ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਸਥਾਪਤੀ ਤੇ ਸਥਿਤੀ

sgpc-logoਗੁਰਦੁਆਰਾ ਸ਼ਬਦ, ਸ਼ਾਬਦਿਕ ਅਰਥਾਂ ਤਕ ਹੀ ਸੀਮਤ ਨਹੀਂ ਹੈ। ਸਿੱਖ ਧਰਮ ਵਿੱਚ ਇਹ ਸੰਕਲਪ ਵੀ ਹੈ ਤੇ ਸਿਧਾਂਤ ਵੀ। ਗੁਰਦੁਆਰਾ ਆਪਣੇ ਆਪ ਵਿੱਚ ਇੱਕ ਮੁਕੰਮਲ ਸੰਸਥਾ ਹੈ, ਜਿਸ ਦਾ ਨਿਸ਼ਚਿਤ ਵਿਧੀ-ਵਿਧਾਨ ਤੇ ਕਾਰਜ ਖੇਤਰ ਅਤੇ ਮਰਿਆਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਪ੍ਰਮੁੱਖ ਸ਼੍ਰੋਮਣੀ ਸੰਸਥਾ ਹੈ। ਇਸ ਦੀ ਹੋਂਦ, ਇਸ ਦੇ ਨਿਕਾਸ-ਵਿਕਾਸ ਤੇ ਇਸ ਦੇ ਸ਼੍ਰੋਮਣੀ ਸਿੱਖ ਸੰਸਥਾ ਵਜੋਂ ਪ੍ਰਵਾਨ ਚੜ੍ਹਨ ਦਾ ਵਰਣਨ ਇਸ ਲੇਖ ਵਿੱਚ ਹੈ।
ਸਿੱਖ ਰਾਜ ਦੇ ਸੂਰਜ ਛਿਪਣ ਨਾਲ ਗੁਰਦੁਆਰਾ ਪ੍ਰਬੰਧ ਵਿੱਚ ਵੀ ਗਿਰਾਵਟ ਆਰੰਭ ਹੋ ਗਈ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਪ੍ਰਬੰਧਕ-ਸਰਬਰਾਹ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਨਿਯੁਕਤ ਕੀਤਾ। ਗੁਰਦੁਆਰਾ ਪ੍ਰਬੰਧ ਦੀ ਇਸਾਈ ਮਤ ਦੇ ਸਿੱਖੀ ਅਸੂਲਾਂ ਵਿਰੁੱਧ ਵਰਤੋਂ ਅੰਗਰੇਜ਼ ਰਾਜ ਕਾਲ ਸਮੇਂ ਹੋਈ। ਸਹਿਜੇ-ਸਹਿਜੇ ਸ਼ਰਧਾਲੂ ਸਿੱਖ, ਨਾਕਸ ਗੁਰਦੁਆਰਾ ਪ੍ਰਬੰਧ ਕਾਰਨ ਗੁਰੂ ਘਰਾਂ ਤੋਂ ਟੁੱਟਣੇ ਸ਼ੁਰੂ ਹੋ ਗਏ। ਅੰਗਰੇਜ਼ ਰਾਜ ਸਮੇਂ ਹੀ ਗੁਰਦੁਆਰਿਆਂ ਦੇ ਧਾਰਮਿਕ ਮੁਖੀ ਮਹੰਤ, ਪੁਜਾਰੀ ਥਾਪਣ ਦੀ ਪਿਰਤ ਪਈ। ਇਸ ਨਾਲ ਗੁਰਦੁਆਰਾ ਪ੍ਰਬੰਧ ਸੰਗਤੀ ਪ੍ਰਬੰਧ ਦੀ ਥਾਂ ਵਿਅਕਤੀ ਵਿਸ਼ੇਸ਼ਾਂ ਦੇ ਪ੍ਰਬੰਧ ਅਧੀਨ ਆਉਣਾ ਸ਼ੁਰੂ ਹੋ ਗਿਆ। ਮਹੰਤ-ਪੁਜਾਰੀ ਦੀ ਮੌਤ ਪਿੱਛੋਂ ਉਸਦਾ ਉੱਤਰਾਧਿਕਾਰੀ ਵਿਅਕਤੀ ਵਿਸ਼ੇਸ਼ ਪ੍ਰਬੰਧਕ ਬਣ ਜਾਂਦਾ, ਭਾਵੇਂ ਉਹ ਗੁਰਮਤਿ ਦਾ ਧਾਰਨੀ ਹੋਵੇ ਜਾਂ ਨਾ। ਗੁਰੂ-ਘਰ ਦੇ ਪ੍ਰਬੰਧਕ ਚੜ੍ਹਤ-ਚੜ੍ਹਾਵੇ ਤੇ ਜਾਇਦਾਦਾਂ ਦੇ ਪ੍ਰਬੰਧਕ ਬਣ ਗਏ। ਗੁਰੂ ਘਰਾਂ ਦੇ ਨਿਵਾਸ ਅਸਥਾਨ ਐਸ਼ੋ-ਆਰਾਮ ਦੇ ਅੱਡੇ ਬਣ ਗਏ। ਸੰਸਾਰ ਦੇ ਸਾਰੇ ਕੁਕਰਮ ਇਨ੍ਹਾਂ ਧਰਮ ਮੰਦਰਾਂ ’ਚ ਮਹੰਤਾਂ-ਪੁਜਾਰੀਆਂ ਤੇ ਸਰਬਰਾਹਾਂ ਦੀ ਸਰਪਰਸਤੀ ਹੇਠ ਹੋਏ।
ਇਨ੍ਹਾਂ ਗ਼ੈਰ-ਇਖ਼ਲਾਕੀ ਕੁਕਰਮਾਂ ਨੂੰ ਠੱਲ੍ਹ ਪਾਉਣ ਲਈ ਚੇਤਨ ਗੁਰਸਿੱਖਾਂ ਨੇ ਸਿੱਖ ਸ਼ਕਤੀ ਤੇ ਸਮਰੱਥਾ ਨੂੰ ਇਕੱਤਰਿਤ ਕਰਨ ਲਈ ਜਥੇਬੰਦਕ ਰੂਪ ਧਾਰਨਾ ਸ਼ੁਰੂ ਕੀਤਾ। ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ ਸਥਾਪਿਤ ਹੋਏ, ਜਿਨ੍ਹਾਂ ਦੁਰਮਤਿ ਤੇ ਅਗਿਆਨਤਾ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ।
ਗੁਰਮਤਿ ਅਨੁਸਾਰ ਕਿਸੇ ਕਿਸਮ ਦਾ ਵਿਤਕਰਾ-ਵਖਰੇਵਾਂ ਕਿਸੇ ਵੀ ਜਾਤ, ਧਰਮ, ਨਸਲ, ਵਿਤਕਰੇ ਆਦਿ ਨੂੰ ਮੰਨ ਕੇ ਨਹੀਂ ਕੀਤਾ ਜਾਂਦਾ ਪਰ ਮਹੰਤਾਂ ਪੁਜਾਰੀਆਂ ਦੇ ਸਮੇਂ ਗੁਰਦੁਆਰਿਆਂ ਵਿੱਚ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਆਉਣ ਦੀ ਮਨਾਹੀ ਸੀ। 12 ਅਕਤੂਬਰ, 1920 ਨੂੰ ਖ਼ਾਲਸਾ ਬਰਾਦਰੀ ਦਾ ਸਾਲਾਨਾ ਦੀਵਾਨ ਅੰਮ੍ਰਿਤਸਰ ਵਿੱਚ ਹੋਇਆ, ਜਿਸ ਵਿੱਚ ਅਖੌਤੀ ਨੀਵੀਂ ਜਾਤ ਨਾਲ ਸਬੰਧਿਤ ਸਿੱਖ ਅੰਮ੍ਰਿਤ ਦੀ ਪਾਹੁਲ ਪ੍ਰਾਪਤ ਕਰ, ਨਾਨਕ ਨਿਰਮਲ ਪੰਥ ਦੇ ਮੈਂਬਰ ਬਣੇ। ਨਵੇਂ ਸਜੇ ਸਿੰਘ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਤਾਂ ਪੁਜਾਰੀ ਨੱਕ-ਮੂੰਹ ਵੱਟਣ ਲੱਗੇ। ਥੋੜ੍ਹੀ ਨੋਕ-ਝੋਕ ਮਗਰੋਂ ਪੁਜਾਰੀ ਅਰਦਾਸ ਕਰਨ ਤੇ ਹੁਕਮਨਾਮਾ ਲੈਣ ਲਈ ਸਹਿਮਤ ਹੋ ਗਏ।
ਜਦ ਇਨ੍ਹਾਂ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਬੇਨਤੀ ਲਈ ਹਾਜ਼ਰ ਹੋਇਆ ਤਾਂ ਅਕਾਲ ਤਖ਼ਤ ਦੇ ਪੁਜਾਰੀ ਹਰਨ ਹੋ ਗਏ। ਸਿੰਘਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਦਾ ਤਖ਼ਤ ਸੁੰਝਾ ਨਹੀਂ ਰਹਿਣਾ ਚਾਹੀਦਾ ਤੇ ਸੇਵਾ-ਸੰਭਾਲ ਵਾਸਤੇ 25 ਸਿੰਘਾਂ ਦਾ ਜਥਾ ਨਿਯਤ ਕਰ ਦਿੱਤਾ। ਦੂਜੇ ਪਾਸੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲਤਾਂ ਨੂੰ ਦੇਖਦਿਆਂ ਨੌਂ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਹਾਮੀ ਤੇ ਹਮਾਇਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕਰਵਾ ਕੇ 15 ਨਵੰਬਰ, 1920 ਨੂੰ ਸਿੱਖਾਂ ਦਾ ਪ੍ਰਤੀਨਿਧ ਇਕੱਠ ਬੁਲਾਇਆ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਥਾਪਿਤ ਹੋਈ। ਪ੍ਰਤੀਨਿਧ ਇਕੱਠ ਵਿੱਚ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰੱਖਿਆ ਗਿਆ। ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਪਹਿਲਾ ਪ੍ਰਧਾਨ ਥਾਪਿਆ ਗਿਆ। ਭਾਈ ਜੋਧ ਸਿੰਘ ਨੇ ਭੁੱਲਾਂ ਬਖ਼ਸ਼ਾਉਣ ਵਾਲੇ ਸਿੱਖਾਂ ਦਾ ਜ਼ਿਕਰ ਕੀਤਾ। ਪ੍ਰਤੀਨਿਧ ਇਕੱਠ ਦੀ ਸੁਧਾਈ ਵਾਸਤੇ ਗੁਰਮਤਿ ਮਰਯਾਦਾ ਅਨੁਸਾਰ ਪੰਜ ਪਿਆਰਿਆਂ ਦੀ ਚੋਣ ਕੀਤੀ ਗਈ। ਇਸ ਕਮੇਟੀ ਦੀ ਪਲੇਠੀ ਮੀਟਿੰਗ 12 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ। ਸਭ ਤੋਂ ਪਹਿਲਾਂ ਪੰਜ ਪਿਆਰੇ ਚੁਣੇ ਗਏ, ਜਿਨ੍ਹਾਂ ਨੇ ਮੈਂਬਰਾਂ ਦੀ ਸੋਧ ਕੀਤੀ ਤੇ ਅਹੁਦੇਦਾਰਾਂ ਦੀ ਚੋਣ ਕੀਤੀ। ਪਹਿਲੀ ਇਕੱਤਰਤਾ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਬਣਾਉਣ ਲਈ ਸਬ-ਕਮੇਟੀ ਬਣਾਈ ਗਈ। 30 ਅਪਰੈਲ, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਰਜਿਸਟਰੇਸ਼ਨ ਕਰਵਾਈ ਗਈ।
ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਲੈਣ ਲਈ ਮਹੰਤਾਂ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਪੁਜਾਰੀਆਂ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਭਾਈ ਹਜ਼ਾਰਾ ਸਿੰਘ ਸ਼ਹੀਦ ਹੋ ਗਏ। 20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ, ਜਿਸ ਵਿੱਚ ਅਨੇਕਾਂ ਸਿੰਘ, ਮਹੰਤ ਨਰੈਣ ਦਾਸ ਦੇ ਗੁੰਡਿਆਂ ਦੀਆਂ ਗੋਲੀਆਂ, ਗੰਡਾਸੀਆਂ, ਛਵੀਆਂ ਤੇ ਡਾਂਗਾਂ ਦੇ ਸ਼ਿਕਾਰ ਹੋਏ। ਕੁਝ ਸਿੱਖਾਂ ਨੂੰ ਮਹੰਤ ਦੇ ਆਦਮੀਆਂ ਨੇ ਜੰਡ ਦੇ ਦਰੱਖ਼ਤ ਨਾਲ ਬੰਨ੍ਹ ਕੇ ਜੀਉਂਦੇ ਸਾੜ ਦਿੱਤਾ। ਇਸ ਪਿਛੋਂ 21 ਫਰਵਰੀ, 1921 ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਇਆ।
ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ, ਅੰਗਰੇਜ਼ ਸਾਮਰਾਜ ਤੇ ਭ੍ਰਿਸ਼ਟ ਮਹੰਤਾਂ-ਪੁਜਾਰੀਆਂ ਖ਼ਿਲਾਫ਼ ਲੰਮੀ ਲੜਾਈ ਲੜਦਿਆਂ ਅਨੇਕਾਂ ਕੁਰਬਾਨੀਆਂ ਤੇ ਤਸੀਹੇ ਝੱਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ। ਅਖ਼ੀਰ ਅੰਗਰੇਜ਼ ਸਾਮਰਾਜ ਨੂੰ ਸੰਗਠਿਤ ਸਿੱਖ ਸ਼ਕਤੀ ਅੱਗੇ ਗੋਡੇ ਟੇਕਣੇ ਪਏ। 1925 ਵਿੱਚ ਸਿੱਖ ਗੁਰਦੁਆਰਾ ਕਾਨੂੰਨ ਬਣ ਜਾਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਿਸ਼ਵ ਦੀ ਪਹਿਲੀ ਲੋਕਤੰਤਰੀ ਢੰਗ ਦੁਆਰਾ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਬਣੀ।
ਅਕਾਲ ਦੇ ਪੁਜਾਰੀ  ਗੁਰਸਿੱਖ ‘ਅਕਾਲੀ’ ਸਦਵਾਏ, ਜਿਨ੍ਹਾਂ ਨੇ ਗੁਰਧਾਮਾਂ, ਗੁਰਦੁਆਰਿਆਂ ਦੀ ਅਜ਼ਮਤ ਵਾਸਤੇ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਲੜਿਆ ਤੇ ਸਫ਼ਲਤਾ ਹਾਸਲ ਕੀਤੀ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਸਫ਼ਲ ਕਰਨ ਲਈ ਇਨ੍ਹਾਂ ਮਰਜੀਵੜਿਆਂ ਉੱਤੇ ਆਧਾਰਿਤ 14 ਦਸੰਬਰ, 1920 ਨੂੰ ‘ਸ਼੍ਰੋਮਣੀ ਅਕਾਲੀ ਦਲ’ ਹੋਂਦ ਵਿੱਚ ਆਇਆ। ਅਕਾਲੀ ਲਹਿਰ ਨੇ ਗੁਰਦੁਆਰਾ ਚੋਣਾਂ ਵਿੱਚ ਪਹਿਲੀ ਵਾਰ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿਵਾਇਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੋਣ ਦਾ ਮਾਣ ਹਾਸਲ ਹੈ। ਇਹ ਸਿਰਫ਼ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਹੀ ਨਹੀਂ ਕਰਦੀ, ਸਗੋਂ ਇਸ ਦਾ ਕਾਰਜ ਖੇਤਰ ਬਹੁਤ ਵਿਸ਼ਾਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਕਾਰਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੈਕਸ਼ਨ 85, ਸੈਕਸ਼ਨ 87, ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰਿਸਰਚ ਬੋਰਡ, ਐਜੂਕੇਸ਼ਨ ਕਮੇਟੀ, ਟਰੱਸਟ ਵਿਭਾਗ ਆਦਿ ਵਿੰਗ ਅਤੇ ਵਿਭਾਗ ਹਨ।
ਲੋਕ ਕਲਿਆਣਕਾਰੀ ਕਾਰਜਾਂ ਵਜੋਂ ਕਮੇਟੀ ਪਿੰਗਲਵਾੜਾ ਭਗਤ ਪੂਰਨ ਸਿੰਘ, ਯਤੀਮਖਾਨਾ, ਬਿਰਧ ਘਰ ਆਦਿ ਨੂੰ ਸਾਲਾਨਾ ਸਹਾਇਤਾ ਦਿੰਦੀ ਹੈ। ਇਸ ਤੋਂ ਇਲਾਵਾ ਹੜ੍ਹ, ਭੂਚਾਲ, ਸੁਨਾਮੀ, ਸਿੱਖ ਕਤਲੇਆਮ ਦੇ ਪੀੜਤਾਂ, ਜੋਧਪੁਰ ਦੇ ਕੈਦੀਆਂ, ਧਰਮੀ ਫ਼ੌਜੀਆਂ ਦੀ ਮਦਦ ਵੀ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ।
ਗੁਰਦੁਆਰਾ ਪ੍ਰਬੰਧ ਦੀ ਆਮਦਨ-ਖ਼ਰਚ ਦੇ ਹਿਸਾਬ ਨੂੰ ਪਾਰਦਰਸ਼ੀ ਕਰਨ ਲਈ 1927 ਤੋਂ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜੋ ਨਿਰੰਤਰ ਜਾਰੀ ਹੈ। ਗੁਰਦੁਆਰਿਆਂ ਦੀ ਨਵ-ਉਸਾਰੀ ਤੇ ਨਵ-ਨਿਰਮਾਣ, ਸਰਾਵਾਂ ਦਾ ਢੁੱਕਵਾਂ ਪ੍ਰਬੰਧ ਕਰਨਾ, ਸਿੱਖ ਵਿਰਸੇ ਤੇ ਵਿਰਾਸਤਾਂ ਨੂੰ ਸੰਭਾਲਣਾ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੁਰਬਾਣੀ, ਸਿੱਖ ਰਹਿਤ ਮਰਯਾਦਾ ਤੇ ਸਿੱਖ ਸਹਿਤ ਦੇ ਪ੍ਰਚਾਰ ਪ੍ਰਸਾਰ, ਗੁਰਮਤਿ ਸਾਹਿਤ ਲਈ ਆਪਣੇ ਛਾਪੇਖਾਨੇ ਲਾਏ ਗਏ ਹਨ। ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਸਲਾਹੁਣਯੋਗ ਯੋਗਦਾਨ ਇਸ ਸੰਸਥਾ ਵੱਲੋਂ ਪਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਕਾਨੂੰਨੀ ਅਧਿਕਾਰ ਖੇਤਰ ਗੁਰਦੁਆਰਾ ਪ੍ਰਬੰਧ ਸਬੰਧੀ ਭਾਵੇਂ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤਕ ਸੀਮਤ ਹੈ, ਪਰ ਵਿਸ਼ਵ ਭਰ ਵਿੱਚ ਵਸੇ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਕੇਵਲ ਸ਼੍ਰੋਮਣੀ ਕਮੇਟੀ ਹੀ ਹੈ।

-ਡਾ.ਰੂਪ ਸਿੰਘ 

Share :

Share

rbanner1

Share