ਬੰਦੀ ਛੋੜ ਦਿਵਸ ਦਾ ਸਿਧਾਂਤਕ ਅਤੇ ਇਤਿਹਾਸਕ ਪਰਿਪੇਖ

ਸਮਾਂ ਤੇ ਸੁਹਜ

ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਲਿਆਉਂਦੇ ਹੋਏ।

ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਲਿਆਉਂਦੇ ਹੋਏ।

ਸਿੱਖ ਧਰਮ ਵਿੱਚ ਕਿਸੇ ਦਿਨ ਨੂੰ ਸ਼ੁਭ ਜਾਂ ਅਸ਼ੁਭ ਮੰਨਣ ਦਾ ਸਿਧਾਂਤਕ ਤੇ ਵਿਵਹਾਰਕ ਵਿਵਰਣ ਨਹੀਂ ਹੈ। ਗੁਰੂ ਸਾਹਿਬਾਨ ਦੇ ਆਗਮਨ ਤੇ ਹੋਰ ਪੱਖਾਂ ਨਾਲ ਜੁੜੇ ਦਿਹਾੜਿਆਂ ਦੀ ਇਤਿਹਾਸਕ ਮਹੱਤਤਾ ਹੈ ਅਤੇ ਇਨ੍ਹਾਂ ਦਾ ਸਭਿਆਚਾਰਕ ਪ੍ਰਗਟਾਵਾ ਜ਼ਰੂਰੀ ਹੈ। ਇਨ੍ਹਾਂ ਵਿੱਚ ਗੁਰਪੁਰਬ, ਦੀਵਾਲੀ, ਵਿਸਾਖੀ, ਮਾਘੀ ਅਤੇ ਹੋਲਾ ਪ੍ਰਮੁੱਖ ਹਨ। ਇਹ ਉਤਸਵ ਸਿੱਖ ਧਰਮ ਦੇ ਸਭਿਆਚਾਰ ਦਾ ਅਮਲੀ ਪ੍ਰਗਟਾਵਾ ਹਨ। ਇਸੇ ਤਰ੍ਹਾਂ ਬੰਦੀ ਛੋੜ ਦਿਵਸ ਮਨੌਤ ਪੱਖੋਂ ਭਾਰਤ ਦੇ ਪੁਰਾਤਨ ਤਿਉਹਾਰ ਦੀਵਾਲੀ ਨਾਲ ਜੁੜਿਆ ਹੋਇਆ ਹੈ ਜਾਂ ਸਿੱਖ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ, ਪਰ ਇਸ ਦਾ ਆਧਾਰ ਸਿੱਖ ਸਿਧਾਂਤ, ਪਰਉਪਕਾਰ ਦੀ ਭਾਵਨਾ ਤੇ ਇਤਿਹਾਸਕ ਪਿਛੋਕੜ ਹਨ। ਇਸੇ ਕਾਰਨ ਸਿੱਖ ਧਰਮ ਵਿੱਚ ਇਹ ਤਿਉਹਾਰ ਮਨਾਉਣ ਦੀ ਰਵਾਇਤ ਹੈ। ਖ਼ਾਸ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਿਨ ਕੀਤੀ ਜਾਂਦੀ ਦੀਪਮਾਲਾ ਅਤੇ ਆਕਰਸ਼ਕ ਆਤਿਸ਼ਬਾਜ਼ੀ ਕਾਰਨ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ’ ਦੇ ਬੋਲ ਪੰਜਾਬੀ ਅਖਾਣ ਵਜੋਂ ਪ੍ਰਚੱਲਿਤ ਹਨ।
ਗੁਰਬਾਣੀ ਵਿੱਚ ਬੰਦੀ ਛੋੜ ਤੇ ਬੰਦੀਮੋਚ ਸਮਾਨਾਰਥਕ ਸ਼ਬਦ ਹਨ ਜਿਨ੍ਹਾਂ ਦਾ ਅਰਥ ਹੈ: ਕੈਦ ਵਿੱਚੋਂ ਛੁਡਵਾਉਣ ਵਾਲਾ, ਰਿਹਾਈ ਦੇਣ ਵਾਲਾ। ਇਸ ਬਾਰੇ ਕਥਨ ਹਨ:
ਗਈ ਬਹੋੜੁ ਬੰਦੀ ਛੋੜੁ ਨਿਰੰਕਾਰ ਦੁਖਦਾਰੀ।।
ਅਤੇ
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ।।
ਇੱਥੇ ਇਹ ਪਦ ਸਰਬਗ ਸ਼ਕਤੀਵਾਨ ਪਰਮਾਤਮਾ ਪ੍ਰਥਾਇ ਹਨ। ਸਿੱਖ ਧਰਮ ਦਰਸ਼ਨ ਵਿੱਚ ਅਕਾਲ ਪੁਰਖ (ਪਾਰਬ੍ਰਹਮ ਪਰਮੇਸ਼ਰ) ਦੀ ਅਧਿਕਾਰੀ ਸੱਤਾ ਗੁਰੂ (ਗੁਰ ਪਰਮੇਸ਼ਰ) ਪ੍ਰਵਾਨ ਕੀਤਾ ਗਿਆ ਹੈ। ਇਸ ਕਰਕੇ ਇਸ ਤਰ੍ਹਾਂ ਦੇ ਵਿਸ਼ੇਸ਼ਣੀ ਪਦ ਗੁਰੂ ਸਾਹਿਬਾਨ ਲਈ ਵਰਤੇ ਜਾਂਦੇ ਹਨ।
ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਸ਼ਬਦ ਦੇ ਮਾਧਿਅਮ ਗੁਰਮੁਖ ਦੁਆਰਾ ਪ੍ਰਾਪਤ ਮਹਾਂ ਸੁਖ ਨੂੰ ਦੀਵਾਲੀ ਰਾਤ ਦੀਵੇ ਬਾਲਣ ਨਾਲੋਂ ਉੱਤਮ ਦਰਸਾਇਆ ਹੈ।
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ।।
ਗੁਰਮੁਖ ਸੁਖਫਲ ਦਾਤ ਸਬਦ ਸਮ੍ਹਾਲੀਅਨਿ।।
ਸੋ ਦੀਵਾਲੀ ਦੇ ਸਿਰਫ਼ ਕੁਝ ਚਿਰ ਲਈ ਬਲਦੇ ਦੀਵਿਆਂ ਅਤੇ ਕਰਮ-ਕਿਰਿਆ ਨਾਲੋਂ ਗੁਰਮੁਖ ਦਾ ਚਿਰੰਜੀਵੀ ਹਿਰਦੈ ਦਾ ਸੁਖਮਈ ਪ੍ਰਕਾਸ਼ ਅਕਹਿ ਤੇ ਅਸੀਮ ਹੈ।
ਸਿੱਖ ਆਚਾਰ ਵਿੱਚ ਪਰਉਪਕਾਰ ਦਾ ਸਦਗੁਣ ਵੀ ਸ਼ਾਮਿਲ ਹੈ। ਬੰਦੀ ਛੋੜ ਦਾ ਉਤਸਵ ਸਦਗੁਣ ਭਰਪੂਰ ਵਾਕਿਆ ਦੀ ਉੱਤਮ ਵੰਨਗੀ ਹੈ। ਸਿੱਖਾਂ ਵਿੱਚ ਇਸ ਦਿਨ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਸੀ ਕਿਉਂਕਿ ਦੀਵਾਲੀ ਦੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ। ਪੰਚਮ ਪਾਤਸ਼ਾਹ ਦੇ ਵਚਨਾਂ ਮੁਤਾਬਿਕ ਆਪ ਦੀ ਸ਼ਹਾਦਤ ਪਿੱਛੋਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਨ ਤੇ ਸੂਰਬੀਰਤਾ ਦਾ ਉਪਦੇਸ਼ ਦਿੱਤਾ ਤਾਂ ਇਸ ਦੇ ਸੌੜੇ ਪ੍ਰਤੀਕਰਮ ਵਜੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਸੀ। ਉਨ੍ਹਾਂ ਉੱਤੇ ਇਹ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ’ਤੇ ਲਗਾਇਆ ਗਿਆ ਜੁਰਮਾਨਾ ਛੇਵੇਂ ਪਾਤਸ਼ਾਹ ਨੇ ਅਦਾ ਨਹੀਂ ਕੀਤਾ। ਦਬਿਸਤਾਨ-ਏ-ਮਜ਼ਾਹਿਬ ਵਿੱਚ ਗੁਰੂ ਜੀ ਦੇ ਕਿਲ੍ਹੇ ਵਿੱਚ ਚਾਲੀ ਦਿਨਾਂ ਤੋਂ ਲੈ ਕੇ ਬਾਰਾਂ ਸਾਲ ਤਕ ਕੈਦ ਰਹਿਣ ਸਬੰਧੀ ਕਈ ਕਿਸਮ ਦੇ ਵੇਰਵੇ ਮਿਲਦੇ ਹਨ। ਭਟ ਵਹੀਆਂ ਮੁਤਾਬਿਕ ਗੁਰੂ ਸਾਹਿਬ 6 ਸਾਲ ਇਸ ਕਿਲ੍ਹੇ ਵਿੱਚ ਰਹੇ। ਕੁਝ ਸਮਾਂ ਪਹਿਲਾਂ ਗਵਾਲੀਅਰ ਦੇ ਪੁਰਾਤਨ ਖੂਹ ਵਿੱਚੋਂ ਮਿਲੀ ਇੱਕ ਸਿੱਲ ਦੀ ਫਾਰਸੀ ਲਿਖਤ ਮੁਤਾਬਿਕ ਗੁਰੂ ਸਾਹਿਬ ਸੰਮਤ 1670 (1613 ਈਸਵੀ) ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ:
ਯਕ ਮਰਦ-ਏ-ਕਮਾਲ ਪੀਰ ਹਿੰਦ,
ਸ਼ਾਹਸ਼ਮ ਗੁਰੂ ਨਾਨਕ ਹਰਗੋਬਿੰਦ ਸ਼ਾਹ ਐਨ ਸ਼ਾਹ
ਨੂਰਉਦੀਨ ਸੁਲਤਾਨ ਹਿੰਦ ਜਹਾਂਗੀਰ ਨਜ਼ਰਬੰਦ ਕਰਦੰਦ
(ਸੰਮਤ 1670 ਬਿਕਰਮੀ ਵਜ਼ੀਰ ਖਾਨ)
ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਵਿੱਚ ਗਵਾਲੀਅਰ ਅਤੇ ਅੰਮ੍ਰਿਤਸਰ ਵਿਖੇ ਰੌਸ਼ਨੀ ਕੀਤੀ ਗਈ ਸੀ। ਭਟ ਵਹੀਆਂ ਮੁਤਾਬਿਕ ਜਦੋਂ 26 ਅਕਤੂਬਰ 1619 ਨੂੰ ਗੁਰੂ ਸਾਹਿਬ ਦੀ ਰਿਹਾਈ ਦਾ ਸਮਾਂ ਆਇਆ ਤਾਂ ਉਹ ਇਸ ਸ਼ਰਤ ’ਤੇ ਬਾਹਰ ਆਏ ਕਿ ਬਾਕੀ ਸਾਰੇ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਵੇ:
‘‘ਗੁਰੂ ਹਰਿਗੋਬਿੰਦ ਜੀ ਮਹਲ ਛਟਾ ਗੁਰੂ ਅਰਜਨ ਜੀ ਕਾ, ਸੋਢੀ ਖਤ੍ਰੀ ਚਕ ਗੁਰੂ ਕਾ ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੇ ਛਿਹਤ੍ਰ ਕੱਤਕ ਮਾਸੇ ਕ੍ਰਿਸ਼ਨਾ ਪਖੇ ਚੋਂਦਸ ਦੇ ਦਿੰਹੁ, ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੁੜ ਗੁਆਲੀਅਰ ਸੇ ਬੰਦਨ ਮੁਕਤ ਹੋਏ।’’
ਉਹ 52 ਕੈਦੀਆਂ ਨੂੰ ਕਿਲ੍ਹੇ ਵਿੱਚੋਂ ਬਾਹਰ ਲੈ ਕੇ ਆਏ। ਇਹ ਪਰਉਪਕਾਰ ਦੇ ਸਦਗੁਣ ਨੂੰ ਅਭਿਆਸ ਵਿੱਚ ਲਿਆਉਣ ਦਾ ਵਰਤਾਰਾ ਹੈ ਜੋ ਛੇਵੇਂ ਪਾਤਸ਼ਾਹ ਵੱਲੋਂ ਆਪਣੇ ਨਾਲ 52 ਸ਼ਾਹੀ ਕੈਦੀਆਂ ਨੂੰ ਛੁਡਵਾ ਕੇ ਪ੍ਰਤੱਖ ਦਿਖਾਇਆ ਗਿਆ। ਇਸ ਕਰਕੇ ਗੁਰੂ ਸਾਹਿਬ ਨੂੰ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ ਅਤੇ ਗਵਾਲੀਅਰ ਸਥਿਤ ਗੁਰਦੁਆਰੇ ਦਾ ਨਾਂ ਵੀ ਬੰਦੀ ਛੋੜ ਦਾਤਾ ਹੈ।
ਬੰਦੀ ਛੋੜ ਦਿਵਸ ਦੇ ਇਤਿਹਾਸਕ ਮਹੱਤਵ ਕਾਰਨ ਅੰਮ੍ਰਿਤਸਰ ਵਿਖੇ ਹਰ ਸਾਲ ਭਾਰੀ ਸੰਗਤ ਜੁੜਦੀ ਰਹੀ ਹੈ। ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਰੋਕਾਰ ਦੀਵਾਲੀ ਨਾਲ ਜੁੜਿਆ ਹੋਇਆ ਹੈ। ਹੋਇਆ ਇਸ ਤਰ੍ਹਾਂ ਕਿ ਮੁਗ਼ਲਾਂ ਨੇ ਦੀਵਾਲੀ ਦਾ ਮੇਲਾ ਕਈ ਵਰ੍ਹਿਆਂ ਤੋਂ ਬੰਦ ਕਰ ਦਿੱਤਾ ਸੀ। ਭਾਈ ਮਨੀ ਸਿੰਘ ਨੇ ਸੂਬਾ ਲਾਹੌਰ ਨੂੰ 5,000 ਰੁਪਏ ਟੈਕਸ ਦੇਣਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਲੀ ਮਨਾਉਣ ਲਈ ਮਨਜ਼ੂਰੀ ਲੈ ਲਈ ਸੀ। ਮੁਗ਼ਲਾਂ ਨੇ ਬਦਨੀਤੀ ਨਾਲ ਅੰਮ੍ਰਿਤਸਰ ਦੇ ਚੌਹੀਂ ਪਾਸੇ ਪਹਿਰਾ ਲਾ ਕੇ ਦੀਵਾਲੀ ਦਾ ਇਕੱਠ ਨਾ ਹੋਣ ਦਿੱਤਾ ਅਤੇ ਚੜ੍ਹਾਵਾ ਨਾ ਚੜ੍ਹਿਆ। ਸੂਬੇ ਨੇ ਟੈਕਸ ਅਦਾ ਨਾ ਕਰਨ ਦੇ ਅਪਰਾਧ ਵਿੱਚ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸਲਾਮ ਕਬੂਲ ਕਰਵਾਉਣ ਦੇ ਯਤਨ ਕੀਤੇ। ਜਦੋਂ ਕਾਮਯਾਬੀ ਨਾ ਮਿਲੀ ਤਾਂ ਭਾਈ ਮਨੀ ਸਿੰਘ ਨੂੰ ਸੰਮਤ 1794 ਵਿੱਚ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ‘ਸਰਬੱਤ ਖ਼ਾਲਸਾ’ ਅਤੇ ‘ਗੁਰਮਤੇ’ ਦਾ ਸਰੋਕਾਰ ਵੀ ਬੰਦੀਛੋੜ ਦਿਵਸ ਨਾਲ ਜੁੜਿਆ ਹੋਇਆ ਹੈ। ਮਿਸਲ ਕਾਲ ਵੇਲੇ ਤੋਂ ਸਿੱਖ ਹਰ ਸਾਲ ਦੀਵਾਲੀ ਅਤੇ ਵਿਸਾਖੀ ਦੇ ਉਤਸਵਾਂ ’ਤੇ ਅੰਮ੍ਰਿਤਸਰ ਵਿੱਚ ਅਕਾਲ ਬੁੰਗਾ ਸਾਹਿਬ ਦੇ ਦੀਵਾਨ ਵਿੱਚ ‘ਸਰਬੱਤ ਖ਼ਾਲਸਾ’ ਬੁਲਾਉਂਦੇ ਸਨ। ਇਸ ਵਿੱਚ ਕੌਮੀ ਸੰਕਟ ਦੇ ਹੱਲ ਜਾਂ ਪੰਥ ਦੇ ਅੰਦਰੂਨੀ ਮਸਲਿਆਂ ਸਬੰਧੀ ਗੁਰਮਤੇ ਪਾਸ ਕੀਤੇ ਜਾਂਦੇ ਸਨ। ਮਿਸਾਲ ਵਜੋਂ ਵੱਡਾ ਗੁਰਮਤਾ (ਸਰਹਿੰਦ ’ਤੇ ਹਮਲੇ ਦਾ) ਦੀਵਾਲੀ 1754, ਗੁਰਮਤਾ 30 ਅਕਤੂਬਰ 1758 ਸਿੱਖ ਸਰਦਾਰਾਂ ਨੂੰ ਆਪਣੀ ਸਰਦਾਰੀ ਦੀ ਧਾਂਕ ਜਮਾਉਣ ਦਾ, 7 ਨਵੰਬਰ 1760 ਨੂੰ ਲਾਹੌਰ ’ਤੇ ਕਬਜ਼ਾ ਕਰਨ ਦਾ ਗੁਰਮਤਾ, 22 ਅਕਤੂਬਰ 1761 ਅਬਦਾਲੀ ਦੇ ਸਹਾਇਕਾਂ ਤੇ ਸੂਹੀਆਂ ਨੂੰ ਸੋਧਣ ਦਾ ਗੁਰਮਤਾ, 17 ਅਕਤੂਬਰ 1762 ਅਬਦਾਲੀ ਨਾਲ ਡਟ ਕੇ ਟੱਕਰ ਲੈਣ ਦਾ ਗੁਰਮਤਾ, 4 ਨਵੰਬਰ 1763 ਜਹਾਨ ਖਾਨ ਦਾ ਮੁਕਾਬਲਾ ਕਰਨ ਹਿਤ ਗੁਰਮਤਾ, ਅਕਤੂਬਰ 1765 ਦਾ ਨਾਜੀਬ-ਉਦ-ਦੌਲਾ ਨੂੰ ਹਰਾਉਣ ਦਾ ਗੁਰਮਤਾ, ਨਵੰਬਰ 1767 ਦੀਵਾਲੀ ਦਾ ਅਹਿਮਦ ਸ਼ਾਹ ਅਬਦਾਲੀ ਨਾਲ ਮੁੜ ਟੱਕਰ ਲੈਣ ਦਾ ਗੁਰਮਤਾ ਆਦਿ ਬੰਦੀ ਛੋੜ ਦਿਵਸ ਨਾਲ ਜੁੜੇ ਇਤਿਹਾਸਕ ਦਸਤਾਵੇਜ਼ ਹਨ। ਸਿੱਖ ਪਰੰਪਰਾ ਅਨੁਸਾਰ ਬੰਦੀ ਛੋੜ ਦਿਵਸ ਖ਼ਾਸ ਦ੍ਰਿਸ਼ਾਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਵਸ ’ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਚੇਚੇ ਤੌਰ ’ਤੇ ਦੀਪਮਾਲਾ ਹੁੰਦੀ ਹੈ। ਨਗਰਾਂ ਦੇ ਗੁਰਦੁਆਰਿਆਂ ਅਤੇ ਗੁਰਸਿੱਖਾਂ ਦੇ ਘਰਾਂ ਵਿੱਚ ਵੀ ਰੌਸ਼ਨੀ ਕੀਤੀ ਜਾਂਦੀ ਹੈ। ਇਸ ਦਿਵਸ ਦੀ ਸਾਰਥਿਕਤਾ ਆਪਣੇ ਹਿਰਦੇ ਰੂਪੀ ਦੀਪਕ ਨੂੰ ਗੁਰੂ ਗਿਆਨ ਨਾਲ ਰੁਸ਼ਨਾਉਣ, ਪਰਉਪਕਾਰ ਦਾ ਸਦਗੁਣ ਧਾਰਨ ਕਰਨ ਅਤੇ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦੇ ਉੱਦਮਾਂ ਵਿੱਚ ਹੀ ਨਿਹਿਤ ਹੈ। ਜੇ ਭਾਈ ਗੁਰਦਾਸ ਜੀ ਨੇ ਦੀਵਾਲੀ ਦੇ ਕਰਮ ਕਾਂਡੀ
ਰੂਪ ਦੀ ਨਿਰਾਰਥਕਤਾ ਉਘਾੜੀ ਹੈ ਤਾਂ ਲਾਸਾਨੀ ਮਹਾਨਤਾ ਤੇ ਵਿਲੱਖਣਤਾ ਕਾਰਨ ਬੰਦੀ ਛੋੜ ਦਿਵਸ
ਸਿੱਖ ਸਭਿਆਚਾਰ ਦੇ ਅਟੁੱਟ ਅੰਗ ਵਜੋਂ ਪ੍ਰਵਾਨ
ਚੜ੍ਹਿਆ ਹੈ। ਇਸ ਪੱਖੋਂ ਇਹ ਦਿਵਸ ਸਿੱਖਾਂ ਲਈ ਪ੍ਰੇਰਨਾਦਾਇਕ ਹੈ ਤੇ ਦੀਵਾਲੀ ਦੇ ਰਵਾਇਤੀ
ਤਿਉਹਾਰ ਨੂੰ ਨਿਵੇਕਲੀ ਸਿਧਾਂਤਕ ਤੇ ਇਤਿਹਾਸਕ ਅਹਿਮੀਅਤ ਪ੍ਰਦਾਨ ਕਰਦਾ ਹੈ।

ਗੁਰਤੇਜ ਸਿੰਘ ਠੀਕਰੀਵਾਲਾ (ਡਾ.)

Share :

Share

rbanner1

Share