ਚਿਹਰੇ ‘ਚ ਚਿਹਰਾ

ਪੰਜਾਬ ਦੇ ਪਿੰਡਾਂ ਵਿਚ ਹਾਲੇ ਵੀ ਕਈ ਪੁਰਾਣੇ ਰੁੱਖ ਖੜੇ ਹਨ। ਕਈ ਬੋਹੜ ਜਾਂ ਪਿੱਪਲ ਤਾਂ ਸੈਂਕੜੇ ਸਾਲਾਂ ਦੇ ਵੀ ਹਨ। ਕਈ ਸੂਝਵਾਨ ਪੇਂਡੂਆਂ ਨੇ ਇਹਨਾਂ ਦੇ ਥੱਲੇ ਥੜੇ ਬਣਾ ਦਿੱਤੇ ਹਨ ਤੇ ਉੱਥੇ ਬੈਠਦੇ ਵੀ ਹਨ। ਇਹ ਰੁੱਖ ਮਨੁੰਖ ਨੂੰ ਛਾਂ ਤਾਂ ਦੇਂਦੇ ਹੀ ਹਨ, ਨਾਲ ਦੀ ਨਾਲ ਦਰਜਣਾਂ ਪੰਛੀਆਂ ਨੂੰ ਆਸਰਾ ਵੀ ਦੇਂਦੇ ਹਨ। ਇਹਨਾਂ ਵਿਚ ਬਣੀਆਂ ਹੋਈਆਂ ਕੁਦਰਤੀ ਖੋੜ੍ਹਾਂ, ਕਈ ਤਰ੍ਹਾਂ ਦੇ ਪੰਛੀਆਂ ਲਈ ਘਰ ਬਣ ਜਾਂਦੀਆਂ ਹਨ। ਇਹ ਖੋੜ੍ਹਾਂ, ਉੱਲੂਆਂ, ਤੇ ਤੋਤੇਆਂ ਦੇ ਮਨਪਸੰਦ ਟਿਕਾਣੇ ਬਣਦੇ ਹਨ। ਪੰਛੀਆਂ ਨੂੰ ਮਨੁੱਖ ਤੋਂ ਵੀ ਵੱਧ ਡਰ, ਸਪਾਂ, ਕਾਵਾਂ ਜਾਂ ਚਿੜੀਮਾਰਾਂ ਤੋਂ ਹੁੰਦਾ ਹੈ। ਇਹ ਪੰਛੀਆਂ ਦੇ ਅੰਡੇ ਤੇ ਬੱਚਿਆਂ ਦੋਨਾਂ ਨੂੰ ਹੀ ਖਾ ਜਾਂਦੇ ਹਨ। ਜੇ ਇਹਨਾਂ ਖੁੱਡਾਂ ਨੂੰ ਧਿਆਨ ਨਾਲ ਦੇਖੋ ਤਾਂ ਪਤਾ ਚੱਲੇਗਾ ਕਿ ਪੰਛੀ ਕਦੇ ਵੀ ਅਵੇਸਲੇ ਨਹੀਂ ਹੁੰਦੇ ਹਨ। ਨਰ ਤੇ ਮਾਦਾ ਵਾਰੋ ਵਾਰੀ ਖੁਰਾਕ ਲਿਆਉਂਦੇ ਹਨ ਤੇ ਨੇੜੇ ਹੀ ਬੈਠ ਕੇ ਪਹਿਰਾ ਦੇਂਦੇ ਹਨ। ਜੇਕਰ ਕਿਸੇ ਰੁੱਖ ਕੋਲ ਪੰਛੀ ਚੀਕ ਚਿਹਾੜਾ ਪਾ ਰਿਹੇ ਹੋਣ ਤਾ ਸਮਝੋ ਕੋਈ ਸੱਪ ਆਦਿ ਤੁਰਿਆ ਫਿਰਦਾ ਹੈ। ਇਸ ਮੌਕੇ ਤੇ ਪੰਛੀਆ ਦੀ ਮਦਦ ਕਰਨਾ, ਮਨੁੱਖ ਦਾ ਫਰਜ਼ ਬਣ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸੱਪ ਆਦਿ ਨੂੰ ਮਾਰ ਦਿੱਤਾ ਜਾਵੇ। ਜਿਊਣ ਦਾ ਹੱਕ ਸਭ ਨੂੰ ਹੈ, ਬੇਲੋੜੀ ਬਰਬਾਦੀ ਕਰਨ ਦਾ ਕਿਸੇ ਨੂੰ ਵੀ ਨਹੀਂ। ਸਭ ਤੋਂ ਖੂਬਸੂਰਤ ਇਹ ਵੀ ਹੈ ਕਿ ਜੀਵਾਂ ਨੂੰ ਪਾਲਦੀਆਂ ਇਹ ਖੋੜਾਂ ਆਪ ਵੀ ਕਿਸੇ ਮੁਸਕਰਾਂਉਂਦੇ ਚਿਹਰੇ ਤੋਂ ਘੱਟ ਨਹੀਂ ਹੁੰਦੀਆਂ, ਬਸ ਦੇਖਣ ਵਾਲੀ ਅੱਖ ਚਾਹੀਦੀ ਹੈ।

–ਜਨਮੇਜਾ ਸਿੰਘ ਜੌਹਲ

Share :

Share

rbanner1

Share