ਦੁਬਈ ’ਚ ਸਜ਼ਾਯਾਫ਼ਤਾ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ

ਪਾਕਿਸਤਾਨੀ ਨੌਜਵਾਨ ਦੇ ਕਤਲ ਦਾ ਮਾਮਲਾ; ਮ੍ਰਿਤਕ ਦੇ ਵਾਰਸ ‘ਬਲੱਡ ਮਨੀ’ ਲਈ ਹੋਏ ਰਾਜ਼ੀ

ਐਸ.ਪੀ.ਐਸ. ਓਬਰਾਏ

ਐਸ.ਪੀ.ਐਸ. ਓਬਰਾਏ

ਦੁਬਈ ਵਿੱਚ ਪਾਕਿਸਤਾਨੀ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦਾ ਮੌਤ ਦੇ ਮੂੰਹੋਂ ਬਚਣ ਲਈ ਰਾਹ ਪੱਧਰ  ਹੋ ਗਿਆ ਹੈ। ਮ੍ਰਿਤਕ ਦੇ ਵਾਰਸ ਇਸ ਸਬੰਧੀ ‘ਬਲੱਡ ਮਨੀ’ ਲੈਣ ਲਈ ਰਾਜ਼ੀ ਹੋ ਗਏ ਹਨ। ਦੁਬਈ ਦੀ ਅਦਾਲਤ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਦਾਇਰ ‘ਮੁਆਫ਼ੀਨਾਮੇ’ ਸਬੰਧੀ ਸੁਣਵਾਈ 22 ਮਾਰਚ ਨੂੰ ਹੋਣੀ ਹੈ। ਸਮਝੌਤੇ ਤਹਿਤ ਵਾਰਸਾਂ ਨੂੰ ਦੇਣ ਲਈ 60 ਲੱਖ ਰੁਪਏ ਅਦਾਲਤ ਵਿਚ ਸੌਂਪੇ ਜਾਣਗੇ।
ਕਤਲ ਦੀ ਇਹ ਘਟਨਾ 5 ਜੁਲਾਈ, 2015 ਨੂੰ ਵਾਪਰੀ ਸੀ, ਜਿਸ ਵਿੱਚ ਦਸ ਪੰਜਾਬੀਆਂ ਨੂੰ ਅਦਾਲਤ ਨੇ  26 ਅਕਤੂਬਰ, 2016 ਨੂੰ ਮੌਤ ਦੀ ਸਜ਼ਾ ਸੁਣਾਈ, ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਸਤਮਿੰਦਰ ਸਿੰਘ ਬਰਨਾਲਾ, ਚਮਕੌਰ ਸਿੰਘ ਮਲੇਰਕੋਟਲਾ, ਚੰਦਰ ਸ਼ੇਖਰ ਨਵਾਂ ਸ਼ਹਿਰ, ਬਲਵਿੰਦਰ ਕੁਮਾਰ, ਕੁਲਵਿੰਦਰ ਸਿੰਘ ਤੇ ਧਰਮਵੀਰ ਸਿੰਘ (ਤਿੰਨੋਂ ਵਾਸੀ ਲੁਧਿਆਣਾ), ਤਰਸੇਮ ਸਿੰਘ ਅੰਮ੍ਰਿਤਸਰ, ਹਰਜਿੰਦਰ ਸਿੰਘ ਮੁਹਾਲੀ ਅਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ। ਵਕੀਲਾਂ ਵਲੋਂ  28 ਦਸੰਬਰ, 2016 ਨੂੰ ‘ਬਲੱਡ ਮਨੀ’ ਤਹਿਤ ‘ਮੁਆਫ਼ੀਨਾਮੇ’ ਲਈ ਦਾਇਰ ਅਰਜ਼ੀ ਪ੍ਰਵਾਨ ਹੋਣ ’ਤੇ ਹੀ ਅਜਿਹੇ ਯਤਨ ਸ਼ੁਰੂ ਹੋਏ ਸਨ।
ਕੇਸ ਦੀ ਪੈਰਵੀ ਕਰ ਰਹੇ ਦੁਬਈ ਦੇ ਕਾਰੋਬਾਰੀ ਤੇ ਪਟਿਆਲਾ ਵਾਸੀ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਨੇ ਅੱਜ ਇਥੇ ਦੱਸਿਆ ਕਿ ‘ਬਲੱਡ ਮਨੀ’ ਵਜੋਂ 60 ਲੱਖ ਪਾਕਿਸਤਾਨੀ ਰੁਪਏ ਦੀ ਅਦਾਇਗੀ ਤਹਿਤ ‘ਮੁਆਫ਼ੀਨਾਮਾ’ 27 ਫਰਵਰੀ ਨੂੰ ਦਾਇਰ ਕਰ ਦਿੱਤਾ ਗਿਆ ਸੀ। ਇਸ ਨਾਲ ਇਨ੍ਹਾਂ  ਪੰਜਾਬੀ ਨੌਜਵਾਨਾਂ ਦੀ ਜਾਨ ਬਚਣੀ ਯਕੀਨੀ ਹੋ ਗਈ ਹੈ, ਕਿਉਂਕਿ ਉਥੋਂ ਦੇ ਕਾਨੂੰਨ  ਵਿਚ ‘ਬਲੱਡ ਮਨੀ’ ਤਹਿਤ ਮੁਆਫ਼ੀਨਾਮੇ ਦੀ ਵਿਵਸਥਾ ਹੈ। ਸ੍ਰੀ ਓਬਰਾਏ ਨੇ ਦੱਸਿਆ ਕਿ ਦੁਬਈ ਦੀਆਂ ਜੇਲ੍ਹਾਂ ਵਿਚ ਬੰਦ 123 ਭਾਰਤੀਆਂ ਦੇ ਕੇਸਾਂ ਦੀ  ਪੈਰਵੀ  ਕਰਦਿਆਂ ਉਨ੍ਹਾਂ 2010 ਤੋਂ ਹੁਣ ਤੱਕ 78 ਜਣਿਆਂ ਨੂੰ ਰਿਹਾਅ ਕਰਵਾਇਆ ਹੈ। ਇਸੇ ਤਰ੍ਹਾਂ   ਦੁਬਈ ਵਿਚ ਦੋ ਪੰਜਾਬੀਆਂ ਦੇ ਹੀ ਕਤਲ ਕੇਸ ਦਾ ਸਾਹਮਣਾ ਕਰ ਰਹੇ 14  ਪੰਜਾਬੀਆਂ ਦੇ ਮਾਮਲੇ ਦੇ ਨਿਬੇੜੇ  ਲਈ ਵੀ ਯਤਨ ਜਾਰੀ ਹਨ। ਇੱਕ  ਪਰਿਵਾਰ  ਮੰਨ ਗਿਆ ਤੇ ਦੂਜੇ ਨਾਲ਼ ਵੀ ਰਾਬਤਾ ਸਾਧਿਆ ਹੋਇਆ ਹੈ।

Share :

Share

rbanner1

Share