ਟਰੰਪ ਦੀ ਵੀਜ਼ਾ ਪਾਬੰਦੀ ਕਾਰਨ ਮੁਸਲਿਮ ਭਾਈਚਾਰਾ ਪ੍ਰੇਸ਼ਾਨ

ਟਰੰਪ ਦੀ ਵੀਜ਼ਾ ਪਾਬੰਦੀ ਕਾਰਨ ਮੁਸਲਿਮ ਭਾਈਚਾਰਾ ਪ੍ਰੇਸ਼ਾਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ’ਤੇ ਲਾਈ ਗਈ ਵੀਜ਼ਾ ਪਾਬੰਦੀ ਨਾਲ ਪ੍ਰਭਾਵਿਤ ਲੋਕ ਭੰਬਲਭੂਸੇ ਅਤੇ ਸਦਮੇ ਵਿੱਚ ਹਨ।

ਲਾਸ ਏਂਜਲਸ ਵਿੱਚ ਅਟਾਰਨੀ ਸਾਮ ਬੁਰਹਾਨੀ ਅਨੁਸਾਰ ਇਰਾਨੀ-ਅਮਰੀਕੀ ਭਾਈਚਾਰਾ ਸਦਮੇ ਵਿੱਚ ਹੈ। ਉਨ੍ਹਾਂ ਕਿਹਾ ਕਿ ਟਰੰਪ ਵੱਲੋਂ ਸ਼ੁੱਕਰਵਾਰ ਨੂੰ ਸੱਤ ਮੁਲਕਾਂ: ਇਰਾਨ, ਇਰਾਕ, ਲਿਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਤੋਂ ਰਿਫਊਜੀਆਂ ਦੀ ਆਮਦ ਰੋਕਣ ਅਤੇ ਹੋਰ ਲੋਕਾਂ ਦੇ ਸਫ਼ਰ ਕਰਨ ’ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਇਰਾਨੀ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਮਰੀਕਾ ਵਿੱਚ ਰਹਿੰਦੇ ਕਰੀਬ 10 ਲੱਖ ਇਰਾਨੀ, ਜਿਨ੍ਹਾਂ ਵਿੱਚ ਵਿਦਿਆਰਥੀ, ਕਾਰੋਬਾਰੀ ਤੇ ਪਰਿਵਾਰ ਸ਼ਾਮਲ ਹਨ, ਇਨ੍ਹਾਂ ਪਾਬੰਦੀਆਂ ਕਰਕੇ ਭੰਬਲਭੂਸੇ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪਾਬੰਦੀਆਂ ਕਰਕੇ ਸਪਾਊਜ਼ ਵੀਜ਼ਾ ਬੰਦ ਕਰ ਦਿੱਤੇ ਗਏ ਹਨ, ਜਿਸ ਕਰਕੇ ਵਿਆਹੁਤਾ ਜੋੜੇ ਵੱਖ ਹੋ ਗਏ। ਇਰਾਨ ਵਿੱਚ ਰਹਿੰਦਾ ਪਿਤਾ ਆਪਣੇ ਕੈਲੀਫੋਰਨੀਆ ਰਹਿੰਦੇ ਪੁੱਤਰ ਦੇ ਵਿਆਹ ਵਿੱਚ ਜਾਣ ਤੋਂ ਅਸਮਰੱਥ ਹੈ। ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਇਰਾਕੀ ਪਰਿਵਾਰ ਨੂੰ ਬੀਤੇ ਦਿਨ ਕਾਹਿਰਾ ਤੋਂ ਅੱਗੇ ਨਿਊ ਯਾਰਕ ਵਾਲੀ ਉਡਾਣ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ। 51 ਸਾਲਾ ਫਵਾਦ ਸ਼ਰੀਫ਼ ਨੇ ਦੱਸਿਆ ਕਿ ਉਸਨੇ ਆਪਣਾ ਘਰ, ਕਾਰ, ਫਰਨੀਚਰ ਵੇਚ ਦਿੱਤਾ। ਉਸ ਨੇ ਅਤੇ ਉਸ ਦੀ ਪਤਨੀ ਨੇ ਨੌਕਰੀ ਛੱਡ ਦਿੱਤੀ। ਬੱਚਿਆਂ ਨੂੰ ਸਕੂਲ ਤੋਂ ਹਟਾ ਲਿਆ। ਟਰੰਪ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸ ਨੇ ਇਸ ਨੂੰ ਤਾਨਾਸ਼ਾਹੀ ਕਰਾਰ ਦਿੱਤਾ।  ਤਹਿਰਾਨ ਹਵਾਈ ਅੱਡੇ ’ਤੇ ਰੋਕੀ ਇੱਕ ਈਰਾਨੀ ਔਰਤ ਨੇ ਦੱਸਿਆ ਕਿ ਉਸਨੇ ਗਰੀਨ ਕਾਰਡ ਲਈ 14 ਸਾਲ ਇੰਤਜ਼ਾਰ ਕੀਤਾ ਸੀ।  ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ਼ ਨੇ ਅੱਜ ਕਿਹਾ ਕਿ ਟਰੰਪ ਦਾ ਇਹ ਕਦਮ ਇਤਿਹਾਸ ਦੇ ਪੰਨਿਆਂ ’ਤੇ ਦਹਿਸ਼ਤਗਰਦਾਂ ਤੇ ਉਨ੍ਹਾਂ ਦੇ ਸਮਰਥਕਾਂ ਲਈ ਵੱਡੇ ਤੋਹਫੇ ਵਜੋਂ ਦਰਜ ਹੋਵੇਗਾ।

Share :

Share

rbanner1

Share