ਪੈਗੀ ਵਿਟਸਨ ਨੇ ਸਾਢੇ 6 ਘੰਟੇ ਤਕ ਪੁਲਾੜ ਦੀ ਸੈਰ ਕਰਨ ਦਾ ਰੀਕਾਰਡ ਬਣਾਇਆ

ਵਾਸ਼ਿੰਗਟਨ : ਪੈਗੀ ਵਿਟਸਨ ਨੇ ਸਨਿਚਰਵਾਰ ਨੂੰ ਸਾਢੇ 6 ਘੰਟੇ ਤਕ ਸਪੇਸ ਵਾਕ (ਪੁਲਾੜ ਦੀ ਸੈਰ) ਕਰ ਕੇ ਰੀਕਾਰਡ ਕਾਇਮ ਕੀਤਾ। ਅਜਿਹਾ ਕਰਨ ਵਾਲੀ ਉਹ ਸਭ ਤੋਂ ਬਜ਼ੁਰਗ ਮਹਿਲਾ ਪੁਲਾੜ ਯਾਤਰੀ ਬਣ ਗਈ।
ਜ਼ਿਕਰਯੋਗ ਹੈ ਕਿ 56 ਸਾਲਾ ਪੈਗੀ ਵਿਟਸਨ ਇਸ ਤੋਂ ਪਹਿਲਾਂ ਨਵੰਬਰ 2016 ਵਿਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਗਈ ਸੀ। ਉਨ੍ਹਾਂ ਦੇ ਇਸ ਮੌਜੂਦਾ ਮਿਸ਼ਨ ਦਾ ਨਾਂ ਹੈ ’50/51’। ਇਸ ਨੂੰ ਖਤਮ ਕਰਦੇ ਹੀ ਉਨ੍ਹਾਂ ਨੇ ਕਿਸੇ ਅਮਰੀਕਨ ਪੁਲਾੜ ਯਾਤਰੀ ਵਲੋਂ ਪੁਲਾੜ ਵਿਚ ਸਭ ਤੋਂ ਜ਼ਿਆਦਾ ਸਮਾਂ ਗੁਜ਼ਾਰਨ ਦਾ ਰੀਕਾਰਡ ਬਣਾਇਆ। ਉਨ੍ਹਾਂ ਨੇ ਕੁੱਲ 377 ਦਿਨ ਪੁਲਾੜ ਵਿਚ ਗੁਜ਼ਾਰੇ। ਇਹ ਉਨ੍ਹਾਂ ਦੀ 7ਵੀਂ ਪੁਲਾੜ ਦੀ ਸੈਰ ਸੀ। ਇਸ ਦੇ ਨਾਲ ਹੀ ਉਹ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਰੀਕਾਰਡ ਦੀ ਬਰਾਬਰੀ ਕਰ ਚੁਕੀ ਹੈ। ਮਹਿਲਾ ਪੁਲਾੜ ਯਾਤਰੀ ਦੇ ਤੌਰ ‘ਤੇ ਸਨੀਤਾ ਦੇ ਨਾਂ ਸਭ ਤੋਂ ਵੱਧ ਵਾਰ ਪੁਲਾੜ ਵਿਚ ਸਪੇਸ ਵਾਕ ਕਰਨ ਦਾ ਰੀਕਾਰਡ ਦਰਜ ਹੈ।
ਮੁਹਿੰਮ ’50/51’ ਦੇ ਕਮਾਂਡਰ ਸ਼ੇਨ ਕਿਮਬਰੌਘ ਅਤੇ ਫਲਾਈਟ ਇੰਜੀਨੀਅਰ ਪੈਗੀ ਨੇ ਪੁਲਾੜ ਸਟੇਸ਼ਨ ਦੇ ਸੱਜੇ ਪਾਸੇ ਕੰਮ ਕਰਨ ਦੌਰਾਨ ਐਡਾਪਟਰ ਪਲੇਟਸ ਲਾਈਆਂ ਅਤੇ 6 ਨਵੀਂਆਂ ਲਿਥੀਅਮ ਆਇਨ ਬੈਟਰੀਆਂ ਲਈ ਬਿਜਲੀ ਕੁਨੈਕਸ਼ਨ ਦਿਤੇ। ਇਹ ਕੰਮ 13 ਜਨਵਰੀ ਨੂੰ ਦੂਜੀ ਵਾਰ ਪੁਲਾੜ ਦੀ ਸੈਰ ਦੌਰਾਨ ਵੀ ਜਾਰੀ ਰਹੇਗਾ।
ਮੌਜੂਦਾ ਮਿਸ਼ਨ ਵਿਚ ਪੈਗੀ 6 ਮਹੀਨੇ ਤਕ ਪੁਲਾੜ ਵਿਚ ਰਹੇਗੀ। ਇਸ ਮਿਸ਼ਨ ਦਾ ਉਦੇਸ਼ ਨੈਸ਼ਨਲ ਸਪੇਸ ਸਟੇਸ਼ਨ ਵਿਚ ਪਾਵਰ ਅਪਗਰੇਡ ਕਰਨਾ ਹੈ। ਸਨਿਚਰਵਾਰ ਨੂੰ ਕੀਤਾ ਗਿਆ ਸਪੇਸ ਵਾਕ ਵੀ ਇਸੇ ਮੁਹਿੰਮ ਦਾ ਹਿੱਸਾ ਸੀ।

Share :

Share

rbanner1

Share