ਬੁੱਧ ਧਰਮ ਦੇ ਪ੍ਰਮੁੱਖ ਗ੍ਰੰਥ ਅਤੇ ਪੁਸਤਕਾਂ

ਜਿਸ ਸਮੇਂ ਭਾਰਤ ਵਿੱਚ ਵੇਦਿਕ ਧਰਮ ਦਾ ਬੋਲਬਾਲਾ ਸੀ, ਉਸ ਵਕਤ ਭਾਰਤ ਵਿੱਚ ਕੁਝ ਨਵੀਨ ਧਾਰਮਿਕ ਮੁਹਾਂਦਰੇ ਵਾਲੀਆਂ ਵਿਚਾਰਧਾਰਾਵਾਂ ਵੀ ਉਤਪੰਨ ਹੋ ਰਹੀਆਂ ਸਨ। ਇਨ੍ਹਾਂ ਵਿਚਾਰਧਾਰਾਵਾਂ ਨਾਲ ਸਬੰਧਿਤ ਕੁਝ ਵਿਚਾਰਵਾਨ ਤਾਂ ਵੇਦਿਕ ਧਰਮ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਸਨ ਪਰ ਕੁਝ ਆਜ਼ਾਦਾਨਾ ਢੰਗ-ਤਰੀਕੇ ਨਾਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸੁਖਾਵਾਂ ਤੇ ਸਾਰਥਿਕ ਹੱਲ ਕਰਨਾ ਲੋਚਦੇ ਸਨ। ਇਨ੍ਹਾਂ ਵਿਚਾਰਧਾਰਾਵਾਂ ਵਿੱਚ ਹੀ ਮਹਾਤਮਾ ਬੁੱਧ ਦੀ ਵਿਚਾਰਧਾਰਾ ਸ਼ਾਮਲ ਹੈ। ਇਹ ਵਿਚਾਰਧਾਰਾ ਬੁੱਧ ਮਤ ਦੇ ਨਾਂ ਨਾਲ ਪਿਛਲੇ 2500 ਸਾਲ ਤੋਂ ਪ੍ਰਚੱਲਿਤ ਹੈ, ਜੋ ਵੱਖ-ਵੱਖ ਬੋਧੀ ਗ੍ਰੰਥਾਂ ਵਿੱਚ ਪੜ੍ਹਨ ਨੂੰ ਮਿਲਦੀ ਹੈ।
ਬੁੱਧ ਧਰਮ ਦੇ ਤਿੰਨ ਪ੍ਰਮੁੱਖ ਗ੍ਰੰਥ ਹਨ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ। ਆਮ ਤੌਰ ’ਤੇ ਪਿਟਕ ਸ਼ਬਦ ਟੋਕਰੀ ਲਈ ਵਰਤਿਆ ਜਾਂਦਾ ਹੈ, ਪਰ ਬੋਧੀਆਂ ਵੱਲੋਂ ਇਸ ਦੀ ਵਰਤੋਂ ਗ੍ਰੰਥ ਦੇ ਭਾਗ ਵਜੋਂ ਕੀਤੀ ਗਈ ਹੈ। ਤ੍ਰਿਪਿਟਕ ਵਿੱਚ ਹੇਠ ਲਿਖੇ ਤਿੰਨ ਬੋਧੀ ਗ੍ਰੰਥ ਸ਼ਾਮਲ ਹਨ:
ਸੁਤ ਪਿਟਕ: ਇਹ ਬੁੱਧ ਧਰਮ ਦਾ ਪਲੇਠਾ ਗ੍ਰੰਥ ਹੈ। ਬੁੱਧ ਧਰਮ ਵਿੱਚ ਇਸ ਦਾ ਵਿਸ਼ੇਸ਼ ਸਥਾਨ ਹੈ। ਬੁੱਧ ਧਰਮ ਦੇ ਬਾਕੀ ਗ੍ਰੰਥਾਂ ਵਿੱਚ ਇਸ ਗ੍ਰੰਥ ਦੀ ਆਧਾਰ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਪਾਲੀ ਭਾਸ਼ਾ ਵਿੱਚ ਲਿਖਿਆ ਗਿਆ ਸੁਤ ਪਿਟਕ ਗ੍ਰੰਥ ਭਿਖਸ਼ੂਆਂ ਦੇ ਰੋਜ਼ਾਨਾ ਜੀਵਨ ਅਤੇ ਸੰਘ ਦੀ ਮਾਣ-ਮਰਿਆਦਾ ਦੀ ਵਿਆਖਿਆ ਕਰਦਾ ਹੈ। ਮਹਾਤਮਾ ਬੁੱਧ ਦੀ ਗਿਆਨ ਪ੍ਰਾਪਤੀ ਤੋਂ ਬਾਅਦ ਦੇ ਸਮੇਂ ਦੀਆਂ ਕਈ ਧਾਰਮਿਕ ਤੇ ਅਧਿਆਤਮਕ ਘਟਨਾਵਾਂ ਇਸ ਗ੍ਰੰਥ ਵਿੱਚ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਧਰਮ ਦੀ ਬੌਧਿਕ ਫ਼ਿਲਾਸਫ਼ੀ ਦਾ ਪ੍ਰਗਟਾਵਾ ਹੁੰਦਾ ਹੈ। ਸੁਤ ਪਿਟਕ ਵਿੱਚ ਮਹਾਤਮਾ ਬੁੱਧ ਦੀਆਂ ਜੀਵਨ ਯਾਤਰਾਵਾਂ ਦਾ ਵੀ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ, ਜਿਸ ਤੋਂ ਉਸ ਸਮੇਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ, ਇਤਿਹਾਸਕ ਤੇ ਭੂਗੋਲਿਕ ਸਥਿਤੀ ਦੀ ਜਾਣਕਾਰੀ ਮਿਲਦੀ ਹੈ। ਇਸ ਗ੍ਰੰਥ ਨੂੰ ਪੰਜ ਨਿਕਾਯਾਂ (ਹਿੱਸਿਆਂ) ਵਿੱਚ ਵੰਡਿਆ ਗਿਆ ਹੈ- ਦਿਘ ਨਿਕਾਯ, ਮੱਝਿਮ ਨਿਕਾਯ, ਸੰਯੁਤ ਨਿਕਾਯ, ਅੰਗੁਤਰ ਨਿਕਾਯ ਤੇ ਖੁੱਦਕ ਨਿਕਾਯ।

ਖੁੱਦਕ ਨਿਕਾਯ ਵਿੱਚ ਸਵਾ ਦਰਜਨ ਦੇ ਕਰੀਬ ਕਿਤਾਬਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਬੇਰ ਗਾਥਾ, ਧਮਪਦ ਤੇ ਜਾਤਕ ਕਹਾਣੀਆਂ ਵਾਲੀਆਂ ਚਰਚਿਤ ਕਿਤਾਬਾਂ ਵੀ ਹਨ।
‘ਬੋਧੀ ਗੀਤਾ’ ਕਰਕੇ ਜਾਣੀ ਜਾਂਦੀ ਧਮਪਦ ਬੁੱਧ ਧਰਮ ਦੀ ਅਜਿਹੀ ਮਹੱਤਵਪੂਰਨ ਅਤੇ ਪਵਿੱਤਰ ਪੁਸਤਕ ਹੈ, ਜਿਸ ਵਿੱਚ ਬੋਧੀਆਂ ਲਈ ਧਾਰਮਿਕ ਤੇ ਸਦਾਚਾਰਕ ਨਿਯਮਾਂ ਦਾ ਵਖਿਆਨ ਕੀਤਾ ਗਿਆ ਹੈ। ਇਸ ਪੁਸਤਕ ਦੇ 26 ਅਧਿਆਇ ਹਨ, ਜਿਨ੍ਹਾਂ ਵਿੱਚ 423 ਗਾਥਾਵਾਂ ਦਰਜ ਕੀਤੀਆਂ ਗਈਆਂ ਹਨ। ਬੇਰ ਗਾਥਾ ਵਿੱਚ ਭਿਖਸ਼ੂਆਂ ਦੇ ਰੂਹਾਨੀ ਜੀਵਨ ਦੀਆਂ ਕਥਾਵਾਂ ਅੰਕਿਤ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਸਿਰਜਨਾ ਬੁੱਧ ਦੇ ਸ਼ਾਗਿਰਦਾਂ ਦੁਆਰਾ ਕੀਤੀ ਮੰਨੀ ਜਾਂਦੀ ਹੈ।

ਜਾਤਕ ਬੁੱਧ ਧਰਮ ਦੇ ਪੂਰਵ ਜਨਮ ਨਾਲ ਸਬੰਧਿਤ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਵਿਚ ਕੁੱਲ 547 ਕਥਾਵਾਂ ਹਨ, ਜਿਨ੍ਹਾਂ ਵਿੱਚ ਚੰਗੇ ਗੁਣਾਂ ਨੂੰ ਸਲਾਹਿਆ ਗਿਆ ਹੈ। ਇਸ ਸਲਾਹੁਤਾ ਤੋਂ ਪ੍ਰੇਰਿਤ ਹੋ ਕੇ ਸਾਧਾਰਨ ਵਿਅਕਤੀ ਸੱਚ ਦਾ ਪਾਂਧੀ ਬਣਨ ਵੱਲ ਰੁਚਿਤ ਹੋ ਜਾਂਦਾ ਹੈ। ਇਹ ਪੁਸਤਕ ਅਧਿਆਤਮਿਕ ਵਿਕਾਸ ਕਰਕੇ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਹਾਸਲ ਕਰਨ ’ਤੇ ਪ੍ਰਕਾਸ਼ ਪਾਉਂਦੀ ਹੈ।
ਵਿਨੈ ਪਿਟਕ: ਇਹ ਬੁੱਧ ਧਰਮ ਦੀ ਵਿਚਾਰਧਾਰਾ ਦਾ ਦੂਜਾ ਵੱਡਾ ਗ੍ਰੰਥ ਹੈ। ਇਸ ਵਿੱਚ ਪਹਿਲੀਆਂ ਦੋ ਸੰਗੀਤੀਆਂ (ਮਹਾਂਸਭਾਵਾਂ) ਬਾਰੇ ਇਤਿਹਾਸਕ ਵਾਕਫ਼ੀਅਤ ਹਾਸਲ ਹੋਣ ਦੇ ਨਾਲ-ਨਾਲ ਸੰਘ ਦੇ ਨਿਯਮਾਂ ਦੀ ਵੀ ਜਾਣਕਾਰੀ ਮਿਲਦੀ ਹੈ। ਪਾਲੀ ਭਾਸ਼ਾ ਵਿੱਚ ਲਿਖੇ ਗਏ ਇਸ ਗ੍ਰੰਥ ਵਿੱਚ ਨਿਯਮਾਂ ਦੀ ਵਿਆਖਿਆ ਦਾ ਆਧਾਰ ਮਹਾਤਮਾ ਬੁੱਧ ਦੇ ਉਪਦੇਸ਼ਾਂ ਅਤੇ ਆਦਰਸ਼ਾਂ ਨੂੰ ਬਣਾਇਆ ਗਿਆ ਹੈ।  ਇਸ ਗ੍ਰੰਥ ਵਿੱਚ ਚਾਰ ਪੁਸਤਕਾਂ ਸ਼ਾਮਲ ਹਨ:
ਪਾਤੀਮੋਖ: ਇਸ ਪੁਸਤਕ ਨੂੰ ਵਿਨੈ ਪਿਟਕ ਦਾ ਸਾਰ ਮੰਨਿਆ ਜਾਂਦਾ ਹੈ। ਇਸ ਵਿੱਚ ਅਜਿਹੇ ਪਵਿੱਤਰ ਬਚਨ ਅਤੇ ਸਦਾਚਾਰਕ ਨਿਯਮ ਹਨ, ਜੋ ਸਾਧਕ ਦੀ ਮੁਕਤੀ ਦਾ ਸਬੱਬ ਬਣ ਸਕਦੇ ਹਨ। ਇਸ ਪੁਸਤਕ ਦੇ ਦੋ ਭਾਗ ਕੀਤੇ ਗਏ ਹਨ, ਜਿਨ੍ਹਾਂ ਨੂੰ ਭਿਖਸ਼ੂ ਵਿਭੰਗ ਤੇ ਭਿਖਸ਼ੁਣੀ ਵਿਭੰਗ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਭਾਗਾਂ ਵਿੱਚ ਭਿਖਸ਼ੂਆਂ ਦੇ ਪਹਿਰਾਵੇ,  ਦਵਾਈਆਂ ਤੇ ਸਦਾਚਾਰਕ ਨਿਯਮ ਦਰਜ ਕੀਤੇ ਗਏ ਹਨ।
ਮਹਾਵਗ: ਇਸ ਕਿਤਾਬ ਦੇ ਦਸ ਸਕੰਧ ਹਨ, ਜਿਨ੍ਹਾਂ ਵਿੱਚ ਭਿਖਸ਼ੂਆਂ ਦੁਆਰਾ ਅਪਣਾਈ ਜਾਣ ਵਾਲੀ ਰੋਜ਼ਮਰਾ ਦੀ ਜੀਵਨ-ਜਾਚ ਬਾਬਤ ਚਾਨਣਾ ਪਾਇਆ ਗਿਆ ਹੈ। ਬਰਸਾਤ ਦੇ ਮੌਸਮ ਦੌਰਾਨ ਉਨ੍ਹਾਂ ਨੇ ਕਿਸ ਤਰ੍ਹਾਂ ਰਹਿਣਾ ਹੈ, ਕਿਹੜੀਆਂ ਦਵਾਈਆਂ ਦੀ ਵਰਤੋਂ ਕਰਨੀ ਹੈ ਅਤੇ ਕਿਧਰੇ ਆਉਣ-ਜਾਣ ਸਮੇਂ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਹੈ ਆਦਿ।
ਚੁਲਵਗ: ਇਹ ਪੁਸਤਕ ਵੀ ਵਿਨੈ ਪਿਟਕ ਦਾ ਹੀ ਭਾਗ ਹੈ, ਜਿਸ ਦੇ 12 ਸਕੰਧ ਹਨ। ਇਸ ਪੁਸਤਕ ਵਿੱਚ ਮਹਾਤਮਾ ਬੁੱਧ ਦੇ ਔਰਤਾਂ ਨੂੰ ਸੰਘ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਦੀ ਪ੍ਰੋੜ੍ਹਤਾ ਕੀਤੀ ਗਈ ਹੈ।
ਅਭਿਧਮ ਪਿਟਕ: ਪਾਲੀ ਭਾਸ਼ਾ ਵਿੱਚ ‘ਧਮ’ ਸ਼ਬਦ ਦਾ ਅਰਥ ਧਰਮ ਹੁੰਦਾ ਹੈ ਕਿਉਂਕਿ ਇਸ ਭਾਸ਼ਾ ਵਿੱਚ ‘ਰ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ‘ਅਭਿਧਮ’ ਦਾ ਅਰਥ ਅਭਿਧਰਮ ਬਣਦਾ ਹੈ, ਜਿਸ ਤੋਂ ਭਾਵ ਹੈ ਉੱਚ ਪਾਏ ਦੀਆਂ ਸਿੱਖਿਆਵਾਂ। ਇਨ੍ਹਾਂ ਸਿੱਖਿਆਵਾਂ ਲਈ ਇਸ ਗ੍ਰੰਥ ਵਿੱਚ ਸੱਤ ਪੁਸਤਕਾਂ ਧਮਸੰਗਨੀ, ਵਿਭੰਗ, ਧਾਤੂਕਥਾ, ਪੁਗਲ-ਪਣਤਿ, ਕਥਾਵਥੂ, ਯਮਕ ਅਤੇ ਪੱਠਾਨ ਨੂੰ ਸ਼ਾਮਿਲ ਕੀਤਾ ਗਿਆ ਹੈ।
ਧਮਸੰਗਨੀ: ਇਸ ਪੁਸਤਕ ਦਾ ਸਬੰਧ ਮਨੋਵਿਗਿਆਨਕ ਵਿਸ਼ੇ ਨਾਲ ਹੈ, ਜਿਸ ਵਿੱਚ ਹਰੇਕ ਪਦਾਰਥ ਨੂੰ ਉਸ ਦੇ ਸੁਭਾਅ ਮੁਤਾਬਕ ਸਮਝਣ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਮਨ ਦੀਆਂ ਅਵਸਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕਥਾਵਥੂ ਵਿੱਚ ਬੁੱਧ ਦੀ ਵਿਚਾਰਧਾਰਾ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਮਹਾਂਸਭਾਵਾਂ ਦਾ ਜ਼ਿਕਰ ਆਉਂਦਾ ਹੈ। ਤੀਜੀ ਮਹਾਂਸਭਾ ਵਿੱਚ ਜੋ ਚਰਚਾ ਹੋਈ, ਉਸ ਨੂੰ ਕਥਾਵਥੂ ਪੁਸਤਕ ਦੇ ਪੰਨਿਆਂ ਦਾ ਸ਼ਿੰਗਾਰ ਬਣਾਇਆ ਗਿਆ ਹੈ। ਇਸ ਪੁਸਤਕ ਦੇ 22 ਚੈਪਟਰ ਹਨ। ਇਸ ਗ੍ਰੰਥ ਵਿਚਲੀਆਂ ਬਾਕੀ ਪੰਜ ਪੁਸਤਕਾਂ ਵੀ ਬੁੱਧ ਧਰਮ ਦੇ ਬੇਸ਼ਕੀਮਤੀ ਵਿਚਾਰਾਂ ਦੀ ਹੀ ਪ੍ਰਤੀਨਿਧਤਾ ਕਰਦੀਆਂ ਆ ਰਹੀਆਂ ਹਨ।

Share :

Share

rbanner1

Share