ਪਾਕਿਸਤਾਨ ਫੇਰੀ ਦੀਆਂ ਨਿੱਘੀਆਂ ਯਾਦਾਂ

ਜਿੰਦਰ ਪੰਜਾਬੀ ਦਾ ਪ੍ਰਮੁੱਖ ਤੇ ਚਰਚਿਤ ਕਹਾਣੀਕਾਰ ਹੈ। ‘ਚੱਲ ਜਿੰਦਰ ਇਸਲਾਮਾਬਾਦ ਚੱਲੀਏ’ ਉਸ ਦਾ ਨਵਾਂ ਸਫ਼ਰਨਾਮਾ ਹੈ। ਇਸ ਵਿੱਚ ਪਾਕਿਸਤਾਨ ਫੇਰੀ ਨਾਲ ਸਬੰਧਿਤ 12 ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ।  ‘ਮਿੱਤਰਾਂ ਦੀ ਜਿੱਤ’ ਨਾਮੀ ਲੇਖ ਵਿੱਚ ਲੇਖਕ ਦੱਸਦਾ ਹੈ ਕਿ ਉਹ ਗੌਤਮ ਤੇ ਡਾ. ਹਰਬੰਸ ਸਿੰਘ ਧੀਮਾਨ ਨਾਲ ਪਾਕਿਸਤਾਨ ਦੀ ਸੈਰ ਕਰਨ ਨੂੰ ਜਾਂਦਾ ਹੈ। ਪਾਕਿਸਤਾਨੀ ਮਿੱਤਰਾਂ ਦੀ ਕੋਸ਼ਿਸ਼ ਸਦਕਾ ਉਨ੍ਹਾਂ ਦਾ ਵੀਜ਼ਾ ਲੱਗ ਜਾਂਦਾ ਹੈ ਜਿਸ ਨੂੰ ਲੇਖਕ ਆਪਣੇ ਮਿੱਤਰਾਂ ਦੀ ਜਿੱਤ ਦੱਸਦਾ ਹੈ। ਜਦੋਂ ਲੇਖਕ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਦੇਖਣ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।
ਉਹ ਦੱਸਦਾ ਹੈ ਕਿ ਚਾਹੇ ਉਹ ਕਿਸੇ ਵੀ ਦੇਸ਼ ਦਾ ਬਾਰਡਰ ਵੇਖਣ ਜਾਵੇ, ਉਸ ਨੂੰ ਬਹੁਤ ਚਾਅ ਹੁੰਦਾ ਹੈ। ਉਹ ਪਾਕਿਸਤਾਨ ਵਿੱਚ ਕਈ ਲੋਕਾਂ ਨੂੰ ਮਿਲਿਆ। ਪਾਕਿਸਤਾਨ ਵਿਚਲੀਆਂ ਕਈ ਸੁੰਦਰ ਥਾਵਾਂ ਦੇ ਉਸ ਨੇ ਦਰਸ਼ਨ ਕੀਤੇ ਅਤੇ ਉਨ੍ਹਾਂ ਬਾਰੇ ਅਸਲ ਜਾਣਕਾਰੀ ਹਾਸਲ ਕੀਤੀ। ਉਹ ਪਾਕਿਸਤਾਨ ਵਿਚਲਾ ਆਪਣਾ ਨਾਨਕਾ ਘਰ ਵੀ ਦੇਖਣ ਗਿਆ ਜਿੱਥੇ ਉਸ ਦੇ ਨਾਨੇ ਦੇ ਇੱਕ ਪੁਰਾਣੇ ਦੋਸਤ ਬਜ਼ੁਰਗ ਨੇ ਉਸ ਦੇ ਪਰਿਵਾਰ ਬਾਰੇ ਬਹੁਤ ਰੌਚਿਕ ਗੱਲਾਂ ਦੱਸੀਆਂ। ਲੇਖਕ ਨੇ ‘ਲਾਹੌਰ ਦੀ ਇੱਕ ਖ਼ੂਬਸੂਰਤ ਤੇ ਯਾਦਗਾਰੀ ਸਵੇਰ’ ਬਾਰੇ ਵੀ ਇੱਕ ਲੇਖ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਹਨ। ਨਕੋਦਰ ਸ਼ਹਿਰ ਦਾ ਰਹਿਣ ਵਾਲਾ ਇੱਕ ਬਜ਼ੁਰਗ ਅਸ਼ਰਫ ਉਸ ਨੂੰ ਮਿਲਦਾ ਹੈ। ਉਹ ਨਕੋਦਰ ਵਿੱਚ ਆਪਣੇ ਪਰਿਵਾਰ ਦੇ ਜੀਆਂ ਦੇ ਮਾਰੇ ਜਾਣ ਬਾਰੇ ਵੀ ਲੇਖਕ ਨੂੰ ਜਾਣਕਾਰੀ ਦਿੰਦਾ ਹੈ।
ਇੱਕ ਲੇਖ ਵਿੱਚ ਭੀਸ਼ਮ ਸਾਹਨੀ ਦੇ ‘ਤਮਸ’ ਤੇ ਦੂਜੇ ਲੇਖਕ ਦੇ ਨਾਵਲ ‘ਬਸਤੀ’ ਬਾਰੇ ਚਰਚਾ ਸ਼ਾਮਲ ਹੈ। ਪਾਕਿਸਤਾਨੀ ਲੇਖਕ ਖ਼ਾਲਿਦ, ਜਿੰਦਰ ਨੂੰ ਕਈ ਲੇਖਕਾਂ ਨਾਲ ਵੀ ਮਿਲਾਉਂਦਾ ਹੈ ਅਤੇ ਉੱਥੋਂ ਲੇਖਕਾਂ ਦੁਆਰਾ ਛਾਪੇ ਜਾਣ ਵਾਲੇ ਮੈਗਜ਼ੀਨਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ਪੁਸਤਕ ਰੌਚਿਕ ਹੈ ਅਤੇ ਪੜ੍ਹੀ ਜਾਣ ਵਾਲੀ ਹੈ।

Share :

Share

rbanner1

Share