ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ

10612cd _allahਵਿਚਾਰਕ ਤੇ ਵਿਹਾਰਕ ਤੌਰ ’ਤੇ ਅਮੀਰ ਅਤੇ ਹੋਰ ਅਨੇਕਾਂ ਖ਼ੂਬੀਆਂ ਦੀ ਮਾਲਕ ਸਿੱਖ ਕੌਮ,  ਪਤਾ ਨਹੀਂ ਕਿਉਂ ਆਪਣੇ ਲੇਖਕਾਂ, ਕਵੀਆਂ ਤੇ ਬੁੱਧੀਜੀਵੀਆਂ ਨੂੰ ਛੇਤੀ ਭੁਲਾ ਦਿੰਦੀ ਹੈ। ਸਿੱਖਾਂ ਨੇ ਸ਼ਾਇਦ ਇਸ ਤੱਥ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਕਿ ਇਹ ਕਲਮਕਾਰ ਹੀ ਹੁੰਦੇ ਹਨ, ਜੋ ਕੌਮ ਰੂਪੀ ਚਿਰਾਗ਼ ਵਿੱਚ ਆਪਣੀ ਚਰਬੀ ਢਾਲ ਕੇ ਪਾਉਂਦੇ ਰਹਿੰਦੇ ਹਨ ਤਾਂ ਕਿ ਚਿਰਾਗ਼ ਵਿੱਚੋਂ ਧੂੰਆਂ ਨਾ ਉੱਠੇ ਅਤੇ ਕੌਮ ਰੌਸ਼ਨੀ ਵੰਡਦੀ ਰਹੇ। ਸਿੱਖ ਜਗਤ ਨੇ ਬਾਬਾ ਨਾਨਕ ਦੇ ਇਸ ਮਹਾਨ ਵਾਕ ‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ’ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਕਦੇ ਇਹ ਸੋਚਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਤਕਾਰਾਂ ਨੂੰ ਉੱਚਾ ਰੁਤਬਾ ਦਿੰਦੇ ਸਨ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਖ ਸਮਾਜ ਨੇ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀਆਂ ਦਰਦਨਾਕ ਨਜ਼ਮਾਂ ਲਿਖਣ ਵਾਲੇ ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੂੰ ਵੀ ਬੇਕਿਰਕ ਹੋ ਕੇ ਵਿਸਾਰ ਦਿੱਤਾ ਹੈ।
ਅੱਲ੍ਹਾ ਯਾਰ ਖ਼ਾਂ ਜੋਗੀ ਨੇ ਸਰਹਿੰਦ ਤੇ ਚਮਕੌਰ ਸਾਹਿਬ  ਦੇ ਖ਼ੂਨੀ ਸਾਕਿਆਂ ਨੂੰ ਕ੍ਰਮਵਾਰ 1913 ਅਤੇ 1915 ਵਿੱਚ ਦੋ ਲੰਮੀਆਂ   ਉਰਦੂ ਨਜ਼ਮਾਂ-‘ਸ਼ਹੀਦਾਨਿ ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਦੇ ਰੂਪ ਵਿੱਚ ਕਲਮਬੰਦ ਕਰ ਕੇ ਸਾਹਿਤਕ ਤੇ ਧਾਰਮਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ। ਇਹ ਰਚਨਾਵਾਂ ਸਰਹਿੰਦ ਤੇ ਚਮਕੌਰ ਸਾਹਿਬ ਦੀਆਂ ਦਿਲ-ਕੰਬਾਊ ਘਟਨਾਵਾਂ ਦੀ ਲਾਮਿਸਾਲ ਝਾਕੀ ਪੇਸ਼ ਕਰਦੀਆਂ ਹਨ।  ਮਰਸੀਏ ਦੀ ਸ਼ੈਲੀ ਵਿੱਚ ਕਲਮਬੰਦ ਕੀਤੀਆਂ ਇਨ੍ਹਾਂ ਨਜ਼ਮਾਂ ਵਿੱਚੋਂ ਕਰੁਣਾ ਤੇ ਬੀਰ ਰਸ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਜਿਨ੍ਹਾਂ ਸਿਖ਼ਰਾਂ ਨੂੰ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਛੂਹਿਆ ਹੈ, ਉਹ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈਆਂ।
ਅੱਲ੍ਹਾ ਯਾਰ ਖ਼ਾਂ ਜੋਗੀ ਨੇ ਪੱਖਪਾਤ ਤੋਂ ਨਿਰਲੇਪ ਰਹਿ ਕੇ ਸ਼ਰਧਾ ਤੇ ਪਿਆਰ ਦੀਆਂ ਅਤਿ ਡੂੰਘਾਣਾਂ ਵਿੱਚ ਵਹਿ ਕੇ ਇਨ੍ਹਾਂ ਨਜ਼ਮਾਂ ਦੀ ਰਚਨਾ ਕੀਤੀ। ਇਸ ਤਰ੍ਹਾਂ ਸ਼ਾਇਰ ਨੇ ਸ਼ਹਾਦਤ ਦੀਆਂ ਇਨ੍ਹਾਂ ਘਟਨਾਵਾਂ ਨੂੰ ਧਰਮਾਂ ਦੀਆਂ ਹੱਦਾਂ ਤੋਂ ਦੂਰ ਰੱਖ ਕੇ ਲੋਕਾਂ ਦੇ ਸਾਂਝੇ ਦਰਦ ਦੀ ਆਵਾਜ਼ ਬਣਾ ਦਿੱਤਾ ਹੈ, ਭਾਵ ਸਮੁੱਚੀ ਮਾਨਵਤਾ ਦੀ ਸਾਂਝੀ ਵਿਰਾਸਤ ਬਣਾ ਦਿੱਤਾ ਹੈ। ਸ਼ਾਇਰ ਦਾ ਗ਼ੈਰ-ਸਿੱਖ ਹੁੰਦੇ ਹੋਏ, ਸਿੱਖ ਮਨਾਂ ਦੀ ਚੀਸ ਨੂੰ   ਪਛਾਨਣਾ ਉਸ ਦੀ ਮਹਾਨ ਸ਼ਖ਼ਸੀਅਤ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ।
ਸਿੱਖ ਪੰਥ ਦੇ ਵਾਰਸਾਂ ਲਈ ਇਹ ਗੰਭੀਰ ਮੁੱਦਾ ਹੈ ਕਿ ਉਹ ਇਸ ਸਿਦਕੀ ਤੇ ਸਿਰੜੀ ਸ਼ਾਇਰ ਦੀ ਕੁਰਬਾਨੀ ਦਾ ਰਿਣ ਨਹੀਂ ਉਤਾਰ ਸਕੇ। ਸਿੱਖ ਕੌਮ ਆਪਣੇ ਕਲਮਕਾਰਾਂ ਪ੍ਰਤੀ ਸ਼ਾਇਦ ਸੁਹਿਰਦ ਨਹੀਂ ਹੈ। 95 ਫ਼ੀਸਦੀ ਸਿੱਖਾਂ  ਨੂੰ ਤਾਂ ਅੱਲ੍ਹਾ ਯਾਰ ਖ਼ਾਂ ਜੋਗੀ ਦਾ ਨਾਂ ਤਕ ਚੇਤੇ ਨਹੀਂ ਹੋਣਾ। ਜੇ ਅਸੀਂ ਇਸ ਅਨਮੋਲ ਹੀਰੇ ਨੂੰ ਭੁਲਾ ਦਿੱਤਾ ਹੈ ਤਾਂ  ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਮਹਾਨ ਪੁਰਖਿਆਂ ਦੀ ਵਿਰਾਸਤ ਦੀ ਸੰਭਾਲ ਕਿਵੇਂ ਕਰ ਸਕਣਗੀਆਂ? ਸਿੱਖ ਕੌਮ ਦੇ ਵਾਰਸਾਂ, ਪ੍ਰਮੁੱਖ ਸਿੰਘ   ਸੰਸਥਾਵਾਂ, ਖ਼ਾਸ ਕਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋਗੀ ਵੱਲੋਂ ਲਿਖੀ ਯਾਦਗਾਰੀ ਨਜ਼ਮ ‘ਗੰਜਿ-ਸ਼ਹੀਦਾਂ’ ਬਾਰੇ ਚਮਕੌਰ ਸਾਹਿਬ ਤੇ ਸਰਹਿੰਦ ਵਿਖੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ, ਤਾਂ ਕਿ ਉਸ ਸੂਫ਼ੀ ਦਰਵੇਸ਼ ਸ਼ਾਇਰ ਦੀ ਯਾਦ ਨੂੰ ਸਿੱਖ ਹਿਰਦਿਆਂ ਵਿੱਚ ਵਸਾਇਆ ਜਾ ਸਕੇ ਅਤੇ ਉਸ ਦੀ ਸਾਡੇ ਸਿਰ ਚੜ੍ਹੀ ਕਰਜ਼ ਦੀ ਪੰਡ ਨੂੰ ਉਤਾਰਿਆ ਜਾ ਸਕੇ।

Share :

Share

rbanner1

Share