ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ

ਭਾਵੇਂ ਸੁਮੱਚੀ ਦੁਨੀਆਂ ਦਾ ਸਭ ਤੋਂ ਵੱਡਾ ਤੇ ਮਹਾਨ ਚਿੱਤਰਕਾਰ ਪਰਮ ਪਿਤਾ ਪਰਮਾਤਮਾ ਹੈ, ਪਰ ਫਿਰ ਵੀ ਇਸ ਫ਼ਾਨੀ ਸੰਸਾਰ ਉੱਤੇ ਕਈ ਅਜਿਹੇ ਮਹਾਨ ਚਿੱਤਰਕਾਰ ਹੋਏ ਹਨ, ਜਿਨ੍ਹਾਂ ਨੇ ਆਪਣੀ ਕਲਾ ਸਦਕਾ ਸੰਸਾਰ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਅਜਿਹੇ ਹੀ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਪੈਦਾ ਹੋਏ ਚਿੱਤਰਕਾਰ ਸੋਭਾ ਸਿੰਘ ਦਾ ਹੈ।
ਸਰਦਾਰ ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਪਿਤਾ ਸੁਖਦੇਵ ਸਿੰਘ ਤੇ ਮਾਤਾ ਅੱਛਰਾਂ ਦੇ ਘਰ ਸ੍ਰੀ ਹਰਗੋਬਿੰਦਰਪੁਰ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦੀ ਪਹਿਲੀ ਪਤਨੀ ਹਰਿ ਕੌਰ ਇੱਕ ਲੜਕੀ ਲੱਛਮੀ ਦੇਵੀ ਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਬੀਬੀ ਅੱਛਰਾਂ ਨਾਲ ਦੂਜਾ ਵਿਆਹ ਕੀਤਾ। ਬੀਬੀ ਅੱਛਰਾਂ ਵੀ ਪਹਿਲਾਂ ਵਿਆਹੀ ਹੋਈ ਸੀ। ਉਨ੍ਹਾਂ ਦੀ ਪਹਿਲੇ ਵਿਆਹ ਤੋਂ ਕ੍ਰਿਸ਼ਨਾ ਨਾਮ ਦੀ ਲੜਕੀ ਸੀ। ਬਾਅਦ ਵਿੱਚ ਉਨ੍ਹਾਂ ਦੇ ਘਰ ਮੰਗਤ ਸਿੰਘ ਤੇ ਸੋਭਾ ਸਿੰਘ ਦਾ ਜਨਮ ਹੋਇਆ। ਸੋਭਾ ਸਿੰਘ ਅਜੇ ਦੋ ਕੁ ਵਰ੍ਹੇ ਦਾ ਸੀ ਕਿ ਉਸ ਦੇ ਵੱਡੇ ਭਰਾ ਮੰਗਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦੇ ਮਾਮੇ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਸਦਮਿਆਂ ਨੇ ਉਸ ਦੀ ਮਾਤਾ ਅੱਛਰਾਂ ਨੂੰ ਗਹਿਰੀ ਚੋਟ ਪਹੁੰਚਾਈ ਤੇ ਉਹ ਬਿਮਾਰ ਹੋ ਗਈ। ਉਸ ਨੂੰ ਟੀ.ਬੀ. ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਸੋਭਾ ਸਿੰਘ ਤੇ ਉਸ ਦੀ ਭੈਣ ਲੱਛਮੀ ਬਚਪਨ ਵਿੱਚ ਹੀ ਅਨਾਥ ਹੋ ਗਏ। ਪਿਤਾ ਸੁਖਦੇਵ ਸਿੰਘ ਦੇ ਫ਼ੌਜ ਵਿੱਚ ਹੋਣ ਕਰਕੇ ਸੋਭਾ ਸਿੰਘ ਦੀ ਦੇਖਭਾਲ ਉਸ ਦੀ ਭੈਣ ਲੱਛਮੀ ਦੇਵੀ ਨੇ ਹੀ ਕੀਤੀ।
ਬਚਪਨ ਵਿੱਚ ਸੋਹਲ ਉਂਗਲਾਂ ਨਾਲ ਬਿਆਸ ਦਰਿਆ ਦੇ ਕਿਨਾਰੇ ਰੇਤ ਉਪਰ ਕਲਪਨਾ ਦੇ ਚਿੱਤਰ ਬਣਾਉਣ ਵਾਲੇ ਸੋਭਾ ਸਿੰਘ ਨੇ ਆਪਣੀ ਪੜ੍ਹਾਈ ਗੁਰਦਾਸਪੁਰ ਤੋਂ ਸ਼ੁਰੂ ਕੀਤੀ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਆਈ.ਟੀ. ਆਈ. ਤੋਂ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਉਪਰੰਤ ਅਕਤੂਬਰ 1919 ਨੂੰ ਫ਼ੌਜ ਵਿੱਚ ਭਰਤੀ ਹੋ ਕੇ ਇਰਾਕ ਚਲੇ ਗਏ, ਜਿੱਥੇ ਉਨ੍ਹਾਂ ਦੀ ਡਿਊਟੀ ਬਗ਼ਦਾਦ ਮਾਰਸ਼ਲ ਕੈਂਪ ਵਿੱਚ ਲੱਗ ਗਈ। ਇੱਥੇ ਉਨ੍ਹਾਂ ਦਾ ਮੇਲ-ਜੋਲ ਅੰਗਰੇਜ਼ ਕਲਾਕਾਰਾਂ ਨਾਲ ਹੋਇਆ। ਸੋਭਾ ਸਿੰਘ ਨੂੰ ਫ਼ੌਜ ਦੀ ਨੌਕਰੀ ਜ਼ਿਆਦਾ ਸਮਾਂ ਰਾਸ ਨਾ ਆਈ ਅਤੇ ਉਹ ਕਰੀਬ ਚਾਰ ਸਾਲ ਬਾਅਦ 1923 ਨੂੰ ਨੌਕਰੀ ਛੱਡ ਕੇ ਵਾਪਸ ਭਾਰਤ ਆ ਗਏ। ਇਸ ਪਿੱਛੋਂ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਫੁਹਾਰਾ ਚੌਕ ਵਿੱਚ ਆਪਣਾ ਆਰਟ ਸਟੂਡੀਓ ਖੋਲ੍ਹ ਲਿਆ। ਮਗਰੋਂ ਉਨ੍ਹਾਂ ਦਾ ਵਿਆਹ ਠੇਕੇਦਾਰ ਰਾਮ ਸਿੰਘ ਦੀ ਪੁੱਤਰੀ ਬੀਬੀ ਪੰਜਮ ਕੌਰ ਵਾਸੀ ਗੁਰਦਾਸਪੁਰ ਨਾਲ ਹੋਇਆ।
ਗੁਰੂ ਘਰ ਨਾਲ ਜੁੜੇ ਹੋਣ ਕਾਰਨ ਸੋਭਾ ਸਿੰਘ ਨੇ ਗੁਰੂ ਸਾਹਿਬਾਨ ਦੇ ਅਨਮੋਲ ਚਿੱਤਰਾਂ ਦੀ ਸਿਰਜਨਾ ਬੜੀ ਹੀ ਸ਼ਿੱਦਤ ਨਾਲ ਕੀਤੀ। ਭਾਵੇਂ ਉਨ੍ਹਾਂ ਆਪਣੇ ਸੰਪੂਰਨ ਜੀਵਨ ਵਿੱਚ ਦੋ ਹਜ਼ਾਰ ਦੇ ਕਰੀਬ ਚਿੱਤਰ ਉਲੀਕੇ ਪਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ, ਬਾਬਾ ਫ਼ਰੀਦ, ਬਾਬਾ ਦੀਪ ਸਿੰਘ, ਭਗਵਾਨ ਕ੍ਰਿਸ਼ਨ, ਭਾਈ ਘਨ੍ਹੱਈਆ, ਸਾਈਂ ਮੀਆਂ ਮੀਰ ਤੇ ਪ੍ਰੇਮ ਪ੍ਰਸੰਗ ਨਾਲ ਸਬੰਧਿਤ ਸੋਹਣੀ ਮਹੀਵਾਲ ਦੇ ਚਿੱਤਰ ਉਨ੍ਹਾਂ ਦੀ ਮਹਾਨਤਾ ਨੂੰ ਚਾਰ ਚੰਨ ਲਾਉਂਦੇ ਹਨ। ਇਨ੍ਹਾਂ ਦੀ ਬਦੌਲਤ ਹੀ ਉਹ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋਏ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਵਿੱਚ ਗੁਰੂ ਰਵਿਦਾਸ ਦਾ ਚਿੱਤਰ ਬਣਾਉਣਾ ਸ਼ੁਰੂ ਕੀਤਾ, ਪਰ ਹੋਣੀ ਇਹ ਮਨਜ਼ੂਰ ਨਹੀਂ ਸੀ ਤੇ ਉਹ 1986 ਨੂੰ ਇਹ ਚਿੱਤਰ ਅਧੂਰਾ ਛੱਡ ਕੇ ਇਸ ਦੁਨੀਆਂ ਤੋਂ ਸਦਾ ਲਈ ਕੂਚ ਕਰ ਗਏ।

Share :

Share

rbanner1

Share