ਗੋਲਡਨ ਸਟਾਰ ਮਲਕੀਤ ਸਿੰਘ ਐਮ. ਬੀ. ਈ. ਦਾ ਪੰਜਾਬੀ ਗਾਇਕੀ ਦੇ ਖੇਤਰ ਵਿਚ 30 ਵਰ੍ਹਿਆਂ ਦਾ ਗੋਲਡਨ ਸਫ਼ਰ

Malkit Singh Golden Starਦੁਨੀਆ ਭਰ ਵਿਚ ਗੋਲਡਨ ਸਟਾਰ ਦੇ ਨਾਂਅ ਨਾਲ ਜਾਣੇ ਜਾਂਦੇ ਮਲਕੀਤ ਸਿੰਘ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿਚ ਵਿਚਰਦਿਆਂ ਹੁਣ ਤੱਕ 30 ਵਰ੍ਹੇ ਹੋ ਚੁੱਕੇ ਹਨ। ਜ਼ਿਲ੍ਹਾ ਜਲੰਧਰ ਦੇ ਪਿੰਡ ਹੁਸੈਨਪੁਰ ਦਾ ਜੰਮਪਲ ਮਲਕੀਤ ਸਿੰਘ ਨੇ 1983 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਹੋਏ ਲੋਕ ਗੀਤ ਗਾਇਨ ਮੁਕਾਬਲਿਆਂ ‘ਚੋਂ ਗੋਲਡ ਮੈਡਲ ਜਿੱਤ ਕੇ ਗੋਲਡਨ ਸਟਾਰ ਹੋਣ ਦਾ ਮਾਣ ਹਾਸਲ ਕੀਤਾ। 1984 ‘ਚ ਉਹ ਯੂ. ਕੇ. ਆਇਆ ਅਤੇ ਆਮ ਪੰਜਾਬੀਆਂ ਵਾਂਗ ਰੋਜ਼ੀ ਰੋਟੀ ਲਈ ਦਿਨ-ਰਾਤ ਮਿਹਨਤ ਕਰਨ ਲੱਗਾ ਅਤੇ ਨਾਲ ਦੀ ਨਾਲ ਅਪਣੀ ਗਾਇਕੀ ਅਤੇ ਭੰਗੜੇ ਨੂੰ ਨਿਰੰਤਰ ਜਾਰੀ ਰੱਖਿਆ। ਮਲਕੀਤ ਦੀ ਪਹਿਲੀ ਐਲਬਮ ‘ਗੁੜ ਨਾਲੋਂ ਇਸ਼ਕ ਮਿੱਠਾ’ 1986 ਵਿਚ ਰਿਲੀਜ਼ ਹੋਈ, ਜਿਸ ਵਿਚ ਪੰਜਾਬੀ ਲੋਕ ਬੋਲੀਆਂ ਨੂੰ ਬਹੁਤ ਹੀ ਸਾਦਗੀ ਅਤੇ ਪੁਰਾਤਨ ਢੰਗ ਨਾਲ ਸਿਰਫ ਤਿੰਨ ਸਾਜ਼ਾਂ ਤੂੰਬੀ, ਢੋਲ ਅਤੇ ਹਰਮੋਨੀਅਮ ਵਜਾ ਕੇ ਯੂ.ਕੇ. ਵਿਚ ਹੀ ਰਿਕਾਰਡ ਕਰਕੇ ਪੰਜਾਬੀ ਗਾਇਕੀ ਦਾ ਅਸਲ ਸਫ਼ਰ ਸ਼ੁਰੂ ਕੀਤਾ। 1989 ਵਿਚ ਮਲਕੀਤ ਦੀ ਐਲਬਮ ‘ਤੂਤਕ ਤੂਤਕ ਤੂਤੀਆਂ’ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਇਸ ਐਲਬਮ ਨੂੰ ਗਿੰਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਕੀਤਾ ਗਿਆ, ਇਕ ਮਹੀਨੇ ਵਿਚ 3 ਲੱਖ ਐਲਬਮ ਵਿਕਣ ਵਾਲਾ ਇਹ ਰਿਕਾਰਡ ਹੁਣ ਸ਼ਾਇਦ ਹੀ ਟੁੱਟੇ ਕਿਉਂਕਿ ਹੁਣ ਐਲਬਮ ਵਿਕਣ ਵਾਲਾ ਸੱਭਿਆਚਾਰ ਵੀ ਖ਼ਤਮ ਹੋ ਚੁੱਕਾ ਹੈ। ਭਾਵੇਂ ਮਲਕੀਤ ਸਿੰਘ ਨੇ ਫ਼ਿਲਮਾਂ ਵਿਚ ਵੀ ਕਿਸਮਤ ਅਜ਼ਮਾਈ ਲੇਕਨ ਜ਼ਿਆਦਾ ਰੁਝਾਨ ਉਨ੍ਹਾਂ ਦਾ ਗਾਇਕੀ ਵੱਲ ਹੀ ਰਿਹਾ। 1992 ਤੱਕ ਉਹ ਗਾਇਕੀ ਦੇ ਨਾਲ-ਨਾਲ ਮਿਹਨਤ ਮਜ਼ਦੂਰੀ ਵੀ ਕਰਦੇ ਰਹੇ। ਭਾਵੇਂ ਉਸ ਨੂੰ ਫ਼ਿਲਮਾਂ ਵਾਲਿਆਂ ਨੇ ਦਸਤਾਰ ਦੀ ਥਾਂ ਵੈੱਬ ਪਾਉਣ ਦੀ ਵੀ ਪੇਸ਼ਕਸ਼ ਕੀਤੀ ਪਰ ਮਲਕੀਤ ਨੇ ਦਸਤਾਰ ਦੇ ਸਨਮਾਨ ਨਾਲ ਕਦੇ ਸਮਝੌਤਾ ਨਹੀਂ ਕੀਤਾ। ਦੁਨੀਆ ਦੇ 60 ਦੇਸ਼ਾਂ ਵਿਚ ਲਾਈਵ ਗਾਉਣ ਵਾਲਾ ਸ਼ਾਇਦ ਉਹ ਇਕੱਲਾ ਪੰਜਾਬੀ ਗਾਇਕ ਹੈ। ਹੁਣ ਤੱਕ 25 ਐਲਬਮਾਂ ਉਹ ਪੰਜਾਬੀ ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਕਰ ਚੁੱਕਾ ਹੈ। ਇਨ੍ਹਾਂ ਉਪਲੱਭਦੀਆਂ ਬਦਲੇ ਹੀ ਉਸ ਨੂੰ 2008 ਵਿਚ ਬਰਤਾਨੀਆ ਦੀ ਮਹਾਰਾਣੀ ਵੱਲੋਂ ਐਮ. ਬੀ. ਈ. ਦਾ ਖਿਤਾਬ ਮਿਲਿਆ ਅਤੇ 2011 ਵਿਚ ਬ੍ਰਮਿੰਘਮ ਦੀ ਬਰੌਡ ਸਟਰੀਟ ਵਿਚ ਉਸ ਦੇ ਨਾਂਅ ਦਾ ਵਾਕ ਆਫ ਸਟਾਰ ਪੱਥਰ ਲੱਗਿਆ। ਮਲਕੀਤ ਦਾ ਗੋਲਡਨ ਸਫਰ ਪੁਰਾਤਨ ਲੋਕ ਬੋਲੀਆਂ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਵੀ ਉਸ ਦੀਆਂ ਨਵੇਂ ਜ਼ਮਾਨੇ ਦੀਆਂ ਨਵੀਂਆਂ ਬੋਲੀਆਂ ਫੇਸਬੁੱਕ, ਯੂ-ਟਿਊਬ ਦੀਆਂ ਗੱਲਾਂ ਨਾਲ ਰਸ ਭਰੀਆਂ ਦੀ ਗੱਲ ਕਰ ਰਹੀਆਂ ਹਨ। ਦੇਸ਼ ਵਿਦੇਸ਼ ਉਹ ਕਿਹੜਾ ਵਿਆਹ ਹੈ ਜਦੋਂ ਮਲਕੀਤ ਦਾ ਗੀਤ ਨਾ ਵੱਜਿਆ ਹੋਵੇ। ਮਾਂ ਬਾਰੇ ਗਾਇਆ ਮਲਕੀਤ ਦਾ ਹਰ ਗੀਤ ਹਿੱਟ ਹੋਇਆ, ਭਾਵੇਂ ਮਾਂ ਦੇ ਹੱਥਾਂ ਦੀਆਂ ਰੋਟੀਆਂ ਦੀ ਗੱਲ ਹੋਵੇ ਭਾਵੇਂ ਮਾਵਾਂ ਠੰਡੀਆਂ ਛਾਵਾਂ ਹੋਵੇ। ਸ਼ਾਲਾ ਇਹ ਗਾਇਕ ਪੰਜਾਬੀ ਸੱਭਿਆਚਾਰ ਦਾ ਸਾਊ ਪੁੱਤ ਬਣ ਕੇ ਜੁੱਗ-ਜੁੱਗ ਜੀਵੇ ਅਤੇ ਸਾਫ਼-ਸੁਥਰੀ ਗਾਇਕੀ ਪੰਜਾਬੀਆਂ ਦੀ ਝੋਲੀ ਪਾਉਂਦਾ ਰਹੇ।

Share :

Share

rbanner1

Share