ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੀ ਨਹੀਂ ਹੋ ਰਹੀ ਸਹੀ ਸਾਂਭ-ਸੰਭਾਲ

12606cd-_26KOC14ਅੰਮ੍ਰਿਤਸਰ ਦੀ ਆਬਾਦੀ ਕਿਲ੍ਹਾ ਭੰਗੀਆਂ ਵਿੱਚ ਰਹਿੰਦੇ ਬ੍ਰਾਹਮਣ ਭਾਈ ਰਾਮ ਸ਼ਰਨ ਖਿੰਦਰੀ (ਸ਼ਰਮਾ) ਦੇ ਵੰਸ਼ਜਾਂ ਕੋਲ ਸੱਤਵੇਂ ਤੇ ਦਸਵੇਂ ਪਾਤਸ਼ਾਹ ਦੀਆਂ ਅਨਮੋਲ ਨਿਸ਼ਾਨੀਆਂ ਸਾਂਭ-ਸੰਭਾਲ ਦੀ ਕਮੀ ਕਾਰਨ ਨੁਕਸਾਨੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ (ਨਾਰੋਵਾਲ) ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਅਸਥਾਨ ’ਤੇ ਭਾਈ ਹਰਿਆ ਖਿੰਦਰੀ ਨੂੰ ਆਪਣਾ ਬਸੰਤੀ ਰੰਗ ਦਾ ਮਲਮਲ ਦਾ ਚੋਲਾ ਤੇ ਆਸਾ ਸਾਹਿਬ (ਸੋਟਾ) ਅਤੇ ਭਾਈ ਹਰਿਆ ਦੇ ਪੁੱਤਰ ਭਾਈ ਨੱਥ ਮੱਲ ਨੂੰ ਆਨੰਦਪੁਰ ਸਾਹਿਬ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨਾਂ ਦਾ ਜੋੜਾ ਬਖ਼ਸ਼ਿਆ ਸੀ।
ਇਸ ਦੀ ਪੁਸ਼ਟੀ ਧਰਮ ਪ੍ਰਚਾਰ ਕਮੇਟੀ ਦੀ ਮਾਰਫ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਗੁਰਧਾਮ ਦੀਦਾਰ’ ਅਤੇ ‘ਸਿੱਖ ਧਰਮ ਦੀ ਇਤਿਹਾਸਕ ਡਾਇਰੈਕਟਰੀ’ ਸਮੇਤ ਸਿੱਖ ਵਿਦਵਾਨਾਂ ਵੱਲੋਂ ਲਿਖੀਆਂ ਹੋਰ ਭਰੋਸੇਯੋਗ ਪੁਸਤਕਾਂ ਵਿੱਚ ਵੀ ਕੀਤੀ ਗਈ ਹੈ। ਸ਼ਹਿਰ ਦੀ ਆਬਾਦੀ ਕਿਲ੍ਹਾ ਭੰਗੀਆਂ ਦੀ ਢਾਈ ਫੁਟ ਚੌੜੀ ਗਲੀ ਠਾਕਰਦਵਾਰਾ ਵਿੱਚ ਕਰੀਬ 150 ਸਾਲਾਂ ਪੁਰਾਣੇ ਖਸਤਾ ਹਾਲਤ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਭਾਈ ਨੱਥ ਮਲ ਦੇ ਵੰਸ਼ਜਾਂ ਨੇ ਘਰ ਦੀ ਬੈਠਕ ਵਿੱਚ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਹਨ। ਸਾਂਭ ਸੰਭਾਲ ਦੀ ਕਮੀ ਕਾਰਨ ਇਨ੍ਹਾਂ ਵਸਤਾਂ ਦੀ ਹਾਲਤ ਤਸੱਲੀਬਖ਼ਸ਼ ਨਹੀਂ ਹੈ।

12606cd-_26KOC12ਭਾਈ ਨੱਥ ਮੱਲ ਦੇ ਮੌਜੂਦਾ ਵੰਸ਼ਜਾਂ ਮਨਮੋਹਨ ਚੰਦਰ, ਕਿਸ਼ੋਰ ਚੰਦ ਤੇ ਕਮਲ ਕਿਸ਼ੋਰ ਸ਼ਰਮਾ ਨੇ ਇਸ ਪੱਤਰਕਾਰ ਨੂੰ ਗੁਰੂ ਸਾਹਿਬ ਦੀਆਂ ਅਨਮੋਲ ਨਿਸ਼ਾਨੀਆਂ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਰ ਕੇ ਉਹ ਇਹ ਅਨਮੋਲ ਵਸਤੂਆਂ ਕਿਸੇ ਅਲੱਗ ਭਵਨ ਵਿੱਚ ਰੱਖਣ ਅਤੇ ਇਨ੍ਹਾਂ ਦੀ ਪੁਖਤਾ ਸੰਭਾਲ ਕਰਨੋਂ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦਾ ਚੋਲਾ ਪਹਿਲਾਂ ਸਹੀ ਹਾਲਤ ਵਿੱਚ ਸੀ ਪਰ ਲੰਮਾ ਸਮਾਂ ਪਹਿਲਾਂ ਪਰਿਵਾਰ ਦੀ ਜੱਗੋ ਭੂਆ ਨਾਂ ਦੀ ਵਡੇਰੀ ਨੇ ਜਦੋਂ ਗੰਗਾ ਵਿੱਚ ਚੋਲਾ ਸਾਫ਼ ਕਰਨਾ ਚਾਹਿਆ ਤਾਂ ਇਸ ਦਾ ਵੱਡਾ ਹਿੱਸਾ ਗੰਗਾ ਵਿੱਚ ਹੀ ਵਿਲੀਨ ਹੋ ਗਿਆ, ਜਦੋਂ ਕਿ ਬਾਕੀ ਹਿੱਸੇ ਨੂੰ ਸ਼ੀਸ਼ੇ ਦੇ ਬਕਸੇ ਵਿੱਚ ਰੱਖ ਦਿੱਤਾ ਗਿਆ। ਪੁਰਾਤਤਵ ਵਿਭਾਗ ਸਮੇਤ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਇਨ੍ਹਾਂ ਅਨਮੋਲ ਨਿਸ਼ਾਨੀਆਂ ਦੀ ਸੰਭਾਲ ਲਈ ਧਿਆਨ ਦੇਣਾ ਚਾਹੀਦਾ ਹੈ।

Share :

Share

rbanner1

Share