ਖੇਡੋ ਮੁੰਡਿਓ ਖੇਡ ਕਬੱਡੀ, ਕੌਡੀ ਹੁਣ ਕਰੋੜਾਂ ਦੀ

ਕਬੱਡੀ ਕੱਲਰਾਂ ਤੋਂ ਖੇਡ ਭਵਨਾਂ ਤਕ 

ਕੱਲਰਾਂ, ਰੌੜਾਂ ਤੇ ਵਾਹਣਾਂ ਦੀ ਦੇਸੀ ਖੇਡ ਕਬੱਡੀ ਇਨਡੋਰ ਖੇਡ ਭਵਨਾਂ ਤਕ ਪੁੱਜ ਗਈ ਹੈ। ਟੋਰਾਂਟੋ ਦੇ ਸਕਾਈਡੋਮ ਤਕ। ਕੌਡੀ ਦੀ ਖੇਡ ਹੁਣ ਕਰੋੜਾਂ ਦੀ ਹੋ ਗਈ ਹੈ। ਕੌਡੀ ਦੇ ਮੈਚ ਮੈਟਾਂ ਉੱਤੇ ਖੇਡੇ ਜਾਣ ਲੱਗੇ ਹਨ। ਅਗਸਤ-ਸਤੰਬਰ ਵਿੱਚ ਕੈਨੇਡਾ ’ਚ ਚੈਂਪੀਅਨਜ਼ ਕਬੱਡੀ ਲੀਗ ਚੱਲੀ ਤੇ ਅਕਤੂਬਰ ਵਿੱਚ ਪੰਜਾਬ ’ਚ ਵਰਲਡ ਕਬੱਡੀ ਲੀਗ ਚੱਲੇਗੀ। ਨਵੰਬਰ ਵਿੱਚ ਪੰਜਾਬ ਸਰਕਾਰ 6ਵਾਂ ਕਬੱਡੀ ਵਰਲਡ ਕੱਪ ਕਰਵਾ ਰਹੀ ਹੈ। ਅਗਸਤ ਵਿੱਚ ਕੈਨੇਡਾ ਦਾ ਕਬੱਡੀ ਵਰਲਡ ਕੱਪ ਹੋਇਆ ਸੀ। ਇਨ੍ਹੀਂ ਦਿਨੀਂ ਕੈਲੇਫੋਰਨੀਆ ’ਚ ਕਬੱਡੀ ਵਰਲਡ ਕੱਪ ਹੋ ਰਹੇ ਨੇ। ਕਬੱਡੀ ਦੇ ਦਰਜਨਾਂ ਟੂਰਨਾਮੈਂਟ ਹਨ ਜਿਨ੍ਹਾਂ ਨੂੰ ‘ਵਰਲਡ ਕੱਪਾਂ’ ਦਾ ਨਾਂ ਦਿੱਤਾ ਗਿਐ।
ਕਬੱਡੀ ਪੰਜਾਬੀਆਂ ਦੀ ਮਨਭਾਉਂਦੀ ਖੇਡ ਹੈ। ਇਹਦੇ ਵਿੱਚ ਦੀ ਪੰਜਾਬੀ ਆਪਣਾ ਇਤਿਹਾਸ, ਸੂਰਬੀਰਤਾ, ਜਿਗਰਾ, ਸਿਰੜ, ਸਹਿਣਸ਼ੀਲਤਾ, ਦਮ ਤੇ ਆਪਣੀ ਤਾਕਤ ਵੇਖਦੇ ਹਨ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਇਹ ਸਦੀਆਂ ਬੱਧੀ ਹਮਲਿਆਂ ਤੇ ਠੱਲ੍ਹਾਂ ਦਾ ਮੈਦਾਨ ਬਣਿਆ ਰਿਹਾ। ਹਮਲਾਵਰ ਤਕੜਾ ਹੁੰਦਾ ਤਾਂ ਮਾਰ ਧਾੜ ਕਰ ਕੇ ਆਪਣੇ ਘਰ ਪਰਤ ਜਾਂਦਾ। ਰਾਖੇ ਤਕੜੇ ਹੁੰਦੇ ਤਾਂ ਹਮਲਾਵਰ ਮਾਰਿਆ ਜਾਂਦਾ। ਇਸੇ ਕਰਮ ਨੂੰ ਕਬੱਡੀ ਦੀ ਖੇਡ ਵਿੱਚ ਵਾਰ ਵਾਰ ਦੁਹਰਾਇਆ ਜਾਂਦੈ ਤੇ ਇਸੇ ਕਾਰਨ ਇਹ ਖੇਡ ਪੰਜਾਬੀਆਂ ਦੇ ਮਨਾਂ ਨੂੰ ਵਧੇਰੇ ਟੁੰਬਦੀ ਹੈ।
ਖੇਡ ਲੇਖਕ ਬਲਿਹਾਰ ਸਿੰਘ ਦੇ ਸ਼ਬਦਾਂ ਵਿੱਚ ਹਜ਼ਾਰਾਂ ਵਰ੍ਹਿਆਂ ਦੇ ਅਥਰੇ ਲਫੇੜਿਆਂ, ਸਿਆਲਾਂ ਹੁਨਾਲਾਂ, ਮੀਹਾਂ ਝੱਖੜਾਂ ਤੇ ਪਿਆਰ ਮਜਬੂਰੀਆਂ ਨੇ ਪੰਜਾਬੀਆਂ ਦਾ ਜੋ ਸੁਭਾਅ ਬਣਾਇਆ, ਦਾਇਰੇ ਵਾਲੀ ਕਬੱਡੀ ਉਹਦੇ ਅਨੁਕੂਲ ਹੈ। ’ਕੱਲੇ ਨੂੰ ’ਕੱਲੇ ਦਾ ਟੱਕਰਨਾ ਤੇ ਉਹ ਵੀ ਸਾਹਮਣਿਓਂ। ਹਿੱਕ ਨੂੰ ਹੱਥ ਲਾ ਕੇ ਵੰਗਾਰਨਾ। ਥਾਪੀਆਂ ਮਾਰਦੇ ਵਿਰੋਧੀਆਂ ਦੀ ਭੀੜ ’ਚੋਂ ਗਲੀਆਂ ਘੱਤ ਕੇ ਬੁੱਕਦਿਆਂ ਲੰਘ ਜਾਣਾ। ਦਾਬ ਦੇਂਦਿਆਂ ਦਲਾਂ ਨੂੰ ਭਾਜੜਾਂ ਪਾਉਣੀਆਂ। ਡਾਜਾਂ ਮਾਰ ਮਾਰ ਅਫੜਾ ਤਫੜੀਆਂ ਮਚਾਉਣੀਆਂ। ਹਜ਼ਾਰਾਂ ਵਰ੍ਹਿਆਂ ਦੀ ਡਗਰ ’ਤੇ ਵੱਜਦੀ ਆ ਰਹੀ ਡਮਾ-ਡਮ, ਖਗਾ-ਖਗ, ਗਡਾ-ਗਡ ਤੋਂ ਬਣੀ ਹੈ ਕਬੱਡੀ। ਕੌਡੀ ਤੋਂ ਬਣੀ ਕਬੱਡੀ ਜਾਂ ਕੱਟਾ-ਵੱਢੀ ਤੋਂ, ਕੁਝ ਵੀ ਸਮਝੋ, ਕੋਈ ਫਰਕ ਨਹੀਂ ਪੈਂਦਾ।
ਇਕ ਵਾਰ ਪੰਜਾਬ ਦੇ 1000 ਤੋਂ ਵੱਧ ਖਿਡਾਰੀ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਖੇਡਣ ਲਈ ਹਵਾਈ ਜਹਾਜ਼ਾਂ ’ਤੇ ਚੜ੍ਹੇ। ਛੇ ਸੌ ਤੋਂ ਵੱਧ ਉੱਤਰੀ ਅਮਰੀਕਾ ਵਿੱਚ ਗਏ ਤੇ ਚਾਰ ਸੌ ਤੋਂ ਵੱਧ ਯੂਰਪੀ ਮੁਲਕਾਂ ਵਿੱਚ ਕਬੱਡੀ ਖੇਡੇ। ਵੀਹ ਕੁ ਕਬੱਡੀ ਕੁਮੈਂਟੇਟਰ, ਖੇਡ ਲੇਖਕ, ਰੈਫਰੀ ਤੇ ਕਬੱਡੀ ਕੋਚਾਂ ਨੇ ਪਰਵਾਸੀ ਕਬੱਡੀ ਫੈਡਰੇਸ਼ਨਾਂ ਦੇ ਸੱਦੇ ਉਤੇ ਪੱਛਮੀ ਦੇਸ਼ਾਂ ਦੀ ਸੈਰ ਕੀਤੀ। ਪੱਛਮੀ ਦੇਸ਼ਾਂ ਦਾ ਕਬੱਡੀ ਸੀਜ਼ਨ ਪੰਜਾਬੀ ਜਗਤ ਦੇ ਖੇਡ ਕਲੰਡਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਸੀਜ਼ਨ ਮਈ ਤੋਂ ਅਕਤੂਬਰ ਤਕ ਚਲਦਾ ਹੈ। ਹਰ ਸਪਤਾਹ ਅੰਤ ਉਤੇ ਕਬੱਡੀ ਟੂਰਨਾਮੈਂਟ ਹੁੰਦੇ ਹਨ, ਜੋ ਛੇ ਮਹੀਨੇ ਚਲਦੇ ਹਨ। ਬਦੇਸ਼ਾਂ ਵਿਚ ਸੌ ਕੁ ਕਬੱਡੀ ਟੂਰਨਾਮੈਂਟ ਹੋਣ ਲੱਗ ਪਏ ਹਨ ਜਿਨ੍ਹਾਂ ਨੂੰ ਕਬੱਡੀ ਮੇਲੇ ਕਹਿਣਾ ਵਾਜਬ ਹੋਵੇਗਾ। ਮੈਂ ਪੁਸਤਕ ‘ਮੇਲੇ ਕਬੱਡੀ ਦੇ’ ਵਿੱਚ ਕਾਫੀ ਸਾਰੇ ਕਬੱਡੀ ਮੇਲਿਆਂ ਦੇ ਅੱਖੀਂ ਡਿੱਠੇ ਨਜ਼ਾਰੇ ਪੇਸ਼ ਕੀਤੇ ਹਨ।
ਹੁਣ ਵਧੇਰੇ ਖਿਡਾਰੀ ਕਬੱਡੀ ਖੇਡਦੇ ਹੀ ਏਸ ਲਈ ਹਨ ਕਿ ਕਬੱਡੀ ਰਾਹੀਂ ਉਨ੍ਹਾਂ ਨੂੰ ਬਦੇਸ਼ ਜਾਣ ਦਾ ਵੀਜ਼ਾ ਮਿਲ ਜਾਵੇਗਾ। ਉਹ ਵੀਜ਼ੇ ਨੂੰ ਹੀ ਸੋਨ ਤਗ਼ਮਾ ਸਮਝਦੇ ਹਨ। ਪੰਜਾਬ ਦੀ ਜਵਾਨੀ ਦਾ ਮੂੰਹ ਦੇਸ਼ ਵਿੱਚ ਕੁਝ ਕਰਨ ਦੀ ਥਾਂ ਬਦੇਸ਼ਾਂ ਵੱਲ ਹੈ। ਇਹੋ ਕਾਰਨ ਹੈ ਕਿ ਚੰਗੇ ਜੁੱਸਿਆਂ ਵਾਲੇ ਜਵਾਨ ਓਲੰਪਿਕ ਖੇਡਾਂ ਵਿਚਲੀਆਂ ਖੇਡਾਂ ਖੇਡਣ ਅਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਗ਼ਮੇ ਜਿੱਤਣ ਦੀ ਥਾਂ ਕਬੱਡੀ ਵੱਲ ਉਲਰ ਗਏ ਹਨ। ਕਬੱਡੀ ਵਿੱਚ ਪੈਸਾ ਹੈ, ਜਹਾਜ਼ਾਂ ਦੇ ਝੂਟੇ ਹਨ ਤੇ ਬਦੇਸ਼ਾਂ ’ਚ ਪੱਕੇ ਹੋਣ ਦੀ ਆਸ ਹੈ। ਪੰਜਾਬ ਦੀਆਂ ਸੱਠ ਸੱਤਰ ਕਬੱਡੀ ਅਕੈਡਮੀਆਂ ਵਿੱਚ ਸੈਂਕੜੇ ਖਿਡਾਰੀ ਇਸੇ ਆਸ ’ਤੇ ਕਬੱਡੀ ਖੇਡਦੇ ਹਨ।
ਪੰਜਾਬ ਦੇ ਕਿਸੇ ਜਵਾਨ ਨੇ ਪੱਛਮੀ ਮੁਲਕਾਂ ਦੇ ਨਜ਼ਾਰੇ ਲੈਣੇ ਹੋਣ ਤਾਂ ਨਸ਼ੇ ਪੱਤੇ ਛੱਡ ਕੇ, ਕਸਰਤਾਂ ਕਰ ਕੇ, ਕਬੱਡੀ ਦਾ ਤਕੜਾ ਖਿਡਾਰੀ ਬਣ ਕੇ ਹਵਾਈ ਜਹਾਜ਼ ਚੜ੍ਹ ਸਕਦੈ। ਪੱਲਿਓਂ ਕਿਰਾਇਆ ਖਰਚਣ ਦੀ ਥਾਂ ਜਿੰਨੀ ਵਧੀਆ ਖੇਡ ਖੇਡੇ, ਓਨੇ ਵੱਧ ਡਾਲਰ ਵੀ ਕਮਾ ਸਕਦੈ। ਕਈ ਵਾਰ ਇਕੋ ਜੱਫੇ ਦੇ ਹਜ਼ਾਰਾਂ ਡਾਲਰ ਮਿਲ ਜਾਂਦੇ ਨੇ। ਸਟਾਰ ਖਿਡਾਰੀ ਦਾ ਸੀਜ਼ਨ ਪੰਜਾਹ ਸੱਠ ਹਜ਼ਾਰ ਡਾਲਰ ਨੂੰ ਪੁੱਜ ਗਿਐ ਯਾਨੀ ਚਹੁੰ ਮਹੀਨਿਆਂ ਦਾ ਪੱਚੀ ਤੀਹ ਲੱਖ ਰੁਪਿਆ! ਕੁਝ ਇਕ ਚਾਲੀ ਹਜ਼ਾਰੀਏ ਨੇ ਤੇ ਵੀਹ ਤੀਹ ਹਜ਼ਾਰ ਵਾਲੇ ਤਾਂ ਕਈ ਨੇ। ਲੱਖਾਂ ਨਹੀਂ ਕਰੋੜਾਂ ਰੁਪਏ ਨੇ ਕਬੱਡੀ ਦੀ ਖੇਡ ਵਿਚ।
ਖੇਡੋ ਮੁੰਡਿਓ ਖੇਡ ਕਬੱਡੀ, ਖੜ੍ਹਨਾ ਛੱਡ ਦਿਓ ਮੋੜਾਂ ’ਤੇ
ਕਬੱਡੀ ਕੱਪਾਂ ਨੇ ਚਾੜ੍ਹ ਦਿੱਤੀ ਆ, ਕੌਡੀ ਹੁਣ ਕਰੋੜਾਂ ’ਤੇ

                                                                                                                     -ਪ੍ਰਿੰ. ਸਰਵਣ ਸਿੰਘ

Share :

Share

rbanner1

Share