ਬਾਬਾ ਆਲਾ ਸਿੰਘ ਵੱਲੋਂ ਵਸਾਇਆ ਪਿੰਡ

ਪਿੰਡ ਬਡਾਲੀ ਆਲਾ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਆਉਂਦਾ ਇੱਕ ਕਸਬਾਨੁਮਾ ਪਿੰਡ ਹੈ। ਇਹ ਪਿੰਡ ਸਰਹਿੰਦ ਤੋਂ ਚੰਡੀਗੜ੍ਹ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਅਤੇ ਵੋਟਰਾਂ ਦੀ ਗਿਣਤੀ 1800 ਦੇ ਕਰੀਬ ਹੈ।
ਇਹ ਪਿੰਡ ਮਹਾਰਾਜਾ ਪਟਿਆਲਾ ਦੇ ਦਰਬਾਰ ਦੇ ਭਲਵਾਨ ਬਾਬਾ ਆਲਾ ਸਿੰਘ ਨੇ ਵਸਾਇਆ ਸੀ। ਇਸ ਕਾਰਨ ਪਿੰਡ ਦਾ ਨਾਮ ਬਾਬਾ ਆਲਾ ਸਿੰਘ ਦੇ ਨਾਮ ਤੋਂ ਬਡਾਲੀ ਆਲਾ ਸਿੰਘ ਰੱਖਿਆ ਗਿਆ। ਇਹ ਪਿੰਡ ਪਹਿਲਾਂ ਜ਼ਿਲ੍ਹਾ ਪਟਿਆਲਾ ਅਧੀਨ ਆਉਂਦਾ ਸੀ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨ ਮਗਰੋਂ ਇਸ ਜ਼ਿਲ੍ਹੇ ਨਾਲ ਜੋੜ ਦਿੱਤਾ ਗਿਆ। ਇਸ ਪਿੰਡ ਦੀਆਂ ਹੱਦਾਂ ਮੁਕਾਰੋਂਪੁਰ, ਕਾਲਾ ਮਾਜਰਾ, ਘੇਲ, ਹਿੰਦੂਪੁਰ, ਨਿਆਮੂ ਮਾਜਰਾ, ਨੰਡਿਆਲੀ ਤੇ ਮਨਹੇੜਾਂ ਜੱਟਾਂ ਪਿੰਡਾਂ ਨਾਲ ਲੱਗਦੀਆਂ ਹਨ। ਪਿੰਡ ਵਿੱਚ ਜ਼ਿਆਦਾ ਘਰ ਪੰਧੇਰ ਗੋਤ ਵਾਲਿਆਂ ਦੇ ਹਨ।
ਇਸ ਪਿੰਡ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਚੱਪੜਚਿੜੀ ਤੋਂ ਹੁੰਦੇ ਹੋਏ ਸਰਹਿੰਦ ਵੱਲ ਕੂਚ ਕੀਤਾ ਸੀ ਤਾਂ ਇਸ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਮੁਗ਼ਲਾਂ ਦੀ ਫ਼ੌਜ ਵਿੱਚ ਯੁੱਧ ਹੋਇਆ ਸੀ। ਯੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਵੀ ਇਸੇ ਪਿੰਡ ਕੀਤਾ ਗਿਆ ਸੀ। ਇਸ ਥਾਂ ’ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ।
ਬਡਾਲੀ ਆਲਾ ਸਿੰਘ ਇਲਾਕੇ ਦਾ ਪ੍ਰਮੁੱਖ ਪਿੰਡ ਹੈ। ਇੱਥੇ ਵੱਡੀ ਮਾਰਕੀਟ ਹੋਣ ਕਾਰਨ ਆਸ-ਪਾਸ ਵਾਲੇ ਪਿੰਡਾਂ ਦੇ ਲੋਕ ਖ਼ਰੀਦੋ-ਫਰੋਖ਼ਤ ਲਈ ਇੱਥੇ ਹੀ ਆਉਂਦੇ ਹਨ। ਪਿੰਡ ਵਿੱਚ ਦੋ ਗੁਰਦੁਆਰੇ, ਇੱਕ ਸ਼ਿਵ ਮੰਦਿਰ, ਖੇੜਾ, ਦੋ ਸ਼ਮਸ਼ਾਨਘਾਟ, ਡਿਸਪੈਂਸਰੀ, ਥਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਪ੍ਰਾਈਵੇਟ ਸਕੂਲ, ਬਿਜਲੀ ਬੋਰਡ ਦਾ ਦਫ਼ਤਰ, ਪਾਣੀ ਵਾਲੀ ਟੈਂਕੀ, ਬੱਸ ਸਟੈਂਡ, ਪੰਜ ਬੈਂਕਾਂ ਦੀ ਸ਼ਾਖ਼ਾਵਾਂ, ਟੈਲੀਫੋਨ ਐਕਸਚੇਂਜ, ਅਨਾਜ ਮੰਡੀ ਤੇ ਪੈਟਰੋਲ ਪੰਪ ਹੈ। ਪਿੰਡ ਵਿਚਲੀ ‘ਐਕਟਿਵ ਕਲੋਥਿੰਗ’ ਕੱਪੜਾ ਮਿੱਲ ਨਾਲ ਇਲਾਕੇ ਦੇ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਪਿੰਡ ਦੀ ਮੁੱਖ ਸੜਕ ’ਤੇ ਬਹੁਤ ਮਸ਼ਹੂਰ ਢਾਬੇ ਹਨ।
ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਵੱਡੀ ਗਿਣਤੀ ਲੋਕ ਪੜ੍ਹੇ-ਲਿਖੇ ਹਨ ਅਤੇ ਸਰਕਾਰੀ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਪਿੰਡ ਦੇ ਕੁਝ ਨੌਜਵਾਨ ਰੁਜ਼ਗਾਰ ਖ਼ਾਤਰ ਵਿਦੇਸ਼ਾਂ ਵਿੱਚ ਵੀ ਗਏ ਹਨ। ਪਿੰਡ ਦਾ ਜੰਮਪਲ ਰਾਮਾਕਾਂਤ ਸ਼ਰਮਾ ਸਾਲ 2007 ਵਿੱਚ ਬਾਡੀ ਬਿਲਡਿੰਗ ਮੁਕਾਬਲਾ ਜਿੱਤ ਕੇ ‘ਮਿਸਟਰ ਵਰਲਡ’ ਬਣਿਆ ਸੀ, ਜਿਸ ’ਤੇ ਪਿੰਡ ਵਾਸੀਆਂ ਨੂੰ ਮਾਣ ਹੈ।
ਇਸ ਪਿੰਡ ਵਿੱਚ ਫੋਕਲ ਪੁਆਇੰਟ ਦੀ ਮਨਜ਼ੂਰੀ ਮਿਲਣ ਕਾਰਨ ਇਮਾਰਤ ਬਣਾਈ ਗਈ ਸੀ ਪਰ ਇਸ ਤੋਂ ਬਾਅਦ ਸਰਕਾਰ ਦੀ ਅਣਦੇਖੀ ਕਾਰਨ ਇਹ ਇਮਾਰਤ ਖੰਡਰ ਬਣ ਗਈ। ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਇਲਾਕਾ ਵਾਸੀਆਂ ਨੂੰ ਫੋਕਲ ਪੁਆਇੰਟ ਦਾ ਲਾਭ ਦਿੱਤਾ ਜਾਵੇ। ਇਸ ਪਿੰਡ ਵਿੱਚ ਖੇਡ ਦਾ ਮੈਦਾਨ, ਸਰਕਾਰੀ ਹਸਪਤਾਲ ਤੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਦੀ ਲੋੜ ਹੈ।

ਸੰਪਰਕ: ਗੁਰਪ੍ਰੀਤ ਸਿੰਘ ਵਿੱਕੀ 84848-88700

Share :

Share

rbanner1

Share