ਪੰਜਾਬੀ ਸੱਭਿਆਚਾਰ ਵਿਚ ਕਾਂ ਦੀ ਭੂਮਿਕਾ

house_crow_bangalore_india_wbਮਨੁੱਖ ਦਾ ਪ੍ਰਕਿਰਤੀ ਨਾਲ ਸਦੀਆਂ ਤੋਂ ਗੂੜ੍ਹਾ ਰਿਸ਼ਤਾ ਰਿਹਾ ਹੈ ਅਤੇ ਇਤਿਹਾਸਕ ਗਤੀਸ਼ੀਲਤਾ ਦੇ ਅਮਲ ਦੌਰਾਨ ਮਨੁੱਖੀ ਮਨ ਨੇ ਜਦੋਂ ਵੀ ਵੱਖ-ਵੱਖ ਕਿਸਮ ਦੇ ਪ੍ਰਕਿਰਤਕ ਹਾਲਤਾਂ ਦੇ ਸੰਪਰਕ ਵਿਚ ਰਹਿ ਕੇ ਆਪਣੀ ਪਹੁੰਚ ਵਿਧੀ ਤੇ ਪ੍ਰਯੋਗ ਵਿਧੀ ਰਾਹੀਂ, ਜੋ ਵੀ ਗਿਆਨ ਹਾਸਿਲ ਕੀਤਾ ਹੈ, ਅਸੀਂ ਉਸੇ ਗਿਆਨ ਨੂੰ ਆਪਣੇ ਸੱਭਿਆਚਾਰ ਰਾਹੀਂ ਬਾਤਾਂ, ਸਾਖੀਆਂ, ਲੋਕ ਤੱਥਾਂ, ਲੋਕ ਬੋਲੀਆਂ, ਲੋਕ ਗੀਤਾਂ ਅਤੇ ਅਖਾਣਾਂ, ਮੁਹਾਵਰਿਆਂ ਰਾਹੀਂ ਸਦੀਆਂ ਤੋਂ ਮਾਣਦੇ ਆ ਰਹੇ ਹਾਂ। ਸਾਡਾ ਸੱਭਿਆਚਾਰਕ ਵਿਰਸਾ ਇਸੇ ਕਰਕੇ ਅਮੀਰ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿਚ ਸ਼ਾਮਿਲ ਹਰ ਚੰਗੇ ਅਤੇ ਮਾੜੇ ਅੰਸ਼ ਨੂੰ ਸਾਡੇ ਪੁਰਖਿਆਂ ਨੇ ਬੜੇ ਹੀ ਵਿਧੀਵਤ ਢੰਗ ਨਾਲ ਉਜਾਗਰ ਕੀਤਾ ਹੈ। ਜੇਕਰ ਸਾਡੇ ਸੱਭਿਆਚਾਰ ਵਿਚ ਕਾਂ ਦੀ ਭੂਮਿਕਾ ਦੀ ਗੱਲ ਕਰੀਏ ਤਾਂ ਕਾਂ ਦੇ ਸਾਨੂੰ ਕਈ ਰੂਪ ਦੇਖਣ ਨੂੰ ਮਿਲਦੇ ਹਨ। ਕਾਂ ਇਕ ਮਾਸਾਹਾਰੀ ਪੰਛੀ ਹੋਣ ਨਾਤੇ ਜਿੱਥੇ ਮਾੜਾ ਸਮਝਿਆ ਜਾਂਦਾ ਹੈ ਉਥੇ ਹੀ ਉਸ ਦੀ ਚੁੰਝ ਸੋਨੇ ਵਿਚ ਮੜ੍ਹਾਂ ਦੇਣ ਦੀ ਗੱਲ ਆਖੀ ਜਾਂਦੀ ਹੈ, ਜਿਸ ਦਾ ਜ਼ਿਕਰ ਇਕ ਕਵੀ ਇਸ ਤਰ੍ਹਾਂ ਕਰਦਾ ਹੈ :-
ਰਿਸ਼ਤਾ ਐਸਾ ਜੁੜ ਜਾਂਦਾ ਹੈ,
ਰੱਬ ਵਰਗੇ ਕੁੱਝ ਕਾਵਾਂ ਨਾਲ,
ਮੁੜ-ਮੁੜ ਚੇਤੇ ਆਉਂਦੇ ਨੇ ਜੋ,
ਆਉਂਦੇ ਜਾਂਦੇ ਸਾਹਵਾਂ ਨਾਲ,
ਕਾਲਿਆ ਕਾਵਾਂ ਚੂਰੀ ਪਾਵਾਂ,
ਸੋਨੇ ਚੁੰਝ ਮੜਾਵਾਂ ਨਾਲ,
ਸਾਰ ਦੇਵੇ ਜੋ ਯਾਰ ਮੇਰੇ ਦੀ, ਜਿਸ ਨੂੰ ਡੀਕਾਂ ਚਾਵਾਂ ਨਾਲ।
ਇਸੇ ਤਰ੍ਹਾਂ ਇਕ ਹੋਰ ਕਾਵਿ ਰਚਨਾ ਵਿਚ ਕਾਂ ਦਾ ਜ਼ਿਕਰ ਇਸੇ ਤਰ੍ਹਾਂ ਹੀ ਮੇਲ ਖਾਂਦਾ ਮਿਲਦਾ ਹੈ :-
ਚੁੰਝ ਵੇ ਤੇਰੀ ਕਾਲਿਆ ਕਾਵਾਂ,
ਸੋਨੇ ਨਾਲ ਮੜਾਵਾਂ।
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ,
ਮੈਂ ਨਿੱਤ ਔਂਸੀਆਂ ਪਾਵਾਂ।
ਮੁਹਾਵਰੇ ਤੇ ਅਖਾਣ ਵਾਂਗ ਹੀ ਲੋਕ-ਸਿਆਣਪਾਂ ‘ਚ ਵੀ ਜ਼ਿੰਦਗੀ ਦੇ ਕੌੜੇ ਤੇ ਕਠੋਰ ਸੱਚ ਛੁਪੇ ਹੁੰਦੇ ਹਨ ਕਿ ਸਿਆਣਪਾਂ ਸਿਆਣੇ ਮਨੁੱਖਾਂ ਦਾ ਨਸੀਹਤਨਾਮਾ ਹੁੰਦੀਆਂ ਹਨ, ਅਤੇ ਸਾਡੀਆਂ ਇਨ੍ਹਾਂ ਲੋਕ ਸਿਆਣਪਾਂ ਵਿਚ ਕਾਂ ਦਾ ਜ਼ਿਕਰ ਇਸ ਤਰ੍ਹਾਂ ਮਿਲਦਾ ਹੈ।
ਕਾਂ, ਕਿਰਾੜ, ਕੁੱਤੇ ਦਾ, ਵਿਸਾਹ ਨਾ ਕਰੀਏ ਸੁੱਤੇ ਦਾ।
ਲੋਕ ਵਿਸ਼ਵਾਸ ਅਤੇ ਵਹਿਮ-ਭਰਮ ਭਾਵੇਂ ਦੋਨੋਂ ਵੱਖ-ਵੱਖ ਸ਼ਬਦ ਹਨ ਪਰ ਇਹ ਸ਼ਬਦ ਏਨੇ ਗੂੜ੍ਹੇ ਪਿਆਰੇ ਮਿੱਤਰ ਹਨ, ਕਿ ਇਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਵਹਿਮ-ਭਰਮ ਦਾ ਕਿੱਸਾ ਸਦੀਆਂ ਤੋਂ ਜਾਨਵਰਾਂ ਤੇ ਪੰਛੀਆਂ ਦੇ ਬੋਲਣ ਜਾਂ ਨਾ ਬੋਲਣ ਨਾਲ ਵੀ ਜੁੜਿਆ ਹੋਇਆ ਮਿਲਦਾ ਹੈ ਜਿਵੇਂ:-
ਦਿਨ ਨੂੰ ਬੋਲੇ ਗਿੱਦੜੀ, ਰਾਤੀਂ ਬੋਲਣ ਕਾਂ
ਇਕੇ ਤਾਂ ਰਾਜਾ ਮਾਰੀਏ, ਇਕੇ ਤਾਂ ਉਜੜੇ ਗਿਰਾਂ।
ਇਸ ਗੱਲ ਨੂੰ ਕੋਰਾ ਵਹਿਮ ਮੰਨੀਏ ਜਾਂ ਫਿਰ ਸਾਡੇ ਪੰਜਾਬੀ ਸੱਭਿਆਚਾਰ ਦਾ ਫ਼ੱਕਰਪਣ, ਕਿ ਅਸੀਂ ਸਮੇਂ ਦਾ ਅਨੁਮਾਨ ਵੀ ਪੰਛੀਆਂ ਦੇ ਬੋਲਣ ਤੋਂ ਲਗਾਉਂਦੇ ਰਹੇ ਹਾਂ ਜਿਵੇਂ:-
ਘੁੱਗੀ ਬੋਲਦੀ ਅੰਮ੍ਰਿਤ ਦੇ ਵੇਲੇ,
ਰੋਟੀ ਵੇਲੇ ਕਾਂ ਬੋਲਦਾ।
ਜਦੋਂ ਕੋਈ ਮੁਟਿਆਰ ਨੂੰ ਉਸ ਦਾ ਪਤੀ ਖੇਤਾਂ ਵਿਚ ਆਪਣੀ ਫ਼ਸਲ ਦੀ ਰਾਖੀ ਲਈ ਨਾਲ ਲੈ ਕੇ ਜਾਂਦਾ ਤਾਂ ਉਹ ਕਾਵਾਂ ਹੋਰ ਪੰਛੀਆਂ ਤੋਂ ਅੱਕੀ ਹੋਈ ਕਹਿੰਦੀ ਹੈ:-
‘ਕਦੀ ਉਡਾਵਾਂ ਤਿੱਤਰ ਬਟੇਰੇ ਅਤੇ
ਕਦੀ ਉਡਾਵਾਂ ਕਾਂ,
ਜ਼ਿੰਦ ਮਲੂਕ ਜਿਹੀ ਏ ਮੇਰੀ,
ਵੇ ਮੈਂ ਕਿੱਧਰ-ਕਿੱਧਰ ਜਾਂ।
ਮਾਰ ਕੇ ਛਾਲਾਂ ਜਾਵਾਂ ,
ਤਾਂ ਮੇਰੀ ਝਾਂਜਰ ਲਹਿੰਦੀ,
ਤੇਰੇ ਬਾਜਰੇ ਦੀ ਰਾਖੀ ਮੁੰਡਿਆ,
ਹੁਣ ਮੈਂ ਨਾ ਬਹਿੰਦੀ।
ਜਦੋਂ ਕੋਈ ਮੁਟਿਆਰ ਆਪਣੇ ਮਹਿਬੂਬ ਦੀ ਉਡੀਕ ਕਰ ਰਹੀ ਹੋਵੇ ਅਤੇ ਉਸੇ ਸਮੇਂ ਬਨੇਰੇ ਉਪਰ ਕਾਂ ਬੋਲ ਪਵੇ ਤਾਂ ਉਹ ਕਹਿੰਦੀ ਹੈ:-
ਜਦੋਂ-ਜਦੋਂ ਵੀ ਬਨੇਰੇ ਬੋਲੇ ਕਾਂ,
ਮੈਂ ਥਾਏਂ ਮਰ ਜਾਨੀ ਆਂ,
ਵੇ ਆਜਾ ਦਿਲ ਜਾਨੀ ਆ।
ਕਾਂ ਦੀ ਤੁਲਨਾ ਮੌਸਮ ਦੇ ਮਿਜਾਜ਼ ਨਾਲ ਵੀ ਦੇਖਣ ਨੂੰ ਮਿਲਦੀ ਹੈ ਜਦੋਂ ਅੱਤ ਦੀ ਗਰਮੀ ਪੈ ਰਹੀ ਹੁੰਦੀ ਹੈ ਤਾਂ ਅਸੀਂ ਆਮ ਕਹਾਵਤ, ਅਖਾਣ, ਅਖੌਤ ਵਿਚ ਕਹਿੰਦੇ ਹਾਂ ਕਿ
‘ਅੱਜ ਤਾਂ ਕਾਂ ਅੱਖ ਨਿਕਲਦੀ ਹੈ’
ਜਦੋਂ ਕਿਤੇ ਅਚਨਚੇਤ ਕੋਈ ਕਾਂ ਆਪਣੇ ਮਾਹੀ ਦੀ ਉਡੀਕ ਵਿਚ ਬੈਠੀ ਮੁਟਿਆਰ ਦੇ ਬਨੇਰੇ ਉੱਪਰ ਆ ਬੈਠਦਾ ਹੈ ਤਾਂ ਉਹ ਕਾਂ ਨੂੰ ਕਹਿੰਦੀ ਹੈ :-
ਉੱਡ ਜਾ ਵੇ ਕਾਲੇ ਕਾਵਾਂ, ਤੇਰੇ ਮੂੰਹ ਵਿਚ ਖੰਡ ਪਾਵਾਂ,
ਲੈ ਜਾ ਤੂੰ ਸੰਦੇਸ਼ਾ ਮੇਰੇ, ਮੈਂ ਤੇਰੇ ਸਦਕੇ ਜਾਵਾਂ।
ਜਦੋਂ ਕਿਸੇ ਮੁਟਿਆਰ ਦਾ ਕੰਤ ਲੰਮਾ ਸਮਾਂ ਉਸ ਤੋਂ ਦੂਰ ਰਹਿੰਦਾ ਹੈ ਤਾਂ ਉਸ ਦੇ ਵਿਯੋਗ ਵਿਚ ਕਹਿੰਦੀ ਹੈ :
ਹਿਜਰਾਂ ‘ਚ ਸੜਦੇ ਸੁੱਖੇ ਰੋਟ, ਤੇ ਸੁੱਖੀਆਂ ਚੂਰੀਆਂ,
ਉਮਰਾਂ ਤਾਂ ਮੁੱਕ ਚੱਲੀਆਂ, ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ।
ਰੱਜ-ਰੱਜ ਝੂਠ ਬੋਲਿਆ ਮੇਰੇ ਨਾਲ ਚੰਦਰਿਆ ਕਾਵਾਂ,
ਵੇ ਮਾਹੀਆ ਮੇਰਾ ਢਲ ਚੱਲਿਆ ਪਰਛਾਵਾਂ।
ਕਵੀ ਪੂਰਨ ਸਿੰਘ ਨਿਰਾਲਾ ਵੀ ਕਾਂ ਬਾਰੇ ਲਿਖਦਾ ਹੋਇਆ ਕਹਿੰਦਾ ਹੈ:
ਜਾਂ ਤਾਂ ਆ ਜਾਉ ਕੋਲ ਆਸਾਡੇ,
ਜਾਂ ਫਿਰ ਸਾਨੂੰ ਸੱਦੋ ਗਿਰਾਂ।
ਮੇਲ ਨਿਰਾਲਾ ਹੋ ਨਾ ਸਕਿਆ,
ਬਹੁਤ ਬਨੇਰੇ ਬੈਠੇ ਕਾਂ।
ਇਸੇ ਤਰ੍ਹਾਂ ਪ੍ਰਸਿੱਧ ਕਵੀ ਸੰਤ ਰਾਮ ਉਦਾਸੀ ਆਪਣੀ ਕਵਿਤਾ ‘ਪਰਵਾਸੀ’ ਕਾਂ ਜ਼ਿਕਰ ਕਰਦੇ ਹੋਏ ਲਿਖਦੇ ਹਨ :-
‘ਕੰਨ ਲਾ ਕੇ ਸੁਣ ਲੋ ਜੋ ਵੀ, ਕਹੇ ਵਤਨ ਦੀ ਧਰਤੀ,
ਵਤਨੀ ਕੋਇਲ ਕਾਵਾਂ ਜੋ ਛਲ ਲੀ, ਮੁੜ ਬਾਗੀ ਨਾ ਪਰਤੀ।
ਇਸ ਤਰ੍ਹਾਂ ਬਾਬਾ ਫ਼ਰੀਦ ਜੀ ਵੀ ਆਪਣੀ ਬਾਣੀ ਵਿਚ ਕਾਂ ਨੂੰ ਸੰਬੋਧਨ ਕਰਦੇ ਕਹਿੰਦੇ ਹਨ:-
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ॥
ਮੌਜੂਦਾ ਦੌਰ ਕਿਸੇ ਲਿਖਾਰੀ ਨੇ ਆਪਣੀ ਰਚਨਾ ਵਿਚ ਕਾਂ ਬਾਰੇ ਬੜਾ ਹੀ ਸੋਹਣਾ ਲਿਖਿਆ ਕਿ:-
ਮਾਸੀਆਂ ਬਣ ਜਾਣ ਮਾਵਾਂ, ਤਾਂ ਮਾਵਾਂ ਨੂੰ ਕੌਣ ਪੁੱਛੇ,
ਜੇ ਚਿੜੀਆਂ ਦੇਣ ਸੁਨੇਹੇ ਤਾਂ ਕਾਵਾਂ ਨੂੰ ਕੌਣ ਪੁੱਛੇ?

Share :

Share

rbanner1

Share