ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਸੰਦੇਸ਼

guru-nanak-dev-ji-sobha-singhਭਾਰਤੀ ਚਿੰਤਨ ਅਨੁਸਾਰ ਸੰਤਾਂ-ਮਹਾਂਪੁਰਖਾਂ ਦਾ ਆਗਮਨ ਮਨੁੱਖਾ ਜੀਵਨ ਨੂੰ ਗਿਰਾਵਟ ਵੱਲ ਲੈ ਜਾਣ ਵਾਲੇ ਪੱਖਾਂ ਨੂੰ ਖ਼ਤਮ ਕਰਨ ਲਈ ਹੁੰਦਾ ਹੈ। ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ (1469 ਈ:) ਇਸੇ ਧਾਰਨਾ ਅਨੁਸਾਰ ‘ਮਿਟੀ ਧੁਧੁ ਜਗਿ ਚਾਨਣੁ ਹੋਆ’ ਵੱਲ ਸੰਕੇਤ ਕਰਦਾ ਹੈ। ਇਸ ਤਰ੍ਹਾਂ ਦੇ ਮਹਾਂਪੁਰਸ਼ ਧਰਮਵੀਰ, ਕਰਮਵੀਰ, ਦਾਨਵੀਰ ਤੇ ਦਯਾਵੀਰ ਹੋਣ ਦੇ ਨਾਲ-ਨਾਲ ਜਨ-ਮਾਣਸ ਨੂੰ ਕਰੁਣਾ ਦਾ ਅੰਮ੍ਰਿਤ ਪ੍ਰਦਾਨ ਕਰਕੇ ਸਹੀ ਦਿਸ਼ਾ ਦਿੰਦੇ ਹਨ ਅਤੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਇਹ ਮਾਰਗ ਦਰਸ਼ਨ ਪਿਆਰ ਦੇ ਜ਼ਰੀਏ ਨਵੇਂ ਆਦਰਸ਼ਾਂ ਦੀ ਸਥਾਪਨਾ ਕਰਕੇ ਸੰਸਾਰ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦੇ ਹਨ।
ਗੁਰੂ ਜੀ ਦਾ ਆਗਮਨ ਜਿਸ ਸਮੇਂ ਹੋਇਆ ਉਦੋਂ ਭਾਰਤ ਦੇ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਹਾਲਤਾਂ ਵਿਚ ਗਿਰਾਵਟ ਆ ਚੁੱਕੀ ਸੀ। ਸਮੇਂ ਦੇ ਹਾਲਾਤ ਦਾ ਮਨੁੱਖ ਦੇ ਦ੍ਰਿਸ਼ਟੀਕੋਣ ਦੇ ਨਿਰਮਾਣ ਵਿਚ ਬਹੁਤ ਵੱਡਾ ਹੱਥ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਆਪਣੇ ਮਕਸਦ ਨੂੰ ਸਨਮੁੱਖ ਰੱਖਿਆ ਅਤੇ ਉਸ ਉੱਪਰ ਅਮਲ ਕੀਤਾ। ਗੁਰੂ ਜੀ ਨੇ ਆਪਣੇ ਸਮੇਂ ਦੇ ਭਾਰਤੀ ਜੀਵਨ ਨੂੰ ਡੂੰਘੀ ਨੀਝ ਨਾਲ ਦੇਖਿਆ ਅਤੇ ਉਸ ਵਿਚ ਵਿਆਪਕ ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚੰਗੀ ਤਰ੍ਹਾਂ ਚਿਤਰਿਆ ਹੈ ਤੇ ਉਸ ਦੀ ਕਰੜੀ ਪੜਚੋਲ ਕੀਤੀ ਹੈ।
ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਨੀਂਹ ਰੱਖੀ, ਜਿਸ ਨੇ ‘ਸਭੇ ਸਾਝੀਵਾਲ ਸਦਾਇਨਿ’ ਦਾ ਇਲਾਹੀ ਨਾਦ ਦੁਨੀਆ ਵਿਚ ਗੂੰਜਾ ਕੇ ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ ਕੀਤੀਆਂ ਵਲਗਣਾਂ ਨੂੰ ਖ਼ਤਮ ਕਰ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਿਤ ਕੀਤਾ। ਗੁਰੂ ਸਾਹਿਬ ਜੀ ਬਹੁਮੁਖੀ ਪ੍ਰਤਿਭਾ ਦੇ ਸੁਆਮੀ ਸਨ। ਆਪ ਆਦਰਸ਼ ਸ਼ਖ਼ਸੀਅਤ ਦੇ ਮਾਲਕ, ਸਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦੇ ਪੁੰਜ ਸਨ। ਉਨ੍ਹਾਂ ਦਾ ਜੀਵਨ ਸਦੀਆਂ ਤੋਂ ਲੱਖਾਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਆ ਰਿਹਾ ਹੈ। ਗੁਰੂ ਸਾਹਿਬ ਨੇ ਜੋ ਵੀ ਸੰਦੇਸ਼ ਦਿੱਤੇ, ਉਹ ਸਰਬਕਾਲੀਨ ਹਨ। ਉਨ੍ਹਾਂ ਦੇ ਮਹਾਨ ਸੰਦੇਸ਼ ਦਾ ਅਧਿਐਨ ਜੇਕਰ ਅੱਜ ਦੀਆਂ ਸਮਾਜਿਕ, ਰਾਜਨੀਤਕ ਤੇ ਆਰਥਿਕ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇ ਤਾਂ ਵੀ ਉਹ ਪ੍ਰੇਰਣਾਦਾਇਕ ਹੈ। ਗੁਰੂ ਨਾਨਕ ਦੇਵ ਜੀ ਜਗਤ ਗੁਰੂ ਸਨ, ਉਨ੍ਹਾਂ ਨੇ ਮਨੁੱਖਾ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਗਹਿਰਾ ਅਧਿਐਨ ਕੀਤਾ ਅਤੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਜੀਵਨ-ਜਾਚ ਸਿਖਾਉਣ ਲਈ ਅਰਪਣ ਕਰ ਦਿੱਤਾ। ਉਨ੍ਹਾਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਲੋਕਾਂ ਨੂੰ ਸੱਚੀ ਸਿੱਖਿਆ ਦੇਣ ਲਈ ਦੇਸ਼-ਦੇਸਾਂਤਰਾਂ ਦੀਆਂ ਯਾਤਰਾਵਾਂ ਵਿਚ ਗੁਜ਼ਾਰਿਆ, ਜਿਨ੍ਹਾਂ ਨੂੰ ਗੁਰੂ ਨਾਨਕ ਸਹਿਬ ਦੀਆਂ ਉਦਾਸੀਆਂ ਕਿਹਾ ਜਾਂਦਾ ਹੈ। ਆਪ ਦੀਆਂ ਯਾਤਰਾਵਾਂ ਚਲਦੀਆਂ-ਫਿਰਦੀਆਂ ਪਾਠਸ਼ਾਲਾਵਾਂ ਸਨ।
ਉਸ ਸਮੇਂ ਦੇ ਸ਼ਾਸਕਾਂ ਨਾਲ ਗੁਰੂ ਜੀ ਦਾ ਮਿਲਾਪ ਹੋਇਆ, ਉਨ੍ਹਾਂ ਨੇ ਗੁਰੂ ਜੀ ਦੇ ਸੁਤੰਤਰ ਵਿਚਾਰਾਂ ਕਾਰਨ ਕੈਦ ਕਰ ਲਿਆ ਸੀ। ਉਸ ਸਮੇਂ ਸਜ਼ਾ ਦੇ ਨਿਯਮ ਬਹੁਤ ਸਖ਼ਤ ਸਨ। ਦੋਸ਼ੀਆਂ ਨੂੰ ਆਮ ਤੌਰ ‘ਤੇ ਅੰਗ-ਭੰਗ ਕਰਨ ਅਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਦੋਸ਼ੀਆਂ ਕੋਲੋਂ ਦੋਸ਼ ਦਾ ਇਕਬਾਲ ਕਰਵਾਉਣ ਲਈ ਸਖ਼ਤੀ ਤੇ ਜ਼ੁਲਮ ਦਾ ਪ੍ਰਯੋਗ ਕੀਤਾ ਜਾਂਦਾ ਸੀ। ਸਮੇਂ ਦੇ ਅਫਸਰਾਂ ਵਿਚ ਰਿਸ਼ਵਤ ਦਾ ਬੋਲਬਾਲਾ ਸੀ। ਇਤਿਹਾਸ ਦੇ ਅਨੁਸਾਰ ਇਹ ਸਮਾਂ ਰਾਜਨੀਤਕ ਹਲਚਲ ਤੇ ਅਰਾਜਕਤਾ ਦਾ ਜ਼ਮਾਨਾ ਸੀ। ਆਪਣੇ ਸਮੇਂ ਦਾ ਹਾਲ ਗੁਰੂ ਜੀ ਨੇ ਬਾਣੀ ਵਿਚ ਬਿਆਨ ਕੀਤਾ ਹੈ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਪੰਨਾ 145)
ਬਾਬਰ ਨੇ ਤਾਂ ਖੂਨ ਦੀਆਂ ਨਦੀਆਂ ਹੀ ਵਹਾ ਦਿੱਤੀਆਂ। ਉਨ੍ਹਾਂ ਹਾਲਤਾਂ ਨੂੰ ਗੁਰੂ ਸਾਹਿਬ ਜੀ ਨੇ ਬਿਆਨ ਕਰਦਿਆਂ ਫ਼ਰਮਾਇਆ :
ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥
(ਪੰਨਾ 722)
ਉਸ ਵਕਤ ਦੀ ਮੁਸਲਿਮ ਹਕੂਮਤ ਆਪਣਾ ਧਰਮ ਫੈਲਾਉਣ ਦਾ ਯਤਨ ਕਰ ਰਹੀ ਸੀ। ਹਿੰਦੂਆਂ ਨੂੰ ਹਰ ਪਾਸੇ ਤੋਂ ਮਾਰਾਂ ਪੈ ਰਹੀਆਂ ਸਨ। ਉਨ੍ਹਾਂ ਨੂੰ ਉੱਚਾ ਉਠਾਉਣ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਇਕ ਨਵਾਂ ਰਾਹ ਦਿਖਾਇਆ।
ਦੂਜੇ ਪਾਸੇ ਹਰ ਧਰਮ ਕੇਵਲ ਦਿਖਾਵਾ ਮਾਤਰ ਹੀ ਰਹਿ ਗਿਆ। ਉਨ੍ਹਾਂ ਦੀ ਆਤਮਾ ਮਰ ਚੁੱਕੀ ਸੀ। ਸਰਮ ਧਰਮ ਦੋਏ ਛਪ ਖਲੋਏ ਸਨ। ਚੌਹੀਂ ਪਾਸੀਂ ਝੂਠ ਫਰੇਬ ਦਾ ਪਸਾਰਾ ਪਸਰਿਆ ਤੇ ਧਰਮ ਖੰਭ ਲਾ ਕੇ ਉੱਡ ਗਿਆ ਸੀ। ਧਾਰਮਿਕ ਆਗੂ ਆਪਣੇ ਸਵਾਰਥ ਲਈ ਲੋਕਾਂ ਨੂੰ ਠੱਗ ਰਹੇ ਸਨ। ਧਾਰਮਿਕ ਪਰਪੰਚਾਂ ਅਤੇ ਫੋਕੇ ਰੀਤੀ-ਰਿਵਾਜਾਂ ਨੇ ਲੋਕਾਂ ਨੂੰ ਜਕੜ ਰੱਖਿਆ ਸੀ।
ਰਾਜੇ, ਧਨਵਾਨ ਅਤੇ ਸ਼ਾਸਕ ਵਿਲਾਸੀ ਸਨ। ਉਹ ਨੀਵੀਆਂ ਅਤੇ ਸੰਸਾਰਿਕ ਖ਼ੁਸ਼ੀਆਂ ਵਿਚ ਗਲਤਾਨ ਸਨ ਤੇ ਉਨ੍ਹਾਂ ਦੀਆਂ ਰਾਜ ਸਭਾਵਾਂ ਨ੍ਰਿਤਕਾਵਾਂ (ਨੱਚਣ ਵਾਲੀਆਂ) ਤੇ ਜਾਦੂਗਰਾਂ ਦੇ ਕੇਂਦਰ ਬਣ ਚੁੱਕੇ ਸਨ। ਰਾਜਿਆਂ ਤੇ ਉਨ੍ਹਾਂ ਦੇ ਮਹਿਲਾਂ ਦੇ ਹਰਮ ਉਨ੍ਹਾਂ ਦੀਆਂ ਇਸਤਰੀਆਂ ਅਤੇ ਰਖੇਲਾਂ ਨਾਲ ਭਰੇ ਪਏ ਸਨ। ਇਸਤਰੀ ਦਾ ਸਮਾਜ ਵਿਚ ਬਹੁਤ ਨੀਵਾਂ ਦਰਜਾ ਸੀ ਅਤੇ ਉਸ ਨੂੰ ਕਾਮਵਾਸ਼ਨਾ ਦੀ ਪੂਰਤੀ ਦਾ ਸਾਧਨ ਸਮਝਿਆ ਜਾਂਦਾ ਸੀ। ਸਤੀ ਹੋਣ ਦਾ ਆਮ ਰਿਵਾਜ ਸੀ। ਗੁਰੂ ਜੀ ਨੇ ਨਾਰੀ ਦੇ ਹੱਕ ਵਿਚ ਇਸ ਕੁਰੀਤੀ ਵਿਰੁੱਧ ਬੁਲੰਦ ਆਵਾਜ਼ ਕਰਦਿਆਂ ਫ਼ਰਮਾਇਆ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਇਸੇ ਤਰ੍ਹਾਂ ਉਨ੍ਹਾਂ ਧਾਰਮਿਕ ਮੰਡਲ ਵਿਚ ਵਿਚਰ ਰਹੇ ਯੋਗੀਆਂ ਨੂੰ ਕਿਹਾ ਕਿ ਉਹ ਆਪਣਾ ਆਤਮ-ਵਿਕਾਸ ਇਕਾਂਤ ਸਮਾਧੀਆਂ ਦੀ ਬਜਾਏ ਲੋਕਾਂ ਦੀ ਸੇਵਾ ਵਿਚ ਕਰਨ। ਗੁਰੂ ਸਾਹਿਬ ਜੀ ਨੇ ਚੰਗੇ ਸਮਾਜ ਦੇ ਨਿਰਮਾਣ ਲਈ ਦੁਨੀਆ ਸਾਹਮਣੇ ਤਿੰਨ ਸਿਧਾਂਤ ਰੱਖੇ-ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀਵਾਲਤਾ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਦਾ ਫ਼ਲਸਫ਼ਾ, ਉਨ੍ਹਾਂ ਦਾ ਮਾਰਗ ਹਰ ਦੇਸ਼ ਤੇ ਹਰ ਕੌਮ ਦੇ ਉਸ ਪ੍ਰਾਣੀ ਲਈ ਹੈ, ਜੋ ਸੱਚ ਦਾ ਪਾਂਧੀ ਹੋਵੇ, ਸ਼ਾਂਤੀ ਤੇ ਮਾਨਵ ਏਕਤਾ ਦਾ ਚਾਹਵਾਨ ਹੋਵੇ। ਗੁਰੂ ਸਾਹਿਬ ਦੇ ਮਨ ਵਿਚ ਕੇਵਲ ਆਪਣੇ ਦੇਸ਼ ਲਈ ਹੀ ਪਿਆਰ ਨਹੀਂ ਸੀ, ਉਹ ਤਾਂ ਸਾਰੀ ਸ੍ਰਿਸ਼ਟੀ ਦੇ ਕਲਿਆਣ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ :
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਅੱਜ ਜਦੋਂ ਅਸੀਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਹੋਵੇਗਾ ਕਿ ਕੀ ਅਸੀਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰ ਰਹੇ ਹਾਂ। ਇਸ ਮੁਬਾਰਕ ਮੌਕੇ ‘ਤੇ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਡੰਮ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਹੁੰਦੇ ਹੋਏ ਕੁਦਰਤੀ ਖਜ਼ਾਨਿਆਂ ਨੂੰ ਸਾਂਭਣ ਲਈ ਕਾਰਜਸ਼ੀਲ ਹੋਈਏ, ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਵਸਾਈਏ ਅਤੇ ਨਵੀਂ ਪੀੜ੍ਹੀ ਨੂੰ ਗੁਰਮਤਿ ਮਾਰਗ ‘ਤੇ ਪ੍ਰਪੱਕ ਰੂਪ ਵਿਚ ਤੋਰਨ ਲਈ ਹੰਭਲਾ ਮਾਰੀਏ। ਸੋ, ਅੱਜ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿਚ ਅਪਣਾਉਣ ਦੀ ਸਖ਼ਤ ਲੋੜ ਹੈ।

-ਪ੍ਰੋ. ਕਿਰਪਾਲ ਸਿੰਘ ਬੰਡੂਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Share :

Share

rbanner1

Share