ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਹੀ ਲੜੇਗਾ ਚੋਣਾਂ-ਸੁਖਬੀਰ

296340-sukhbir-singh-badal-dy-cm• ਕਾਂਗਰਸ ਦੀ ਸੋਚ ਸਿੱਖ ਤੇ ਪੰਜਾਬ ਵਿਰੋਧੀ • ‘ਆਪ’ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਕਰ ਰਹੀ ਹੈ ਕੰਮ • ਆਈ. ਐਸ. ਆਈ. ਦੇ ਨਿਸ਼ਾਨੇ ‘ਤੇ ਹੈ ਪੰਜਾਬ
ਜਲੰਧਰ, 29 ਜੂਨ-ਬਿਜਲੀ ਉਤਪਾਦਨ ਦੇ ਖੇਤਰ ‘ਚ ਹਾਸਲ ਕੀਤੀ ਉਪਲਬਧੀ, ਸੂਬੇ ਦੇ ਸਾਰੇ ਸ਼ਹਿਰਾਂ ਨੂੰ 4 ਅਤੇ 6 ਮਾਰਗੀ ਸੜਕਾਂ ਨਾਲ ਜੋੜਨ ਦੀ ਵਿਉਂਤਬੰਦੀ ਅਤੇ ਸ਼ਹਿਰਾਂ ‘ਚ 100 ਫੀਸਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਇਲਾਵਾ ਵੱਖ-ਵੱਖ ਹਵਾਈ ਅੱਡਿਆਂ ਦੇ ਨਿਰਮਾਣ ਨੂੰ ਰਾਜ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਾਸ ਦੇ ਮੁੱਦੇ ‘ਤੇ ਹੀ ਲੜੀਆਂ ਜਾਣਗੀਆਂ | ਅੱਜ ਇੱਥੇ ‘ਅਜੀਤ’ ਭਵਨ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਰਾਜ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਪਿਛਲੇ ਕਰੀਬ 9 ਸਾਲ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਪਿਛਲੀਆਂ ਚੋਣਾਂ ਵੀ ਅਕਾਲੀ ਦਲ ਵੱਲੋਂ ਵਿਕਾਸ ਦੇ ਮੁੱਦੇ ‘ਤੇ ਹੀ ਲੜੀਆਂ ਗਈਆਂ ਸਨ ਤੇ ਇਸ ਵਾਰ ਵੀ ਸੂਬੇ ਦਾ ਸਰਬਪੱਖੀ ਵਿਕਾਸ ਹੀ ਪਾਰਟੀ ਦਾ ਪ੍ਰਮੁੱਖ ਚੋਣ ਏਜੰਡਾ ਹੋਵੇਗਾ | ਇਸ ਮੌਕੇ ਉਨ੍ਹਾਂ ਨਸ਼ਿਆਂ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਇਕ ਵਾਰ ਫਿਰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਸਿਆਸੀ ਹਿੱਤਾਂ ਲਈ ਇਸ ਤਰ੍ਹਾਂ ਪੰਜਾਬ ਦੇ ਅਣਖੀ, ਮਿਹਨਤੀ ਅਤੇ ਬਹਾਦਰ ਨੌਜਵਾਨਾਂ ਨੂੰ ਨਸ਼ੇੜੀ ਦੱਸ ਕੇ ਦੁਨੀਆ ਭਰ ਵਿਚ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ | ਇਸ ਦੇ ਨਾਲ ਹੀ ਉਨ੍ਹਾਂ ਆਉਂਦੀਆਂ ਚੋਣਾਂ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਜਿੱਥੇ ਕਾਂਗਰਸ ਨੂੰ ਪੰਜਾਬ ਅਤੇ ਸਿੱਖ ਵਿਰੋਧੀ ਗਰਦਾਨਦਿਆਂ, ਕਾਂਗਰਸ ਵੱਲੋਂ ਸੂਬੇ ਨਾਲ ਕੀਤੇ ਗਏ ਪੱਖਪਾਤਾਂ ਦਾ ਬਾਰੇ ਗੱਲ ਕੀਤੀ ਉੱਥੇ ਆਮ ਆਦਮੀ ਪਾਰਟੀ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕਰਦੇ ਹੋਏ ਸਮੂਹ ਪੰਜਾਬੀਆਂ ਨੂੰ ‘ਆਪ’ ਆਗੂਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ | ‘ਅਜੀਤ’ ਭਵਨ ਵਿੱਚ ਉਨ੍ਹਾਂ ਨਾਲ ਕੀਤੀ ਗਈ ਇੰਟਰਵਿਊ ਦੇ ਕੁਝ ਅਹਿਮ ਅੰਸ਼ ਹੇਠਾਂ ਪੇਸ਼ ਕੀਤੇ ਜਾ ਰਹੇ ਹਨ |
? ਪੰਜਾਬ ਵਿਚ ਇਸ ਸਮੇਂ ਖੇਤੀ ਸੰਕਟ ਕਾਰਨ ਕਿਸਾਨ ਖੁਦਕੁਸ਼ੀਆਂ ਹੋ ਰਹੀਆਂ ਹਨ ਅਤੇ ਨੌਜਵਾਨਾਂ ‘ਚ ਬੇਰੁਜ਼ਗਾਰੀ ਕਾਰਨ ਬੇਚੈਨੀ ਦਾ ਆਲਮ ਹੈ | ਰਾਜ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਜੁਰਮਾਂ ਨੂੰ ਵੀ ਇਸ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ | ਇਹ ਸਥਿਤੀ ਅਕਾਲੀ ਦਲ ਦੀਆਂ ਚੋਣ ਸੰਭਾਵਨਾਵਾਂ ‘ਤੇ ਕੀ ਅਸਰ ਪਾਏਗੀ?
• ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਕੁੱਝ ਸੂਬੇ ਦੇ ਕਿਸਾਨਾਂ ਲਈ ਕੀਤਾ ਗਿਆ ਹੈ, ਉਹ ਦੇਸ਼ ਦੇ ਕਿਸੇ ਵੀ ਹੋਰ ਸੂਬੇ ਦੀ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਕਿਸਾਨਾਂ ਦੇ ਬਿਜਲੀ ਬਿੱਲ ਹੀ ਮੁਆਫ ਨਹੀਂ ਕੀਤੇ ਸਗੋਂ ਕਿਸਾਨਾਂ ਦਾ ਸਿਹਤ ਬੀਮਾ ਕਰਵਾ ਕੇ 50 ਹਜ਼ਾਰ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦੇਣ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ | ਖੇਤੀ ਨੂੰ ਲਾਭਕਾਰੀ ਬਣਾਉਣ ਲਈ ਵੀ ਰਾਜ ਸਰਕਾਰ ਵੱਲੋਂ ਕੇਂਦਰ ਨਾਲ ਲਗਾਤਾਰ ਮੁੱਦਾ ਉਠਾਇਆ ਜਾ ਰਿਹਾ ਹੈ | ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਲਈ ਵੀ ਦੂਜੇ ਰਾਜਾਂ ਨਾਲੋਂ ਵੱਧ ਰਾਹਤ ਦੀ ਵਿਵਸਥਾ ਕੀਤੀ ਗਈ ਹੈ | ਜਦਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸਬਸਿਡੀਆਂ ਖਤਮ ਕਰਨ ਅਤੇ ਕਿਸਾਨਾਂ ‘ਤੇ ਮੁੜ ਬਿਜਲੀ ਬਿੱਲ ਲਾਉਣ ਦੀਆਂ ਗੱਲਾਂ ਕਰ ਰਹੇ ਹਨ | ਨਸ਼ਿਆਂ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ‘ਚ ਕੋਈ ਵੀ ਨਸ਼ਾ ਪੈਦਾ ਨਹੀਂ ਹੁੰਦਾ | ਸਰਹੱਦੀ ਸੂਬਾ ਹੋਣ ਕਾਰਨ ਅਕਸਰ ਸਰਹੱਦ ਪਾਰੋਂ ਨਸ਼ੇ ਦੀ ਸਮਗਲਿੰਗ ਹੁੰਦੀ ਹੈ, ਜਿਸ ‘ਤੇ ਰੋਕ ਲਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ | ਪਰ ਫਿਰ ਵੀ ਪੰਜਾਬ ਸਰਕਾਰ ਲਗਾਤਾਰ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਨਸ਼ੀਲੇ ਪਦਾਰਥ ਬਰਾਮਦ ਕਰ ਰਹੀ ਹੈ, ਜਿਸ ਦੀ ਸਾਬਾਸ਼ੀ ਦੇਣ ਦੀ ਬਜਾਏ ਪੰਜਾਬ ਨੂੰ ਭੰਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੱਜ ਵੀ ਪੂਰੇ ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਕਰਦਾ ਬਲਕਿ ਫਲ, ਸਬਜ਼ੀਆਂ ਅਤੇ ਹੋਰਨਾਂ ਉਤਪਾਦਨ ਖੇਤਰਾਂ ਵਿਚ ਵੀ ਦੇਸ਼ ਲਈ ਚੋਖਾ ਯੋਗਦਾਨ ਦਿੰਦਾ ਆ ਰਿਹਾ ਹੈ | ਇੱਥੇ ਹੀ ਬੱਸ ਨਹੀਂ, ਭਾਰਤੀ ਹਾਕੀ ਟੀਮ ‘ਚ ਅੱਜ ਵੀ 7-8 ਖਿਡਾਰੀ ਪੰਜਾਬ ਦੇ ਸ਼ਾਮਿਲ ਹਨ | ਕਾਂਗਰਸ ਅਤੇ ਆਮ ਆਦਮੀ ਪਾਰਟੀ ਪਿਛਲੇ ਕਾਫੀ ਸਮੇਂ ਤੋਂ ਇਸ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕਰਦੀਆਂ ਆ ਰਹੀਆਂ ਹਨ |
? ਹੁਣ ਜਦ ਵਿਰੋਧੀ ਪਾਰਟੀਆਂ ਨਸ਼ਿਆਂ ਦਾ ਮੁੱਦਾ ਉਭਾਰ ਰਹੀਆਂ ਹਨ ਤਾਂ ਰਾਜ ਸਰਕਾਰ ਨੂੰ ਨਹੀਂ ਚਾਹੀਦਾ ਕਿ ਇਸ ਸਬੰਧੀ ਕੋਈ ਢੁੱਕਵਾਂ ਸਰਵੇਖਣ ਕਰਵਾ ਕੇ ਸੱਚਾਈ ਲੋਕਾਂ ਸਾਹਮਣੇ ਰੱਖੀ ਜਾਵੇ?
• ਨਸ਼ਿਆਂ ਬਾਰੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਲਦ ਹੀ ਪੰਜਾਬੀਆਂ ਦੇ ਸਾਹਮਣੇ ਆਉਣ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ 7 ਹਜ਼ਾਰ ਨੌਜਵਾਨਾਂ ਦੀ ਪੁਲਿਸ ‘ਚ ਕੀਤੀ ਜਾ ਰਹੀ ਭਰਤੀ ਲਈ 6 ਲੱਖ ਦੇ ਕਰੀਬ ਉਮੀਦਵਾਰਾਂ ਵਲੋਂ ਅਰਜ਼ੀਆਂ ਦਿੱਤੀਆਂ ਗਈਆਂ ਹਨ ਤੇ ਭਰਤੀ ਤੋਂ ਪਹਿਲਾਂ ਇਨ੍ਹਾਂ ਨੌਜਵਾਨਾਂ ਦਾ ਬਕਾਇਦਾ ਡੋਪ ਟੈਸਟ ਕਰਵਾਇਆ ਜਾਵੇਗਾ | ਹਰ ਜ਼ਿਲ੍ਹਾ ਹੈਡਕੁਆਰਟਰ ‘ਤੇ ਅਜਿਹੇ ਟੈਸਟ ਕਰਨ ਦੇ ਪ੍ਰਬੰਧ ਕਰ ਲਏ ਗਏ ਹਨ ਤੇ ਹਰ ਰੋਜ਼ ਲਗਭਗ 12 ਤੋਂ 15 ਨੌਜਵਾਨਾਂ ਦਾ ਟੈਸਟ ਹੋਵੇਗਾ ਤੇ ਇਸ ਟੈਸਟ ਤੋਂ ਬਾਅਦ ਸਭ ਸਾਫ ਹੋ ਜਾਵੇਗਾ ਕਿ ਪੰਜਾਬ ਨਸ਼ਿਆਂ ਦਾ ਹੈੱਡਕੁਆਰਟਰ ਹੈ ਜਾਂ ਫਿਰ ਸਹੀ ਮਾਅਨਿਆਂ ‘ਤੇ ਦਲੇਰ, ਬਹਾਦਰ ਤੇ ਮਿਹਨਤੀ ਨੌਜਵਾਨਾਂ ਦਾ ਘਰ ਹੈ |
? ਕਿਸਾਨਾਂ ਨੂੰ ਦੋ-ਫਸਲੀ ਚੱਕਰ ‘ਚੋਂ ਕੱਢਣ ਲਈ ਸਰਕਾਰ ਕੀ ਉਪਰਾਲੇ ਕਰ ਰਹੀ ਹੈ?
• ਬਦਲਦੇ ਹਾਲਾਤ ਦੇ ਮੁਤਾਬਿਕ ਪੰਜਾਬ ਅਤੇ ਹਰਿਆਣੇ ‘ਚ ਕਿਸਾਨਾਂ ਨੂੰ ਕਣਕ ਅਤੇ ਝੋਨੇ ਦਾ ਬਦਲ ਲੱਭਣਾ ਹੀ ਪਵੇਗਾ ਤੇ ਇਸ ਕੰਮ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਕਿਸਾਨਾਂ ਨੂੰ ਜਿੱਥੇ ਮੱਕੀ ਦੀ ਬਿਜਾਈ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ, ਉੱਥੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਨਾਲ ਵੀ ਜੋੜਿਆ ਜਾ ਰਿਹਾ ਹੈ | ਪਿਛਲੇ ਸਾਲ 5 ਹਜ਼ਾਰ ਟਨ ਕਿਨੂੰ ਦਾ ਨਿਰਯਾਤ ਕੀਤਾ ਗਿਆ ਸੀ ਤੇ ਇਸ ਵਾਰ 15 ਹਜ਼ਾਰ ਟਨ ਦਾ ਟੀਚਾ ਮਿੱਥਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੂਬੇ ‘ਚ ਖੇਤੀ ਆਧਾਰਿਤ ਸਨਅਤਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਦੁੱਧ, ਮੱਕੀ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਹੋਵੇਗੀ | ਫੂਡ ਪ੍ਰੋਸੈਸਿੰਗ ਪਾਰਕ ਰਾਜ ‘ਚ ਖੋਲ੍ਹੇ ਜਾ ਰਹੇ ਹਨ |
? ਅੱਜ ਜਦ ਬਹੁਤ ਸਾਰੇ ਰਾਜਾਂ ਵੱਲੋਂ ਕੁਦਰਤੀ ਖੇਤੀ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਵਲੋਂ ਇਸ ਪਾਸੇ ਕੀ ਕਦਮ ਚੁੱਕੇ ਜਾ ਰਹੇ ਹਨ?
• ਸਿੱਕਮ ਇਕੋ-ਇਕ ਅਜਿਹਾ ਸੂਬਾ ਹੈ, ਜਿੱਥੇ ਖੇਤੀ ਪੂਰੀ ਤਰ੍ਹਾਂ ਕੁਦਰਤੀ ਢੰਗ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਸ ਪਾਸੇ ਢੱਕਵੇਂ ਕਦਮ ਚੁੱਕੇ ਜਾ ਰਹੇ ਹਨ | ਜਲਦ ਹੀ ਸਰਕਾਰ ਵਲੋਂ ਕੁਝ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਕੁਦਰਤੀ ਖੇਤੀ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਿਆ ਜਾਵੇਗਾ ਤੇ ਪੰਜਾਬ ‘ਚ ਵੀ ਕਿਸਾਨ ਬਿਨਾਂ ਦਵਾਈਆਂ ਅਤੇ ਖਾਦਾਂ ਦੇ ਖੇਤੀ ਕਰ ਸਕਣਗੇ |
? ਕੈਸ਼ ਕ੍ਰੈਡਿਟ ਦਾ ਮੁੱਦਾ ਕਿਉਂ ਹੱਲ ਨਹੀਂ ਹੋ ਰਿਹਾ?
• ਕੈਸ਼ ਕ੍ਰੈਡਿਟ ਦਾ ਮਸਲਾ ਕੋਈ ਅੱਜ ਦਾ ਨਹੀਂ ਸਗੋਂ ਇਹ ਪਿਛਲੇ 25-30 ਸਾਲ ਤੋਂ ਚੱਲਿਆ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ‘ਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਮਜ਼ਦੂਰੀ ਅਤੇ ਢੋਆ-ਢੁਆਈ ਦੇ ਖਰਚੇ ਜ਼ਿਆਦਾ ਹੋਣ ਕਾਰਨ ਹੀ ਅੰਕੜਿਆਂ ‘ਚ ਫਰਕ ਚੱਲਿਆ ਆ ਰਿਹਾ ਹੈ, ਜਦਕਿ ਅਸੀਂ ਉਨਾ ਹੀ ਪੈਸਾ ਕੇਂਦਰ ਕੋਲੋਂ ਮੰਗ ਰਹੇ ਹਾਂ, ਜਿੰਨਾ ਅਸੀਂ ਖਰਚ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਅਨਾਜ ਉਹ ਆਪਣੇ ਲਈ ਨਹੀਂ ਬਲਕਿ ਕੇਂਦਰ ਸਰਕਾਰ ਲਈ ਹੀ ਖਰੀਦਦੇ ਹਨ | ਪਰ ਫਿਰ ਵੀ ਆਸ ਹੈ ਕਿ ਇਹ ਮਸਲਾ ਜਲਦ ਹੱਲ ਹੋ ਜਾਵੇਗਾ |
? ਕੇਂਦਰ ਦੇ ਭੂ-ਜਲ ਬੋਰਡ ਨੇ ਪੰਜਾਬ ਸਰਕਾਰ ਨੂੰ ਮਨਰੇਗਾ ਅਧੀਨ ਮਿਲਣ ਵਾਲੇ ਫੰਡਾਂ ਦੀ ਵਰਤੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਉਠਾਉਣ ਲਈ ਪੱਤਰ ਲਿਖਿਆ ਹੈੇ | ਇਸ ਸਬੰਧੀ ਤੁਹਾਡਾ ਕੀ ਕਹਿਣਾ ਹੈ?
• ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ | ਹਾਲਾਂਕਿ ਪੰਜਾਬ ਕੋਲ ਵਿਹਲੀਆਂ ਜ਼ਮੀਨਾਂ ਦੀ ਘਾਟ ਹੈ ਤੇ ਕਿਸਾਨ ਆਪਣੀ ਜ਼ਮੀਨ ‘ਤੇ ਪਾਣੀ ਬਚਾਉਣ ਲਈ ਤਲਾਅ ਆਦਿ ਬਣਾਉਣ ਲਈ ਤਿਆਰ ਨਹੀਂ ਹੁੰਦਾ ਪਰ ਫਿਰ ਵੀ ਸਰਕਾਰ ਵਲੋਂ ਪਾਣੀ ਦਾ ਪੱਧਰ ਉੱਪਰ ਲਿਆਉਣ ਲਈ ਆਉਣ ਵਾਲੇ ਸਮੇਂ ਵਿਚ ਜ਼ਰੂਰ ਉਪਰਾਲੇ ਕੀਤੇ ਜਾਣਗੇ | ਦਰਿਆਵਾਂ ਦੇ ਪਾਣੀਆਂ ਨੂੰ ਵੀ ਕਈ ਥਾਵਾਂ ‘ਤੇ ਰੋਕ ਕੇ ਪਾਣੀ ਦੇ ਰੀਚਾਰਜ ‘ਤੇ ਵਿਚਾਰ ਕੀਤਾ ਜਾਵੇਗਾ | ਇਸ ਦੇ ਨਾਲ ਹੀ ਵੱਡੀਆਂ ਇਮਾਰਤਾਂ ਦੇ ਨਕਸ਼ੇ ਪਾਸ ਕਰਨ ਸਮੇਂ ਵੀ ਮਿਰਾਜ ਦਾ ਪਾਣੀ ਧਰਤੀ ਹੇਠ ਰਿਸਾਉਣ ਲਈ ਵਿਵਸਥਾ ਕਰਨ ਵਾਸੇ ਵੀ ਪ੍ਰੇਰਿਆ ਜਾਵੇਗਾ |
? ਧਾਰਮਿਕ ਗ੍ਰੰਥਾਂ ਦੀ ਬੇਅਦਬੀ ਪਿੱਛੇ ਕੋਈ ਗਹਿਰੀ ਸਾਜ਼ਿਸ਼ ਤਾਂ ਨਹੀਂ?
• ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਪਿੱਛੋਂ ਹਾਲ ਹੀ ਵਿਚ ਮਲੇਰਕੋਟਲੇ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਬਾਰੇ ਪੰਜਾਬ ਸਰਕਾਰ ਵਲੋਂ ਗੰਭੀਰਤਾ ਨਾਲ ਜਾਂਚ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਅਸਥਿਰ ਕਰਨ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਵੀ ਸਾਜ਼ਿਸ਼ਾਂ ਰਚ ਰਹੀ ਹੈ |
? ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਉਮੀਦਵਾਰਾਂ ਦਾ ਐਲਾਨ ਕਦੋਂ ਤੱਕ ਕਰ ਰਿਹਾ ਹੈ?
• ਅਕਾਲੀ ਦਲ ਵੱਲੋਂ ਆਪਣੇ 90 ਫੀਸਦੀ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਆਪੋ-ਆਪਣੇ ਹਲਕਿਆਂ ‘ਚ ਕੰਮ ਕਰਨ ਲਈ ਕਹਿ ਦਿੱਤਾ ਗਿਆ ਹੈ | ਜਿੱਥੋਂ ਤੱਕ ਬਾਕੀ ਦੇ ਉਮੀਦਵਾਰਾਂ ਦਾ ਸਵਾਲ ਹੈ ਤਾਂ ਉਨ੍ਹਾਂ ਬਾਰੇ ਵੀ ਜਲਦ ਹੀ ਫੈਸਲਾ ਲੈ ਲਿਆ ਜਾਵੇਗਾ |

Share :

Share

rbanner1

Share