚਰਖਾ ਡਾਹਿਆ ਹੈ। ਸ਼ਹਿਰਨੁਮਾ ਜ਼ਿੰਦਗੀ ਵਾਂਗ ਹੁਣ ਸਾਰੇ ਵੇਲੇ ਸਿਰ ਕੰਮ-ਕਾਰ ਤੋਂ ਵਿਹਲੇ ਹੋ ਕੇ ਘਰਾਂ ਅੰਦਰ ਹੀ ਸੜਾਂਦ ਮਾਰਦੇ ਕੂਲਰਾਂ ਤੇ ਪੱਖਿਆਂ ਹੇਠ ਸਾਰਾ ਦਿਨ ਕੱਢ ਦਿੰਦੇ ਹਨ। ਹੁਣ ਘਰਾਂ ਦੀਆਂ ਸੁਆਣੀਆਂ ਦੀਆਂ ਗੱਲਾਂਬਾਤਾਂ ਵੀ ਬੜੀਆਂ ਸੰਖੇਪ ਜਿਹੀਆਂ ਹੋ ਗਈਆਂ ਹਨ ਅਤੇ ਸੁਆਣੀਆਂ ਦਾ ਕਿਸੇ ਸਾਂਝੇ ਤੰਦੂਰ ’ਤੇ ਰੋਟੀਆਂ ਲਾਹੁਣ ਲਈ ਪਿਆ ਝੁਰਮਟ ਵੀ ਲੋਪ ਹੋ ਗਿਆ ਹੈ। ਚੌਕਿਆਂ ’ਤੇ ਗੈਸ ਚੁੱਲ੍ਹਿਆਂ ਦੇ ਜਗ੍ਹਾ ਮੱਲਣ ਕਾਰਨ ਪਿੰਡ ਦੀਆਂ ਔਰਤਾਂ ਵੀ ਹੁਣ ਵਧੇਰੇ ਸੁਖਾਲਾ ਮਹਿਸੂਸ ਕਰਦੀਆਂ ਹਨ। ਪਿੰਡਾਂ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਸ਼ਹਿਰਾਂ ਦੇ ਲੋਕਾਂ ਨਾਲੋਂ ਵੀ ਵਧੇਰੇ ਤੇਜ਼ੀ ਨਾਲ ਬਦਲਾਅ ਆਇਆ ਹੈ। ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸ਼ਹਿਰਾਂ ਨਾਲੋਂ ਪਿੰਡ ਵਧੇਰੇ ਜਲਦੀ ਅੱਗੇ ਵਧ ਗਏ ਹੋਣ।
ਹਰੀ ਕ੍ਰਾਂਤੀ ਨੇ ਪਿੰਡਾਂ ਵਿੱਚ ਲਹਿਲਹਾਉਦੀਆਂ ਫ਼ਸਲਾਂ ਦਾ ਹੜ੍ਹ ਲਿਆਂਦਾ, ਪਰ ਨਾਲ ਹੀ ਇਸ ਨੇ ਪੇਂਡੂ ਭਾਈਚਾਰੇ ਨੂੰ ਵੀ ਬੁਰੀ ਸੱਟ ਮਾਰੀ ਹੈ। ਇਸ ਨੇ ਫ਼ਸਲਾਂ ਦੀ ਪੈਦਾਵਾਰ ਵਿੱਚ ਤਾਂ ਇਜ਼ਾਫ਼ਾ ਕੀਤਾ, ਪਰ ਨਾਲ ਹੀ ਖੇਤੀ ਸੰਦਾਂ ਦੀ ਧੜਾਧੜ ਵਿਕਰੀ ਦਾ ਰੁਝਾਨ ਪੈਦਾ ਕੀਤਾ। ਹੁਣ ਪਿੰਡਾਂ ਦੇ ਬਹੁਤ ਘੱਟ ਲੋਕ ਖੇਤੀ ਸੰਦ ਕਿਸੇ ਦੇ ਘਰੋਂ ਮੰਗਣ ਜਾਂਦੇ ਹਨ, ਬਹੁਤੇ ਸੰਦ ਲੋਕਾਂ ਨੇ ਔਖੇ-ਸੌਖੇ ਹੋ ਕੇ ਆਪਣੇ ਹੀ ਬਣਾਏ ਹੋਏ ਹਨ। ਪੈਦਾਵਾਰ ਵਧਾਉਣ ਦੀ ਹੋੜ ਨੇ ਜਿੱਥੇ ਲੋਕਾਂ ਦੇ ਘਰਾਂ ਵਿੱਚ ਚਮਕਦੇ ਖੇਤੀ ਸੰਦਾਂ ਵਿੱਚ ਵਾਧਾ ਕੀਤਾ, ਉੱਥੇ ਇਨ੍ਹਾਂ ਸਿਰ ਚੜ੍ਹੇ ਕਰਜ਼ੇ ਦੀਆਂ ਪੰਡਾਂ ਦਾ ਭਾਰ ਵੀ ਹੋਰ ਵਧਾਇਆ ਹੈ। ਪਹਿਲਾਂ ਸਾਰੇ ਪਿੰਡ ਦੀ ਪੈਲੀ ਕੋਈ ਇੱਕ-ਦੋ ਟਰੈਕਟਰ ਹੀ ਵਾਹ ਦਿੰਦੇ ਸਨ, ਉੱਥੇ ਹੁਣ 20-25 ਟਰੈਕਟਰ ਹਰਲ-ਹਰਲ ਕਰਦੇ ਫਿਰਦੇ ਹਨ। ਹੁਣ ਲੋਕ ਕਿਸੇ ਦੇ ਘਰੋਂ ਕੋਈ ਸੰਦ ਲਿਆਉਣ ਨੂੰ ਹੱਤਕ ਸਮਝਦੇ ਹਨ।
ਮੇਰੇ ਪਿੰਡ ਦੇ ਲੋਕਾਂ ਦੇ ਮਸਲੇ ਪਿੰਡ ਦੇ ਬੋਹੜ ਦੀ ਛਾਵੇਂ ਬੈਠ ਕੇ ਨਿਬੇੜ ਲਏ ਜਾਂਦੇ ਸਨ, ਪਰ ਹੁਣ ਉਹ ਵਰਦੀਧਾਰੀ ਕਰਿੰਦਿਆਂ ਦੁਆਰਾ ਨਿਪਟਾਏ ਜਾਂਦੇ ਹਨ ਤੇ ਜੇ ਕੋਈ ਮਸਲਾ ਪਿੰਡ ਵਿੱਚ ਹੀ ਨਿੱਬੜਦਾ ਹੋਵੇ ਤਾਂ ਵੀ ਜਾਣ-ਬੁੱਝ ਕੇ ਸਿਆਸਤੀ ਲੋਕਾਂ ਵੱਲੋਂ ਨਿਪਟਾਇਆ ਨਹੀਂ ਜਾਂਦਾ। ਲੀਡਰੀਆਂ ਨੇ ਮੇਰੇ ਪਿੰਡ ਦੇ ਲੋਕਾਂ ਦੇ ਮਨਾਂ ਵਿੱਚ ਵੱਸਦੀ ਅਪਣੱਤ ਤੇ ਸਾਂਝ ਨੂੰ ਖੋਹ ਲਿਆ ਹੈ। ਹੁਣ ਪਿੰਡ ਦਾ ਸਰਪੰਚ ਕਦੇ ਪਿੰਡ ਦੇ ਵਿਹੜੇ ਵਿੱਚ ਗੇੜਾ ਮਾਰਦਾ ਨਹੀਂ ਵੇਖਿਆ। ਹੁਣ ਉਹ ਆਪਣੀ ਕਾਰ ਵਿੱਚ ਧੂੜ ਉਡਾਉਂਦਾ ਹੋਇਆ ਲੰਘ ਜਾਂਦਾ ਹੈ।
ਪਿੰਡ ਦੇ ਗੁਰਦੁਆਰੇ ਦਾ ਮਾਹੌਲ ਵੀ ਹੁਣ ਸਾਜ਼ਗਾਰ ਨਹੀਂ ਲੱਗਦਾ। ਰਾਜਨੀਤਕ ਪੁੱਠ ਉੱਥੇ ਸਗੋਂ ਰੱਜ ਕੇ ਚੜ੍ਹੀ ਹੋਈ ਹੈ। ਗੁਰੂਘਰ, ਭਾਈਆਂ ਦੇ ਰਹਿਣ ਦੀ ਜਗ੍ਹਾ ਹੀ ਬਣਦੇ ਜਾ ਰਹੇ ਹਨ। ਪਿੰਡ ਦਾ ਭਾਈ ਦੋ ਵੇਲੇ ਜਦੋਂ ਪਾਠ ਕਰਦਾ ਹੈ ਤਾਂ ਇੱਕਾ-ਦੁੱਕਾ ਬੱਚਿਆਂ ਤੋਂ ਇਲਾਵਾ ਹੋਰ ਕੋਈ ਦਿਖਾਈ ਨਹੀਂ ਦਿੰਦਾ। ਹੁਣ ਸਵੇਰੇ ਸ਼ਾਮ ਪਿੰਡ ਦੇ ਗੁਰੂਘਰ ਤੋਂ ਜੈਕਾਰੇ ਗੂੰਜਦੇ ਸੁਣਾਈ ਨਹੀਂ ਦਿੰਦੇ। ਭਾਈ ਕਾਹਲੀ-ਕਾਹਲੀ ਆਪਣੀ ਡਿਉੂਟੀ ਨਿਭਾ ਕੇ ਰੁਖ਼ਸਤ ਹੋ ਜਾਂਦਾ ਹੈ।
ਪਿੰਡਾਂ ਵਿੱਚ ਹੁਣ ਪਿੰਡਾਂ ਵਾਲਾ ਮਾਹੌਲ ਨਹੀਂ ਰਹਿ ਗਿਆ। ਪਿੰਡ ਹੁਣ ਪੁਰਾਣੇ ਪੇਂਡੂ ਸਭਿਆਚਾਰ ਅਤੇ ਰਿਵਾਜਾਂ ਦੀ ਗੱਲ ਨਹੀਂ ਕਰਦਾ। ਸਮੇਂ ਦੀਆਂ ਬਦਲਦੀਆਂ ਕਰਵਟਾਂ ਨਾਲ ਇੰਜ ਲੱਗਦਾ ਹੈ ਕਿ ਅਗਲੀ ਪੀੜ੍ਹੀ ਨੂੰ ਇਹ ਦੱਸਣ ਲਈ ਸਾਨੂੰ ਅਜਾਇਬਘਰਾਂ ਵਿੱਚ ਜਾਣਾ ਪਵੇਗਾ ਕਿ ਪਿੰਡ ਕੀ ਹੈ ਤੇ ਪੇਂਡੂ ਵਿਰਾਸਤ ਕਿਸ ਨੂੰ ਕਹਿੰਦੇ ਹਨ। –ਬਲਜਿੰਦਰ ਸਿੰਘ ਸੰਧੂ

Share :

Share

rbanner1

Share