ਯੂਨਾਈਟਿਡ ਸਿਖ਼ਸ ਕੈਨੇਡਾ ਨੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥

new-picture-1

ਟੋਰਾਂਟੋ (ਵਤਨ ਬਿਊਰੋ): ਉਪਰੋਕਤ ਗੁਰਬਾਣੀ ਦੇ ਫ਼ੁਰਮਾਨ ਨੂੰ ਮੁੱਖ ਰੱਖ ਕੇ ਯੂਨਾਈਟਿਡ ਸਿਖ਼ਸ ਵੱਲੋਂ ਮਿਤੀ 16 ਅਕਤੂਬਰ 2016 ਨੂੰ ਟੋਰਾਂਟੋ ਲਾਗਲੇ ਸ਼ਹਿਰ ਹੈਮਿਲਟਨ ਦੇ ਗੁਰਦਵਾਰਾ ਸ਼ਹੀਦਗੜ੍ਹ ਸਾਹਿਬ ਦੀ ਸਹਾਇਤਾ ਨਾਲ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸੇਵਾ/ਸਿਮਰਨ ਦੇ ਉਦੇਸ਼ ਤੇ ਅਧਾਰਿਤ ਸੀ। ਇਸ ਕੀਰਤਨ ਦਰਬਾਰ ਵਿਚ ਓਨਟਾਰੀਓ ਭਰ ਤੋਂ 37 ਦੇ ਕਰੀਬ ਜਥਿਆਂ ਨੇ ਪਰਿਵਾਰਾਂ ਸਮੇਤ ਕੀਰਤਨ ਕੀਤਾ। ਸਵੇਰ 9:30 ਵਜੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਇਹ ਕੀਰਤਨ ਦਰਬਾਰ ਸ਼ੁਰੂ ਹੋ ਕੇ ਸ਼ਾਮ 6:00 ਵਜੇ ਸਮਾਪਤ ਹੋਇਆ।
ਜਿਵੇਂ ਜਿਵੇਂ ਦਿਨ ਬੀਤਦਾ ਗਿਆ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਆਪਣੀ ਵਾਰੀ ਅਨੁਸਾਰ ਬਹੁਤ ਹੀ ਮਨਮੋਹਕ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਜ਼ਿਆਦਾਤਰ ਬੱਚਿਆਂ ਨੇ ਕਲਾਸੀਕਲ ਰਾਗਾਂ ਵਿਚ ਕੀਰਤਨ ਕੀਤਾ। ਇਹ ਸਾਰੇ ਬੱਚੇ ਪ੍ਰੋ. ਪ੍ਰਸ਼ੋਤਮ ਸਿੰਘ ਜਿਹੜੇ ਕਿ ਪਿਛਲੇ 35 ਸਾਲ ਤੋਂ ਓਨਟਾਰੀਓ ਭਰ ਦੇ ਬੱਚਿਆਂ ਨੂੰ ਕੀਰਤਨ ਵਿੱਦਿਆ ਸਿਖਾ ਰਹੇ ਹਨ, ਦੇ ਸ਼ਾਗਿਰਦ ਸਨ। ਇਸ ਕੀਰਤਨ ਦਾ ਇਕ ਖ਼ਾਸ ਆਕਰਸ਼ਣ ਇਹ ਸੀ ਕਿ ਭਾਰੀ ਤਾਦਾਦ ਵਿਚ ਹੈਮਿਲਟਨ ਅਤੇ ਆਸਪਾਸ ਦੇ ਇਲਾਕਿਆਂ ਤੋਂ ਭਾਰਤ ਤੋਂ ਇੱਥੇ ਪੜ੍ਹਨ ਆਏ ਹੋਏ ਵਿਦਿਆਰਥੀਆਂ ਨੇ ਵੀ ਇਸ ਕੀਰਤਨ ਦਰਬਾਰ ਦਾ ਅਨੰਦ ਮਾਣਿਆ।

ਯੂਨਾਈਟਿਡ ਸਿਖ਼ਸ ਕੈਨੇਡਾ ਨੇ ਸਾਡੇ ਨੌਜਵਾਨ-ਸਾਡਾ ਭਵਿੱਖ ਦੇ ਉਦੇਸ਼ ਤਹਿਤ ਕਾਫ਼ੀ ਪ੍ਰੋਗਰਾਮ ਕਰਵਾਏ ਹਨ ਜਿਵੇਂ ਦੀਵਾ ਪ੍ਰੋਜੈਕਟ ਅਧੀਨ ਨਸ਼ਿਆਂ ਦੀ ਰੋਕਥਾਮ ਅਤੇ ਬਚਾ ਸਬੰਧੀ ਵੱਖ-ਵੱਖ ਗੁਰਦਵਾਰਿਆਂ ਵਿਚ ਸੈਮੀਨਾਰ, ਘਰੇਲੂ ਹਿੰਸਾ ਦੇ ਨਤੀਜੇ ਅਤੇ ਰੋਕਥਾਮ, ਨੌਜਵਾਨਾਂ ਨੂੰ ਰੋਜ਼ਗਾਰ ਸੰਬੰਧੀ ਸੇਧ ਤਹਿਤ ਸੈਮੀਨਾਰ। ਗੁਰਦਵਾਰਾ ਸ਼ਹੀਦ ਗੜ ਸਾਹਿਬ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਜਿਸ ਵਿਚ ਜੋਗਾ ਸਿੰਘ, ਜਸਵੀਰ ਸਿੰਘ, ਮਨੀਤ ਸਿੰਘ ਅਤੇ ਸੇਵਾ ਸਿੰਘ ਨੇ ਇਸ ਕੀਰਤਨ ਦਰਬਾਰ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਾ ਛੱਡੀ।

united-sikhs-kirtan2

ਇਸ ਕੀਰਤਨ ਦਰਬਾਰ ਦਾ ਨਵੇਕਲਾਪਣ ਇਹ ਸੀ ਕਿ ਬੱਚਿਆਂ ਨੇ ਇਸ ਕੀਰਤਨ ਦਰਬਾਰ ਰਾਹੀਂ ਯੂਨਾਈਟਿਡ ਸਿਖ਼ਸ ਦੇ ਪ੍ਰੋਜੈਕਟ “ਸਿਤਾਰੇ” ਲਈ ਫ਼ੰਡ ਇਕੱਠਾ ਕੀਤਾ। ਸਿਤਾਰੇ ਪ੍ਰੋਜੈਕਟ ਅਧੀਨ ਯੂਨਾਈਟਿਡ ਸਿਖ਼ਸ ਨਵੀਂ ਦਿਲੀ ਵਿਚ ਸਿਕਲੀਗਰ ਬੱਚਿਆਂ ਦੀ ਪੜਾਈ ਵਿਚ ਮਦਦ ਕਰਦਾ ਹੈ। ਇਹ ਤਕਰੀਬਨ 53 ਬੱਚੇ ਹਨ ਜਿਹੜੇ ਕਿ ਆਰਥਿਕ ਮੰਦਹਾਲੀ ਕਾਰਨ ਪੜਾਈ ਬਹੁਤ ਮੁਸ਼ਕਿਲ ਨਾਲ ਕਰ ਪਾਉਂਦੇ ਹਨ, ਸੋ ਯੂਨਾਈਟਿਡ ਸਿਖ਼ਸ ਇਹਨਾਂ ਬੱਚਿਆਂ ਦਾ ਪੜਾਈ ਅਤੇ ਸਕੂਲ ਦੇ ਹੋਰ ਖ਼ਰਚਿਆਂ ਵਿਚ ਮਦਦ ਕਰਦਾ ਹੈ। ਕੀਰਤਨ ਦਰਬਾਰ ਵਿਚ ਸਾਰੀ ਸੇਵਾ ਜਿਵੇਂ ਚੌਰ ਸਾਹਿਬ, ਅਰਦਾਸ, ਪ੍ਰਸਾਦ ਵੰਡਣਾ, ਹੁਕਮਨਾਮਾ ਲੈਣਾ ਅਤੇ ਲੰਗਰ ਵਰਤਾਉਣਾ ਆਦਿ ਬੱਚਿਆਂ ਵੱਲੋਂ ਹੀ ਕੀਤੀ ਗਈ।
ਯੂਨਾਈਟਿਡ ਸਿਖ਼ਸ ਵੱਲੋਂ ਸੇਵਾ ਵਿਸ਼ੇ ਨੂੰ ਵਿਸਥਾਰ ਵਿਚ ਸਮਝਾਉਣ ਲਈ ਬੁਲਾਰੇ ਵੀ ਬੁਲਾਏ ਗਏ ਸਨ। ਜਗਮੀਤ ਸਿੰਘ ਜਿਹੜੇ ਕਿ ਐਨ. ਡੀ. ਪੀ. ਪਾਰਟੀ ਦੇ ਡਿਪਟੀ ਲੀਡਰ ਹਨ ਅਤੇ ਬਰੈਂਪਟਨ ਤੋਂ ਐਮ. ਪੀ. ਪੀ. ਹਨ ਨੇ ਸੇਵਾ ਦੇ ਵਿਸ਼ੇ ਤੇ ਬੋਲਦੇ ਹੋਏ ਦੱਸਿਆ ਕਿ ਕਿਸ ਤਰਾਂ ਲੰਗਰ ਰਾਹੀਂ ਅਸੀਂ ਲੋੜਵੰਦਾਂ ਦੀ ਸੇਵਾ ਕਰ ਸਕਦੇ ਹਾਂ। ਉਨ੍ਹਾਂ ਕਿਹਾ, “ਗੁਰੂ ਦੇ ਸਿਮਰਨ ਨਾਲ ਸਾਨੂੰ ਸੇਵਾ ਕਰਨ ਦੀ ਸ਼ਕਤੀ ਮਿਲਦੀ ਹੈ ਅਤੇ ਸਿੱਖੀ ਦਾ ਮੁੱਖ ਧੁਰਾ ਹੀ ਸੇਵਾ ਅਤੇ ਸਿਮਰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ ਇਕ ਓਂਕਾਰ ਦਰਜ ਹੈ ਜਿਸ ਤੋਂ ਭਾਵ ਹੈ ਕਿ ਅਸੀਂ ਸਾਰੇ ਇਕ ਹਾਂ ਅਤੇ ਸਿੱਖ ਹੋਣ ਦੇ ਨਾਤੇ ਸੇਵਾ ਅਤੇ ਸਿਮਰਨ ਸਾਡਾ ਫ਼ਰਜ਼ ਹੈ।” ਮਨਦੀਪ ਸਿੰਘ ਨੇ ਸਾਡੀ ਮਾਤ ਭਾਸ਼ਾ ਗੁਰਮੁਖੀ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ।

united-sikhs-kirtan3ਮੇਜਰ ਸਿੰਘ ਨਾਗਰਾ ਜਿਹੜੇ ਕਿ ਗੁਰੂ ਨਾਨਕ ਕਮਿਊਨਿਟੀ ਸਰਵਿਸ ਫਾਊਂਡੇਸ਼ਨ ਤੋਂ ਪਹੁੰਚੇ ਸਨ ਨੇ ਦਸੰਬਰ ਮਹੀਨੇ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਕੀਰਤਨ ਦਰਬਾਰ ਮੁਕਾਬਲੇ ਦੀ ਜਾਣਕਾਰੀ ਸੰਗਤ ਨੂੰ ਦਿੱਤੀ। ਜਪਮਨ ਕੌਰ ਜਿਹੜੇ ਕਿ ਵਿੰਡਸਰ ਤੋਂ ਇਕ ਯੂਨੀਵਰਸਿਟੀ ਸਟੂਡੈਂਟ ਹਨ ਨੇ ਸੰਗਤ ਨੂੰ ਦੱਸਿਆ ਕਿ ਕਿਸ ਤਰਾਂ ਉਹ ਇਕ ਹੋਰ ਆਪਣੀ ਸਟੂਡੈਂਟ ਦੋਸਤ ਨਾਲ ਪੰਜਾਬ ਵਿਚ ਪਿੰਗਲਵਾੜੇ ਜਾ ਕੇ ਸੇਵਾ ਕਰਕੇ ਆਏ ਹਨ। ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਦੋਸਤ ਨੂੰ ਆਪਣੀ ਪੜ੍ਹਾਈ ਦਾ ਇਕ ਸਮੈਸਟਰ ਵੀ ਛੱਡਣਾ ਪਿਆ। ਪਰ ਇਸ ਸੇਵਾ ਰਾਹੀਂ ਜੋ ਉਨ੍ਹਾਂ ਨੇ ਅਨੁਭਵ ਕੀਤਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਪ੍ਰੋਗਰਾਮ ਦੇ ਅੰਤ ਵਿਚ ਕੀਰਤਨ ਦਰਬਾਰ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਯੂਨਾਈਟਿਡ ਸਿਖ਼ਸ ਕੈਨੇਡਾ ਦੇ ਡਾਇਰੈਕਟਰ ਤਨਬੀਰ ਕੌਰ ਨੇ ਗੁਰਦਵਾਰਾ ਕਮੇਟੀ ਦਾ ਬੁਲਾਰਿਆਂ ਦਾ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।

ਯੂਨਾਈਟਿਡ ਸਿਖ਼ਸ ਇਕ ਅੰਤਰਰਾਸ਼ਟਰੀ ਸੰਸਥਾ ਹੈ ਜਿਸ ਦਾ ਮੁੱਖ ਮਨੋਰਥ ਜ਼ਰੂਰਤਮੰਦਾਂ ਦੀ ਮਦਦ ਬਿਨਾਂ ਕਿਸੇ ਭੇਦ-ਭਾਵ ਦੇ ਕਰਨਾ ਹੈ। ਜਿੱਥੇ ਵੀ ਕਿਸੇ ਤੇ ਕੋਈ ਕੁਦਰਤੀ ਆਫ਼ਤ ਪੈਂਦੀ ਹੈ ਤਾਂ ਯੂਨਾਈਟਿਡ ਸਿਖ਼ਸ ਦੇ ਸੇਵਾਦਾਰ ਮਦਦ ਕਰਨ ਲਈ ਪਹੁੰਚ ਜਾਂਦੇ ਹਨ। ਹੋਰ ਜਾਣਕਾਰੀ ਲਈ ਜਾਂ ਇਸ “ਸਿਤਾਰੇ” ਪ੍ਰੋਜੈਕਟ ਲਈ ਦਾਨ ਕਰਨ ਲਈ ਤੁਸੀਂ ਵੈੱਬ-ਸਾਈਟ www.unitedsikhs.org ਤੇ ਜਾ ਸਕਦੇ ਹੋ ਜਾਂ ਦਫ਼ਤਰ ਵਿਚ ਸੰਪਰਕ ਕਰ ਸਕਦੇ ਹੋ। ਸੋਸ਼ਲ ਮੀਡੀਆ ਜਿਵੇਂ ਫ਼ੇਸਬੁਕ ਜਾਂ ਟਵਿਟਰ ਰਾਹੀਂ ਵੀ ਯੂਨਾਈਟਿਡ ਸਿਖ਼ਸ ਦੁਆਰਾ ਕੀਤੇ ਜਾਂਦੇ ਕੰਮਾਂ ਬਾਰੇ ਜਾਣਿਆ ਜਾ ਸਕਦਾ ਹੈ। ਯੂਨਾਈਟਿਡ ਸਿਖ਼ਸ ਆਪਣੇ ਸੇਵਾਦਾਰਾਂ ਦਾ ਅਤੇ ਦਾਨੀ ਸੱਜਣਾਂ ਦਾ ਬਹੁਤ ਰਿਣੀ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਥਾ ਚੱਲ ਰਹੀ ਹੈ। ਵਧੇਰੇ ਜਾਣਕਾਰੀ ਲਈ ਸੁਖਵਿੰਦਰ ਸਿੰਘ ਡਾਇਰੈਕਟਰ ਯੂਨਾਈਟਿਡ ਸਿਖ਼ਸ ਕੈਨੇਡਾ ਨਾਲ 905-672-2245 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Share :

Share

rbanner1

Share