ਟੈਂਕਰ ਘਪਲਾ: ਪ੍ਰਧਾਨ ਮੰਤਰੀ ਦੀ ਸ਼ਹਿ ‘ਤੇ ਪਰਚਾ ਦਰਜ ਹੋਇਆ : ਕੇਜਰੀਵਾਲ

kejriwal-modi_1ਨਵੀਂ ਦਿੱਲੀ, 21 ਜੂਨ: ਪ੍ਰਧਾਨ ਮੰਤਰੀ ਨੂੰ ਚੁਨੌਤੀ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਉਹ ਨਰਿੰਦਰ ਮੋਦੀ ਦੇ ‘ਗ਼ਲਤ ਕੰਮਾਂ’ ਵਿਰੁਧ ਚਟਾਨ ਵਾਂਗ ਖੜੇ ਹੋਏ ਹਨ ਅਤੇ ਦੋਸ਼ ਲਾਇਆ ਕਿ ਕਈ ਕਰੋੜ ਦੇ ਪਾਣੀ ਟੈਂਕਰ ਘੁਟਾਲੇ ਵਿਚ ਉਨ੍ਹਾਂ ਦੀ ਸਰਕਾਰ ਵਿਰੁਧ ਐਫ਼ਆਈਆਰ ਪ੍ਰਧਾਨ ਮੰਤਰੀ ਦੇ ਇਸ਼ਾਰੇ ‘ਤੇ ਦਰਜ ਕੀਤੀ ਗਈ ਹੈ।
ਕੇਜਰੀਵਾਲ ਨੇ ਮੋਦੀ ਨੂੰ ਚੁਨੌਤੀ ਦਿਤੀ ਕਿ ਉਹ ਜਿੰਨਾ ਚਾਹੇ ਮੇਰੇ ਵਿਰੁਧ ਐੈਫ਼ਆਈਆਰ ਦਰਜ ਕਰਾਏ ਅਤੇ ਸੀਬੀਆਈ ਤੋਂ ਛਾਪੇ ਮਰਵਾਏ, ਉਹ ਇਸ ਤਰ੍ਹਾਂ ਦੇ ਦਬਾਅ ਤੋਂ ਡਰਨ ਵਾਲੇ ਨਹੀਂ ਹਨ ਜਾਂ ਆਮ ਆਦਮੀ ਪਾਰਟੀ ਚੁੱਪ ਬੈਠਣ ਵਾਲੀ ਨਹੀਂ ਹੈ। 

ਦਿੱਲੀ ਦੇ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਕਾਂਗਰਸ ਮੀਤ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਰਡਰਾ ਵਿਰੁਧ ਕਾਰਵਾਈ ਕਿਉਂ ਨਹੀਂ ਹੋ ਰਹੀ ਜਦਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਅਜਿਹਾ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਅਗੱਸਤਾ ਵੈਸਟਲੈਂਡ ਘੁਟਾਲੇ ਵਿਚ ਸੋਨੀਆ ਵਿਰੁਧ ਕੇਂਦਰ ਵਲੋਂ ਕਾਰਵਾਈ ਨਾ ਕਰਨ ‘ਤੇ ਸਵਾਲ ਉਠਾਏ।
ਕੇਜਰੀਵਾਲ ਨੇ ਕਿਹਾ, ”ਮੈਂ ਮੋਦੀ ਜੀ ਨੂੰ ਇਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਰਾਹੁਲ ਗਾਂਧੀ ਨਹੀਂ ਹਾਂ। ਮੈਂ ਸੋਨੀਆ ਗਾਂਧੀ ਵੀ ਨਹੀਂ ਹਾਂ ਜਿਨ੍ਹਾਂ ਉਤੇ ਤੁਸੀਂ ਦਬਾਅ ਪਾਉਗੇ। ਮੈਂ ਵਾਡਰਾ ਨਹੀਂ ਹਾਂ ਜਿਸ ਨਾਲ ਤੁਸੀਂ ਸਮਝੌਤਾ ਕਰ ਲਵੋਗੇ। ਮੈਂ ਮਰ ਜਾਵਾਂਗਾ ਪਰ ਧੋਖਾਧੜੀ ਬਰਦਾਸ਼ਤ ਨਹੀਂ ਕਰਾਂਗਾ।” ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਛਾਪੇ ਅਤੇ ਐਫ਼ਆਈਆਰ ਮੇਰੇ ਵਿਰੁਧ ਕਿਉਂ? ਅਜਿਹਾ ਕਰ ਕੇ ਉਹ ਦੂਜਿਆਂ ਨੂੰ ਡਰਾਉਣ ਵਿਚ ਕਾਮਯਾਬ ਰਹੇ ਹਨ। ਸਿਰਫ਼ ਮੈਂ ਹੀ ਹਾਂ ਜੋ ਉਨ੍ਹਾਂ ਦੀ ਧਮਕੀ ਭਰੇ ਹੱਥਕੰਡਿਆਂ ਵਿਰੁਧ ਤਣ ਕੇ ਖੜਾ ਹਾਂ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ‘ਤੇ ਮੇਰੇ ਵਿਰੁਧ ਐਫ਼ਆਈਆਰ ਦਰਜ ਹੋਈ ਹੈ ਹਾਲਾਂਕਿ ਐਫ਼ਆਈਆਰ ਵਿਚ ਕੇਜਰੀਵਾਲ ਜਾਂ ਸ਼ੀਲਾ ਦੀਕਸ਼ਤ ਦੇ ਨਾਮ ਦਾ ਜ਼ਿਕਰ ਨਹੀਂ। ਉਨ੍ਹਾਂ ਕਿਹਾ, ”ਮੈਂ ਹੀ ਸਿਰਫ਼ ਅਜਿਹਾ ਵਿਅਕਤੀ ਹਾਂ ਜੋ ਮੋਦੀ ਦੇ ਗ਼ਲਤ ਕੰਮਾਂ ਵਿਰੁਧ ਚਟਾਨ ਵਾਂਗ ਖੜਾ ਹਾਂ ਜਿਸ ਨੂੰ ਉਹ ਹਜ਼ਮ ਨਹੀਂ ਕਰ ਪਾ ਰਹੇ। ਸੋਨੀਆ ਜਾਂ ਰਾਹੁਲ ਵਿਰੁਧ ਸੀਬੀਆਈ ਨੇ ਛਾਪੇ ਨਹੀਂ ਮਾਰੇ। ਵਾਡਰਾ ਜਾਂ ਸੋਨੀਆ ਵਿਰੁਧ ਐਫ਼ਆਈਆਰ ਦਰਜ ਨਹੀਂ ਹੋ ਰਹੀ ਪਰ ਉਹ ਮੈਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਇਸ ਦਾ ਮਤਲਬ ਹੈ ਕਿ ਮੋਦੀ ਜੀ ਤੁਸੀਂ  ਵੀ ਜਾਣਦੇ ਹੋ ਕਿ ਤੁਹਾਡੀ ਲੜਾਈ ਸਿੱਧੀ ਮੇਰੇ ਨਾਲ ਹੈ।

Share :

Share

rbanner1

Share