ਵੈਨਕੂਵਰ ’ਚ ਨਸ਼ੇ ਦੀ ਓਵਰਡੋਜ਼ ਕਰ ਕੇ ਨੌਂ ਮੌਤਾਂ

ਵੈਨਕੂਵਰ-ਵੈਨਕੂਵਰ ਸ਼ਹਿਰ ਵਿੱਚ ਬੀਤੇ ਦਿਨ ਡਰੱਗ ਦੀ ਓਵਰਡੋਜ਼ ਕਰਕੇ 9 ਲੋਕਾਂ ਦੀ ਮੌਤ ਮਗਰੋਂ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਤੇ ਸਬੰਧਤ ਵਿਭਾਗਾਂ ਵੱਲੋਂ ਨਸ਼ੇ ਦੀ ਅਲਾਮਤ ਨੂੰ ਗੰਭੀਰਤਾ ਨਾਲ ਲੈਂਦਿਆਂ ਯੋਜਨਾਵਾਂ ਬਣਨ ਲੱਗੀਆਂ ਹਨ। ਸਰਕਾਰ ਇਸ ਗੱਲੋਂ ਫ਼ਿਕਰਮੰਦ ਹੈ ਕਿਉਂਕਿ ਮੌਜੂਦਾ ਸਾਲ ਵਿੱਚ ਹੁਣ ਤਕ ਵੱਖ ਵੱਖ ਹਾਦਸਿਆਂ ’ਚ 15 ਮੌਤਾਂ ਜਦਕਿ ਕਤਲਾਂ ਕਾਰਨ 11 ਲੋਕਾਂ ਦੀ ਜਾਨ ਗਈ ਹੈ, ਪਰ ਇੱਕ ਦਿਨ ਵਿੱਚ ਨਸ਼ਿਆਂ ਕਰ ਕੇ 9 ਲੋਕਾਂ ਦੀ ਮੌਤ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਧੱਬਾ ਹੈ। ਉਂਜ ਵੀ ਇਸ ਸਾਲ ਦੌਰਾਨ ਨਸ਼ਿਆਂ ਦੀ ਵੱਧ ਮਾਤਰਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲਾਂ ਤੋਂ ਦੁੱਗਣੀ ਤੋਂ ਵੀ ਵੱਧ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਾਏ ਜਾ ਰਹੇ ਹਨ ਅਤੇ ਪੁਲੀਸ ਵੱਲੋਂ ਵੀ ਨਸ਼ਾ ਵਪਾਰੀਆਂ ’ਤੇ ਨਕੇਲ ਕੱਸੀ ਜਾ ਰਹੀ ਹੈ, ਪਰ ਇਨ੍ਹਾਂ ਯਤਨਾਂ ਨੂੰ ਬਹੁਤਾ ਬੂਰ ਪੈਂਦਾ ਨਹੀਂ ਦਿਸਦਾ। ਨਸ਼ਿਆਂ ਦੀ ਲੱਤ ਵਧੇਰੇ ਕਰਕੇ ਨੌਜਵਾਨਾਂ ਨੂੰ ਆਪਣੇ ਕਲਾਵੇ ’ਚ ਲੈ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਜਲਦੀ ਹੀ ਇਸ ਬਾਰੇ ਕੋਈ ਠੋਸ ਪ੍ਰੋਗਰਾਮ ਦਾ ਐਲਾਨ ਕਰ ਸਕਦੀ ਹੈ। ਉਂਜ ਇਸ ਬਾਰੇ ਲੋਕਾਂ ਤੋਂ ਵੀ ਸੁਝਾਅ ਮੰਗੇ ਜਾ ਰਹੇ ਹਨ।

Share :

Share

rbanner1

Share