ਜਲਾਲਾਬਾਦ ਤੋਂ ਬਿੱਟੂ, ਅੰਮ੍ਰਿਤਸਰ ਪੂਰਬੀ ਤੋਂ ਸਿੱਧੂ ਤੇ ਜਲੰਧਰ ਛਾਉਣੀ ਤੋਂ ਪ੍ਰਗਟ ਸਿੰਘ ਦੀ ਉਮੀਦਵਾਰ

ਕਾਂਗਰਸ ਵੱਲੋਂ ਬਾਕੀ ਰਹਿੰਦੇ 5 ਉਮੀਦਵਾਰਾਂ ਦਾ ਫ਼ੈਸਲਾ ਵੀ ਜਲਦ

ਚੰਡੀਗੜ੍ਹ-ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਹਲਕਾ ਲੰਬੀ ਤੋਂ ਉਮੀਦਵਾਰ ਰੱਖਣ ਸਬੰਧੀ ਕੱਲ੍ਹ ਲਏ ਗਏ ਫੈਸਲੇ ਤੋਂ ਬਾਅਦ ਅੱਜ ਲੁਧਿਆਣਾ ਤੋਂ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਨੂੰ ਵੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਿਰੁੱਧ ਪਾਰਟੀ ਉਮੀਦਵਾਰ ਰੱਖਣ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸੇ ਤਰ੍ਹਾਂ ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਪ੍ਰਗਟ ਸਿੰਘ ਨੂੰ ਦੁਬਾਰਾ ਇਸੇ ਹਲਕੇ ਤੋਂ ਉਮੀਦਵਾਰ ਰੱਖੇ ਜਾਣ ਜਾਂ ਨਕੋਦਰ ਤੋਂ ਪਾਰਟੀ ਉਮੀਦਵਾਰ ਬਣਾਉਣ ਸਬੰਧੀ ਚੱਲ ਰਹੇ ਰੇੜਕੇ ਨੂੰ ਵੀ ਅੱਜ ਖ਼ਤਮ ਕਰਦਿਆਂ ਪਾਰਟੀ ਹਾਈ ਕਮਾਨ ਵੱਲੋਂ ਸ. ਪ੍ਰਗਟ ਸਿੰਘ ਨੂੰ ਵੀ ਜਲੰਧਰ ਛਾਉਣੀ ਤੋਂ ਪਾਰਟੀ ਉਮੀਦਵਾਰ ਰੱਖਣ ਦਾ ਫੈਸਲਾ ਲਿਆ ਗਿਆ।

ਸੂਚਨਾ ਅਨੁਸਾਰ ਇਸ ਸਬੰਧੀ ਫੈਸਲਾ ਅੱਜ ਸਵੇਰੇ ਸਾਬਕਾ ਭਾਜਪਾ ਦੇ ਮੈਂਬਰ ਸ. ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਸ਼ਮੂਲੀਅਤ ਮੌਕੇ ਸ. ਸਿੱਧੂ ਨੇ ਸ੍ਰੀ ਰਾਹੁਲ ਗਾਂਧੀ ਨਾਲ ਆਪਣੀ ਮੀਟਿੰਗ ਦੌਰਾਨ ਇਸ ਫੈਸਲੇ ਨੂੰ ਸਿਰੇ ਚਾੜ੍ਹਨ ਵਿਚ ਮੁੱਖ ਭੂਮਿਕਾ ਨਿਭਾਈ। ਇਹ ਵੀ ਪਤਾ ਲੱਗਾ ਹੈ ਕਿ ਸ. ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੱਡੇ ਅਕਾਲੀ ਆਗੂ ਮੁਕਾਬਲੇ ਖੜ੍ਹਾ ਕਰਨ ਦੀ ਥਾਂ ਉਨ੍ਹਾਂ ਦੀ ਪਤਨੀ ਦੀ ਵਿਧਾਨ ਸਭਾ ਸੀਟ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਪੰਜਾਬ ਕਾਂਗਰਸ ਦੇ ਹੈਡ ਕੁਆਰਟਰ ਵੱਲੋਂ ਉਕਤ ਚਾਰੇ ਸੀਟਾਂ ਲਈ ਕੀਤੇ ਗਏ ਫੈਸਲਿਆਂ ਸਬੰਧੀ ਪਾਰਟੀ ਦੇ ਬਕਾਇਦਾ ਲਿਖਤੀ ਹੁਕਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜੋ ਕਿ ਅੱਜ ਰਾਤ ਤੱਕ ਹੀ ਜਾਰੀ ਕੀਤੇ ਜਾਣੇ ਸਨ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਹਾਈ ਕਮਾਨ ਵੱਲੋਂ ਬਾਕੀ ਰਹਿੰਦੀਆਂ 5 ਸੀਟਾਂ ਸਬੰਧੀ ਵੀ ਐਲਾਨ ਕਿਸੇ ਸਮੇਂ ਵੀ ਸੰਭਵ ਹੈ ਕਿਉਂਕਿ ਇਨ੍ਹਾਂ ਸੀਟਾਂ ਲਈ ਵੀ ਪਾਰਟੀ ਵੱਲੋਂ ਵਿਚਾਰ ਵਟਾਂਦਰੇ ਤਕਰੀਬਨ ਪੂਰੇ ਕਰ ਲਏ ਗਏ ਹਨ ਅਤੇ ਪਾਰਟੀ ਵੱਲੋਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਚੋਣ ਪ੍ਰਚਾਰ ਲਈ ਵੀ ਹੁਣ ਕੇਵਲ 18 ਦਿਨ ਬਾਕੀ ਰਹਿ ਗਏ ਹਨ ਅਤੇ ਨਾਮਜ਼ਦਗੀਆਂ ਵੀ 18 ਜਨਵਰੀ ਤੱਕ ਹੀ ਦਾਇਰ ਹੋਣੀਆਂ ਹਨ, ਜਿਸ ਕਾਰਨ ਇਸ ਸਬੰਧੀ ਹੋਰ ਦੇਰੀ ਪਾਰਟੀ ਉਮੀਦਵਾਰਾਂ ਲਈ ਮਾਰੂ ਸਾਬਤ ਹੋਵੇਗੀ।

Share :

Share

rbanner1

Share