ਬੌਲੀਵੁੱਡ ਦਾ ਯੁੱਗਪੁਰਸ਼ ਪ੍ਰਿਥਵੀ ਰਾਜ ਕਪੂਰ

ਲੰਬਾ ਸਮਾਂ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਅਭਿਨੇਤਾ ਪ੍ਰਿਥਵੀ ਰਾਜ ਕਪੂਰ ਦੀ ਬੌਲੀਵੁੱਡ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੂੰ ਦਮਦਾਰ ਅਭਿਨੈ ਲਈ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ। ਹੁਣ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਰਾਹੀਂ ਬੌਲੀਵੁੱਡ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਅਜੋਕੇ ਸਮੇਂ ਬੌਲੀਵੁੱਡ ਵਿੱਚ ਰਾਜ ਕਰ ਰਹੀ ਕਪੂਰ ਖ਼ਾਨਦਾਨ ਦੀ ਚੌਥੀ ਪੀੜ੍ਹੀ ਦੇ ਕੁਲਪਿਤਾ ਹਨ। ਦਮਦਾਰ ਆਵਾਜ਼ ਦੇ ਧਨੀ ਪ੍ਰਿਥਵੀ ਰਾਜ ਕਪੂਰ ਦਾ ਜਨਮ 03.01.1906 ਨੂੰ ਸਮੁੰਦਰੀ ਵਿਖੇ ਹੋਇਆ ਜੋ ਇਸ ਸਮੇਂ ਪਾਕਿਸਤਾਨ ਦੇ ਫੈਸਲਾਬਾਦ (ਲਾਇਲਪੁਰ) ਦੇ ਨਜ਼ਦੀਕ ਹੈ। ਉਨ੍ਹਾਂ ਦੇ ਪਿਤਾ ਬਸ਼ੇਸਬਰ ਨਾਥ ਕਪੂਰ ਸਮੁੰਦਰੀ ਵਿਖੇ ਤਹਿਸੀਲਦਾਰ ਦੇ ਪਦ ’ਤੇ ਤਾਇਨਾਤ ਸਨ। ਉਨ੍ਹਾਂ ਦੇ ਸਕੇ ਭਰਾ ਤ੍ਰਿਲੋਕ ਕਪੂਰ ਵੀ ਫ਼ਿਲਮਾਂ ਵਿੱਚ ਕਾਫ਼ੀ ਸਰਗਰਮ ਰਹੇ। ਇਨ੍ਹਾਂ ਦਾ ਚਚੇਰਾ ਭਰਾ ਸੁਰਿੰਦਰ ਕਪੂਰ ਵੀ ਫ਼ਿਲਮ ਨਿਰਮਾਤਾ ਰਿਹਾ ਜੋ ਅਨਿਲ ਕਪੂਰ, ਬੋਨੀ ਕਪੂਰ ਅਤੇ ਸੰਜੇ ਕਪੂਰ ਦੇ ਪਿਤਾ ਸਨ।
ਪ੍ਰਿਥਵੀ ਰਾਜ ਕਪੂਰ ਨੇ ਮੁੱਢਲੀ ਵਿੱਦਿਆ ਲਾਇਲਪੁਰ ਤੇ ਲਾਹੌਰ ਵਿਖੇ ਪੂਰੀ ਕਰਨ ਉਪਰੰਤ ਉਚੇਰੀ ਸਿੱਖਿਆ ਐਡਵਰਡਜ਼ ਕਾਲਜ ਪਿਸ਼ਾਵਰ ਵਿਖੇ ਕੀਤੀ। ਉਸ ਨੇ ਦਾਖਲਾ ਤਾਂ ਕਾਨੂੰਨ ਦੀ ਪੜ੍ਹਾਈ ਲਈ ਲਿਆ ਸੀ, ਪਰ ਰੁਚੀ ਫ਼ਿਲਮੀ ਐਕਟਰ ਬਣਨ ਦੀ ਸੀ। ਇਸ ਲਈ ਉਹ 1928 ਵਿੱਚ ਰਿਸ਼ਤੇਦਾਰ ਕੋਲੋਂ ਪੈਸੇ ਉਧਾਰ ਲੈ ਕੇ ਬੰਬਈ ਪਹੁੰਚ ਗਿਆ ਅਤੇ ਮੂਕ ਫ਼ਿਲਮ ‘ਚੈਲੰਜ’ ਵਿੱਚ ਐਕਸਟਰਾ ਕਲਾਕਾਰ ਦਾ ਰੋਲ ਹਾਸਿਲ ਕਰ ਲਿਆ। ਬਾਅਦ ਵਿੱਚ ਇਸ ਫ਼ਿਲਮ ਦਾ ਨਿਰਮਾਣ ਕਰਨ ਵਾਲੀ ਇੰਪੀਰੀਅਲ ਮੂਵੀਟੋਨ ਕੰਪਨੀ ਦੀਆਂ ਪੰਜ ਛੇ ਹੋਰ ਫ਼ਿਲਮਾਂ ਵਿੱਚ ਮੁੱਖ ਕਲਾਕਾਰ ਦੇ ਤੌਰ ’ਤੇ ਕੰਮ ਕੀਤਾ।
ਫ਼ਿਲਮ ਨਗਰੀ ਵਿੱਚ ਥੋੜ੍ਹਾ ਸਥਾਪਿਤ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਰਾਮਸਰਨੀ ਮਹਿਰਾ ਆਪਣੇ ਤਿੰਨ ਲੜਕੇ ਰਣਬੀਰ ਰਾਜ (ਰਾਜ ਕਪੂਰ), ਦਵਿੰਦਰ (ਦੇਵੀ) ਅਤੇ ਰਵਿੰਦਰ (ਬਿੰਦੀ) ਸਮੇਤ 1930 ਵਿੱਚ ਬੰਬਈ ਪਹੁੰਚ ਗਈ। ਇਸ ਦੌਰਾਨ ਦੇਵੀ ਅਤੇ ਬਿੰਦੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਬੰਬਈ ਵਿਖੇ ਤਿੰਨ ਹੋਰ ਬੱਚੇ ਸ਼ਮਸ਼ੇਰ ਰਾਜ ਕਪੂਰ (ਸ਼ੰਮੀ ਕਪੂਰ), ਬਲਬੀਰ ਰਾਜ (ਸ਼ਸ਼ੀ ਕਪੂਰ) ਅਤੇ ਇੱਕ ਲੜਕੀ ਉਰਮਿਲਾ ਦਾ ਜਨਮ ਹੋਇਆ। ਤਿੰਨੋਂ ਭਰਾਵਾਂ ਨੇ ਫ਼ਿਲਮ ਜਗਤ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ।
1931 ਦੌਰਾਨ ਫ਼ਿਲਮ ‘ਆਲਮਆਰਾ’ ਰਿਲੀਜ਼ ਹੋਈ। ਇਸ ਵਿੱਚ ਪ੍ਰਿਥਵੀ ਰਾਜ ਕਪੂਰ ਨੇ ਮਹੱਤਵਪੂਰਨ ਰੋਲ ਕੀਤਾ। 1931 ਤੋਂ 1972 ਤਕ ਉਸ ਨੇ ਤਕਰੀਬਨ 100 ਹਿੰਦੀ ਫ਼ਿਲਮਾਂ ਵਿੱਚ ਯਾਦਗਾਰੀ ਰੋਲ ਨਿਭਾਏ ਜੋ ਮੀਲ ਪੱਥਰ ਸਾਬਤ ਹੋਏ। ਇਸ ਤੋਂ ਇਲਾਵਾ ਤਿੰਨ ਪੰਜਾਬੀ ਫ਼ਿਲਮਾਂ ‘ਨਾਨਕ ਨਾਮ ਜਹਾਜ਼ ਹੈ’, ‘ਨਾਨਕ ਦੁਖੀਆ ਸਭ ਸੰਸਾਰ’ ਅਤੇ ‘ਮੇਲੇ ਮਿੱਤਰਾਂ ਦੇ’  ਅਤੇ ਇੱਕ ਕੰਨੜ ਫ਼ਿਲਮ ਵਿੱਚ ਯਾਦਗਾਰੀ ਰੋਲ ਨਿਭਾਏ। ਇਸ ਦੌਰਾਨ ਉਨ੍ਹਾਂ ਨੇ ਉਸ ਸਮੇਂ ਦੀਆਂ ਨਾਮਵਰ ਫ਼ਿਲਮ ਨਿਰਮਾਣ ਕੰਪਨੀਆਂ ਨਿਊ ਥਿਏਟਰ ਕਲਕੱਤਾ, ਮਿਨਰਵਾ ਮੂਵੀਟੋਨ, ਮਾਗਰ ਮੂਵੀਟੋਨ, ਵਾਡੀਆ ਮੂਵੀਟੋਨ, ਰਜਨੀਤ ਮੂਵੀਟੋਨ, ਆਦਰਸ਼ ਲੋਕ, ਜੈਮਿਨੀ ਮਦਰਾਸ, ਆਰ ਕੇ ਫ਼ਿਲਮਜ਼, ਜੁਗਲ ਕਿਸ਼ੋਰ ਪ੍ਰੋਡ, ਰਾਮਸੇ ਬ੍ਰਦਰਜ਼, ਸਟਰਲਿੰਗ ਇਨਵੈਸਟਮੈਂਟ ਕਾਰਪੋਰੇਸ਼ਨ, ਨਿਆ ਸੰਸਾਰ, ਰਾਜਕਮਲ ਕਲਾ ਮੰਦਿਰ ਆਦਿ ਬੈਨਰਾਂ ਹੇਠ ਕੰਮ ਕੀਤਾ। ਪ੍ਰਿਥਵੀ ਰਾਜ ਕਪੂਰ ਨੇ ਐੱਨ ਸੀ ਫ਼ਿਲਮਜ਼ ਦੀ ‘ਸਿਕੰਦਰ-ਏ- ਆਜ਼ਮ’ ਵਿੱਚ ਪੋਰਸ ਦਾ ਰੋਲ, ਸੋਹਰਾਬ ਮੋਦੀ ਦੀ ‘ਸਿਕੰਦਰ’ ਵਿੱਚ ਸਿਕੰਦਰ ਦਾ ਰੋਲ ਅਤੇ ਸਦਾਬਹਾਰ ਫ਼ਿਲਮ ‘ਮੁਗਲ-ਏ-ਆਜ਼ਮ’ ਵਿੱਚ ਮੁਗਲ ਸ਼ਹਿਨਸ਼ਾਹ ਅਕਬਰ ਦਾ ਰੋਲ ਬਾਖ਼ੂਬੀ ਨਿਭਾ ਕੇ ਸ਼ਲਾਘਾ ਹਾਸਿਲ ਕੀਤੀ। ਰਾਜ ਕਪੂਰ ਨਿਰਮਤ ਅਤੇ ਨਿਰਦੇਸ਼ਤ ਫਿਲਮ ‘ਆਵਾਰਾ’ (51) ਵਿੱਚ ਉਨ੍ਹਾਂ ਦੇ ਪਿਤਾ ਅਤੇ ਦੋ ਬੇਟੇ ਰਾਜ ਕਪੂਰ ਅਤੇ ਸ਼ਸ਼ੀ ਕਪੂਰ ਨੇ ਰੋਲ ਕੀਤਾ ਜੋ ਕਿ ਇੱਕ ਯਾਦਗਾਰੀ ਫ਼ਿਲਮ ਹੈ। ਇਸ ਨੂੰ ਰੂਸ ਵਿੱਚ ਵੀ ਬਹੁਤ ਪਸੰਦ ਕੀਤਾ ਗਿਆ ਸੀ। ਇਸੇ ਤਰ੍ਹਾਂ ਇੱਕ ਹੋਰ ਰਾਜ ਕਪੂਰ ਨਿਰਮਤ, ਰਣਧੀਰ ਕਪੂਰ ਨਿਰਦੇਸ਼ਤ ਫ਼ਿਲਮ ‘ਕਲ, ਆਜ ਔਰ ਕੱਲ੍ਹ’ (71) ਵਿੱਚ ਤਿੰਨ ਪੀੜ੍ਹੀਆਂ ਨੂੰ ਫ਼ਿਲਮ ਦੇ ਟਾਈਟਲ ਅਨੁਸਾਰ ਦਰਸਾਇਆ ਗਿਆ। ਇਹ ਕਹਿ ਸਕਦੇ ਹਾਂ ਕਿ ਹੋਣਹਾਰ ਪੋਤੇ ਨੇ ਪਿਤਾ ਅਤੇ ਦਾਦਾ ਨੂੰ ਨਿਰਦੇਸ਼ਤ ਕੀਤਾ।
ਰਾਜ ਕਪੂਰ ਅਤੇ ਸ਼ਸ਼ੀ ਕਪੂਰ ਦੇ ਬੈਨਰ ਆਰ ਕੇ ਫ਼ਿਲਮਜ਼ ਅਤੇ ਫ਼ਿਲਮ ਵਾਲਾ ਤਹਿਤ ਤਕਰੀਬਨ 21 ਅਤੇ 6 ਫ਼ਿਲਮਾਂ ਬਣੀਆਂ। ਬੈਨਰ ਦੇ ਨਾਲ ਪ੍ਰਿਥਵੀ ਰਾਜ ਕਪੂਰ ਫ਼ਿਲਮ ਦੇ ਸ਼ੁਰੂ ਵਿੱਚ ਹਵਨ ਕਰਦੇ ਦਿਖਾਏ ਗਏ ਹਨ। ਬੇਸ਼ੁਮਾਰ ਕਾਮਯਾਬ ਫ਼ਿਲਮਾਂ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਨਾਟਕਾਂ ਪ੍ਰਤੀ ਮੋਹ ਵੀ ਬਰਕਰਾਰ ਰਿਹਾ। ਕੁਝ ਨਾਟਕ ‘ਪੈਸਾ’, ‘ਸ਼ਕੁੰਤਲਾ’, ‘ਆਹੂਤੀ’ ਅਤੇ ‘ਕਲਾਕਾਰ’ ਦੇ ਸ਼ੋਅ ਦੇਸ਼ ਦੇ ਕਈ ਹਿੱਸਿਆਂ ਵਿੱਚ ਕੀਤੇ ਗਏ। ਨਾਟਕ ‘ਪੈਸਾ’ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਫ਼ਿਲਮ ‘ਪੈਸਾ’ (57) ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਅਤੇ ਖ਼ੁਦ ਹੀਰੋ ਵੀ ਬਣੇ ਸਨ। ਫ਼ਿਲਮ ਵੱਲੋਂ ਖ਼ਾਸ ਕਾਰੋਬਾਰ ਨਾ ਕਰਨ ਨਾਲ ਉਹ ਆਰਥਿਕ ਸੰਕਟ ਵਿੱਚ ਘਿਰ ਗਏ। ਇਸ ਹਾਲਤ ਵਿੱਚ ਰਾਜ ਕਪੂਰ ਨੇ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ।
ਪ੍ਰਿਥਵੀ ਰਾਜ ਕਪੂਰ ਪਹਿਲੇ ਅਭਿਨੇਤਾ ਸਨ ਜਿਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਅਤੇ 8 ਸਾਲ ਲਗਾਤਾਰ ਰਾਜ ਸਭਾ ਦੇ ਮੈਂਬਰ ਰਹੇ। ਉਹ ਸੰਗੀਤ ਨਾਟਕ ਅਕਾਦਮੀ ਦੇ ਫੈਲੋ ਵੀ ਰਹੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 1969 ਵਿੱਚ ਪਦਮ ਭੂਸ਼ਨ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ। 1996 ਵਿੱਚ ਪ੍ਰਿਥਵੀ ਥਿਏਟਰ ਦੇ ਗੋਲਡਨ ਜੁਬਲੀ ਸਾਲ ’ਤੇ ਭਾਰਤ ਸਰਕਾਰ ਨੇ ਦੋ ਰੁਪਏ ਦੀ ਡਾਕ ਟਿਕਟ ਜਾਰੀ ਕੀਤੀ ਅਤੇ ਭਾਰਤੀ ਸਿਨਮਾ ਦੇ 100 ਸਾਲ ਪੂਰੇ ਹੋਣ ’ਤੇ ਭਾਰਤ ਸਰਕਾਰ ਨੇ 3 ਮਈ 2013 ਨੂੰ ਇੱਕ ਹੋਰ ਟਿਕਟ ਜਾਰੀ ਕੀਤੀ ਜਿਸ ਉੱਤੇ ਉਨ੍ਹਾਂ ਦੀ ਤਸਵੀਰ ਸੀ।
ਪ੍ਰਿਥਵੀ ਰਾਜ ਕਪੂਰ ਦੇ ਯੋਗਦਾਨ ਦੇ ਮੱਦੇਨਜ਼ਰ 1971 ਵਿੱਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਗਿਆ ਜਿਹੜਾ ਉਨ੍ਹਾਂ ਦੇ ਮਰਨ ਉਪਰੰਤ ਉਨ੍ਹਾਂ ਦੇ ਬੇਟੇ ਰਾਜ ਕਪੂਰ ਨੇ ਪ੍ਰਾਪਤ ਕੀਤਾ ਸੀ। ਪ੍ਰਿਥਵੀ ਰਾਜ ਕਪੂਰ ਅਤੇ ਇਨ੍ਹਾਂ ਦੀ ਸੁਪਤਨੀ ਦੋਨੋਂ ਕੈਂਸਰ ਤੋਂ ਪੀੜਤ ਸਨ। ਆਪਣੇ ਕਰੀਅਰ ਵਿੱਚ ਸਖ਼ਤ ਸੰਘਰਸ਼ ਕਰਕੇ ਵੱਖਰਾ ਮੁਕਾਮ ਹਾਸਿਲ ਕਰਨ ਵਾਲੇ ਇਸ ਅਭਿਨੇਤਾ ਦੀ 29 ਮਈ, 1972 ਨੂੰ ਮੌਤ ਹੋ ਗਈ ਅਤੇ 27 ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਭੌਤਿਕ ਰੂਪ ਵਿੱਚ ਉਹ ਹੁਣ ਭਾਵੇਂ ਬੌਲੀਵੁੱਡ ਵਿੱਚ ਨਹੀਂ ਹਨ, ਪਰ ਆਪਣੀ ਦਮਦਾਰ ਅਦਾਕਾਰੀ ਅਤੇ ਕਪੂਰ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਰਾਹੀਂ ਉਹ ਬੌਲੀਵੁੱਡ ਦੇ ਚਾਨਣ ਮੁਨਾਰਾ ਬਣੇ ਰਹਿਣਗੇ।

Share :

Share

rbanner1

Share