ਨਿਊਜ਼ੀਲੈਂਡ ਵੱਲੋਂ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਦਾਅਵੇ ਦਾ ਸਮਰਥਨ

modi-and-keyਦੋਵਾਂ ਦੇਸ਼ਾਂ ਵਿਚਾਲੇ 3 ਸਮਝੌਤੇ ਸਹੀਬੱਧ
ਨਵੀਂ ਦਿੱਲੀ -ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪ ਅਤੇ ਦਹਿਸ਼ਤਗਰਦ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀ ਵਾਲੀ ਸੂਚੀ ਵਿਚ ਸ਼ਾਮਿਲ ਕਰਵਾਉਣ ਵਿਚ ਨਿਊਜ਼ੀਲੈਂਡ ਨੇ ਭਾਰਤ ਦਾ ਸਮਰਥਨ ਕਰਨ ਦੇ ਹਾਂ-ਪੱਖੀ ਸੰਕੇਤ ਪ੍ਰਗਟਾਏ ਹਨ | ਭਾਰਤ ਦੇ ਤਿੰਨ ਦਿਨਾ ਦੌਰੇ ‘ਤੇ ਆਏ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਹਨ ਕੀ ਨੇ ਪ੍ਰਮਾਣੂ ਸਪਲਾਇਰ ਗਰੁੱਪ (ਐਨ. ਐਸ. ਜੀ.) ‘ਚ ਭਾਰਤ ਦੇ ਦਾਖ਼ਲੇ ਨੂੰ ਲੈ ਕੇ ਵੀ ਹਮਾਇਤ ਦਾ ਭਰੋਸਾ ਵੀ ਦਿੱਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਆਪਣੇ ਹਮਰੁਤਬਾ ਜਾਹਨ ਕੀ ਨਾਲ ਹੋਈ ਦੁਵੱਲੀ ਗੱਲਬਾਤ ਨੂੰ ‘ਸਾਰਥਿਕ’ ਕਰਾਰ ਦਿੰਦਿਆਂ ਭਾਰਤ ਪ੍ਰਤੀ ਨਿਊਜ਼ੀਲੈਂਡ ਦੇ ਰੁਖ਼ ‘ਤੇ ਧੰਨਵਾਦ ਕੀਤਾ |
ਐਨ.ਐਸ.ਜੀ. ‘ਤੇ ਹਮਾਇਤ ਦਾ ਭਰੋਸਾ
ਭਾਰਤ ਵੱਲੋਂ ਪ੍ਰਮਾਣੂ ਅਪਸਾਰ ਸਮਝੌਤੇ ‘ਤੇ ਦਸਤਖ਼ਤ ਨਾ ਕਰਨ ਕਾਰਨ ਐਨ. ਐਸ. ਜੀ. ਗਰੁੱਪ ‘ਚ ਉਸ ਦੀ ਮੈਂਬਰਸ਼ਿਪ ਸਵਾਲਾਂ ਦੇ ਘੇਰੇ ਹੇਠ ਹੈ | ਜਾਣਕਾਰ ਹਲਕਿਆਂ ਮੁਤਾਬਿਕ ਦੋਵਾਂ ਨੇਤਾਵਾਂ ਦੀ ਮੀਟਿੰਗ ‘ਚ ਨਿਊਜ਼ੀਲੈਂਡ ਨੇ ਭਰੋਸਾ ਦਿਵਾਇਆ ਕਿ ਉਹ ਭਾਰਤ ਦੀ ਮੈਂਬਰਸ਼ਿਪ ਲਈ ਰਚਨਾਤਮਿਕ ਪੱਖੋਂ ਮੁੱਦੇ ਨਾਲ ਜੁੜਿਆ ਰਹੇਗਾ | ਨਿਊਜ਼ੀਲੈਂਡ ਨੇ ਚੀਨ, ਆਇਰਲੈਂਡ ਅਤੇ ਅਸਟਰੀਆ ਨਾਲ ਇਸ ਗਰੁੱਪ ‘ਚ ਸ਼ਾਮਿਲ ਉਨ੍ਹਾਂ ਦੇਸ਼ਾਂ ਦਾ ਮੁੱਦਾ ਉਠਾਉਣ ਦਾ ਭਰੋਸਾ ਦਿਵਾਇਆ, ਜੋ ਐਨ. ਐਸ. ਜੀ. ਦੇ ਮੈਂਬਰ ਨਹੀਂ ਹਨ | ਇਸ ਸਬੰਧ ਵਿਚ ਨਵੰਬਰ ਵਿਚ ਵਿਆਨਾ ਵਿਖੇ ਗਰੁੱਪ ਦਾ ਸੰਮੇਲਨ ਹੋਣ ਦੀ ਸੰਭਾਵਨਾ ਹੈ |
ਦੋਵਾਂ ਦੇਸ਼ਾਂ ਵਿਚਾਲੇ 3 ਸਮਝੌਤੇ ਸਹੀਬੱਧ
ਭਾਰਤ ਅਤੇ ਨਿਊਜ਼ੀਲੈਂਡ ਨੇ ਵਫ਼ਦ ਪੱਧਰੀ ਮੀਟਿੰਗ ਤੋਂ ਬਾਅਦ 3 ਸਮਝੌਤੇ ਵੀ ਸਹੀਬੱਧ ਕੀਤੇ | ਦੂਹਰੇ ਟੈਕਸ ਡੱਬਾਬੰਦ ਖੁਰਾਕ ਅਤੇ ਖੇਡਾਂ ਸਬੰਧੀ ਹੋਏ ਇਹ ਸਮਝੌਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਮਜ਼ਬੂਤੀ ਲਿਆਉਣ ਦੀ ਦਿਸ਼ਾ ‘ਚ ਚੁੱਕੇ ਕਦਮ ਮੰਨੇ ਜਾ ਰਹੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝੌਤਿਆਂ ਤੋਂ ਪਹਿਲਾਂ ਫੂਡ ਪ੍ਰੋਸੈਸਿੰਗ, ਡੇਅਰੀ ਉਦਯੋਗ ਅਤੇ ਖੇਤੀਬਾੜੀ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਭਰੋਸਾ ਪ੍ਰਗਟਾਇਆ | ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਦਰਮਿਆਨ ਮੰਤਰਾਲੇ ਪੱਧਰ ਦੀ ਦੁਵੱਲੀ ਗੱਲਬਾਤ ਸ਼ੁਰੂ ਕਰਨ ‘ਤੇ ਸਹਿਮਤੀ ਵੀ ਪ੍ਰਗਟਾਈ |
ਅੱਤਵਾਦ ‘ਤੇ ਰਿਹਾ ਮੋਦੀ ਦਾ ਨਿਸ਼ਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਅੱਤਵਾਦ ਨੂੰ ਸਭ ਤੋਂ ਵੱਡੇ ਖ਼ਤਰਿਆਂ ‘ਚੋਂ ਇਕ ਕਰਾਰ ਦਿੰਦਿਆਂ ਕਿਹਾ ਕਿ ਅੱਜ ਅੱਤਵਾਦ ਦੇ ਵਿੱਤੀ ਅਤੇ ਸੂਚਨਾਤਮਕ ਨੈੱਟਵਰਕ ਦਾ ਫੈਲਾਅ ਪੂਰੀ ਦੁਨੀਆ ਵਿਚ ਹੈ | ਉਨ੍ਹਾਂ ਕਿਹਾ ਕਿ ਜੋ ਦੇਸ਼ ਮਨੁੱਖਤਾ ਵਿਚ ਯਕੀਨ ਰੱਖਦੇ ਹਨ, ਉਹ ਇਸ ਖਤਰੇ ਦੇ ਖਿਲਾਫ ਆਪਣੀਆਂ ਨੀਤੀਆਂ ਅਤੇ ਕਦਮਾਂ ਵਿਚ ਤਾਲਮੇਲ ਵਧਾਉਣ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਇਨ੍ਹਾਂ ਖਤਰਿਆਂ ਦੇ ਖਿਲਾਫ ਇਕ-ਦੂਜੇ ਦੇ ਨਾਲ ਖੜ੍ਹੇ ਹਨ |
ਕ੍ਰਿਕਟ ‘ਤੇ ਵੀ ਹੋਈ ਚਰਚਾ
ਦੁਵੱਲੇ ਸਬੰਧ, ਕਾਰੋਬਾਰ ਅਤੇ ਅੱਤਵਾਦ ਜਿਹੇ ਗੰਭੀਰ ਮੁੱਦਿਆਂ ਤੋਂ ਪਰ੍ਹੇ ਚਰਚਾ ਨੂੰ ਦਿਲਚਸਪ ਬਣਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਅਤੇ ਜਾਹਨ ਕੀ ਨੇ ਕ੍ਰਿਕਟ ਨੂੰ ਵੀ ਆਪਣੀ ਗੱਲਬਾਤ ਵਿਚ ਵਿਸ਼ੇਸ਼ ਥਾਂ ਦਿੱਤੀ | ਮੋਦੀ ਨੇ ਜਾਹਨ ਕੀ ਨੂੰ ਕੀਤੇ ਸੰਬੋਧਨ ਵਿਚ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੀ ਕ੍ਰਿਕਟ ਲੜੀ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ | ਦੱਸਣਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 5 ਇਕ ਰੋਜ਼ਾ ਕ੍ਰਿਕਟ ਲੜੀ ਦਾ ਅੱਜ ਚੌਥਾ ਮੈਚ ਰਾਂਚੀ ‘ਚ ਖੇਡਿਆ ਗਿਆ | ਮੋਦੀ ਨੇ ਕਿਹਾ ਕਿ ਕ੍ਰਿਕਟ ਦੀਆਂ ਕੁਝ ਪਰਿਭਾਸ਼ਕ ਸ਼ਬਦਾਵਲੀ ਸਾਡੇ ਦੁਵੱਲੇ ਸਬੰਧਾਂ ਦੇ ਵਿਕਾਸ ਨੂੰ ਦਰਸਾਉਂਦੀ ਹੈ | ਮੋਦੀ ਨੇ ‘ਲਾਗ ਆਫ’ ਜਿਹੇ ਕ੍ਰਿਕਟ ਦੇ ਤਕਨੀਕੀ ਸ਼ਬਦਾਂ ਦਾ ਸਹਾਰਾ ਲੈਂਦਿਆਂ ਕਿਹਾ ਕਿ ਬੱਲੇਬਾਜ਼ੀ ਦੀ ਪਿੱਚ ‘ਤੇ ਹੁਣ ਅਸੀਂ ਫੀਲਡਿੰਗ ‘ਤੇ ‘ਲਾਗ ਆਫ’ ‘ਤੇ ਪਹੁੰਚ ਗਏ ਹਾਂ | ਰੱਖਿਆਤਮਕ ਖੇਡ ਰਾਹੀਂ ਹੀ ਅਸੀਂ ਸਾਕਾਰਾਤਮਕ ਬੱਲੇਬਾਜ਼ੀ ਕਰ ਸਕਾਂਗੇ | ਜਾਹਨ ਕੀ ਨੇ ਵੀ ਮੋਦੀ ਦੀ ਟਿੱਪਣੀ ‘ਤੇ ਫੌਰੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਮੋਦੀ ਦੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੇ ਟੀਮ (ਨਿਊਜ਼ੀਲੈਂਡ) ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ | ਦੌਰੇ ‘ਤੇ ਆਈ ਟੀਮ ਹਾਲੇ ਤੱਕ ਖੇਡੇ ਜਾ ਚੁੱਕੇ 3 ਮੈਚਾਂ ‘ਚੋਂ 2 ਮੈਚ ਹਾਰ ਚੁੱਕੀ ਹੈ |
ਮੋਦੀ ਨੇ ਜਾਹਨ ਕੀ ਨੂੰ ਕਿਹਾ ‘ਹੈਪੀ ਦੀਵਾਲੀ’
ਪ੍ਰਧਾਨ ਮੰਤਰੀ ਮੋਦੀ ਨੇ ਦੌਰ ‘ਤੇ ਆਏ ਪਤਵੰਤੇ ਦਾ ਸਵਾਗਤ ਹੈਪੀ ਦੀਵਾਲੀ ਨਾਲ ਕੀਤਾ | ਉਨ੍ਹਾਂ ਨਿਊਜ਼ੀਲੈਂਡ ਦੀ ਸੰਸਦ ਵਿਚ ਦੀਵਾਲੀ ਮਨਾਉਣ ਅਤੇ ਕੀ ਵੱਲੋਂ ਇਸ ਰਵਾਇਤ ਦਾ ਹਿੱਸਾ ਬਣਨ ਦਾ ਖਾਸ ਸਵਾਗਤ ਕੀਤਾ | ਰਾਸ਼ਟਰਪਤੀ ਭਵਨ ‘ਚ ਹੋਇਆ ਰਸਮੀ ਸਵਾਗਤ | ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਨਾਲ ਆਏ ਵਫ਼ਦ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ | ਜਿਸ ਤੋਂ ਬਾਅਦ ਜਾਹਨ ਕੀ ਨੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ |

Share :

Share

rbanner1

Share