ਤੈਰਦੇ ਸੁਫ਼ਨੇ

ਹਰ ਮਨੁੱਖ ਚਾਹੁੰਦਾ ਕਿ ਉਸ ਦਾ ਨਾਮ ਰਹਿੰਦੀ ਦੁਨੀਆ ਤਕ ਜਿਉਂਦਾ ਰਹੇ। ਇਸ ਲਈ ਉਹ ਹਰ ਹਰਬਾ ਵਰਤਦਾ ਹੈ। ਕੋਈ ਸਾਧ ਬਣਦਾ ਹੈ, ਕੋਈ ਕਿਲ੍ਹਾ ਬਣਵਾਉਂਦਾ ਹੈ ਤੇ ਕੋਈ ਆਪਣੇ ਸਰੀਰ ਨਾਲ ਪੁੱਠੇ ਸਿੱਧੇ ਪੰਗੇ ਲੈਂਦਾ ਹੈ ਆਦਿ ਆਦਿ। ਆਖਰ ਵਿਚ ਸਭ ਦਾ ਨਿਸ਼ਾਨਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਲੋਕੀ ਉਸਨੂੰ ਯਾਦ ਰੱਖਣ। ਹਰ ਕਿੱਤੇ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਜੇ ਮਹਾਨ ਨਹੀਂ ਤਾਂ ਘੱਟੋ ਘੱਟ ਮਸ਼ਹੂਰ ਜ਼ਰੂਰ ਹੋਣਾ ਲੋਚਦੇ ਹਨ। ਸਿਆਸਤ ਵੀ ਸਦੀਆਂ ਤੋਂ ਕਈ ਰੂਪਾਂ ਵਿਚ ਇਕ ਕਿੱਤੇ ਵਾਂਗ ਹੀ ਵਰਤੀ ਜਾਂਦੀ ਰਹੀ ਹੈ। ਪਰ ਇਸ ਕਿੱਤੇ ਦੀ ਖਾਸੀਅਤ ਹੈ ਕਿ ਵਾਅਦੇ ਭੁੱਲਣ ਲਈ ਕੀਤੇ ਜਾਂਦੇ ਹਨ। ਘੜੀ ਦੀ ਘੜੀ, ਲੋਕਾਂ ਨੁੰ ਖੁਸ਼ ਕੀਤਾ ਤੇ ਫੇਰ, ਤੂੰ ਕੌਣ ਤੇ ਮੈਂ ਕੋਣ ? ਕਿਸੇ ਇਲਾਕੇ ਵਿਚ, ਕਾਲਜ, ਸਕੂਲ, ਧਰਮਸ਼ਾਲਾ ਜਾਂ ਹਸਪਤਾਲ ਦਾ ਨੀਂਹ ਪੱਥਰ ਰੱਖਣਾ ਇਕ ਵੱਡਾ ਕੰਮ ਗਿਣਿਆ ਜਾਂਦਾ ਹੈ। ਇਤਿਹਾਸ ਫੋਲਿਆਂ ਪਤਾ ਚੱਲਦਾ ਹੈ ਕਿ ਸਦੀਆਂ ਪਹਿਲੋਂ ਮਿਸਰ ਦੀਆਂ ਇਤਿਹਾਸਕ ਇਮਾਰਤਾਂ ਦੀ ਪਹਿਲੀ ਇੱਟ ਉੱਤੇ, ਕੁੱਕੜ ਜਾਂ ਭੇਡੂ ਮਾਰ ਕਿ ਖੂਲ ਡੋਲਿਆ ਜਾਂਦਾ ਸੀ ਤਾਂ ਕਿ ਨੀਂਹ ਮਜ਼ਬੂਤ ਰਹੇ। ਇਸੇ ਤਰ੍ਹਾਂ ਵਲੈਤ ਵਿਚ ਗਾਰਾ ਸੁੱਟ ਕੇ ਇਕ ਖਾਸ ਤੋਲੀਏ ਨਾਲ ਢੱਕਿਆ ਜਾਂਦਾ ਸੀ ਜੋ ਸਥਾਨਿਕ ਕਲਾਕਾਰ ਤੇ ਸੁਨਿਆਰੇ ਬਣਾਉਂਦੇ ਸਨ। ਇਸ ਦੇ ਵਿਚ ਇਕ ਖਾਲੀ ਥਾਂ ਛੱਡੀ ਜਾਂਦੀ ਸੀ ਜਿਸ ਵਿਚ ਉਸ ਦਿਨ ਦੀ ਅਖਬਾਰ ਆਦਿ ਦੱਬ ਦਿੱਤੀ ਜਾਂਦੀ ਸੀ, ਤਾਂ ਕਿ ਸਨਦ ਰਹੇ। ਪਰ ਅੱਜ ਵੀ ਨੀਂਹ ਦੀ ਮਜ਼ਬੂਤੀ ਨੂੰ ਦਰਸਾਉਂਦਾ ਇਹ ਨੀਂਹ ਪੱਥਰ ਕਈ ਦਹਾਕੇ ਤੇ ਕਈ ਸਿਆਸੀ ਸਰਕਾਰਾਂ ਦੇ ਨਾਲ ਨਾਲ ਮੌਸਮ ਵੀ ਜਰ ਗਿਆ ਹੈ। ਕਿਸ ਨੇ, ਕਦੋਂ ਇਹ ਪੱਥਰ ਰਖਿਆ, ਇਹ ਤਾ ਮਿੱਟ ਚੁੱਕਾ ਹੈ, ਪਰ ਹੋ ਸਕਦਾ, ਥੱਲੇ ਕਿਤੇ ਕਿਸੇ ਦਾ ਸੁਫ਼ਨਾ ਤਰਨ ਲਈ ਤਰਸ ਰਿਹਾ ਹੋਵੇ। –ਜਨਮੇਜਾ ਸਿੰਘ ਜੌਹਲ

Share :

Share

rbanner1

Share