ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਦਸ ਲੱਖ ਸ਼ਰਧਾਲੂ ਹੋਏ ਨਤਮਸਤਕ

ਸਾਰੀਆਂ ਸ਼ਤਾਬਦੀਆਂ ਦਾ ਰਿਕਾਰਡ ਟੁੱਟਿਆ;

ਪੰਜਾਬ, ਕੋਲਕਾਤਾ, ਮੁੰਬਈ ਤੇ ਉੜੀਸਾ ਤੋਂ ਵੱਡੀ ਗਿਣਤੀ ਵਿੱਚ ਪੁੱਜੇਗੀ ਸੰਗਤ

ਪਟਨਾ ਸਾਹਿਬ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋ ਰਹੀ ਸੰਗਤ ਨੇ ਪਿਛਲੀਆਂ ਸਾਰੀਆਂ ਸ਼ਤਾਬਦੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿੱਚ ਸਵੇਰ ਵੇਲੇ ਧਾਰਮਿਕ ਮਰਿਆਦਾ ਨਿਭਾਉਣ ਮਗਰੋਂ ਤਖ਼ਤ ਤੋਂ ਗਿਆਨੀ ਇਕਬਾਲ ਸਿੰਘ ਨੇ ਐਲਾਨ ਕੀਤਾ ਕਿ ਹੁਣ ਤੱਕ 10 ਲੱਖ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ, ਜੋ ਇਕ ਰਿਕਾਰਡ ਹੈ, ਜਦੋਂ ਕਿ ਅਜੇ ਮੁੱਖ ਸਮਾਗਮਾਂ ਵਿੱਚ ਤਿੰਨ ਦਿਨ ਬਾਕੀ ਹਨ ਅਤੇ ਵੱਡੀ ਗਿਣਤੀ ਵਿੱਚ ਸੰਗਤ ਅਜੇ ਵੀ ਲਗਾਤਾਰ ਪਹੁੰਚ ਰਹੀ ਹੈ। ਬਿਹਾਰ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਨੇ ਪਟਨਾ ਸਾਹਿਬ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ।
ਬਿਹਾਰ ਦੇ ਮੁੱਖ ਮੰਤਰੀ ਦਫ਼ਤਰ ਅਨੁਸਾਰ 3 ਜਨਵਰੀ ਨੂੰ ਪੰਜਾਬ, ਕੋਲਕਾਤਾ, ਉੜੀਸਾ, ਮੁੰਬਈ, ਕਾਨਪੁਰ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤ ਪਟਨਾ ਸਾਹਿਬ ਪਹੁੰਚ ਰਹੀ ਹੈ। ਪੰਜਾਬ ਤੋਂ 150 ਬੱਸਾਂ ਤੇ 10 ਰੇਲ ਗੱਡੀਆਂ ਆ ਰਹੀਆਂ ਹਨ। ਕੋਲਕਾਤਾ ਤੋਂ 25 ਅਤੇ ਉੜੀਸਾ ਤੋਂ ਪੰਜ ਬੱਸਾਂ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਬਣਾਈਆਂ ਤਿੰਨੇ ਟੈਂਟ ਸਿਟੀ ਨੱਕੋ-ਨੱਕ ਭਰ ਗਈਆਂ ਹਨ। ਯਾਤਰੂਆਂ ਲਈ ਵਾਧੂ ਆਰਜ਼ੀ ਪ੍ਰਬੰਧ ਕੀਤੇ ਜਾ ਰਹੇ ਹਨ। ਬਾਲ ਲੀਲਾ, ਜੌਹਰੀ ਨਿਵਾਸ, ਗੁਰੂ ਤੇਗ ਬਹਾਦਰ ਨਿਵਾਸ ਸਮੇਤ ਹੋਰ ਸਰਾਵਾਂ ਪਹਿਲਾਂ ਹੀ ਭਰੀਆਂ ਪਈਆਂ ਹਨ। ਜਿਹੜੇ ਯਾਤਰੂਆਂ ਨੂੰ ਰਿਹਾਇਸ਼ ਨਹੀਂ ਮਿਲੀ, ਉਹ ਸਰਾਵਾਂ ਦੇ ਬਰਾਮਦਿਆਂ ਵਿੱਚ ਰਾਤਾਂ ਬਿਤਾਉਣ ਲਈ ਮਜਬੂਰ ਹਨ। ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ 35 ਸ੍ਰੀ ਅਖੰਡ ਪਾਠਾਂ ਦੇ ਭੋਗ ਭਲਕੇ ਪਾਏ ਜਾਣਗੇ ਅਤੇ ਉਸ ਦਿਨ ਹੀ 51 ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਨੇ ਕੀਰਤਨ ਕੀਤਾ ਤੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਥਾ ਕੀਤੀ। ਸਿੰਘ ਸਾਹਿਬ ਜੱਥੇਦਾਰ ਇਕਬਾਲ ਸਿੰਘ ਨੇ ਰੋਜ਼ਾਨਾ ਵਾਂਗ ਸ਼ਸਤਰਾਂ ਦੇ ਦਰਸ਼ਨ ਕਰਵਾਏ। ਢਾਡੀ ਜੱਥਾ ਭਾਈ ਜਰਨੈਲ ਸਿੰਘ ਖੁੰਡਾ ਅਤੇ ਕਵੀਸ਼ਰੀ ਜੱਥਾ ਭਾਈ ਸਤਨਾਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਸੁਣਾਇਆ।

kejriwalਕੇਜਰੀਵਾਲ ਵੱਲੋਂ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰੇ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿੱਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਗੁਰਦੁਆਰਾ ਕੰਪਲੈਕਸ ਵਿੱਚ ਬਣੇ ਦਫਤਰ ਵਿੱਚ ਇੱਥੋਂ ਦੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸ੍ਰੀ ਕੇਜਰੀਵਾਲ ਨੇ ਗੁਰਦੁਆਰਾ ਬਾਲ ਲੀਲਾ ਵਿੱਚ ਮੱਥਾ ਟੇਕਿਆ। ਇੱਥੇ ਹੀ ਉਨ੍ਹਾਂ ਲੰਗਰ ਛਕਿਆ ਅਤੇ ਲੰਗਰ ਦੀ ਸੇਵਾ ਕੀਤੀ।

Share :

Share

rbanner1

Share