ਪੰਜਾਬੀਅਤ ਦਾ ਮੁਰੀਦ ਸੀ ਨੰਦ ਲਾਲ ਨੂਰਪੁਰੀ

noorpuriਮਸਤ-ਮੌਲਾ ਤੇ ਅੜਬੰਗ ਸ਼ਾਇਰ ਨੰਦ ਲਾਲ ਨੂਰਪੁਰੀ ਭਾਵੇਂ ਸਾਰੀ ਜ਼ਿੰਦਗੀ ਚੰਗਾ ਵਪਾਰੀ ਗੀਤਕਾਰ ਤੇ ਦੁਨੀਆਦਾਰ ਨਾ ਬਣ ਸਕਿਆ ਪਰ ਉਸ ਦੇ ਗੀਤਾਂ ਅੱਜ ਵੀ ਕੋਈ ਸਾਨੀ ਨਹੀਂ। ਪੰਜਾਬੀ ਕਵੀ ਦਰਬਾਰਾਂ ਦੇ ਸ਼ਿੰਗਾਰ ਨੰਦ ਲਾਲ ਨੂਰਪੁਰੀ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਤੋਂ ਚਾਰ-ਪੰਜ ਕਿਲੋਮੀਟਰ ਦੂਰ ਨੂਰਪੁਰ ਪਿੰਡ ਵਿੱਚ ਮਾਤਾ ਹੁਕਮੀ ਦੇਵੀ ਤੇ ਪਿਤਾ ਸ੍ਰੀ ਕ੍ਰਿਸ਼ਨ ਸਿੰਘ ਦੇ ਘਰ 1906 ਵਿੱਚ ਹੋਇਆ। ਨੂਰਪੁਰੀ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਦਸਵੀਂ ਲਾਇਲਪੁਰ ਦੇ ਖ਼ਾਲਸਾ ਹਾਈ ਸਕੂਲ ਤੋਂ ਅਤੇ ਐਮ.ਏ. ਇਸੇ ਸ਼ਹਿਰ ਦੇ ਖ਼ਾਲਸਾ ਕਾਲਜ ਤੋਂ ਪਾਸ ਕੀਤੀ।
ਗ੍ਰਹਿਸਥੀ ਜੀਵਨ ਨੂੰ ਚਲਾਉਣ ਲਈ ਨੂਰਪੁਰੀ ਕੁਝ ਸਮਾਂ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਰਿਆਸਤ ਬੀਕਾਨੇਰ ਵਿੱਚ ਥਾਣੇਦਾਰ ਲੱਗ ਗਿਆ ਪਰ ਕਵੀ ਮਨ ਨੂੰ ਇਹ ਨੌਕਰੀ ਰਾਸ ਨਾ ਆਈ। ਸਿੱਟੇ ਵਜੋਂ ਥਾਣੇਦਾਰੀ ਛੱਡ ਉਹ ਮੁੜ ਲਾਇਲਪੁਰ ਆ ਗਿਆ। ਜੇ ਗੱਲ ਸਾਹਿਤਕ ਸਫ਼ਰ ਦੀ ਕਰੀਏ ਤਾਂ ਨੰਦ ਲਾਲ ਨੂਰਪੁਰੀ ਨੇ ਗੀਤਾਂ ਤੋਂ ਇਲਾਵਾ ਗ਼ਜ਼ਲਾਂ ਅਤੇ ਕਵਿਤਾਵਾਂ ’ਤੇ ਵੀ ਹੱਥ ਅਜ਼ਮਾਇਆ। ਨੂਰਪੁਰੀ ਨੇ ਪੰਜਾਬੀ ਸਾਹਿਤ ਦੀ ਝੋਲੀ ਨੂਰਪੁਰੀਆ (ਪਹਿਲੀ ਵਾਰ ਉਰਦੂ ਅੱਖਰਾਂ ਵਿੱਚ ਛਪੀ), ਚੰਗਿਆੜੇ, ਜਿਉਂਦਾ ਪੰਜਾਬ, ਵੰਗਾਂ, ਸੌਗਾਤ, ਪੰਜਾਬ ਬੋਲਿਆ ਤੇ ਆਰੀ ਸੁਗਾਤ (ਮਰਨ ਉਪਰੰਤ) ਪੁਸਤਕਾਂ ਪਾਈਆਂ। ਭਾਸ਼ਾ ਵਿਭਾਗ ਪੰਜਾਬ ਨੇ 1960 ਵਿੱਚ ਸੁਗਾਤ ਕਾਵਿ-ਸੰਗ੍ਰਹਿ ਦੇ ਖਰੜੇ ਨੂੰ ਸ਼੍ਰੋਮਣੀ ਕਾਵਿ ਕਰਾਰ ਦੇ ਕੇ ਨੂਰਪੁਰੀ ਨੂੰ ਉੱਤਮ ਕਵੀ ਦੇ ਤੌਰ ’ਤੇ ਸਨਮਾਨਿਤ ਕੀਤਾ।
ਨੰਦ ਲਾਲ ਨੂਰਪੁਰੀ ਨੇ ਆਪਣਾ ਜੀਵਨ ਚੱਪਲਾਂ ਨਾਲ ਅਤੇ ਸਾਈਕਲ ਉੱਪਰ ਤੈਅ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਆਸ਼ਾ ਸਿੰਘ ਮਸਤਾਨਾ, ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੂੰ ਕੋਠੀਆਂ ਵਾਲੇ ਜ਼ਰੂਰ ਬਣਾਇਆ। ਇਹ ਅਲਬੇਲਾ ਸ਼ਾਇਰ ਸਾਰੀ ਉਮਰ ਭੁੱਖ-ਨੰਗ ਨਾਲ ਹੀ ਜੂਝਦਾ ਰਿਹਾ। ਇੱਕ ਗੱਲ ਨੂਰਪੁਰੀ ਆਪਣੇ ਤਜਰਬੇ ਦੇ ਅਧਾਰ ’ਤੇ ਅਕਸਰ ਆਖਿਆ ਕਰਦਾ ਸੀ ਕਿ ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ।
ਉਂਜ ਤਾਂ ਨੂਰਪੁਰੀ ਦੇ ਬਹੁਤ ਸਾਰੇ ਗੀਤ ਮਕਬੂਲ ਹੋਏ ਪਰ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਉਸ ਦਾ ਲਿਖਿਆ  ਜੋ ਗੀਤ ਬਹੁਤ ਮਸ਼ਹੂਰ ਹੋਇਆ, ਉਸ ਦੇ ਬੋਲ ਨੇ:
ਚੰਨ ਵੇ ਸ਼ੌਂਕਣ ਮੇਲੇ ਦੀ,
ਪੈਰ ਧੋ ਕੇ ਝਾਂਜਰਾਂ ਪਾਉਂਦੀ,
ਮੇਲ੍ਹ ਦੀ ਆਉਂਦੀ,
ਕਿ ਸ਼ੌਂਕਣ ਮੇਲੇ ਦੀ।
ਇਸ ਗੀਤ ਤੋਂ ਇਲਾਵਾ ਉਸ ਦੀ ਹੋਰ ਵੀ ਬਹੁਤ ਸਾਰੀ ਰਚਨਾ ਹੈ ਜਿਸ ਨੇ ਨੰਦ ਲਾਲ ਨੂਰਪੁਰੀ ਨੂੰ ਅਮਰ ਕਰ ਦਿੱਤਾ। ਜਿਵੇਂ:-
* ਦਾਤਾ ਦੀਆਂ ਬੇਪਰਵਾਹੀਆਂ ਤੋਂ, ਓਏ ਬੇਪਰਵਾਹਾ ਡਰਿਆ ਕਰ।
* ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ।
* ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ।
* ਗੋਰੀ ਦੀਆਂ ਝਾਂਜਰਾਂ
ਨੂਰਪੁਰੀ ਨੇ ਕਈ ਫ਼ਿਲਮਾਂ ਲਈ ਵੀ ਗੀਤ ਲਿਖੇ ਜਿਵੇਂ ਮੰਗਤੀ ਤੇ ਵਲਾਇਤ ਪਾਸ ਆਦਿ। ਫ਼ਿਲਮੀ ਗੀਤ ਲਿਖਣ ਕਰਕੇ ਹੀ ਕੋਲੰਬੀਆ ਨਾਮੀ ਫ਼ਿਲਮ ਕੰਪਨੀ ਨੇ ਨੂਰਪੁਰੀ ਨੂੰ ਭਰਤੀ ਕਰ ਲਿਆ ਸੀ ਪਰ ਉਸ ਦਾ ਖੁੱਲ੍ਹਾ-ਡੁੱਲਾ ਤੇ ਮੌਜੀ ਸੁਭਾਅ ਫ਼ਿਲਮੀ ਦੁਨੀਆਂ ਦੇ ਮਨਸੂਹੀ ਵਤੀਰੇ ਤੋਂ ਬਗ਼ਾਵਤ ਕਰ ਗਿਆ।
ਭਾਖੜਾ ਡੈਮ ਬਣਨ ’ਤੇ ਨੂਰਪੁਰੀ ਦੀ ਕਲਮ ਹਰਫ਼ ਪਿਰੋਏ ਬਿਨਾਂ ਨਾ ਰਹਿ ਸਕੀ ਅਤੇ ਲਿਖਿਆ ‘ਭਾਖੜਾ ਤੋਂ ਆਉਂਦੀ ਮੁਟਿਆਰ ਨੱਚਦੀ’। ਉਸ ਨੇ ਦੇਸ਼ ਦੀ ਖਤਾਰ ਜਾਨ ਵਾਰਨ ਵਾਲੇ ਸੂਰਬੀਰਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਲਿਖਿਆ:
ਓ ਦੁਨੀਆ ਦੇ ਬੰਦਿਓ, ਪੂਜੋ ਉਹਨਾਂ ਨੇਕ ਇਨਸਾਨਾਂ ਨੂੰ,
ਦੇਸ਼ ਦੀ ਖਾਤਰ ਵਾਰ ਗਏ ਜੋ, ਪਿਆਰੀਆਂ-ਪਿਆਰੀਆਂ ਜਾਨਾਂ ਨੂੰ।
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਨੰਦ ਲਾਲ ਨੂਰਪੁਰੀ ਦੀਆਂ ਲਿਖੀਆਂ ਦੋ ਰਚਨਾਵਾਂ ‘ਕਿੱਥੇ ਮਾਤਾ ਤੋਰਿਆ…’ ਅਤੇ ‘ਮਾਤਾ ਗੁਜਰੀ ਜੀ…’, ਅੱਜ ਵੀ ਸਿੱਖ ਕੌਮ ਤੇ ਸਮੁੱਚੀ ਮਾਨਵਤਾ ਦੇ ਮਨਾਂ ਵਿੱਚ ਦਰੇਗ ਪੈਦਾ ਕਰਦੀਆਂ ਹਨ:
* ਅੱਧੀ ਰਾਤੀ ਮਾਂ ਗੁਜਰੀ, ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ,
ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ।
* ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ,
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ।
‘ਇੱਥੋਂ ਉੱਡ ਜਾ ਭੋਲਿਆ ਪੰਛੀਆ’ ਤੇ ‘ਕਾਹਨੂੰ ਵੇ ਪਿੱਪਲਾ ਖੜ-ਖੜ ਲਾਈ ਐ’ ਗੀਤਾਂ ਦਾ ਰਚੇਤਾ ਪੰਜਾਬੀ ਸਾਹਿਤ ਦਾ ਮਾਣ ਨੂਰਪੁਰੀ 13 ਮਈ 1966 ਨੂੰ ਘਰ ਦੀਆਂ ਤੰਗੀਆਂ ਨਾ ਸਹਾਰਦਾ ਹੋਇਆ ਖੂਹ ਵਿੱਚ ਛਾਲ ਮਾਰ ਕੇ ਸਭ ਨੂੰ ਅਲਵਿਦਾ ਕਹਿ ਗਿਆ ਪਰ ਪੰਜਾਬੀ ਦਾ ਇਹ ਸੱਚਾ ਆਸ਼ਕ ਆਪਣੇ ਗੀਤਾਂ ਰਾਹੀਂ ਹਮੇਸ਼ਾਂ ਲੋਕ ਦਿਲਾਂ ਵਿੱਚ ਧੜਕਦਾ ਰਹੇਗਾ।

ਸੁਖਚੈਨ ਸਿੰਘ ਤੋਲਾਵਾਲ

Share :

Share

rbanner1

Share