ਮਾਝੇ ਦਾ ਇਤਿਹਾਸਕ ਪਿੰਡ ਰਾਜਾਤਾਲ

10806cd-_Darbar-Sakhi-Sarvar-Rajatal_-02ਰਾਜਾਤਾਲ ਸਰਹੱਦੀ ਪਿੰਡ ਹੈ, ਜੋ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਦੱਖਣ-ਪੱਛਮ ਦੀ ਬਾਹੀ ਅੰਮ੍ਰਿਤਸਰ-ਝਬਾਲ ਸੜਕ ’ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ। ਇਹ ਪਿੰਡ ਆਧੁਨਿਕ ਸਹੂਲਤਾਂ ਨਾਲ ਮਾਲੋ-ਮਾਲ ਹੈ। ਰਾਜਾਤਾਲ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਹੈ। ਮੁਗ਼ਲ ਕਾਲ ਸਮੇਂ ਇਹ ਸਥਾਨ ਆਗਰਾ ਤੋਂ ਲਾਹੌਰ ਤੱਕ ਜਾਣ ਵਾਲੇ ਸ਼ੇਰਸ਼ਾਹ ਸੂਰੀ ਮਾਰਗ ’ਤੇ ਲਾਹੌਰ ਤੋਂ 24 ਕਿਲੋਮੀਟਰ ਦੂਰ ਸੀ।
ਰਾਜਾਤਾਲ ਦਾ ਸ਼ਬਦੀ ਅਰਥ ਹੈ ‘ਰਾਜੇ ਦਾ ਤਲਾਬ’। ਪਿੰਡ ਦੇ ਬਾਹਰ ਇੱਕ ਵੱਡਾ ਤਲਾਬ ਮੁਗ਼ਲ ਬਾਦਸ਼ਾਹ ਅਕਬਰ ਦੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਸਰਪ੍ਰਸਤੀ ਹੇਠ ਰਾਜ ਦਰਬਾਰ ਵਿੱਚ ਅਦਾਲਤੀ ਇਤਿਹਾਸਕਾਰ ਅਬੁਲ ਫ਼ਾਜ਼ਲ ਦੇ ਕਹਿਣ ਅਨੁਸਾਰ ਬਣਵਾਇਆ ਗਿਆ ਸੀ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ, ਜੋ ਖੇਤੀਬਾੜੀ ਸੁਧਾਰਾਂ ਵਿੱਚ     ਮਾਹਿਰ ਸੀ।
ਰਾਜਾਤਾਲ ਵਿੱਚ ਬਣੇ ਤਲਾਬ ਦਾ ਪਾਣੀ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾਉਣ ਅਤੇ ਖੇਤੀਯੋਗ ਭੂਮੀ ਦੀ ਸਿੰਜਾਈ ਕਰਨ ਲਈ ਵਰਤਿਆ ਜਾਂਦਾ ਸੀ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰ ਮੱਲ ਨੂੰ 1582 ਵਿੱਚ ‘ਦੀਵਾਨ’ ਦੀ ਉਪਾਧੀ ਪ੍ਰਾਪਤ ਹੋਈ। ਦੀਵਾਨ ਟੋਡਰ ਮੱਲ ਇਹ ਸਮਝਦਾ ਸੀ ਕਿ ਯਾਤਰੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੁੰਨ ਹੈ। ਇਸ ਤਲਾਬ ਦਾ ਘੇਰਾ 15-16 ਏਕੜ ਹੈ ਜੋ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਹੈ। ਇਸ ਤਲਾਬ ਦੀਆਂ ਸੱਤ ਪੌੜੀਆਂ ਹਨ ਜੋ ਅੱਜ ਵੀ ਮੌਜੂੁਦ ਹਨ ਪਰ ਸੜਕ ਨਾਲ ਲੱਗਦਾ ਹਿੱਸਾ ਢਹਿ-ਢੇਰੀ ਹੋ ਚੁੱਕਾ ਹੈ। ਤਲਾਬ ਦੇ ਹਰੇਕ ਕੋਨੇ ਵਿੱਚ ਇਸ਼ਨਾਨ ਘਾਟ ਵੀ ਬਣੇ ਹੋਏ ਸਨ ਪਰ ਚਾਰ ਸਦੀਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਇਸ਼ਨਾਨ ਘਾਟ ਹੁਣ ਲੋਪ ਹੋ ਚੁੱਕੇ ਹਨ। ਇਸ ਵਿੱਚ ਨਹਿਰ ਰਾਹੀਂ ਰਾਵੀ ਦਰਿਆ ਦਾ ਪਾਣੀ ਭਰਿਆ ਜਾਂਦਾ ਸੀ।
ਰਾਜਾਤਾਲ ਸਥਿਤ ਤਲਾਬ ਦੇ ਨੇੜੇ ਕਬਰਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਖਾਨਗਾਹਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਮੁਸਲਿਮ ਪੀਰ ਪੱਕੇ ਤੌਰ ’ਤੇ ਵਸੇ ਹੋਏ ਸਨ। ਇੱਕ ਖਾਨਗਾਹ ਦੇ ਵਿਹੜੇ ਵਿੱਚ 13 ਮੁਸਲਿਮ ਪੀਰਾਂ ਦੀਆਂ ਕਬਰਾਂ ਹਨ ਅਤੇ ਦੂਜੀ ਖਾਨਗਾਹ ਵਿੱਚ 8 ਕਬਰਾਂ ਹਨ। ਮੁਗ਼ਲ ਕਾਲ ਦੇ ਭਵਨ ਨਿਰਮਾਣ ਕਲਾ ਦਾ ਨਮੂਨਾ ਇਨ੍ਹਾਂ ਖਾਨਗਾਹਾਂ ਨੂੰ ਵੇਖਣ ਤੋਂ ਪਤਾ ਲੱਗਦਾ ਹੈ। ਇਨ੍ਹਾਂ ’ਤੇ ਹੋਈ ਚਿੱਤਰਕਾਰੀ ਅੱਜ ਵੀ ਉੱਤਮ ਭਵਨ ਨਿਰਮਾਣ ਕਲਾ ਦਾ ਨਮੂਨਾ ਹੈ। ਇੱਥੇ ਵੱਖ-ਵੱਖ ਰੰਗਾਂ ਦੀਆਂ ਟਾਈਲਾਂ ਉੱਤੇ ਬਣੇ ਫੁੱਲ-ਪੱਤੀਆਂ ਮਨ ਨੂੰ ਮੋਂਹ ਲੈਂਦੇ ਹਨ। ਹੁਣ ਇਨ੍ਹਾਂ ਦੀ ਚਮਕ ਮੱਧਮ ਹੁੰਦੀ ਜਾ ਰਹੀ ਹੈ। ਇੱਥੇ ਖਾਨਗਾਹਾਂ ਵਿੱਚ ਦਫ਼ਨਾਏ ਮੁਸਲਿਮ ਪੀਰਾਂ ਦੀ ਪਛਾਣ ਸਬੰਧੀ ਕੋਈ ਵੇਰਵਾ ਨਹੀਂ ਮਿਲਦਾ।
ਕਿਹਾ ਜਾਂਦਾ ਹੈ ਕਿ ਤਲਾਬ ਖ਼ੁਦਵਾਉਣ ਦੇ ਚਾਰ ਦਹਾਕੇ ਬਾਅਦ ਬਾਦਸ਼ਾਹ ਜਹਾਂਗੀਰ 1621 ਵਿੱਚ ਕਸ਼ਮੀਰ ਤੋਂ ਲਾਹੌਰ ਪਰਤਦੇ ਸਮੇਂ ਰਾਜਾਤਾਲ ਵਿੱਚ ਚਾਰ ਦਿਨ ਠਹਿਰੇ ਸਨ। ਇੱਥੇ ਇੱਕ ਮਸਜਿਦ ਵੀ ਬਣੀ ਹੋਈ ਹੈ, ਜਿਸ ਨੂੰ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਤਾਜ ਮਹਿਲ ਦੇ ਨਿਰਮਾਤਾ ਵੱਲੋਂ ਬਣਵਾਇਆ ਗਿਆ ਸੀ। ਇੱਥੇ ਇੱਕ ਪੁਰਾਤਨ ਸਰਾਂ ਵੀ ਹੈ, ਜਿਸ ਵਿੱਚ ਭੋਰੇ ਬਣੇ ਹੋਏ ਹਨ। ਇਨ੍ਹਾਂ ਭੋਰਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਸ਼ੇਰਸ਼ਾਹ ਸੂਰੀ ਮਾਰਗ ਰਸਤੇ ਆਗਰਾ ਤੋਂ ਲਾਹੌਰ ਆਉਣ ਜਾਣ ਵਾਲੇ ਯਾਤਰੀ ਇੱਥੇ ਠਹਿਰਦੇ ਹੋਣਗੇ। ਉਂਜ ਸਰਾਂ ਤੇ ਭੋਰੇ ਹੁਣ ਖੰਡਰ ਹੋ ਚੁੱਕੇ ਹਨ। ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਇਸ ਪਿੰਡ ਨੇੜੇ ਇੱਕ ਕੋਸ਼-ਮੀਨਾਰ ਵੀ ਬਣਿਆ ਹੋਇਆ ਹੈ। ਕਲਕੱਤਾ ਤੋਂ ਪਿਸ਼ਾਵਰ ਤੱਕ ਜਾਂਦੇ ਸੜਕੀ ਮਾਰਗ ਉੱਤੇ ਤਿੰਨ-ਤਿੰਨ ਕਿਲੋਮੀਟਰ ਦੀ ਦੂਰੀ ’ਤੇ ਕੋਸ਼-ਮੀਨਾਰ ਬਣੇ ਹੋਏ ਸਨ, ਜੋ ਅੱਜ ਵੀ ਮੌਜੂਦ ਹਨ। ਮੁਗ਼ਲ ਕਾਲ ਸਮੇਂ ਡਾਕ ਪ੍ਰਬੰਧ ਵੀ ਇਨ੍ਹਾਂ ਕੋਸ਼-ਮੀਨਾਰਾਂ ਰਾਹੀਂ ਚਲਦਾ ਸੀ।
ਪਿੰਡ ਰਾਜਾਤਾਲ ਦੇ ਵਸਨੀਕ ਡਾਕਟਰ ਮੋਹਨ ਸਿੰਘ ਅਨੁਸਾਰ ਹੁਣ ਇਹ ਤਲਾਬ ਇੱਕ ਕਹਾਣੀ ਬਣ ਕੇ ਰਹਿ ਗਿਆ ਹੈ। ਇਸ ਦੀ ਮਹੱਤਤਾ ਵੀ ਇੱਥੋਂ ਦੇ ਪੁਰਾਣੇ ਬਜ਼ੁਰਗ ਹੀ ਜਾਣਦੇ ਹਨ, ਜਿਨ੍ਹਾਂ ਨੇ ਆਪਣੇ ਪੁਰਖਿਆਂ ਤੋਂ ਪੀੜੀ ਦਰ ਪੀੜੀ ਰਾਜਾਤਾਲ ਦਾ ਇਤਿਹਾਸ ਸੁਣਿਆ ਹੈ। ਜੇਕਰ ਪੁਰਾਤਤਵ ਵਿਭਾਗ ਧਿਆਨ ਦੇਵੇ ਤਾਂ ਰਾਜਾਤਾਲ ਨੂੰ ਸੈਲਾਨੀ ਕੇਂਦਰ ਵਜੋਂ ਸਥਾਪਿਤ ਕੀਤਾ ਜਾ ਸਕਦਾ ਹੈ। ਇੱਥੇ ਕੋਈ ਅਜਿਹਾ ਬੋਰਡ ਵੀ ਨਹੀ ਲਗਾਇਆ ਗਿਆ, ਜਿੱਥੇ ਇਸਦਾ ਇਤਿਹਾਸ ਲਿਖਿਆ ਹੋਵੇ।
1947 ਦੀ ਵੰਡ ਸਮੇਂ ਇਹ ਇਤਿਹਾਸਕ ਸਥਾਨ ਭਾਰਤ-ਪਾਕਿਸਤਾਨ ਸਰਹੱਦ ਦੇ ਕੰਢੇ ਆ ਗਿਆ ਅਤੇ ਇੱਥੋਂ ਦੀ ਲਾਹੌਰ ਵੱਲ ਜਾਣ ਵਾਲਾ ਸ਼ੇਰਸ਼ਾਹ ਸੂਰੀ ਮਾਰਗ ਸਦਾ ਲਈ ਬੰਦ ਹੋ ਗਿਆ। ਇੱਥੇ ਸਖੀ ਸਰਵਰ ਦਾ ਦਰਬਾਰ ਬਣਿਆ ਹੋਇਆ ਹੈ, ਜਿੱਥੇ ਹਰ ਸਾਲ ਸਖੀ ਸਰਵਰ ਲੱਖਦਾਤਾ ਪੀਰ ਅਤੇ ਮੁਸਲਿਮ ਪੀਰਾਂ ਦੀ ਯਾਦ ਵਿੱਚ ਭਾਰੀ ਮੇਲਾ ਲੱਗਦਾ ਹੈ।
ਪਿੰਡ ਨਾਲ ਜੁੜੇ ਕੁਝ ਤੱਥ
* ਰਾਜਾਤਾਲ ਦਾ ਸ਼ਬਦੀ ਅਰਥ ਹੈ ‘ਰਾਜੇ ਦਾ ਤਲਾਬ’। ਮੁਗ਼ਲ ਬਾਦਸ਼ਾਹ ਅਕਬਰ ਦੇ ‘ਵਿੱਤ ਮੰਤਰੀ’ ਦੀਵਾਨ ਟੋਡਰ ਮੱਲ ਦੀ ਸਰਪ੍ਰਸਤੀ ਹੇਠ ਪਿੰਡ ਦੇ ਬਾਹਰ ਇੱਕ ਵੱਡਾ ਤਲਾਬ ਬਣਵਾਇਆ ਗਿਆ ਸੀ। ਇਸ ਤੋਂ ਹੀ ਪਿੰਡ ਦਾ ਨਾਮ ਰਾਜਾਤਾਲ ਪਿਆ।
* ਰਾਜਾਤਾਲ ਸਥਿਤ ਤਲਾਬ ਦੇ ਨੇੜੇ ਕਬਰਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਖਾਨਗਾਹਾਂ ਕਿਹਾ ਜਾਂਦਾ ਹੈ। ਮੁਗ਼ਲ ਕਾਲ ਦੇ ਭਵਨ ਨਿਰਮਾਣ ਕਲਾ ਦਾ ਨਮੂਨਾ ਇਨ੍ਹਾਂ ਖਾਨਗਾਹਾਂ ਨੂੰ ਵੇਖਣ ਤੋਂ ਪਤਾ ਲੱਗਦਾ ਹੈ।
* ਬਾਦਸ਼ਾਹ ਜਹਾਂਗੀਰ 1621 ਵਿੱਚ ਕਸ਼ਮੀਰ ਤੋਂ ਲਾਹੌਰ ਪਰਤਦੇ ਸਮੇਂ ਰਾਜਾਤਾਲ ਵਿੱਚ ਚਾਰ ਦਿਨ ਠਹਿਰੇ ਸਨ। ਇੱਥੇ ਇੱਕ ਮਸਜਿਦ ਵੀ ਬਣੀ ਹੋਈ ਹੈ ਜਿਸ ਨੂੰ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਤਾਜ ਮਹਿਲ ਦੇ ਨਿਰਮਾਤਾ ਵੱਲੋਂ ਬਣਵਾਇਆ ਗਿਆ ਸੀ।

Share :

Share

rbanner1

Share