ਯੂਥ ਕਲੱਬਾਂ ਦਾ ਜਥੇਬੰਦਕ ਢਾਂਚਾ ਅਤੇ ਕਾਰਜ-ਪ੍ਰਣਾਲੀ

youth-clubਨੌਜਵਾਨ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਨੌਜਵਾਨਾਂ ਉੱਤੇ ਹੀ ਕਿਸੇ ਵੀ ਦੇਸ਼ ਦਾ ਭਵਿੱਖ ਟਿਕਿਆ ਹੁੰਦਾ ਹੈ। ਲੋੜ ਹੁੰਦੀ ਹੈ ਨੌਜਵਾਨਾਂ ਦੀ ਸਮਰੱਥਾ ਦੀ ਢੁਕਵੀਂ ਵਰਤੋਂ ਕਰਨ ਅਤੇ ਸਹੀ ਦਿਸ਼ਾ ਦੇਣ ਦੀ। ਜੇਕਰ ਇਹ ਸਮਰੱਥਾ ਟੀਮ-ਵਰਕ ਦੇ ਰੂਪ ਵਿੱਚ ਆਪਣਾ ਰੁਖ਼ ਕਰ ਲਵੇ ਤਾਂ ਇਸ ਵਰਗ ਦੀਆਂ ਕਈ ਤਰ੍ਹਾਂ ਦੀ ਰੁਕਾਵਟਾਂ ਖਤਮ ਹੋ ਸਕਦੀਆਂ ਹਨ। ਯੂਥ ਵੈੱਲਫੇਅਰ ਕਲੱਬ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਪੇਂਡੂ ਖੇਤਰਾਂ ਵਿੱਚ ਅਗਾਂਹਵਧੂ ਸੋਚ ਦੇ ਨੌਜਵਾਨਾਂ ਵੱਲੋਂ ਅਜਿਹੇ ਕਈ ਕਲੱਬ ਬਣਾਏ ਹੁੰਦੇ ਹਨ। ਇਹ ਕਲੱਬ ਸਾਰੇ ਭਾਈਚਾਰਿਆਂ ਦੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੇ ਅਤੇ ਸਰਬ-ਸਾਂਝੇ ਹੋਣੇ ਚਾਹੀਦੇ ਹਨ ਤਾਂ ਜੋ ਚੰਗੇ ਸਿੱਟੇ ਨਿਕਲ ਸਕਣ। ਕਲੱਬ ਦੀ ਚੋਣ ਸਮੇਂ ਹਰ ਧਰਮ, ਜਾਤ ਤੇ ਹਰ ਕਿੱਤੇ ਵਾਲੇ ਨੌਜਵਾਨਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਪਿੰਡ ਪੱਧਰ ’ਤੇ ਇੱਕ ਅਜਿਹਾ ਪਲੈਟਫਾਰਮ ਤਿਆਰ ਕਰਨਾ ਚਾਹੀਦਾ ਹੈ ਜਿਸ ਦਾ ਮਕਸਦ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਅਤੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਣਾ ਹੋਵੇ। ਕਲੱਬ ਵਿੱਚ ਪੰਚਾਇਤ ਦਾ ਨੁਮਾਇੰਦਾ ਵੀ ਲਿਆ ਜਾ ਸਕਦਾ ਹੈ। ਕਲੱਬ ਦੀ ਚੋਣ ਮਗਰੋਂ ਸਰਗਰਮੀਆਂ ਦਾ ਸ਼ੁਰੂ ਹੋਣਾ ਅਤਿ-ਜ਼ਰੂਰੀ ਹੈ। ਬਹੁਤੀ ਵਾਰ ਕਲੱਬ ਦੀ ਚੋਣ ਤਾਂ ਕਰ ਲਈ ਜਾਂਦੀ ਹੈ ਪਰ ਕੋਈ ਸਰਗਰਮੀ ਨਹੀਂ ਕੀਤੀ ਜਾਂਦੀ ਅਤੇ ਸਾਰੇ ਕੰਮ ਠੰਢੇ ਬਸਤੇ ਵਿੱਚ ਪੈ ਜਾਂਦੇ ਹਨ। ਕਲੱਬ ਦੇ ਮੈਂਬਰਾਂ ਨੂੰ ਪਹਿਲਕਦਮੀ ਕਰਦੇ ਹੋਏ ਮਹੀਨਾਵਾਰ ਜਾਂ ਪੰਦਰਵਾੜਾ ਮੀਟਿੰਗ ਰੱਖ ਲੈਣੀ ਚਾਹੀਦੀ ਹੈ। ਇਹ ਮੀਟਿੰਗ ਜਿੱਥੇ ਕਲੱਬ ਦੇ ਮੈਂਬਰਾਂ ਵਿੱਚ ਰਾਬਤਾ ਪੈਦਾ ਕਰੇਗੀ, ਉੱਥੇ ਹੀ ਵਿਚਾਰ-ਵਟਾਂਦਰੇ ਅਧੀਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਵੇਗੀ ਅਤੇ ਫਿਰ ਇਨ੍ਹਾਂ ਨੂੰ ਹੱਲ ਕਰਨ ਦੇ ਰਸਤੇ ਲੱਭੇਗੀ। ਸਭ ਤਰ੍ਹਾਂ ਦੀ ਕਾਰਵਾਈ ਨੂੰ ਲਿਖਤੀ ਰੂਪ ਦੇ ਕੇ ਸਾਰੇ ਮੈਂਬਰਾਂ ਦੇ ਦਸਤਖ਼ਤ ਕਰਾ ਕੇ ਅਗਲੀ ਮੀਟਿੰਗ ਵਿੱਚ ਸਾਹਮਣੇ ਆਈਆਂ ਚੁਣੌਤੀਆਂ ਨੂੰ ਦੂਰ ਕਰਨ ਦੇ ਉਪਰਾਲੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਆਮਦਨ ਦੇ ਨਾ-ਮਾਤਰ ਸਾਧਨਾਂ ਨੂੰ ਦੇਖਦੇ ਹੋਏ ਕਲੱਬ ਸ਼ੁਰੂ ਵਿੱਚ ਪਿੰਡ ਵਿੱਚ ਗਲੀਆਂ-ਨਾਲੀਆਂ ਅਤੇ ਟੋਭੇ ਦੀ ਸਫ਼ਾਈ ਆਦਿ ਨਾਲ ਆਪਣੀ ਮੁਹਿੰਮ ਨੂੰ ਸ਼ੁਰੂ ਕਰ ਸਕਦੇ ਹਨ। ਅਜਿਹੀਆਂ ਸਰਗਰਮੀਆਂ ਨਾਲ ਜਿੱਥੇ ਮੈਂਬਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੋਵੇਗੀ, ਉੱਥੇ ਹੋਰ ਲੋਕ ਕਲੱਬ ਨਾਲ ਜੁੜਨਾ ਸ਼ੁਰੂ ਕਰ ਦੇਣਗੇ। ਜਿੱਥੋਂ ਤੱਕ ਆਮਦਨ ਦਾ ਸਬੰਧ ਹੈ, ਇਸ ਬਾਬਤ ਪਹਿਲਾਂ ਮੈਂਬਰਾਂ ਤੋਂ ਕੁਝ ਚੰਦਾ ਰੱਖ ਕੇ ਫੰਡ ਇਕੱਠਾ ਕੀਤਾ ਜਾ ਸਕਦਾ ਹੈ। ਇਸ ਬਾਬਤ ਐਨਆਰਆਈ ਵੀ ਮਦਦ ਲਈ ਅੱਗੇ ਆ ਸਕਦੇ ਹਨ। ਇਹ ਕਲੱਬ ਪਿੰਡ ਪੱਧਰ ’ਤੇ ਲੋਕਾਂ ਦੇ ਸਹਿਯੋਗ ਨਾਲ ਖੇਡ ਮੇਲੇ ਕਰਾ ਸਕਦੇ ਹਨ। ਇਨ੍ਹਾਂ ਮੇਲਿਆਂ ਦੌਰਾਨ ਚੰਗੀ ਕਾਰਜ਼ੁਗਾਰੀ ਵਾਲੇ ਕਲੱਬ ਮੈਂਬਰ ਨੂੰ ਇਨਾਮ ਦੇ ਕੇ ਉਤਸ਼ਾਹਿਤ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਨੌਜਵਾਨਾਂ ਦਾ ਹੁਨਰ ਨਿਖਾਰਨ ਲਈ ਵਿਸ਼ੇਸ਼ ਕੈਂਪ ਲਾ ਕੇ ਨੌਜਵਾਨਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਜਾਣੂ ਕਰਾ ਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣ ਦੇ ਉਪਰਾਲੇ ਕੀਤੇ ਜਾ ਸਕਦੇ ਹਨ। ਨਸ਼ਾ ਛੁਡਾਊ ਕੈਂਪ ਜਿੱਥੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਨੌਜਵਾਨ ਵਰਗ ਨੂੰ ਦੂਰ ਰੱਖਣ ਲਈ ਪ੍ਰੇਰਿਤ ਕਰ ਸਕਦੇ ਹਨ, ਉੱਥੇ ਹੀ ਨਸ਼ਿਆਂ ਦੀ ਦਲਦਲ ਵਿੱਚ ਫਸੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਖ਼ੂਨਦਾਨ ਕੈਂਪਾਂ ਨੂੰ ਵੀ ਕਲੱਬ ਦੀਆਂ ਸਰਗਰਮੀਆਂ ਦਾ ਹਿੱਸਾ ਬਣਾ ਕੇ ਇਸ ਮਹਾਨ ਦਾਨ ਲਈ ਨੌਜਵਾਨ ਵਰਗ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ ਅਤੇ ਖ਼ੂਨ ਦਾਨ ਨਾ ਦੇਣ ਸਬੰਧੀ ਲੋਕਾਂ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਖ਼ਾਰਜ ਕੀਤਾ ਜਾ ਸਕਦਾ ਹੈ। ‘ਲੜਕੀਆਂ ਵੀ ਲੜਕਿਆਂ ਦੇ ਬਰਾਬਰ’ ਵਿਸ਼ੇ ਉੱਤੇ ਸੈਮੀਨਾਰਾਂ ਕਰਵਾ ਕੇ ਭਰੂਣ ਹੱਤਿਆਵਾਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਪੁਸਤਕ ਪ੍ਰਦਰਸ਼ਨੀਆਂ ਲਾ ਕੇ ਚੰਗੀਆਂ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਯੂਥ ਕਲੱਬ ਪਿੰਡ ਪੱਧਰ ’ਤੇ ਲਾਇਬ੍ਰੇਰੀਆਂ ਦੀ ਬਣਾ ਸਕਦੇ ਹਨ, ਜਿਸ ਅਧੀਨ ਪੇਂਡੂ ਖੇਤਰਾਂ ਦੀਆਂ ਲਾਇਬ੍ਰੇਰੀਆਂ ਨੂੰ ਕਈ ਸੰਸਥਾਵਾਂ ਤੋਂ ਪ੍ਰਾਪਤ ਹੋਣ ਵਾਲੀਆਂ ਮੁਫ਼ਤ ਪੁਸਤਕਾਂ ਉਨ੍ਹਾਂ ਨੂੰ ਆਪਣੀ ਲਾਇਬ੍ਰੇਰੀ ਲਈ ਪ੍ਰਾਪਤ ਹੋ ਸਕਦੀਆਂ ਹਨ। ਇਨ੍ਹਾਂ ਕਲੱਬਾਂ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਹੋਣ ਵਿੱਚ ਮਦਦ ਮਿਲ ਸਕਦੀ ਹੈ। ਮਾਹਿਰਾਂ ਤੋਂ ਚੰਗੇ ਕਿੱਤੇ ਸ਼ੁਰੂ ਕਰਨ ਬਾਰੇ ਸੈਮੀਨਾਰ ਕਰਵਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੇਧ ਦਿੱਤੀ ਜਾ ਸਕਦੀ ਹੈ। ਪਿੰਡ ਪੱਧਰ ’ਤੇ ਅਜੇ ਨਾ ਸ਼ੁਰੂ ਹੋਏ ਕਿੱਤਿਆਂ ਪ੍ਰਤੀ ਦਿਲਚਸਪੀ ਪੈਦਾ ਕਰਕੇ ਪਿੰਡ ਨੂੰ ਮਾਡਲ ਪਿੰਡਾਂ ਵਿੱਚ ਲਿਆਂਦਾ ਜਾ ਸਕਦਾ ਹੈ।
ਸਿੱਖਿਆ ਦੇ ਖੇਤਰ ਨਾਲ ਜੁੜੀਆਂ ਅਹਿਮ ਸ਼ਖ਼ਸੀਅਤਾਂ ਦੇ ਵਿਚਾਰ ਵੱਖ-ਵੱਖ ਸਮੇਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹੋ ਸਕਦੇ ਹਨ। ਇਸ ਲਈ ਇਸ ਖੇਤਰ ਨਾਲ ਸਬੰਧਿਤ ਮਾਹਿਰਾਂ ਨੂੰ ਕਲੱਬ ਦੇ ਸਮਾਗਮਾਂ ਜਾਂ ਮੀਟਿੰਗਾਂ ਦੌਰਾਨ ਬੁਲਾਇਆ ਜਾ ਸਕਦਾ ਹੈ। ਅਜਿਹੇ ਕਲੱਬ ਪਿੰਡ ਪੱਧਰ ’ਤੇ ਹਰ ਤਰ੍ਹਾਂ ਦੇ ਅਜਿਹੇ ਉਪਰਾਲੇ ਕਰ ਸਕਦੇ ਹਨ, ਜਿਨ੍ਹਾਂ ਨੂੰ ਕਰਾਉਣ ਲਈ ਅਕਸਰ ਹੀ ਕਿਸੇ ਵਿਸ਼ੇਸ਼ ਵਰਗ ਤੋਂ ਸਾਲਾਂਬੱਧੀ ਆਸ ਰੱਖੀ ਜਾਂਦੀ ਹੈ। ਸਰਕਾਰ ਨੂੰ ਪੇਂਡੂ ਕਲੱਬਾਂ ਨੂੰ ਹਰ ਸਾਲ ਢੁਕਵੀਂ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਕਲੱਬ ਆਪਣੇ ਪੱਧਰ ’ਤੇ ਰੁਕੇ ਕੰਮ ਨੇਪਰੇ ਚਾੜ੍ਹ ਸਕਣ।

ਬਲਵਿੰਦਰ ਸਿੰਘ ਮਕੜੌਨਾ ਸੰਪਰਕ: 98550-20025

Share :

Share

rbanner1

Share