ਪੁਆਧੀ ਲੋਕ ਗੀਤਾਂ ’ਚ ਜਨ ਜੀਵਨ ਦੀ ਝਲਕ

 Map of poadhਲੋਕ ਗੀਤ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿੱਚ ਵਸਦੇ ਲੋਕਾਂ ਦੇ ਹਾਵਾਂ-ਭਾਵਾਂ, ਉਦਗਾਰਾਂ, ਗ਼ਮੀਆਂ-ਖ਼ੁਸ਼ੀਆਂ ਅਤੇ ਉਮੰਗਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਨ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦੀ ਗਾਥਾ ਵੀ ਬਿਆਨ ਕਰਦੇ ਹਨ। ਇਨ੍ਹਾਂ ਵਿੱਚ ਕਿਸੇ ਜਨ-ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸੱਭਿਆਚਾਰਕ ਤੱਤ ਸਮੋਏ ਹੁੰਦੇ ਹਨ। ਲੋਕ ਗੀਤਾਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਨ੍ਹਾਂ ਨੂੰ ਸੱਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵੀ ਸਮਝਣ ਦੀ ਲੋੜ ਹੈ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਸਾਕਾਦਾਰੀਆਂ-ਸਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਨ੍ਹਾਂ ਵਿੱਚ ਜਨ-ਜੀਵਨ ਦੀ ਆਤਮਾ ਵਿਦਮਾਨ ਹੈ।
ਪੁਆਧੀ ਲੋਕ ਗੀਤ ਪੰਜਾਬੀ ਲੋਕਧਾਰਾ ਦਾ ਅਨਿਖੜਵਾਂ ਅੰਗ ਹਨ। ਪੁਆਧ ਚੜ੍ਹਦੇ ਪੰਜਾਬ ਦਾ ਪੂਰਬ ਦੇ ਪਾਸੇ ਦਾ ਭਾਸ਼ਾਈ ਖੇਤਰ ਹੈ ਜਿੱਥੇ ਪੁਆਧੀ ਉੱਪ-ਭਾਸ਼ਾ ਬੋਲੀ ਜਾਂਦੀ ਰਹੀ ਹੈ। ਪੁਆਧੀ ਪੰਜਾਬੀ ਭਾਸ਼ਾ ਦੀ ਹੀ ਉੱਪ-ਭਾਸ਼ਾ ਹੈ। ਮੁੱਖ ਤੌਰ ’ਤੇ ਦਰਿਆ ਸਤਲੁਜ ਅਤੇ ਘੱਗਰ ਦਰਿਆ ਦੇ ਵਿਚਕਾਰਲੇ ਖੇਤਰ ਨੂੰ ਪੁਆਧ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਵਿੱਚ ਰੋਪੜ ਸਬ-ਡਿਵੀਜ਼ਨ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਖਮਾਣੋਂ ਦਾ ਇਲਾਕਾ, ਮੋਰਿੰਡਾ, ਖਰੜ, ਮੁਹਾਲੀ, ਡੇਰਾਬਸੀ, ਬਨੂੜ, ਰਾਜਪੁਰਾ, ਅੰਬਾਲਾ, ਜਗਾਧਰੀ, ਨਰਾਇਣਗੜ੍ਹ, ਯਮੁਨਾ ਨਗਰ, ਕੁਰੂਕਸ਼ੇਤਰ ਅਤੇ ਕੈਥਲ ਤਕ ਦੇ ਇਲਾਕੇ ਸ਼ਾਮਿਲ ਹਨ। ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਤਕ ਪੁਆਧ ਦੀ ਸੀਮਾ ਜਾ ਲਗਦੀ ਹੈ। ਦੇਸ਼ ਆਜ਼ਾਦ ਹੋਣ ਅਤੇ ਚੰਡੀਗੜ੍ਹ ਰਾਜਧਾਨੀ ਬਣਨ ਤੋਂ ਪਹਿਲਾਂ ਪੰਜਾਬ ਦਾ ਇਹ ਇਲਾਕਾ ਪਾਣੀ ਦੀ ਘਾਟ ਕਾਰਨ ਆਰਥਿਕ ਅਤੇ ਸਮਾਜਿਕ ਪੱਖੋਂ ਪਛੜਿਆ ਹੋਇਆ ਸੀ। ਕਿਸਾਨਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ ਜੋ ਕੁਦਰਤ ਦੇ ਸਹਾਰੇ  ਹੋ ਰਹੀ ਸੀ। ਮਾਰੂ ਫ਼ਸਲਾਂ ਕਦੇ ਮੀਂਹ ਜ਼ਿਆਦਾ ਪੈਣ ਕਰਕੇ ਡੁੱਬ ਜਾਂਦੀਆਂ ਤੇ ਕਦੇ ਸੋਕੇ ਕਰਕੇ ਮਾਰੀਆਂ ਜਾਂਦੀਆਂ। ਨਦੀਆਂ-ਨਾਲਿਆਂ ਅਤੇ ਚੋਆਂ ਉੱਤੇ ਪੁਲ ਨਹੀਂ ਸਨ। ਟੋਏ ਟਿੱਬੇ ਆਮ ਸਨ ਪਰ ਲੋਕ ਹਿੰਮਤੀ ਅਤੇ ਕੁਦਰਤ ਦੇ ਰੰਗਾਂ ਨੂੰ ਮਾਣਨ ਵਾਲੇ ਸਨ।
01 copyਤੰਗੀਆਂ-ਤੁਰਸ਼ੀਆਂ ਭਰਿਆ ਜੀਵਨ ਜੀਅ ਰਹੇ ਪੁਆਧ ਦੇ ਲੋਕਾਂ ਲਈ ਪੁਆਧੀ ਲੋਕ ਗੀਤ ਮਨੋਰੰਜਨ ਹੀ ਪ੍ਰਦਾਨ ਨਹੀਂ ਸੀ ਕਰਦੇ ਬਲਕਿ ਉਨ੍ਹਾਂ ਲਈ ਸਾਹਸ ਭਰਿਆ ਜੀਵਨ ਜੀਣ ਲਈ ਹਿੰਮਤ ਵੀ ਪ੍ਰਦਾਨ ਕਰਦੇ ਰਹੇ ਹਨ। ਇਨ੍ਹਾਂ ਲੋਕ ਗੀਤਾਂ ਵਿੱਚ ਉੱਥੋਂ ਦੇ ਜੀਵਨ ਦੀਆਂ ਝਲਕਾਂ ਸਾਫ਼ ਨਜ਼ਰੀਂ ਪੈਂਦੀਆਂ ਹਨ। ਖ਼ੁਸ਼ੀਆਂ-ਗ਼ਮੀਆਂ, ਵਿਆਹਾਂ, ਤਿੱਥਾਂ-ਤਿਉਹਾਰਾਂ, ਮੇਲਿਆਂ-ਮਸਾਹਵਿਆਂ ਤੇ ਸਮਾਜਿਕ ਰਿਸ਼ਤੇ-ਨਾਤਿਆਂ ਸਬੰਧੀ ਅਨੇਕਾਂ ਲੋਕ ਗੀਤ ਮਿਲਦੇ ਹਨ। ਮਾਲਵਾ ਖੇਤਰ ਨਾਲ ਲਗਦੇ ਪਿੰਡਾਂ ਵਿੱਚ ਮਲਵਈ ਬੋਲੀ ਤੋਂ ਪ੍ਰਭਾਵਿਤ ਮਲਵਈ ਲੋਕ ਗੀਤ ਗਾਏ ਜਾਂਦੇ ਹਨ ਅਤੇ ਹਰਿਆਣਾ ਦੇ ਨਾਲ ਲਗਦੇ ਖੇਤਰ ਵਿੱਚ ਪੁਆਧੀ ਬਾਂਗਰੂ ਬੋਲੀ ਤੋਂ ਪ੍ਰਭਾਵਿਤ ਗੀਤ ਪ੍ਰਚਲੱਤ ਹਨ। ਪੁਆਧੀ ਲੋਕਧਾਰਾ ਦੀ ਵਿਦਵਾਨ ਡਾ. ਚਰਨਜੀਤ ਕੌਰ ਅਨੁਸਾਰ ‘ਪੁਆਧ ਦੇ ਲੋਕ ਗੀਤਾਂ ਬਾਰੇ ਪਹਿਲਾਂ ਵੀ ਵਿਦਵਾਨਾਂ ਨੇ ਰਾਇ ਦਿੱਤੀ ਹੈ ਕਿ ਪੁਆਧੀ ਉਪ-ਭਾਸ਼ਾ ਵਿੱਚ ਬਹੁਤ ਘੱਟ ਲੋਕ ਗੀਤ ਮਿਲਦੇ ਹਨ। ਪੁਆਧ ਦੇ ਲੋਕ ਜਾਂ ਤਾਂ ਮਲਵਈ ਲੋਕ ਗੀਤ ਗਾਉਂਦੇ ਹਨ ਜਾਂ ਫਿਰ ਬਾਂਗਰੂ ਹਰਿਆਣਵੀ ਗੀਤ।’
ਮਲਵਈ ਰੰਗ ਵਿੱਚ ਰੰਗਿਆ ਪੁਆਧੀ ਲੋਕਾਂ ਵੱਲੋਂ ਗਾਇਆ ਜਾਂਦਾ ਇੱਕ ਸਾਂਝੀ ਦਾ ਗੀਤ ਹੈ:
ਊਠਣ ਬੈਠਣ ਝੋਟੜੀਆਂ,
ਬੀਰ ਮੇਰੇ ਦੇ ਬਾੜੇ ਮਾਂ।
ਗੋਹਾ ਚੁਗਣ ਤੇਰੀਆਂ ਭੈਨੜੀਆਂ,
ਭਾਬੀਆਂ ਦੇ ਲਿਸ਼ਕਾਰੇ ਮਾਂ।
ਦੁੱਧ ਰਿੜਕਣ ਤੇਰੀਆਂ ਵਹੁਟੜੀਆਂ,
ਚੂੜੇ ਦੇ ਛਣਕਾਟੇ ਮਾਂ।
ਬਾਂਗਰੂ ਹਰਿਆਣਵੀ ਪ੍ਰਭਾਵ ਵਾਲੇ ਇੱਕ ਸੁਹਾਗ ਗੀਤ ਦੇ ਬੋਲ ਹਨ:
ਸੁਹਾਗ ਮਾਂਗਣ ਦਾਦੀ ਪਾ ਗਈ
ਨੀ ਦਾਦੀ ਭਰ ਦੇਨਾਂ ਮਾਂਗ ਸੰਧੂਰ
ਸੁਹਾਗ ਮੰਨ੍ਹੇ ਤੋਹੀ ਦੇਗੀ ਰੀ
ਸੁਹਾਗ ਮਾਂਗਣ ਅੰਮਾਂ ਪਾ ਗਈ
ਨੀ ਅੰਮਾਂ ਭਰ ਦੇਨਾ ਮਾਂਗ ਸੰਧੂਰ
ਸੁਹਾਗ ਮੰਨ੍ਹੇ ਤੋਹੀ ਦੇਗੀ ਰੀ।
ਪੁਆਧ ਦੇ ਆਰਥਿਕ ਪਛੜੇਵੇਂ ਕਾਰਨ ਮਾਲਵੇ ਦੇ ਲੋਕ ਆਪਣੀਆਂ ਧੀਆਂ ਦੇ ਸਾਕ ਪੁਆਧ ਦੇ ਇਲਾਕੇ ਵਿੱਚ ਘੱਟ-ਵੱਧ ਹੀ ਕਰਦੇ ਸਨ। ਪਰ ਪੁਆਧ ਦੀਆਂ ਕੁੜੀਆਂ ਦੇ ਸਾਕ ਅਕਸਰ ਲੈ ਲੈਂਦੇ ਸਨ। ਇਸ ਤਰ੍ਹਾਂ ਦੋਵਾਂ ਖੇਤਰਾਂ ਵਿੱਚ ਰਿਸ਼ਤੇਦਾਰੀਆਂ ਦਾ ਆਦਾਨ-ਪ੍ਰਦਾਨ ਹੋਣ ਕਰਕੇ ਭਾਵਆਤਮਿਕ ਤੇ ਸੱਭਿਆਚਾਰਕ ਸਾਂਝ ਦੀ ਤੰਦ ਜੁੜ ਜਾਂਦੀ ਸੀ। ਇੱਕ ਲੋਕ ਗੀਤ ਵਿੱਚ ਜੰਗਲ ਅਥਵਾ ਮਾਲਵਾ ਦੇ ਇਲਾਕੇ ਦੀ ਇੱਕ ਮੁਟਿਆਰ ਪੁਆਧ ਵਿੱਚ ਵਿਆਹੇ ਜਾਣ ਉਪਰੰਤ ਆਪਣੀ ਸੱਸ ਤੋਂ ਸਤੀ ਹੋਈ ਪੁਆਧ ਨੂੰ ਚੰਦਰਾਂ ਪੁਆਧ ਆਖ ਕੇ ਆਪਣੇ ਦਿਲ ਦੇ ਗੁਭ-ਗੁਭਾਰ ਕੱਢਦੀ ਹੋਈ ਉੱਥੋਂ ਦੇ ਜੀਵਨ ਦੀ ਇੱਕ ਝਲਕ ਪੇਸ਼ ਕਰਦੀ ਹੈ:
ਜੰਗਲ ਦੀ ਮੈਂ ਜੰਮੀ ਜਾਈ,
ਚੰਦਰੇ ਪੁਆਧ ਵਿਆਹੀ।
ਹੱਥ ਵਿੱਚ ਖੁਰਪਾ ਮੋਢੇ ਚਾਦਰ,
ਮੱਕੀ ਗੁੱਡਣ ਲਾਈ।
ਗੁੱਡਦੀ-ਗੁੱਡਦੀ ਦੇ ਪੈ ਗਏ ਛਾਲੇ,
ਆਥਣ ਨੂੰ ਘਰ ਆਈ।
ਆਉਂਦੀ ਨੂੰ ਸੱਸ ਦੇਵੇ ਗਾਲਾਂ,
ਘਾਹ ਦੀ ਪੰਡ ਨਾ ਲਿਆਈ।
ਵੱਛੇ ਕੱਟੇ ਵੱਗ ਰਲਾਵਾਂ,
ਮਹਿੰ  ਨੂੰ ਲੈਣ ਕਸਾਈ।
ਪੰਜੇ ਬੁੱਢੀਏ ਤੇਰੇ ਪੁੱਤ ਮਰ ਜਾਣ,
ਛੇਵਾਂ ਮਰੇ ਜਵਾਈ।
ਗਾਲ ਭਰਾਵਾਂ ਦੀ,
ਕੀਹਨੇ ਦੇਣ ਸਿਖਾਈ।
ਉਨ੍ਹਾਂ ਸਮਿਆਂ ਵਿੱਚ ਜ਼ਨਾਨੀਆਂ ਨੂੰ ਹੱਥ ਚੱਕੀਆਂ ਨਾਲ ਰੋਜ਼ ਦੀ ਰੋਜ਼ ਆਟਾ ਪੀਹ ਕੇ ਆਪਣੇ ਟੱਬਰ ਦਾ ਟਿੱਡ ਭਰਨਾ ਪੈਂਦਾ ਸੀ। ਉਹ ਨਾਲੇ ਚੱਕੀ ਝੋਂਦੀਆਂ ਨਾਲੇ ਬ੍ਰਿਹਾ ਕੁੱਠੇ ਗੀਤ ਗਾ-ਗਾ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ:
ਪੀਹ ਪੀਹ ਵੇ ਮੈਂ ਭਰਦੀ ਪਰਾਤਾਂ,
ਆਪਣੀਆਂ ਮਾਂਵਾਂ ਬਾਝੋਂ
ਵੇ ਕੋਈ ਪੁਛਦਾ ਨਾ ਬਾਤਾਂ।
ਅੱਖੀਆਂ ਜਲ ਭਰ ਆਈਆਂ ਨੀ ਮਾਂਏਂ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਂਏਂ।
ਪੀਹ ਪੀਹ ਵੇ ਮੈਂ ਭਰਦੀ ਭੜੋਲੇ,
ਆਪਣਿਆ ਵੀਰਾਂ ਬਾਝੋਂ
ਵੇ ਕੋਈ ਮੁੱਖੋਂ ਨਾ ਬੋਲੇ।
ਅੱਖੀਆਂ ਜਲ ਭਰ ਆਈਆਂ ਨੀ ਮਾਂਏਂ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਂਏਂ।
ਪੁਰਾਣੇ ਸਮਿਆਂ ਦੇ ਵਿੱਚ ਆਉਣ-ਜਾਣ ਦੇ ਸਾਥਨ ਸੀਮਿਤ ਸਨ। ਨਦੀਆਂ-ਨਾਲਿਆਂ ’ਤੇ ਪੁਲ ਨਹੀਂ ਸਨ। ਪੰਜ ਦਸ ਕੋਹ ਦੀ ਵਾਟ ’ਤੇ ਵਿਆਹੀ ਮੁਟਿਆਰ ਆਪਣੇ-ਆਪ ਨੂੰ ਪਰਦੇਸਣ ਸਮਝਦੀ ਸੀ। ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ। ਸਾਵਣ ਦੇ ਅਨੇਕਾਂ ਗੀਤ ਮਿਲਦੇ ਹਨ, ਜਿਨ੍ਹਾਂ ਰਾਹੀਂ ਸਹੁਰੇ ਬੈਠੀ ਧੀ ਜਿੱਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸਲ ਸਹਿੰਦੀ ਹੈ, ਉਥੇ ਪਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਵੀ ਬੜੇ ਦਰਦੀਲੇ ਬੋਲਾਂ ਵਿੱਚ ਬਿਆਨ ਕਰਦੀ ਹੈ।
ਕਈ ਦਹਾਕੇ ਪਹਿਲਾਂ ਪੁਆਧ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਨਹੀਂ ਸੀ। ਪਾਣੀ ਦਾ ਪੱਧਰ ਡੂੰਘਾ ਹੋਣ ਕਰਕੇ ਖੂਹ-ਖੂਹੀਆਂ ਆਮ ਨਹੀਂ ਸਨ। ਔਰਤਾਂ ਦੂਰੋਂ-ਨੇੜਿਓਂ ਪਾਣੀ ਭਰਦੀਆਂ ਸਨ। ਕਿਸੇ ਸਾਧੂ ਸੰਤ ਨੇ ਪੇਂਡੂਆਂ ਦੇ ਸਾਂਝੇ ਯਤਨਾਂ ਨਾਲ ਕੁੱਟੀਆ ਦੇ ਨਾਲ ਖੂਹੀ ਉਸਾਰ ਲੈਣੀ ਜਿੱਥੋਂ ਔਰਤਾਂ ਪਾਣੀ ਭਰਦੀਆਂ ਅਤੇ ਕਈ ਵਾਰ ਰਮਤੇ ਜੋਗੀ ਵੀ ਕੁਟੀਆ ਵਿੱਚ ਆ ਜਾਂਦੇ। ਪੇਂਡੂ ਲੋਕਾਂ ਵਿੱਚ ਜੋਗੀਆਂ ਅਥਵਾ ਸਾਧੂਆਂ ਪ੍ਰਤੀ ਅਥਾਹ ਸ਼ਰਧਾ ਹੋਇਆ ਕਰਦੀ ਸੀ। ਇੱਕ ਗੀਤ ਵਿੱਚ ਪਾਣੀ ਭਰਨ ਦੇ ਪੱਜ ਨਣਦ ਭਰਜਾਈ ਕਿਸੇ ਜੋਗੀ ਨੂੰ ਦੇਖਣ ਜਾਂਦੀਆਂ ਹਨ। ਭਾਬੋ ਜੋਗੀ ’ਤੇ ਮੋਹਿਤ ਹੋ ਜਾਂਦੀ ਹੈ:
ਅੰਬਾਂ ਤੇ ਤੂਤੀਂ ਠੰਢੀ ਛਾਂ,
ਕੋਈ ਪ੍ਰਦੇਸੀ ਜੋਗੀ ਆਣ ਲੱਥੇ
ਚੱਲ ਨਣਦੇ ਪਾਣੀ ਨੂੰ ਚੱਲੀਏ,
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਨ ਸਦਕਾ ਪਿਛਲੇ ਕੁਝ ਸਮੇਂ ਤੋਂ ਪੁਆਧ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿੱਚ ਮਹੱਤਵਪੂਰਨ ਤਬਦੀਲੀਆਂ ਵਾਪਰੀਆਂ ਹਨ। ਪੇਂਡੂ ਲੋਕਾਂ ਲਈ ਰੁਜ਼ਗਾਰ ਦੇ ਸਾਧਨਾਂ ਵਿੱਚ ਵਾਧਾ ਹੋਇਆ ਹੈ। ਨਦੀਆਂ ਉੱਤੇ ਪੁਲ ਬਣ ਗਏ ਹਨ। ਸੜਕਾਂ ਦਾ ਜਾਲ ਵਿਛ ਗਿਆ ਹੈ ਅਤੇ ਖੇਤੀਬਾੜੀ ਆਧੁਨਿਕ ਢੰਗ ਨਾਲ ਹੋਣ ਲੱਗੀ ਹੈ। ਵਪਾਰਿਕ ਘਰਾਣਿਆਂ ਨੇ ਮਹਿੰਗੇ ਭਾਅ ਜ਼ਮੀਨਾਂ ਖ਼ਰੀਦ ਕੇ ਪਿੰਡਾਂ ਵਿੱਚ ਤਕਨੀਕੀ ਕਾਲਜ ਖੋਲ੍ਹ ਦਿੱਤੇ ਹਨ। ਸਰਕਾਰੀ ਪੱਧਰ ’ਤੇ ਵੀ ਵਿੱਦਿਆ ਦਾ ਪਸਾਰ ਹੋਇਆ ਹੈ। ਆਰਥਿਕ ਵਿਕਾਸ ਹੋਣ ਸਦਕਾ ਪੁਆਧ ਦੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਵਿੱਚ ਵੀ ਤਬਦੀਲੀ ਵਾਪਰੀ ਹੈ। ਨੌਜਵਾਨ ਪੀੜ੍ਹੀ ਪੁਆਧੀ ਉਪ-ਭਾਸ਼ਾ ਤੋਂ ਮੁੱਖ ਮੋੜ ਗਈ ਹੈ। ਦੂਰ-ਦੁਰਾਡੇ ਪਿੰਡਾਂ ਵਿੱਚ ਪੁਰਾਣੀ ਪੀੜ੍ਹੀ ਦੇ ਬਜ਼ੁਰਗ ਹੀ ਪੁਆਧੀ ਬੋਲੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕੋਲ ਜਾ ਕੇ ਪੁਆਧੀ ਲੋਕ ਗੀਤ ਅਤੇ ਲੋਕ ਕਹਾਣੀਆਂ ਸੰਭਾਲਣ ਦੀ ਅਤਿਅੰਤ ਲੋੜ ਹੈ। ਪੁਆਧੀ ਲੋਕ   ਗੀਤ ਪੰਜਾਬੀ ਲੋਕਧਾਰਾ ਦੇ ਬੇਸ਼ਕੀਮਤੀ ਮੋਤੀ ਹਨ।

Share :

Share

rbanner1

Share