ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ

ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਸ਼ਾਮਿਲ

ਨਵੀ ਦਿੱਲੀ-ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ (53) ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿਚ ਸ਼ਾਮਿਲ ਹੋ ਗਏ। ਪੰਜਾਬ ਦੀ ਰਾਜਨੀਤੀ ਵਿਚ ਵੱਡੀ ਭੂਮਿਕਾ ਨਾ ਮਿਲਣ ਤੋਂ ਨਾਰਾਜ਼ ਹੋ ਕੇ ਰਾਜਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਪਹਿਲਾਂ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਗਏ ਸਨ ਪਰ ਸ਼ਾਇਦ ਉੱਥੇ ਵੀ ਵੱਡੀ ਭੂਮਿਕਾ ਨੂੰ ਲੈ ਕੇ ਗੱਲ ਅਟਕ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੀ ਚਰਚਾ ਜ਼ੋਰ ਫੜਦੀ ਗਈ ਤੇ ਅੱਜ ਆਖਿਰਕਾਰ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਸਿੱਧੂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੀਆਂ ਰਸਮੀ ਕਾਰਵਾਈ ਪੂਰੀ ਕੀਤੀ ਗਈ, ਭਾਵੇਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਹੀ ਦੱਸ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ 100 ਫੀਸਦੀ ਕਾਂਗਰਸ ਵਿਚ ਸ਼ਾਮਿਲ ਹੋਣਗੇ। ਕਾਂਗਰਸ ਦਾ ਮੰਨਣਾ ਹੈ ਕਿ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਸਿੱਧੂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਇਸ ਦੌਰਾਨ ਸਿੱਧੂ ਨੇ ਆਪਣੇ ਕਾਂਗਰਸ ‘ਚ ਸ਼ਾਮਿਲ ਹੋਣ ਦੇ ਫੈਸਲੇ ਨੂੰ ਟਵੀਟ ਰਾਹੀਂ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਦੱਸਦਿਆ ਕਿਹਾ ਕਿ ਹੁਣ ਫਰੰਟ ਫੁਟ ‘ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਿੱਤ ਹੋਵੇਗੀ। ਸਿੱਧੂ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆ ਕੈਪਟਨ ਨੇ ਬਠਿੰਡੇ ਤੋਂ ਸਿੱਧੂ ਨੂੰ ਫੋਨ ਕਰਕੇ ਵਧਾਈ ਦਿੱਤੀ। ਸਿੱਧੂ ਦੇ ਕਾਂਗਰਸ ‘ਚ ਸ਼ਾਮਿਲ ਹੋਣ ‘ਤੇ ਖੁਸ਼ੀ ਪ੍ਰਗਟ ਕਰਦਿਆ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜਾਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਪਾਰਟੀ ‘ਚ ਸ਼ਾਮਿਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਕਹਿਣ ਤੇ ਕਰਨ ਦੇ ਧਨੀ, ਸਪੱਸ਼ਟ ਗੱਲ ਕਹਿਣ ਵਾਲੇ ਤੇ ਦੇਸ਼ ਪ੍ਰਤੀ ਸਮਰਪਿਤ, ਸਿੱਧੂ ਬਹੁਤ ਹੀ ਵਧੀਆ ਬੁਲਾਰੇ ਵੀ ਹਨ। ਦੱਸਣਯੋਗ ਹੈ ਕਿ ਸਿੱਧੂ ਦੀ ਪਤਨੀ ਡਾ. ਸਿੱਧੂ ਡੇਢ ਮਹੀਨਾ ਪਹਿਲਾਂ ਹੀ ਕਾਂਗਰਸ ਦਾ ਪੱਲਾ ਫੜ ਚੁੱਕੀ ਹੈ। ਬੀਤੇ ਸਾਲ ਸਤੰਬਰ ਮਹੀਨੇ ‘ਚ ਭਾਜਪਾ ਛੱਡ ਵਾਲੇ ਸਿੱਧੂ ਦੇ ‘ਆਪ’ ਵਿਚ ਸ਼ਾਮਿਲ ਹੋਣ ਦੀ ਚਰਚਾ ਤੋਂ ਇਲਾਵਾ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਰਲਕੇ ਆਵਾਜ-ਏ-ਪੰਜਾਬ ਮੋਰਚਾ ਵੀ ਕਾਇਮ ਕੀਤਾ ਸੀ ਪਰ ਉਹ ਜ਼ਿਆਦਾ ਦੇਰ ਤੱਕ ਨਹੀਂ ਚਲ ਸਕਿਆ ਕਿਉਂਕਿ ਸਾਰਿਆਂ ਨੇ ਸਿਆਸੀ ਭਵਿੱਖ ਦੇ ਨਜ਼ਰੀਏ ਨਾਲ ਆਪਣੀ-ਆਪਣੀ ਰਾਹ ਚੁਣ ਲਈ ਸੀ।
10 ਮਹੀਨੇ ਤੋਂ ਕਿੱਥੇ ਸੀ ਸਿੱਧੂ-ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਤੇ ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਹੈ ਕਿ ਭਾਜਪਾ ‘ਚ ਰਹਿੰਦਿਆਂ ਆਪ ਸ਼ਿਕਾਇਤ ਕਰਦੇ ਸੀ ਕਿ ਅਕਾਲੀ ਤੁਹਾਨੂੰ ਪੰਜਾਬ ‘ਚ ਨਹੀਂ ਵੜਨ ਦਿੰਦੇ ਹੁਣ ਬੀਤੇ 10 ਮਹੀਨੇ ਤੋਂ ਆਪ ਕਿਥੇ ਸੀ ਤੇ ਚੋਣਾਂ ਤੋਂ ਮਹਿਜ਼ 20 ਦਿਨ ਪਹਿਲਾਂ ਹੀ ਪੰਜਾਬ ਕਿਉਂ ਆ ਰਹੇ ਹੋ? ਉਨ੍ਹਾਂ ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਕਿ ਤੁਹਾਡੀ ਥਾਂ ਹੁਣ ਸਿੱਧੂ ਮੁੱਖ ਮੰਤਰੀ ਦੇ ਉਮੀਦਵਾਰ ਹਨ, ਉਨ੍ਹਾਂ ਰਾਹੁਲ ਗਾਂਧੀ ਨੂੰ ਵੀ ਇਸ ਬਾਰੇ ਸਪੱਸ਼ਟ ਕਰਨ ਲਈ ਕਿਹਾ ਹੈ, ਕੀ ਕਾਂਗਰਸ ਦਾ ਪੰਜਾਬ ‘ਚ ਹੁਣ ਸਿੱਧੂ ਚਿਹਰਾ ਹੋਣਗੇ?

Share :

Share

rbanner1

Share