ਨੋਵਾਕ ਜੋਕੋਵਿਚ ਮਹਾਨ ਬਣਨ ਦੀ ਰਾਹ ‘ਤੇ

ਪੁਰਸ਼ ਟੈਨਿਸ ਇਤਿਹਾਸ ਵਿਚ ਇਸ ਤਰ੍ਹਾਂ ਸਿਰਫ਼ ਤਿੰਨ ਵਾਰ ਹੋਇਆ ਹੈ ਜਦੋਂ ਕਿਸੇ ਖਿਡਾਰੀ ਨੇ ਚਾਰੇ ਗ੍ਰੈਂਡਸਲੇਮ ਖਿਤਾਬ ਇਕੋ ਵੇਲੇ ਆਪਣੇ ਕੋਲ ਰੱਖੇ ਹੋਣ। ਪੈਰਿਸ ਵਿਚ ਨੋਵਾਕ ਜੋਕੋਵਿਚ ਵੱਲੋਂ ਇਹ ਕਾਰਨਾਮਾ ਕਰਨ ਤੋਂ ਪਹਿਲਾਂ ਡੋਨ ਬਜ (1938) ਅਤੇ ਰੋਡ ਲੇਵਰ (1962 ਤੇ 1969) ਇਕੋ ਵੇਲੇ ਫ੍ਰੈਂਚ ਓਪਨ, ਆਸਟ੍ਰੇਲੀਅਨ ਓਪਨ, ਯੂ. ਐਸ. ਓਪਨ ਤੇ ਵਿੰਬਲਡਨ ਟ੍ਰਾਫੀ ਆਪਣੇ ਕੋਲ ਰੱਖ ਚੁੱਕੇ ਸਨ। ਵਰਨਣਯੋਗ ਹੈ ਕਿ 47 ਸਾਲ ਪਹਿਲਾਂ ਲੇਵਰ ਨੇ ਕੈਲੇਂਡਰ ਗ੍ਰੈਂਡਸਲੇਮ ਜਿੱਤਿਆ ਸੀ ਅਤੇ ਹੁਣ 29 ਸਾਲਾ ਜੋਕੋਵਿਚ ਆਸਟ੍ਰੇਲੀਅਨ ਓਪਨ ਤੇ ਫ੍ਰੈਂਚ ਓਪਨ ਜਿੱਤ ਕੇ ਅੱਧਾ ਕੈਲੰਡਰ ਗ੍ਰੈਂਡਸਲੇਮ ਤਾਂ ਜਿੱਤ ਚੁੱਕਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੂਰਾ ਕੈਲੰਡਰ ਗ੍ਰੈਂਡਸਲੇਮ ਜਿੱਤਣਾ ਵੀ ਸੰਭਵ ਹੈ। ਇਸ ਤੋਂ ਸਪੱਸ਼ਟ ਹੈ ਕਿ ਜੋਕੋਵਿਚ ਇਸ ਸਾਲ ਦੇ ਵਿੰਬਲਡਨ ਤੇ ਯੂ. ਐਸ. ਓਪਨ ‘ਤੇ ਵੀ ਨਜ਼ਰਾਂ ਜਮਾਈ ਬੈਠੇ ਹਨ ਅਤੇ ਫਿਲਹਾਲ ਜੋ ਉਨ੍ਹਾਂ ਦਾ ਫਾਰਮ ਹੈ, ਉਸ ਤੋਂ ਇਹ ਸੰਭਵ ਵੀ ਲਗਦਾ ਹੈ। ਜੋਕੋਵਿਚ ਹੁਣ 12 ਸਿੰਗਲ ਗ੍ਰੈਂਡਲਸਲੇਮ ਜਿੱਤ ਚੁੱਕੇ ਹਨ। ਰਾਏ ਐਮਰਸਨ ਨੇ ਵੀ 12 ਹੀ ਗ੍ਰੈਂਡਸਲੇਮ ਜਿੱਤੇ ਸਨ, ਜਦੋਂ ਕਿ ਪੀਟ ਸੰਪ੍ਰਾਸ ਤੇ ਰਾਫੇਲ ਨਡਾਲ ਨੇ 14-14 ਗ੍ਰੈਂਡਸਲੇਮ ਜਿੱਤੇ ਹਨ ਅਤੇ 17 ਗ੍ਰੈਂਡਸਲੇਮ ਦੇ ਨਾਲ ਰੋਜਰ ਫੇਡਰਰ ਹੁਣ ਵੀ ਸਭ ਤੋਂ ਅੱਗੇ ਬਣੇ ਹੋਏ ਹਨ। ਪੈਰਿਸ ਵਿਚ ਜੋਕੋਵਿਚ ਦੀ ਇਹ ਪਹਿਲੀ ਖਿਤਾਬੀ ਜਿੱਤ ਹੈ, ਜਿਸ ਨੂੰ ਉਨ੍ਹਾਂ ਨੇ ਬਰਤਾਨੀਆ ਦੇ ਆਪਣੇ ਪੁਰਾਣੇ ਮੁਕਾਬਲੇਬਾਜ਼ ਐਂਡੀ ਮਰੇ ਨੂੰ 3-6, 6-1, 6-2 ਤੇ 6-4 ਨਾਲ ਹਰਾਇਆ। ਰੋਲਾਂ ਗੈਰਾ ਵਿਚ ਫਾਈਨਲ ਮੈਚ ਤਣਾਅਪੂਰਨ ਸਥਿਤੀਆਂ ਵਿਚ ਪਹੁੰਚ ਗਿਆ ਸੀ ਜਦੋਂ ਚੌਥੇ ਸੈੱਟ ਦੇ ਅੱਠਵੇਂ ਗੇਮ ਵਿਚ ਜੋਕੋਵਿਚ ਆਪਣੀ ਸਰਵਿਸ ਬ੍ਰੇਕ ਕਰਾ ਬੈਠੇ ਅਤੇ ਫਿਰ ਦਸਵੇਂ ਗੇਮ ਵਿਚ ਉਨ੍ਹਾਂ ਨੇ ਦੋ ਚੈਂਪੀਅਨਸ਼ਿਪ ਅੰਕ ਗਵਾਏ, ਪਰ ਮਰੇ ਨੇ ਅਗਲੀ ਰੈਲੀ ਵਿਚ ਜੋ ਬੈਕਹੈਂਡ ਖੇਡਿਆ, ਉਹ ਨੈੱਟ ਵਿਚ ਗਿਆ ਅਤੇ ਜੋਕੋਵਿਚ ਲਈ ‘ਬਹੁਤ ਹੀ ਵਿਸ਼ੇਸ਼ ਪਲ’ ਜੋ ਉਨ੍ਹਾਂ ਦੇ ‘ਕੈਰੀਅਰ ਦਾ ਸਭ ਤੋਂ ਸਰਬਉੱਤਮ’ ਸੀ, ਹਾਸਲ ਹੋ ਗਿਆ। ਧਿਆਨ ਰਹੇ ਕਿ ਪੈਰਿਸ ਵਿਚ ਜੋਕੋਵਿਚ ਪਹਿਲਾਂ ਵੀ ਤਿੰਨ ਵਾਰ ਫਾਈਨਲ ਵਿਚ ਪਹੁੰਚੇ ਸਨ, ਪਰ ਨਾਕਾਮ ਰਹੇ। ਉਨ੍ਹਾਂ ਦਾ ਕਹਿਣਾ ਹੈ, ‘ਮੈਂ ਅੱਜ (ਜਿੱਤਣ ਦੇ ਬਾਅਦ) ਰੋਲਾਂ ਗੈਰਾ ‘ਤੇ ਉਹ ਮਹਿਸੂਸ ਕੀਤਾ ਜੋ ਪਹਿਲਾਂ ਕਦੀ ਨਹੀਂ ਸੀ ਕੀਤਾ। ਮੈਨੂੰ ਦਰਸ਼ਕਾਂ ਦਾ ਪਿਆਰ ਮਹਿਸੂਸ ਹੋਇਆ।’ ਇਕ ਖਿਤਾਬ ਜਿੱਤਣ ਵਿਚ ਸਖ਼ਤ ਮਿਹਨਤ ਲਗਦੀ ਹੈ ਅਤੇ ਜੋਕੋਵਿਚ ਲਗਾਤਾਰ ਪਿਛਲੇ ਚਾਰ ਗ੍ਰੈਂਡਸਲੇਮ ਜਿੱਤ ਚੁੱਕੇ ਹਨ, ਭਾਵ ਇਕ ਇਸ ਤਰ੍ਹਾਂ ਦਾ ਕਾਰਨਾਮਾ ਜੋ ਪੁਰਸ਼ ਟੈਨਿਸ ਵਿਚ 1969 (ਲੇਵਰ) ਦੇ ਬਾਅਦ ਪਹਿਲੀ ਵਾਰ ਹੋਇਆ ਹੈ। ਇਸ ਸਫਲਤਾ ਦੇ ਨਾਲ ਜੋਕੋਵਿਚ ਨੇ ਆਪਣਾ ਨਾਂਅ ਟੈਨਿਸ ਇਤਿਹਾਸ ਦੇ ਸਭ ਤੋਂ ਮਜ਼ਬੂਤ ਖਿਡਾਰੀਆਂ ਦੀ ਸੂਚੀ ਵਿਚ ਦਰਜ ਕਰਾ ਲਿਆ ਹੈ। ਵਿਸ਼ਵ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਪਿਛਲੇ ਇਕ ਸਾਲ ਤੋਂ ਜ਼ਬਰਦਸਤ ਫਾਰਮ ਵਿਚ ਹੈ, ਇਸ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਇਸ ਸਾਲ ਦੇ ਬਾਕੀ ਦੋ ਮੇਜਰ ਜਿੱਤ ਕੇ ਕੈਲੰਡਰ ਗ੍ਰੈਂਡਸਲੇਮ ਹਾਸਲ ਕਰ ਸਕਦੇ ਹਨ। ਇਹ ਸੰਭਾਵਨਾ ਇਸ ਲਈ ਵੀ ਜ਼ਿਆਦਾ ਪ੍ਰਤੀਤ ਹੁੰਦੀ ਹੈ ਕਿਉਂਕਿ ਵਰਤਮਾਨ ਵਿਚ ਪੁਰਸ਼ ਸਰਕਟ ਵਿਚ ਜੋਕੋਵਿਚ ਦਾ ਕੋਈ ਦਮਦਾਰ ਮੁਕਾਬਲੇਬਾਜ਼ ਮੌਜੂਦ ਨਹੀਂ ਹੈ। ਇਹ ਸਹੀ ਹੈ ਕਿ ਵਿਸ਼ਵ ਦੇ ਨੰਬਰ ਦੋ ਖਿਡਾਰੀ ਐਂਡੀ ਮਰੇ ਵਰਗੇ ਖਿਡਾਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਇਸ ਚੈਂਪੀਅਨ ਸਰਬ ਨੇ ਪਿਛਲੇ ਇਕ ਸਾਲ ਦੌਰਾਨ ਜੋ ਆਪਣਾ ਦਬਦਬਾ ਕਾਇਮ ਕੀਤਾ ਹੈ, ਉਹ ਵਰਨਣਯੋਗ ਹੈ। ਹੁਣ ਜਦੋਂ ਰੋਜ਼ਰ ਫੈਡਰਰ ਆਪਣੇ ਕੈਰੀਅਰ ਦੇ ਆਖਰੀ ਪੜਾਅ ਵਿਚ ਹਨ ਅਤੇ ਰਾਫੇਲ ਨਡਾਲ ਸੱਟਾਂ ਨਾਲ ਜੂਝ ਰਹੇ ਹਨ ਤਾਂ ਜੋਕੋਵਿਚ ਆਸਾਨੀ ਨਾਲ ਸਭ ਤੋਂ ਜ਼ਿਆਦਾ ਗਿਣਤੀ ਵਿਚ ਗ੍ਰੈਂਡਸਲੇਮ ਖਿਤਾਬ ਹਾਸਲ ਕਰਨ ਵਾਲੇ ਖਿਡਾਰੀ ਬਣ ਸਕਦੇ ਹਨ। ਵਰਤਮਾਨ ਵਿਚ ਉਨ੍ਹਾਂ ਦੇ ਕੋਲ 12 ਗ੍ਰੈਂਡਸਲੇਮ ਹਨ, ਜੋ ਕਿ ਰਾਫਾ ਤੋਂ ਦੋ ਅਤੇ ਰੋਜ਼ਰ ਤੋਂ 5 ਘੱਟ ਹਨ। ਧਿਆਨ ਰਹੇ, ਸਾਲਾਂ ਤੱਕ ਜੋਕੋਵਿਚ ਰਾਫਾ-ਰੋਜ਼ਰ ਮੁਕਾਬਲੇਬਾਜ਼ ਦੇ ਪਰਛਾਵੇਂ ਹੇਠ ਰਹੇ, ਪਰ ਹੁਣ ਜੋ ਉਹ ਆਪਣੇ ਵਿਚ ਨਿਖਾਰ ਦਿਖਾ ਰਹੇ ਹਨ, ਉਹ ਨਿਸਚਤ ਤੌਰ ‘ਤੇ ਉਸ ਦੇ ਯੋਗ ਹਨ।

Share :

Share

rbanner1

Share