ਆਦਰਸ਼ਾਂ ਨੂੰ ਆਦਰਸ਼ਾਂ ਵਾਂਗ ਹੀ ਵਿਵਹਾਰ ਕਰਨਾ ਚਾਹੀਦਾ ਹੈ…

Sachin Lata Tanmayਹਾਲ ਹੀ ਵਿੱਚ ਸੋਸ਼ਲ ਮੀਡੀਆ ਵਿੱਚ ਦੋ ਉੱਘੀਆਂ ਹਸਤੀਆਂ-ਲਤਾ ਮੰਗੇਸ਼ਕਰ ਤੇ ਸਚਿਨ ਤੇਂਦੁਲਕਰ ਦਾ ਮਜ਼ਾਕ ਉਡਾਏ ਜਾਣ ਨੂੰ ਲੈ ਕੇ ਕਾਫ਼ੀ ਰੌਲਾ-ਰੱਪਾ ਪਿਆ। ਇਲੈਕਟ੍ਰਾਨਿਕ ਮੀਡੀਆ ਦੇ ਇੱਕ ਹਿੱਸੇ ਨੇ ਵੀ ਮਹਿਜ਼ ਬਹਾਨਾ ਬਣਾ ਕੇ ਇਸ ਵਿਵਾਦ ਨੂੰ ਹਵਾ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਸੀਂ ਸਾਰੇ ਅਜਿਹੇ ਸਮਾਜ ਦਾ ਹਿੱਸਾ ਬਣਦੇ ਜਾ ਰਹੇ ਹਾਂ ਜੋ ਨਿੱਕੀ-ਨਿੱਕੀ ਗੱਲ ਤੋਂ ਬੜੀ ਛੇਤੀ ਆਪਾ ਗੁਆ ਬੈਠਦਾ ਹੈ। ਉਪਰੋਕਤ ਸਾਰੇ ਵਿਵਾਦ ਨੂੰ ਹੱਲਾਸ਼ੇਰੀ ਦੇਣ ਵਿੱਚ ਉਨ੍ਹਾਂ ‘ਬਰਾਂਡ’ ਮੈਨੇਜਰਾਂ ਦਾ ਵੱਡਾ ਹੱਥ ਸੀ, ਜਿਨ੍ਹਾਂ ਨੇ ਆਪਣੀ ਮੰਤਵ-ਪੂਰਤੀ ਲਈ ਇਹ ਦਲੀਲ ਘੜ ਲਈ ਕਿ ਕਿਉਂਕਿ ਸਚਿਨ ਇਕ ਉੱਘੀ ਹਸਤੀ ਤੇ ਦੇਸ਼ ਦਾ ਸਰਵਉੱਚ ਸਨਮਾਨ ‘ਭਾਰਤ ਰਤਨ’ ਪ੍ਰਾਪਤ ਸ਼ਖ਼ਸੀਅਤ ਹੈ, ਲਿਹਾਜ਼ਾ ਕਿਸੇ ਨੂੰ ਵੀ ਉਹਦਾ ਮਜ਼ਾਕ ਉਡਾਉਣ ਦੀ ਦੀ ਖੁੱਲ੍ਹ ਨਹੀਂ ਦਿੱਤੀ ਜਾਣੀ ਚਾਹੀਦੀ।
ਮੇਰੇ ਖਿਆਲ ਵਿੱਚ ਸਚਿਨ ਨੂੰ ‘ਭਾਰਤ ਰਤਨ’ ਨਾਲ ਸਨਮਾਨਣ ਦਾ ਮਨਮੋਹਨ ਸਿੰਘ ਸਰਕਾਰ ਦਾ ਫ਼ੈਸਲਾ ਸਭ ਤੋਂ ਅਹਿਮਕਾਨਾ ਫ਼ੈਸਲਿਆਂ ਵਿੱਚੋਂ ਇੱਕ ਸੀ। ਇਹ ਫ਼ੈਸਲਾ ਇਸ ਗੱਲ ਨੂੰ ਸਾਬਤ ਕਰਨ ਲਈ ਕਾਫ਼ੀ ਸੀ ਕਿ ਯੂਪੀਏ ਹਕੂਮਤ ਦੀ ਕਲਪਨਾ ਸ਼ਕਤੀ ਮੁੱਕ ਚੁੱਕੀ ਹੈ। ਇਹ ਸੋਚਣਾ ਕਿ ਮਹਾਰਾਸ਼ਟਰ ਦੇ ਵੋਟਰ ਸਿਰਫ਼ ਇਸ ਲਈ ਕਾਂਗਰਸ ਦੇ ਹੱਕ ’ਚ ਭੁਗਤਣਗੇ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਐਜਾਜ਼ ਇਕ ਮਹਾਰਾਸ਼ਟਰੀਅਨ ਨੂੰ ਦਿੱਤਾ ਗਿਆ ਹੈ, ਸਿਆਸੀ ਦੀਵਾਲੀਏਪਣ ਦਾ ਪ੍ਰਮਾਣ ਸੀ।
ਜਿਵੇਂ ਕਿ ਸਪਸ਼ਟ ਹੈ ਕਿ ਕਾਂਗਰਸ ਤੇ ਉਸ ਦੀ ਭਾਈਵਾਲ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਨੂੰ 2014 ਲੋਕ ਸਭਾ ਚੋਣਾਂ ਵਿੱਚ ਮੂੰਹ ਦੀ ਖਾਣੀ ਪਈ। ਸਚਿਨ ਨੇ ਵੀ ਕਾਂਗਰਸ ਦੀ ਬਾਂਹ ਫੜਨ ਲਈ ਹੱਥ ਅੱਗੇ ਨਹੀਂ ਕੀਤਾ। ਉਸ ਨੂੰ ਕਰਨਾ ਵੀ ਨਹੀਂ ਸੀ ਚਾਹੀਦਾ।
ਸਚਿਨ ਬਾਰੇ ਸਰਕਾਰ ਨੂੰ ਫ਼ੈਸਲੇ ਲਈ ਮਜਬੂਰ ਕਰਨ ਵਿੱਚ ਸੋਸ਼ਲ ਮੀਡੀਆ ਨੇ ਵੱਡੀ ਭੂਮਿਕਾ ਨਿਭਾਈ। ਟੈਲੀਵਿਜ਼ਨ ਦੇ ਐਂਕਰਾਂ ਵਿੱਚੋਂ ਇੱਕ, ਜੋ ਖ਼ੁਦ ਵੀ ਮਹਾਰਾਸ਼ਟਰ ਨਾਲ ਸਬੰਧਤ ਸੀ ਅਤੇ ਸੌੜੀ ਸੋਚ ਦਾ ਅਲੰਬਰਦਾਰ ਸੀ, ਨੇ ਮੂਹਰੇ ਹੋ ਕੇ ਅਗਵਾਈ ਕੀਤੀ ਤੇ ਇਸ ਮੁੱਦੇ ਨੂੰ ਮਹਾਰਾਸ਼ਟਰੀਅਨ (ਸੂਬਾਈ) ਰੰਗਤ ਦਿੱਤੀ। ਕੁਝ ਹੋਰਨਾਂ ਨੇ ਇਹ ਸੋਚਿਆ ਕਿ ਸ਼ਾਇਦ ਸਾਰੇ ਭਾਰਤ ਦੀ ਇਹੀ ਤਾਂਘ ਹੈ ਤੇ ਉਹ ਵੀ ‘ਸਚਿਨ ਮੰਡਲੀ’ ਦਾ ਹਿੱਸਾ ਬਣ ਗਏ। ਆਪਣਾ ਅਸਰ ਤੇ ਵਕਾਰ ਗੁਆਉਂਦੀ ਜਾ ਰਹੀ ਸਰਕਾਰ ਨੇ ਵੀ ਸਚਿਨ ਨੂੰ ਭਾਰਤ ਰਤਨ ਦਾ ਐਜਾਜ਼ ਹਾਸਲ ਕਰ ਚੁੱਕੀਆਂ ਸ਼ਖ਼ਸੀਅਤਾਂ ਦੇ ਬਰਾਬਰ ਰੱਖ ਕੇ ਉਨ੍ਹਾਂ ਦਾ ਮਾਣ-ਤਾਣ ਘਟਾਇਆ।
ਸਚਿਨ ਨੂੰ ਭਾਰਤ ਵੱਲੋਂ ਹੁਣ ਤੱਕ ਪੈਦਾ ਕੀਤਾ ਮਹਾਨਤਮ ਕ੍ਰਿਕਟਰ ਨਹੀਂ ਮੰਨਿਆ ਜਾ ਸਕਦਾ। ਉਸ ਨੇ ਦੌੜਾਂ ਦਾ ਭਾਵੇਂ ਅੰਬਾਰ ਲਾ ਛੱਡਿਆ, ਪਰ ਕੀ ਕਦੇ ਉਸ ਦੀਆਂ ਪਾਰੀਆਂ ਨਾਲ ਭਾਰਤ ਦੀ ਜਿੱਤ ਤੇ ਹਾਰ ਵਿੱਚ ਕੋਈ ਫ਼ਰਕ ਪਿਆ? ਇਕ ਖਿਡਾਰੀ ਵਜੋਂ ਉਸ ਨੇ ਕੀ ਕੋਈ ਆਦਰਸ਼ ਸਥਾਪਤ ਕੀਤੇ? ਉਸ ਨੇ ਕਦੇ ਵੀ ਵਿਸ਼ੇਸ਼  ਮਨੋਬਿਰਤੀ ਦੀ ਤਰਜਮਾਨੀ ਜਾਂ ਪ੍ਰਤੀਨਿਧਤਾ ਨਹੀਂ ਕੀਤੀ। ਉਹ ਤੜਕ-ਭੜਕ ਵਾਲੀ ਜ਼ਿੰਦਗੀ ਤੋਂ ਦੂਰ ਰਿਹਾ। ਵਿਆਹ ਵੀ ਉਸ ਨੇ ਵਧੀਆ ਤੇ ਯੋਗ ਤਰੀਕੇ ਨਾਲ ਚੁੱਪ-ਚਾਪ ਕਰਵਾ ਲਿਆ।
ਉਸਦੇ ਖੇਡ ਜੀਵਨ ਦੌਰਾਨ ਇੱਕ ਵੀ ਮੁਕਾਮ ਅਜਿਹਾ ਨਹੀਂ ਆਇਆ ਜਦੋਂ ਉਸ ਲਈ ਕਿਸੇ ਨੇ ‘ਕ੍ਰਿਸ਼ਮਈ ਸ਼ਖ਼ਸੀਅਤ’ ਵਰਗਾ ਵਿਸ਼ੇਸ਼ਣ ਵਰਤਿਆ ਹੋਵੇ। ਟਾਈਗਰ ਪਟੌਦੀ ਵਾਂਗ ਉਸ ਦੀ ਜ਼ਿੰਦਗੀ ’ਚ ਕੋਈ ‘ਸ਼ਰਮੀਲਾ ਟੈਗੋਰ’ ਨਹੀਂ ਆਈ। ਮੈਦਾਨ ਦੇ ਅੰਦਰ ਤੇ ਬਾਹਰ ਉਸ ਨੇ ਸੁਰੱਖਿਅਤ ਖੇਡਣ ਨੂੰ ਤਰਜੀਹ ਦਿੱਤੀ ਅਤੇ ਜੇਕਰ ਕ੍ਰਿਕਟੀਆ ਸੁਹਜ ਦੀ ਗੱਲ ਕਰੀਏ ਤਾਂ ਉਸਦੀ ਖੇਡ ਸ਼ੈਲੀ ਵਿੱਚੋਂ ਕਦੇ ਵੀ ਉਹ ਸੁਹਜ ਨਜ਼ਰ ਨਹੀਂ ਆਇਆ, ਜੋ ਰਾਹੁਲ ਦ੍ਰਾਵਿੜ ਦੀ ਸ਼ੈਲੀ ਵਿੱਚ ਸੀ।
ਸਚਿਨ ਨੇ ਭਾਰਤੀ ਕ੍ਰਿਕਟ ਦੇ ਪੁਰਾਣੇ ਕ੍ਰਮ ਦੀ ਹੀ ਨੁਮਾਇੰਦਗੀ ਕੀਤੀ। ਇਹ ਵੀਰੇਂਦਰ ਸਹਿਵਾਗ ਹੀ ਸੀ, ਜਿਸ ਨੇ ਭੱਦਰ ਪੁਰਸ਼ਾਂ ਦੀ ਇਸ ਖੇਡ ਵਿੱਚ ਹੇਠਲੇ ਪੱਧਰ ਤੋਂ ਉੱਠ ਕੇ ਤੇ ਦਿੱਲੀ ਦੀਆਂ ਗਲੀਆਂ ’ਚੋਂ ਨਿਕਲ ਕੇ ਕ੍ਰਿਕਟ ਦੇ ਕੇਂਦਰੀ ਮੰਚ ’ਤੇ ਆਪਣਾ ਮੁਕਾਮ ਬਣਾਇਆ। ਸਚਿਨ ਵੱਲੋਂ ਲਾਰਡਜ਼ ਦੀ ਬਾਲਕਨੀ ਵਿੱਚ ਕਮੀਜ਼ ਲਾਹ ਕੇ ਲਹਿਰਾਉਣ ਦੀ ਕਲਪਨਾ ਕਰਨਾ ਨਾਮੁਮਕਿਨ ਜਿਹਾ ਜਾਪਦਾ ਹੈ। ਇਹ ਤਾਂ ਸੌਰਵ ਗਾਂਗੁਲੀ ਹੀ ਸੀ, ਜਿਸ ਨੇ ਆਪਣੀ ਜ਼ਿੱਦ ਪੁਗਾਉਂਦਿਆਂ ਜਿੱਤ ਦੇ ਪਲਾਂ ਨੂੰ ਯਾਦਗਾਰੀ ਬਣਾ ਦਿੱਤਾ।
ਪਰ ਸਚਿਨ ਇਕ ‘ਬਰਾਂਡ’ ਬਣ ਚੁੱਕਾ ਹੈ ਤੇ ਇਸ ਬਰਾਂਡ ਨਾਲ ਜੁੜੇ ਲੋਕ ਉਸ ਦੇ ਨਾਂ ਨਾਲ ਜੁੜੀ ਮਿਥਿਆ ਦੀ ਰੱਜ ਕੇ ਵਾਹੀ ਕਰ ਰਹੇ ਹਨ। ਇਸ਼ਤਿਹਾਰਬਾਜ਼ੀ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਹੈ। ਉਤਪਾਦਾਂ ਨੂੰ ਉਹ ਮਾੜੇ ਸੇਲਜ਼ਮੈਨ ਵਜੋਂ ਵੇਚਦਾ ਹੈ। ਇਸ ਕੰਮ ਵਿੱਚ ਪੈਸਾ ਤਾਂ ਬਹੁਤ ਹੈ, ਪਰ ਮਾਣ-ਸਨਮਾਨ ਬਿਲਕੁਲ ਨਹੀਂ। ਹੋਰ ਤਾਂ ਹੋਰ, ਇਸ ਵਿੱਚ ਦੂਜਿਆਂ ਨੂੰ ਸੇਧ ਦੇਣ ਜੋਗਾ ਵੀ ਕੁਝ ਵੀ ਨਹੀਂ।
ਦੂਜਿਆਂ ਲਈ ‘ਆਦਰਸ਼’ ਬਣਨ ਦੀਆਂ ਚਾਹਵਾਨ ਉੱਘੀਆਂ ਹਸਤੀਆਂ, ਜੇ ਚਾਹੁੰਦੀਆਂ ਨੇ ਕਿ ਉਨ੍ਹਾਂ ਦਾ ਮਾਣ-ਤਾਣ ਬਣਿਆ ਰਹੇ ਤਾਂ ਉਹ ਸਦਾਚਾਰਕ ਤੌਰ ’ਤੇ ਕਲਿਆਣਕਾਰੀ ਸਰਗਰਮੀਆਂ ਦਾ ਹਿੱਸਾ ਬਣਨ। ਮਿਸਾਲ ਵਜੋਂ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਕੋਈ ਗੰਭੀਰਤਾ ਨਾਲ ਕਿਉਂ ਲਏਗਾ,ਖ਼ਾਸ ਤੌਰ ’ਤੇ ਜਦੋਂ ਅਸੀਂ ਉਸ ਨੂੰ ਨਿੱਤ ਖ਼ਪਤਕਾਰ ਉਤਪਾਦਾਂ ਦੀ ਮਸ਼ਹੂਰੀ ਕਰਦੇ ਆਮ ਵੇਖਦੇ ਹਾਂ।
ਮੁੱਕਦੀ ਗੱਲ ਇਹ ਹੈ ਕਿ ਦੂਜਿਆਂ ਲਈ ਮਿਸਾਲ ਬਣਨ ਵਾਲਿਆਂ ਨੂੰ ਮਿਸਾਲੀ ਕੰਮ ਕਰਨੇ ਹੀ ਸ਼ੋਭਦੇ ਹਨ।
4 june 9ਮੈਂ ਸਾਬਕਾ ਵਿਦੇਸ਼ ਸਕੱਤਰ ਮਹਾਰਾਜ ਕ੍ਰਿਸ਼ਨ ਰਸਗੋਤਰਾ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਸਵੈ-ਜੀਵਨੀ ‘ਏ ਲਾਈਫ ਇਨ ਡਿਪਲੋਮੈਸੀ’ ਪੜ੍ਹਨ ਦਾ ਲੁਤਫ਼ ਲੈ ਰਿਹਾ ਹਾਂ। ਇਕ ਹੰਢੇ-ਵਰਤੇ ਸਫ਼ੀਰ ਰਸਗੋਤਰਾ, ਜਿਨ੍ਹਾਂ ਨੂੰ ਗੋਲ-ਮੋਲ ਜਾਂ ਘੁਮਾਅ-ਫਿਰਾ ਕੇ ਗੱਲ ਕਰਨ ਦਾ ਲੰਮਾ ਤਜਰਬਾ ਹੈ, ਨੇ ਬੜੀ ਸੌਖੀ ਵਾਰਤਕ ਲਿਖਣ ਦੀ ਕਲਾ ਦਾ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਕੋਲ ਸੁਣਾਉਣ ਲਈ ਚੰਗੇ ਕਿੱਸੇ ਹਨ। ਰਸਗੋਤਰਾ 1949 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੂਨੀਅਰ ਅਧਿਕਾਰੀ ਤੇ ਮਗਰੋਂ ਸੀਨੀਅਰ ਅਧਿਕਾਰੀ ਵਜੋਂ ਸੇਵਾਵਾਂ ਨਿਭਾਉਂਦਿਆਂ ਕਈ ਅਹਿਮ ਵਾਕਿਆਤ ਦੇ ਚਸ਼ਮਦੀਦ ਗਵਾਹ ਰਹੇ ਅਤੇ ਉਨ੍ਹਾਂ ਨੂੰ ਦਿਲਚਸਪ ਸ਼ਖ਼ਸੀਅਤਾਂ ਨੂੰ ਨੇੜਿਓਂ ਹੋ ਕੇ ਵੇਖਣ ਦਾ ਮੌਕਾ ਵੀ ਮਿਲਿਆ।
ਇਸ ਕਿਤਾਬ ਦੇ ਮੁੱਖ ਬੰਦ ਵਿੱਚ ਰਸਗੋਤਰਾ ਲਿਖਦੇ ਹਨ ਕਿ ਇਸ ਸਵੈ-ਜੀਵਨੀ ਨੂੰ ਕਲਮਬੰਦ ਕਰਨ ਦਾ ਮੁੱਖ ਮੰਤਵ ‘ਉਸ ਅਰਸੇ ਦੌਰਾਨ ਜੁਟਾਈ ਜਾਣਕਾਰੀ ਦੇ ਰਹਿ ਗਏ ਖੱਪਿਆਂ ਨੂੰ ਪੂਰਨਾ ਹੈ।’
ਸ਼ਾਇਦ ਸਭ ਤੋਂ ਅਹਿਮ ‘ਦਰਾੜ’ ਜਿਹੜੀ ਉਨ੍ਹਾਂ ਭਰੀ, ਉਹ ਸਰਦਾਰ ਪਟੇਲ ਵੱਲੋਂ ਜਵਾਹਰ ਲਾਲ ਨਹਿਰੂ (ਨਵੰਬਰ 7, 1950) ਨੂੰ ‘ਲਿਖੇ’ ਪੱਤਰ ਦੇ ਰੂਪ ਵਿੱਚ ਹੈ, ਜਿਸ ਵਿੱਚ ਨਵੇਂ ਪ੍ਰਧਾਨ ਮੰਤਰੀ ਨੂੰ ਚੀਨ ਦੀਆਂ ਮੰਦਭਾਵਨਾਵਾਂ ਬਾਰੇ ਆਗਾਹ ਕੀਤਾ ਗਿਆ ਹੈ। ਇਹ ਪੱਤਰ ਨੂੰ ਲੰਮਾ ਸਮਾਂ ਨਹਿਰੂ ਦੇ ਨਿੰਦਕ ਇਹ ਦਰਸਾਉਣ ਲਈ ਵਰਤਦੇ ਰਹੇ ਕਿ ਨਹਿਰੂ ਕਿੰਨੇ ਗ਼ੈਰ-ਯਥਾਰਥਵਾਦੀ ਸਨ ਜਦੋਂ ਕਿ ਸਰਦਾਰ ਪਟੇਲ ਕਿੰਨੇ ਅਸਲਵਾਦੀ ਤੇ ਹਕੀਕਤਾਂ ਨੂੰ ਸਮਝਣ ਤੇ ਕਿਆਸਣ ਵਾਲੇ ਨੇਤਾ ਸਨ। ਰਸਗੋਤਰਾ ਨੇ ਵੀ ਉਹੀ ਗੱਲ ਦੁਹਰਾਈ ਹੈ, ਜਿਸ ਬਾਰੇ ਕਈ ਹੋਰ ਬੁੱਧੀਜੀਵੀ ਵੀ ਲੁਕਵੇਂ ਜਾਂ ਅਸਿੱਧੇ ਰੂਪ ਵਿੱਚ ਇਸ਼ਾਰਾ ਕਰ ਚੁੱਕੇ ਹਨ ਕਿ ‘ਪਟੇਲ ਵਾਲਾ ਪੱਤਰ’ ਲਿਖਣ ਵਾਲਾ ਕੋਈ ਹੋਰ ਨਹੀਂ, ਬਲਕਿ ਸਰ ਗਿਰਿਜਾ ਸ਼ੰਕਰ ਬਾਜਪਾਈ ਹੀ ਸੀ।
Nehru & Girja Shankar BAJPAI in Londonਨਹਿਰੂ ਵੱਲੋਂ ਬਾਜਪਾਈ ਦੀ ਵਿਦੇਸ਼ ਮੰਤਰਾਲੇ ਵਿੱਚ ਪਹਿਲੇ ਸਕੱਤਰ ਜਨਰਲ ਵਜੋਂ ਨਿਯੁਕਤੀ ਤੋਂ ਪਹਿਲਾਂ ਬਰਤਾਨਵੀ ਸਰਕਾਰ ਨੇ ਉਸ ਨੂੰ ਵਾਸ਼ਿੰਗਟਨ ਡੀਸੀ ਵਿੱਚ ਭਾਰਤ ਦੇ ਏਜੰਟ ਜਨਰਲ ਵਜੋਂ ਤਾਇਨਾਤ ਕੀਤਾ ਹੋਇਆ ਸੀ। ਰਸਗੋਤਰਾ ਮੁਤਾਬਕ, ਬਾਜਪਾਈ ਦੇ ਕੰਮਾਂ ਵਿੱਚ ‘ਬਰਤਾਨਵੀ ਸਰਕਾਰ ਦੇ ਜੰਗੀ ਪ੍ਰਚਾਰ ਪ੍ਰਸਾਰ ਵਿੱਚ ਸਹਾਇਤਾ ਕਰਨੀ, ਭਾਰਤ ਦੀ ਆਜ਼ਾਦੀ ਦੀ ਲੜਾਈ ਤੇ ਇਸ ਦੇ ਆਗੂਆਂ ਨੂੰ ਨਿੰਦਣਾ ਅਤੇ ਮਹਾਤਮਾ ਗਾਂਧੀ ਵੱਲੋਂ ‘ਭਾਰਤ ਛੱਡੋ ਅੰਦੋਲਨ’ ਵਿੱਢਣ ਤੋਂ ਬਾਅਦ ਸਰਕਾਰ ਵੱਲੋਂ ਭਾਰਤੀ ਰਾਸ਼ਟਰੀ ਕਾਂਗਰਸ ਤੇ ਉਸ ਦੇ ਹਮਾਇਤੀਆਂ ਦੇ ਦਮਨ ਨੂੰ ਨਿਆਂ-ਸੰਗਤ ਸਿੱਧ ਕਰਨਾ ਸ਼ਾਮਲ ਸੀ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਬ੍ਰਿਟਿਸ਼ ਅਕਾਵਾਂ ਦੇ ਕਹਿਣ ’ਤੇ ਅਮਰੀਕੀਆਂ ਅੱਗੇ ਭਾਰਤ ਬਾਰੇ ਬਹੁਤ ਝੂਠ ਹੀ ਬੋਲਦਾ ਰਿਹਾ ਸੀ।
ਉਂਜ, ਇਸ ਸਭ ਕੁਝ ਦੇ ਬਾਵਜੂਦ ਕਿਉਂਕਿ ਉਹ ਭਾਰਤੀ ਸਿਵਲ ਸੇਵਾਵਾਂ (ਆਈਸੀਐਸ) ਨਾਲ ਸਬੰਧਤ  ਇਸ ਅਧਿਕਾਰੀ ਦੀਆਂ ਖੂਬੀਆਂ ਤੋਂ ਭਲੀ-ਭਾਂਤ ਵਾਕਿਫ਼ ਸਨ ਤੇ ਉਨ੍ਹਾਂ ਨੇ ਬਾਜਪਾਈ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਮੁਖੀ ਵਜੋਂ ਕੰਮ ਕਰਨ ਲਈ ਰਾਜ਼ੀ ਕਰ ਲਿਆ ਸੀ। ਨਹਿਰੂ ਤੇ ਬਾਜਪਾਈ ਵਿੱਚ ਕੁਝ ਗੱਲਾਂ ਨੂੰ ਲੈ ਕੇ ਵਖਰੇਵੇਂ ਵੀ ਸਨ।  ਰਸਗੋਤਰਾ ਲਿਖਦੇ ਹਨ ਕਿ ਦਸ ਜਾਂ ਗਿਆਰਾਂ ਵਾਰ ਤਾਂ ਬਾਜਪਾਈ ਨੇ ਅਸਤੀਫਾ ਵੀ ਦਿੱਤਾ, ਪਰ ਪ੍ਰਧਾਨ ਮੰਤਰੀ ਨੇ ਸਭ ਹੱਦਾਂ-ਬੰਨ੍ਹੇ ਤੋੜਦਿਆਂ ਬਾਜਪਾਈ ਨੂੰ ਅਜਿਹਾ ਨਾ ਕਰਨ ਲਈ ਮਨਾਇਆ। ਬਾਜਪਾਈ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ’ਚੋਂ ਇਕੱਲਾ ਅਜਿਹਾ ਸ਼ਖ਼ਸ ਸੀ, ਜੋ ਨਹਿਰੂ ਨਾਲ ਮਤਭੇਦਾਂ ਦਾ ਪ੍ਰਗਟਾਵਾ ਕਰਨ ਤੋਂ ਡਰਦਾ ਨਹੀਂ ਸੀ ਅਤੇ ਕਈ ਮੌਕਿਆਂ ’ਤੇ ਤਾਂ ਪ੍ਰਧਾਨ ਮੰਤਰੀ ਨੂੰ ਵੀ ਉਨ੍ਹਾਂ ਦੇ ਜਜ਼ਬਾਤੀ ਫ਼ੈਸਲੇ ਬਦਲਣ ਲਈ ਮਨਾ ਲੈਂਦਾ ਸੀ।
ਉਂਜ, ਨਹਿਰੂ ਦੇ ਸ਼ੋਰਬੇ ਵਿੱਚ ਇਕੱਲਾ ਬਾਜਪਾਈ ਹੀ ਇੱਕੋਇੱਕ ਗੰਢਾ ਨਹੀਂ ਸੀ। ਬਾਜਪਾਈ ਤੋਂ ਇਲਾਵਾ ਨਹਿਰੂ ਕੋਲ ਹੋਰ ਵੀ ਕਈ ਹੋਣਹਾਰ ਤੇ ਕਾਬਲ ਅਧਿਕਾਰੀ ਤੇ ਸਲਾਹਕਾਰ ਸਨ। ਇਨ੍ਹਾਂ ਵਿੱਚ ਕੇ.ਐਮ. ਪਾਨੀਕਰ ਤੇ ਕ੍ਰਿਸ਼ਨਾ ਮੈਨਨ ਸ਼ਾਮਲ ਸਨ, ਜਿਨ੍ਹਾਂ ਨਾਲ ਬਾਜਪਾਈ ਦਾ ਨਜ਼ਰੀਏ ਨੂੰ ਲੈ ਕੇ ਵਖਰੇਵਾਂ ਸੀ। ਬਾਜਪਾਈ ਨੂੰ ਇਸ ਗੱਲੋਂ ਖਿਝ ਚੜ੍ਹਦੀ ਸੀ ਕਿ ਨਹਿਰੂ ਉਸ ਵੱਲੋਂ ਦਿੱਤੀ ਸਲਾਹ, ਖ਼ਾਸ ਕਰਕੇ ਚੀਨ ਬਾਬਤ ਦਿੱਤੀ ਜਾਂਦੀ ਸਲਾਹ ਨੂੰ ਬਹੁਤਾ ਗੌਲਦਾ ਨਹੀਂ ਸੀ।
nehru-patel-mountbatten-listicle-getty‘ਸਰਦਾਰ ਪਟੇਲ ਪੱਤਰ’ ਨੂੰ ਸਮੇਂ ਦੇ ਸੰਦਰਭ ਵਿੱਚ ਸਿਆਸੀ ਵਖਰੇਵਿਆਂ ਤੇ ਸਜ਼ਿਸ਼ਾਂ ਵਾਲੇ ਨਜ਼ਰੀਏ ਤੋਂ ਦੇਖੇ ਜਾਣ ਦੀ ਲੋੜ ਹੈ। ਨਹਿਰੂ-ਪਟੇਲ ਅਣਬਣ ਦਾ ਘੇਰਾ ਵਧਦਾ ਜਾ ਰਿਹਾ ਸੀ ਤੇ ਇਸ ਗੱਲ ਦੀ ਵੀ ਗੁੰਜਾਇਸ਼ ਹੈ ਕਿ ਬਾਜਪਾਈ ਨੇ ਬਿਮਾਰ ਪਏ ਸਰਦਾਰ ਨੂੰ ਇਸ ਪੱਤਰ ’ਤੇ ਸਹੀ ਪਾਉਣ ਲਈ ਮਨਾ ਲਿਆ ਹੋਵੇ। ਇਹ ਛੋਟੀ ਜਿਹੀ ਸ਼ਰਾਰਤ ਹੁਣ ਕਈ ਵੱਖੋ-ਵੱਖਰੇ ਇਤਿਹਾਸਕ ਕਿੱਸਿਆਂ ਦਾ ਆਧਾਰ ਬਣ ਗਈ ਹੈ। ਰਸਗੋਤਰਾ ਦੀ ਕਿਤਾਬ ਵਿੱਚ ਅਜਿਹੇ ਹੋਰ ਵੀ ਕਿੱਸੇ ਸ਼ਾਮਲ ਹਨ ਜੋ ਨਿਹਾਇਤ ਪੜ੍ਹਨਯੋਗ ਹਨ।

ਦੁਨੀਆਂ ਵਿੱਚ ਕੋਈ ਵੀ ਅਜਿਹਾ ਅਖ਼ਬਾਰ ਨਹੀਂ ਜੋ ਦਿਹਾੜੀ ’ਚ ਘੱਟੋ ਘੱਟ ਇੱਕ ਗ਼ਲਤੀ ਨਾ ਕਰਦਾ ਹੋਵੇ। ਕੁਝ ਇਸ ਸਚਾਈ ਨੂੰ ਮੰਨਦੇ ਹਨ ਜਦਕਿ ਕੁਝ ਅਜੇ ਵੀ ਇਨਕਾਰੀ ਹਨ। ਸਾਡਾ ਅਖ਼ਬਾਰ ਵੀ ਗ਼ਲਤੀਆਂ ਤੋਂ ਨਹੀਂ ਬਚਿਆ। ਅਸੀਂ ਆਮ ਤੌਰ ’ਤੇ ਆਪਣੀ ਗ਼ਲਤੀ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ, ਪਰ ਕੁਝ ਗ਼ਲਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਬਿਆਨ ਕਰਨਾ ਮੁਸ਼ਕਲ ਹੈ।
ਮਿਸਾਲ ਵਜੋਂ ‘ਟ੍ਰਿਬਿਊਨ’ ਦਾ ਮਕਬੂਲ ਕਾਲਮ ਹੈ ‘ਔਨ ਦਿਸ ਡੇਅ….100 ਯੀਅਰਜ਼ ਅਗੋਅ’ (ਸੌ ਸਾਲ ਪਹਿਲਾਂ…. ਅੱਜ ਦੇ ਦਿਨ)। ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਕਿ ਇਸ ਕਾਲਮ ਹੇਠ ਅਸੀਂ ਅੱਜ ਤੋਂ ਇੱਕ ਸ਼ਤਾਬਦੀ ਪਹਿਲਾਂ ਕੀ ਵਾਪਰਿਆ ਸੀ,ਉਸ ਬਾਰੇ ਜਾਣਕਾਰੀ ਦਿੰਦੇ ਹਾਂ। 4 ਜੂਨ ਨੂੰ ਇਸ ਕਾਲਮ ਹੇਠ ਛਪੀ ਜਾਣਕਾਰੀ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਨਮੋਸ਼ੀ ਝੱਲਣੀ ਪਈ ਹੈ। ਸੌ ਸਾਲ ਪੁਰਾਣੀ ਖ਼ਬਰ ਭਰੋਸੇ ਦੇ ਆਧਾਰ ’ਤੇ ਅਤੇ ਸ਼ਾਇਦ ਮਸ਼ੀਨੀ ਢੰਗ ਨਾਲ ਇਸ ਕਾਲਮ ਵਿੱਚ ਦੁਹਰਾ ਦਿੱਤੀ ਗਈ।
ਸੌ ਸਾਲ ਪਹਿਲਾਂ ਲੇਖਕ ਨੇ ਬੇਸਮਝੀ ਜਾਂ ਅਣਗਹਿਲੀ, ਜਾਂ ਕਹਿ ਲਵੋ ਦੋਵਾਂ ਕਰਕੇ, ਇੱਕ ਖ਼ਬਰ ਵਿੱਚ ਗੁਰੂ ਅਰਜਨ ਦੇਵ ਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਨੂੰ ਰਲਗੱਡ ਕਰ ਦਿੱਤਾ ਸੀ। ਇਹ ਗ਼ਲਤੀ ਬੱਜਰ ਤੇ ਨਾਮਾਫ਼ੀਯੋਗ ਸੀ। ਤਿੰਨ ਦਿਨ ਬਾਅਦ 7 ਜੂਨ, 1916 ਦੇ ਅੰਕ ਵਿੱਚ ‘ਦਿ ਟ੍ਰਿਬਿਊਨ’ ਨੇ ਗ਼ਲਤੀ ਨੂੰ ਦਰੁਸਤ ਵੀ ਕੀਤਾ ਤੇ ਮੁਆਫ਼ੀ ਵੀ ਮੰਗੀ। ਪਰ ਹੁਣ ਸੌ ਸਾਲ ਬਾਅਦ ਸਾਡੇ ਤੋਂ ਮੁੜ ਗ਼ਲਤੀ ਹੋ ਗਈ ਤੇ 4 ਜੂਨ, 1916 ਵਾਲੀ ਗ਼ਲਤ ਖ਼ਬਰ ਮੁੜ ਛਪ ਗਈ। ਹੁਣ 100 ਸਾਲ ਬਾਅਦ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਪਾਠਕਾਂ ਤੋਂ ਬਿਨਾ ਸ਼ਰਤ ਮੁਆਫ਼ੀ ਮੰਗਾਂ। ਜ਼ਾਹਿਰ ਹੈ ਕਿ ਜ਼ਿੰਦਗੀ ਸਾਨੂੰ ਹਰ ਰੋਜ਼ ਹਲੀਮੀ ਦਾ ਇੱਕ ਨਵਾਂ ਸਬਕ ਸਿਖਾਉਂਦੀ ਹੈ।

ਆਖ਼ਿਰ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮੈਨੂੰ ਹਾਲ ਹੀ ਵਿੱਚ ‘ਇਨਸਿੰਕ’ ਚੈਨਲ ਬਾਰੇ ਪਤਾ ਲੱਗਿਆ ਹੈ। ਇਹ ਭਾਰਤੀ ਸੰਗੀਤਕ ਟੈਲੀਵਿਜ਼ਨ ਚੈਨਲ ਹੈ ਜੋ ਟਾਟਾ ਸਕਾਈ (672) ’ਤੇ ਆਉਂਦਾ ਹੈ। ਇਹ ਖੋਜ ਆਪਣੇ ਆਪ ਵਿੱਚ ਬਹੁਤ ਲਜ਼ੀਜ਼ ਹੈ। ਭਾਰਤੀ ਸ਼ਾਸਤਰੀ ਸੰਗੀਤ ਨੂੰ ਸੁਣਨਾ ਤੇ ਮਾਣਨਾ ਆਪਣੇ ਆਪ ਵਿੱਚ ਸੁਹਜਮਈ ਵਰਦਾਨ ਹੈ। ਸਵੇਰੇ ਸਵੇਰੇ ਕੌਫ਼ੀ ਤੇ ਰਾਗਾਂ ਦੇ ਸੁਮੇਲ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ? – ਹਰੀਸ਼ ਖਰੇ

Share :

Share

rbanner1

Share