ਧੀਆਂ ਦੀ ਸਰਪੰਚੀ ਵਾਲੇ ਪਿੰਡ

ਧੀਆਂ ਨੇ ਅੱਜ ਹਰ ਖੇਤਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਬਾਕੀ ਖੇਤਰਾਂ ਵਿੱਚ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਚਮਕਾਉਣ ਦੇ ਨਾਲ ਨਾਲ ਹੁਣ ਕਈ ਪਿੰਡਾਂ ਦੀਆਂ ਧੀਆਂ ਪਿੰਡਾਂ ਦੀ ਬਿਹਤਰੀ ਲਈ ਅਤੇ ਸਮਾਜ ਅੰਦਰ ਕੁਝ ਕਰਨ ਦੀ ਤਾਂਘ ਨਾਲ ਸਰਪੰਚੀ ਦੇ ਪਿੜ ਵਿੱਚ ਨਿੱਤਰੀਆਂ ਹਨ। ਪੰਜਾਬ ਵਿੱਚ ਪਹਿਲੀ ਵਾਰ ਛੋਟੀ ਉਮਰ ਦੀਆਂ ਨੇ ਧੀਆਂ ਨੇ ਸਰਪੰਚ ਬਣ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਇਨ੍ਹਾਂ ਵੱਲੋਂ ਭਰੂਣ ਹੱਤਿਆ ਦੇ ਖ਼ਿਲਾਫ਼ ਚੁੱਕੇ ਕਦਮਾਂ  ਸਦਕਾ ਸਬੰਧਿਤ ਪਿੰਡਾਂ ਵਿੱਚ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਦਰਜ ਹੋਇਆ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਚੰਗਾ ਬਦਲਾਅ ਆਇਆ ਹੈ।

ਪਿੰਡ ਭਨੌਹੜ

ਲੁਧਿਆਣਾ ਤੋਂ ਫ਼ਿਰੋਜ਼ਪੁਰ ਸੜਕ ’ਤੇ ਪੈਂਦੇ ਪਿੰਡ ਭਨੌਹੜ ਦੀ ਧੀ ਗਗਨਦੀਪ ਕੌਰ ਨੂੰ ਪਿੰਡ ਦੀ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ ਹੈ। ਉਸ ਨੇ ਪਿੰਡ  ਵਾਸੀਆਂ ਨਾਲ ਰਾਏ  ਮਸ਼ਵਰਾ ਕਰਕੇ ਸਰਪੰਚ  ਦੀ ਚੋਣ ਲੜੀ ਅਤੇ ਸਫ਼ਲਤਾ ਹਾਸਲ ਕਰਕੇ ਧੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਗਗਨਦੀਪ ਕੌਰ ਬੀਏ ਅਤੇ ਈਟੀਟੀ ਦੀ ਪੜ੍ਹਾਈ ਕਰਨ ਤੋਂ ਬਾਅਦ ਪਿੰਡ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਅ ਰਹੀ ਹੈ। ਔਰਤਾਂ ਦੀ ਬਿਹਤਰੀ ਲਈ ਉਸ ਨੇ ਪਿੰਡ ਵਿੱਚ ਬਿਊਟੀ ਪਾਰਲਰ ਤੇ ਸਿਲਾਈ ਕਢਾਈ ਦੇ ਸੈਂਟਰ ਖੁੱਲ੍ਹਵਾ ਕੇ ਟਰੇਨਿੰਗ ਦਵਾਈ ਤਾਂ ਕੇ ਲੜਕੀਆਂ ਆਪਣੇ ਪੈਰਾਂ ਸਿਰ ਖੜ੍ਹੀਆਂ ਹੋ ਸਕਣ। ਪੰਚਾਇਤ ਵੱਲੋਂ    ਪਿੰਡ ਨੂੰ ਨਸ਼ਾਮੁਕਤ ਕਰਨ ਅਤੇ ਲੜਕੀਆਂ ਨੂੰ ਸਿੱਖਿਆ ਦਿਵਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਪਿੰਡ ਦੀ ਕੋਈ ਲੜਕੀ ਵਿੱਦਿਆ ਵਿਹੂਣੀ ਨਾ ਰਹਿ ਜਾਵੇ। ਪੰਚਾਇਤ ਵੱਲੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿੱਚ ਵਸਦੇ ਪਿੰਡ ਨਾਲ ਸਬੰਧਿਤ ਦਾਨੀਆਂ ਦੀ ਮਦਦ ਨਾਲ ਗ਼ਰੀਬ ਘਰਾਂ ਦੀਆਂ ਬੱਚੀਆਂ ਨੂੰ ਮੁਫ਼ਤ ਕਿਤਾਬਾਂ-ਕਾਪੀਆਂ ਤੇ ਪੜ੍ਹਾਈ ਨਾਲ ਸਬੰਧਿਤ ਹੋਰ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ।

ਪਿੰਡ ਭਨੌਹੜ ਦੀ ਸਰਪੰਚ ਗਗਨਦੀਪ ਕੌਰ

ਪਿੰਡ ਭਨੌਹੜ ਦੀ ਸਰਪੰਚ ਗਗਨਦੀਪ ਕੌਰ

ਪੰਚਾਇਤ ਵੱਲੋਂ ਧਰਤੀ ਹੇਠਲੇ ਪਾਣੀ ਦੀ ਦਰਵਰਤੋਂ ਨੂੰ ਰੋਕਣ ਲਈ ਸਮੇਂ ਸਮੇਂ ’ਤੇ ਪਿੰਡ ਵਾਸੀਆਂ ਨੂੰ ਮੀਟਿੰਗ ਕਰਕੇ ਜਾਗਰੂਕ ਕੀਤਾ ਜਾਂਦਾ ਹੈ। ਲੋਕਾਂ ਦੇ ਘਰਾਂ ਤਕ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਲਈ ਪੰਚਾਇਤ ਨੇ ਚੰਗਾ ਕੰਮ ਕੀਤਾ ਹੈ। ਪਾਣੀ ਦੀ ਸਪਲਾਈ ਦੀ ਚੰਗੀ ਕਾਰਗੁਜ਼ਾਰੀ ਸਦਕਾ ਪੰਚਾਇਤ ਨੂੰ 1 ਲੱਖ 50 ਹਜ਼ਾਰ ਰੁਪਏ ਦਾ ਇਨਾਮ ਹਾਸਲ ਹੋਇਆ। 3500 ਦੀ ਆਬਾਦੀ ਵਾਲੇ ਪਿੰਡ ਦੇ ਲੋਕ ਹਰ ਸਮੇਂ ਆਪਣੀ ਧੀ ਗਗਨਦੀਪ ਕੌਰ ਦੇ ਸਿਰ ’ਤੇ ਮਿਹਰ ਭਰਿਆ ਹੱਥ ਰੱਖਦੇ ਹਨ। ਧੀ ਵੀ ਪੂਰੇ ਪਿੰਡ ਤੇ ਸਰਬਪੱਖੀ ਵਿਕਾਸ ਦੇ ਕਾਰਜ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਪਿੰਡ ਵਾਸੀਆਂ ਨੂੰ ਪੂਰਾ ਲਾਭ ਦਿਵਾਉਂਦੀ ਹੈ। ਹਰ 6 ਮਹੀਨਿਆਂ ਬਾਅਦ ਹਾੜ੍ਹੀ-ਸਾਉਣੀ ਦੇ ਆਮ ਇਜਲਾਸ ਵਿੱਚ ਆਮਦਨ ਖ਼ਰਚਿਆਂ ਦਾ ਹਿਸਾਬ ਦਿੱਤਾ ਜਾਂਦਾ ਹੈ ਤੇ ਨਵੀਆਂ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਗ਼ਰੀਬਾਂ ਲੋਕਾਂ ਲਈ ਏਅਰਟੈਲ ਕੰਪਨੀ ਦੀ ਸਕੀਮ ਅਧੀਨ 40 ਘਰਾਂ ਵਿੱਚ ਪਖਾਨੇ ਬਣਾਏ ਗਏ ਹਨ। ਗਲੀਆਂ ਵਿੱਚ ਸੋਲਰ ਲਾਇਟਾਂ ਅਤੇ ਇੰਟਰਲੌਕਿੰਗ ਟਾਈਲਾਂ ਲੱਗੀਆਂ ਹੋਈਆਂ ਹਨ ਜਿਸ ਕਰਕੇ ਗਲੀਆਂ ਸਾਫ਼-ਸੁਥਰੀਆਂ ਹਨ।

ਪਿੰਡ ਬਾਹਮਣੀ

ਪਿੰਡ ਬਾਹਮਣੀ ਦੀ ਸਰਪੰਚ ਨੇਹਾ ਕੁਮਾਰੀ

ਪਿੰਡ ਬਾਹਮਣੀ ਦੀ ਸਰਪੰਚ ਨੇਹਾ ਕੁਮਾਰੀ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਹਮਣੀ ਦੀ 23 ਵਰ੍ਹਿਆਂ ਦੀ ਧੀ ਨੇਹਾ ਕੁਮਾਰੀ ਨੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਸਰਪੰਚ ਬਣ ਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਨੇਹਾ ਕੁਮਾਰੀ ਦੇ ਅਗਵਾਈ ਵਿੱਚ ਸਮੂਹ ਪੰਚਾਇਤ ਪਿੰਡ ਵਿੱਚ ਲੜਕੀਆਂ ਦੀ ਜਨਮ ਦਰ ਵਧਾਉਣ ਵਿੱਚ ਕਾਮਯਾਬ ਹੋਈ ਹੈ। ਇਸੇ ਕਰਕੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਚਾਇਤ ਨੂੰ ਇਨਾਮ  ਵਜੋਂ ਦੋ ਲੱਖ ਰੁਪਏ ਦੀ ਗ੍ਰਾਂਟ ਦੇ ਕੇ ਸਨਮਾਨਿਤ ਕੀਤਾ। 4000 ਦੀ ਆਬਾਦੀ ਵਾਲੇ ਇਸ ਪਿੰਡ ਦੀ ਧੀ ਨੇ ਆਜ਼ਾਦ ਤੌਰ ’ਤੇ ਚੋਣ ਲੜੀ ਸੀ। ਪਿੰਡ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਸਦਕਾ ਨੇਹਾ ਮਰਦ ਉਮੀਦਵਾਰਾਂ ਨੂੰ ਹਰਾ ਕੇ ਪਿੰਡ ਦੀ ਸਰਪੰਚ ਬਣ ਗਈ। ਪਿੰਡ ਦੀ ਸਰਪੰਚੀ ਦੇ ਨਾਲ ਨਾਲ ਉਹ ਬੀਏ ਭਾਗ ਤੀਜਾ ਦੀ ਵਿਦਿਆਰਥਣ ਵੀ ਹੈ।
ਪਿੰਡ ਦੀਆਂ ਵਿਧਵਾਵਾਂ, ਬਜ਼ੁਰਗਾਂ  ਅਤੇ ਅਨਾਥ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੈਨਸ਼ਨ ਸਕੀਮ ਅਧੀਨ ਉਸ ਨੇ ਪਿੰਡ ਦੀਆਂ  27 ਵਿਧਵਾ ਔਰਤਾਂ ਦੀ ਪੈਨਸ਼ਨ ਲਗਵਾਈ ਹੈ। ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਤਿੰਨ ਲੜਕੀਆਂ ਦੇ ਵਿਆਹਾਂ ਦਾ ਖ਼ਰਚਾ ਵੀ ਉਸ ਨੇ ਚੁੱਕਿਆ। ਪਿੰਡ ਦੀ ਸਮੂਹ ਪੰਚਾਇਤ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਪਿੰਡ ਦਾ ਹਰ ਬੱਚਾ ਪੜ੍ਹਿਆ-ਲਿਖਿਆ ਹੋਵੇ। ਇਸ ਤੋਂ ਇਲਾਵਾ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਖ਼ਿਲਾਫ਼ ਪਿੰਡ ਵਾਸੀਆਂ ਖ਼ਾਸ ਕਰਕੇ ਔਰਤਾਂ ਨੂੰ ਸਮੇਂ ਸਮੇਂ ’ਤੇ ਮੀਟਿੰਗ, ਸੈਮੀਨਾਰ ਅਤੇ ਨਾਟਕਾਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ। ਪੰਚਾਇਤ ਵੱਲੋਂ ਹਰ ਕੰਮ ਲਈ ਵੱਖੋ-ਵੱਖ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਆਪੋ-ਆਪਣੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਕਿ ਕਿਸੇ ਵੀ ਛੋਟੇ ਤੋ ਛੋਟੇ ਕੰਮ ਵਿੱਚ ਕੋਈ ਕਮੀ ਨਾ ਰਹੇ।
ਪਿੰਡ ਵਿੱਚ ਇੱਕ ਗੁਰਦੁਆਰਾ, ਤਿੰਨ ਮੰਦਿਰ ਅਤੇ ਇੱਕ ਚਰਚ ਬਣੀ ਹੋਈ ਹੈ। ਪਿੰਡ ਵਿੱਚ  ਬਿਜਲੀ ਦਾ 66 ਕੇਵੀ ਗਰਿੱਡ ਬਣਿਆ ਹੋਇਆ ਹੈ। ਪਿੰਡ ਦੀ ਗਲੀਆਂ ਨਾਲੀਆਂ ਤੋਂ ਲੈ ਕੇ ਸ਼ਮਸ਼ਾਨਘਾਟ ਆਦਿ ਦੇ ਰਸਤਿਆਂ ਨੂੰ ਪੱਕਾ ਕੀਤਾ ਗਿਆ ਹੈ। ਨਰੇਗਾ ਸਕੀਮ ਤਹਿਤ ਗ਼ਰੀਬ ਵਰਗ ਦੇ ਲੋਕਾਂ ਦੇ ਘਰਾਂ ਵਿੱਚ ਕੂੜੇ ਕਰਕਟ ਲਈ ਖੱਡੇ ਬਣਾ ਕੇ ਦਿੱਤੇ ਗਏ ਹਨ।

ਪਿੰਡ ਸੀਚੇਵਾਲ

ਜਲੰਧਰ ਜ਼ਿਲ੍ਹੇ ਦਾ ਪ੍ਰਸਿੱਧ ਪਿੰਡ ਸੀਚੇਵਾਲ ਜਿਸ ਨੇ ਪੂਰੇ ਪੰਜਾਬ ਨੂੰ ਪਾਣੀ ਦੇ ਸਰੋਤਾ ਨੂੰ ਸਾਂਭਣ, ਸਾਫ਼ ਰੱਖਣ ਅਤੇ ਹਰਿਆਵਲ ਪੈਦਾ ਕਰਨ ਦਾ ਸਨੇਹਾ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪਿੰਡ ਦੀ ਧੀ ਰਜਵੰਤ ਕੌਰ ਨੂੰ ਸਰਪੰਚ ਚੁਣ ਕੇ ਵੱਖਰੀ ਮਿਸਾਲ ਪੈਦਾ ਕੀਤੀ ਹੈ। ਰਜਵੰਤ ਕੌਰ ਨੇ ਐਮਏ ਅੰਗਰੇਜ਼ੀ ਅਤੇ ਬੀਐਡ ਤਕ ਪੜ੍ਹਾਈ ਕੀਤੀ ਹੋਈ ਹੈ। ਉਹ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਕਾਲਜ ਵਿੱਚ ਅਧਿਆਪਨ ਦਾ ਕਾਰਜ ਵੀ ਨਾਲੋ-ਨਾਲ ਕਰ ਰਹੀ ਹੈ। ਸਰਪੰਚ ਬਣ ਕੇ ਉਸ ਨੇ ਮਗਨਰੇਗਾ ਅਧੀਨ ਕਮਿਊਨਿਟੀ ਸੈਂਟਰ ਅਤੇ ਬੂਟਿਆਂ ਲਈ ਨਰਸਰੀ ਬਣਾਈ ਹੈ। ਇਸ ਨਰਸਰੀ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਤਿਆਰ ਕੀਤੇ ਜਾਂਦੇ ਹਨ। ਪੰਚਾਇਤ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ 24 ਘੰਟੇ ਦਿੱਤੀ ਜਾਂਦੀ ਹੈ। ਇਸ ਅਗਾਂਹਵਧੂ ਪਿੰਡ ਨੇ ਛੱਪੜ ਵਿੱਚ ਪਾਣੀ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਲਾਏ ਹੋਏ ਹਨ ਅਤੇ ਸਾਫ਼ ਹੋਏ ਪਾਣੀ ਦੀ ਵਰਤੋਂ ਖੇਤੀ ਆਦਿ ਵਿੱਚ ਕੀਤੀ ਜਾਂਦੀ ਹੈ। ਛੱਪੜਾਂ ਦੀ ਚਾਰਦੀਵਾਰੀ ਕੀਤੀ ਗਈ ਹੈ ਅਤੇ ਇੰਟਰਲੌਕਿੰਗ ਟਾਈਲਾਂ ਦੇ ਫਰਸ਼ ਲਾਏ ਗਏ ਹਨ। ਪੰਚਾਇਤ ਵੱਲੋਂ ਗ੍ਰਾਮ ਸਭਾ ਦੇ ਆਮ ਇਜਲਾਸ ਕਰਵਾਏ ਜਾਂਦੇ ਹਨ। ਪਿੰਡ ਲੜਾਈ ਝਗੜਿਆਂ ਤੋਂ ਕੋਹਾਂ ਦੂਰ ਹੈ। ਪੂਰੀ ਪੰਚਾਇਤ ਸਮੇਤ ਸਮੂਹ ਪਿੰਡ ਵਾਸੀ ਪਿੰਡ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਲਈ ਯਤਨਸ਼ੀਲ ਹਨ। ਪੰਚਾਇਤ ਦੁਆਰਾ ਲੜਕੀਆਂ ਦੀ ਸਿੱਖਿਆ ਲਈ ਵਿਸ਼ੇਸ਼ ਉਪਰਾਲੇ  ਕੀਤਾ ਜਾ ਰਹੇ ਹਨ।

– ਕਰਮਜੀਤ ਕੌਰ ਸਮਾਉ 94657-52324

Share :

Share

rbanner1

Share