ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਿਵੇਂ ਹੋਈ?

sgpcਬਿਨਾਂ ਸ਼ੱਕ ਮਹਾਰਾਜਾ ਰਣਜੀਤ ਸਿੰਘ ਗੁਰੂ-ਘਰ ਦਾ ਬੜਾ ਪ੍ਰੇਮੀ ਸੀ ਅਤੇ ਉਸ ਦੀ ਹਕੂਮਤ ਦੌਰਾਨ ਗੁਰੂ-ਘਰਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਬੜੇ ਸੁਚਾਰੂ ਢੰਗ ਨਾਲ ਚਲਦਾ ਰਿਹਾ | ਇਹ ਮਹਾਰਾਜਾ ਰਣਜੀਤ ਸਿੰਘ ਹੀ ਸੀ, ਜਿਸ ਨੇ ਨਾ ਕੇਵਲ ਗੁਰਦੁਆਰਿਆਂ ਦੇ ਨਾਂਅ ਸੈਂਕੜੇ ਏਕੜ ਜ਼ਮੀਨ ਲਵਾਈ, ਸਗੋਂ ਗੁਰੂ-ਘਰਾਂ ਦੇ ਠੀਕ ਪ੍ਰਬੰਧਾਂ ਵੱਲ ਵੀ ਉਚੇਚਾ ਧਿਆਨ ਦਿੱਤਾ | ਬਦਬਖ਼ਤੀ ਪਰ ਇਹ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਉਪਰੰਤ ਦੇਖਦਿਆਂ-ਦੇਖਦਿਆਂ ਸਿੱਖ ਰਾਜ ਸਮਾਪਤ ਹੋ ਗਿਆ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਵਾਗਡੋਰ ਅੰਗਰੇਜ਼ਾਂ ਨੇ ਸੰਭਾਲ ਲਈ | ਸਿੱਟਾ ਇਸ ਦਾ ਕੀ ਹੋਣ ਲੱਗਾ ਕਿ ਜਿਨ੍ਹਾਂ ਗੁਰਦੁਆਰਿਆਂ ਵਿਚ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਹੁੰਦਾ ਸੀ, ਉਨ੍ਹਾਂ ਵਿਚ ਅੰਗਰੇਜ਼ਾਂ ਨੇ ਆਪਣੇ ਪਿੱਠੂ ਪੁਜਾਰੀ ਅਤੇ ਮਹੰਤ ਵਾੜਨੇ ਸ਼ੁਰੂ ਕਰ ਦਿੱਤੇ | ਇਸ ਨਾਲ ਗੁਰਦੁਆਰਾ ਪ੍ਰਬੰਧ ਵਿਚ ਗਿਰਾਟ ਆਉਣੀ ਯਕੀਨੀ ਸੀ ਅਤੇ ਉਹ ਆਈ ਵੀ, ਕਿਉਂਕਿ ਇਨ੍ਹਾਂ ਮਹੰਤਾਂ ਨੇ ਗੁਰੂ-ਘਰਾਂ ਨੂੰ ਆਪਣੀ ਅੱਯਾਸ਼ੀ ਦੇ ਅੱਡੇ ਬਣਾਉਣਾ ਸ਼ੁਰੂ ਕਰ ਦਿੱਤਾ ਸੀ | ਇਸ ਨਾਲ ਗੁਰੂ-ਘਰ ਦੇ ਪ੍ਰੇਮੀਆਂ ਦੇ ਹਿਰਦੇ ਵਲੰੂਧਰੇ ਜਾਣੇ ਸੁਭਾਵਿਕ ਸੀ | ਅੱਕ-ਹਾਰ ਕੇ ਕਈ ਸਿੱਖ ਸ਼ਰਧਾਲੂਆਂ ਨੇ 15 ਨਵੰਬਰ, 1920 ਨੂੰ ਅੰਮਿ੍ਤਸਰ ਵਿਖੇ ਹੀ ਇਕ ਇਕੱਠ ਬੁਲਾ ਕੇ ਇਸ ਬੁਰਾਈ ਨਾਲ ਲੜਨ ਦਾ ਰਾਹ ਲੱਭਣ ਦੀ ਕੋਸ਼ਿਸ਼ ਕੀਤੀ | ਇਸ ਇਕੱਠ ਨੂੰ ਸਿੱਖਾਂ ਵੱਲੋਂ ਬੜਾ ਭਰਵਾਂ ਹੁੰਗਾਰਾ ਦਿੱਤਾ ਗਿਆ |
ਇਥੇ ਹੀ ਡੰਘੀ ਸੋਚ-ਵਿਚਾਰ ਪਿੱਛੋਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਸਿੱਖੀ ਦੇ ਪ੍ਰਚਾਰ-ਪਰਸਾਰ ਲਈ ਇਕ ਨਵੀਂ ਜਥੇਬੰਦੀ ਬਣਾਈ ਗਈ, ਜਿਸ ਦਾ ਨਾਂਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ | ਇਥੇ ਹੀ ਇਸ ਦੀ ਇਕ 175 ਮੈਂਬਰੀ ਕਮੇਟੀ ਵੀ ਬਣਾਈ ਗਈ, ਜਿਸ ਦੇ ਪਹਿਲੇ ਪ੍ਰਧਾਨ ਸ: ਸੁੰਦਰ ਸਿੰਘ ਮਜੀਠੀਆ ਸਨ, ਜੋ ਪੰਜਾਬ ਦੇ ਮੌਜੂਦਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੜਦਾਦਾ ਸਨ | ਉਂਜ ਇਸ ਕਾਰਵਾਈ ਤੋਂ ਪਹਿਲਾਂ ਸਿੱਖੀ ਵਿਚ ਸੁਧਾਰ ਲਈ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਵੀ ਹੋਂਦ ਵਿਚ ਆਈਆਂ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਢਾਂਚੇ ਨੂੰ ਕਾਇਮ ਕਰਨ ਵਿਚ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ | ਅਸਲ ਵਿਚ ਉਪਰੋਕਤ ਵਰਗੀਆਂ ਸੰਸਥਾਵਾਂ ਦੀ ਮੁਢਲੀ ਲੋੜ ਇਸ ਲਈ ਪਈ, ਕਿਉਂਕਿ ਗੁਰਦੁਆਰਿਆਂ ਦੇ ਮਹੰਤ ਅਤੇ ਪੁਜਾਰੀ ਇਨ੍ਹਾਂ ਪਵਿੱਤਰ ਥਾਵਾਂ ‘ਤੇ ਮਨਮਾਨੀਆਂ ਤਾਂ ਕਰਦੇ ਹੀ ਸਨ, ਸਗੋਂ ਉਨ੍ਹਾਂ ਦੀ ਮੌਤ ਹੋ ਜਾਣ ਪਿੱਛੋਂ ਉਨ੍ਹਾਂ ਦੇ ਪੁੱਤਰ ਜੱਦੀ ਵਿਰਾਸਤ ਵਜੋਂ ਗੁਰੂ-ਘਰ ਦੇ ਰਖਵਾਲੇ ਬਣ ਬਹਿੰਦੇ ਸਨ | ਦੂਜੇ ਸ਼ਬਦਾਂ ਵਿਚ ਇਨ੍ਹਾਂ ਵੱਲੋਂ ਸੰਗਤੀ ਪ੍ਰਬੰਧ ਦੀ ਥਾਂ ਵਿਅਕਤੀ ਵਿਸ਼ੇਸ਼ ਨੂੰ ਮਹੱਤਤਾ ਦਿੱਤੀ ਜਾਂਦੀ ਸੀ | ਹਾਲਾਂਕਿ ਜ਼ਿਕਰਯੋਗ ਇਹ ਵੀ ਹੈ ਕਿ ਇਨ੍ਹਾਂ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਵੱਡੀਆਂ ਕੁਰਬਾਨੀਆਂ ਤੱਕ ਵੀ ਦੇਣੀਆਂ ਪਈਆਂ ਹਨ | ਨਨਕਾਣਾ ਸਾਹਿਬ ਦਾ ਕਾਂਡ ਅਤੇ ਇਹੋ ਜਿਹੀਆਂ ਕਈ ਹੋਰ ਘਟਨਾਵਾਂ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ |
baba-kharak-singhਨਨਕਾਣਾ ਸਾਹਿਬ ਵਾਲਾ ਕਾਂਡ ਤਾਂ ਅੱਜ ਵੀ ਆਮ ਮਨੁੱਖ ਦੇ ਲੰੂ-ਕੰਡੇ ਖੜ੍ਹੇ ਕਰਨ ਵਾਲਾ ਹੈ, ਕਿਉਂਕਿ ਇਥੋਂ ਦੇ ਮਹੰਤ ਨਰੈਣੂ ਅਤੇ ਉਹਦੇ ਗੁੰਡਿਆਂ ਵੱਲੋਂ ਕਈ ਸਿੱਖਾਂ ਨੂੰ ਜਿਉਂਦੇ ਜੀਅ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ | ਜੰਡ ਦਾ ਇਹ ਦਰੱਖਤ ਅੱਜ ਵੀ ਸਿੱਖ ਸ਼ਰਧਾਲੂਆਂ ਦੀ ਕੁਰਬਾਨੀ ਦੀ ਮੰੂਹ ਬੋਲਦੀ ਗਵਾਹੀ ਦਿੰਦਾ ਹੈ | ਉਧਰ ਸਿੱਖਾਂ ਦੇ ਇਸ ਉਤਸ਼ਾਹ ਅਤੇ ਜਜ਼ਬੇ ਨੂੰ ਦੇਖਦੇ ਹੋਏ ਅੰਗਰੇਜ਼ਾਂ ਨੇ ਵੀ ਵਿਰੋਧਤਾ ਦੇ ਹਥਿਆਰ ਸੁੱਟ ਦਿੱਤੇ ਸਨ | ਅਸਲ ਵਿਚ ਅੰਗਰੇਜ਼ ਪਹਿਲਾਂ ਤੋਂ ਹੀ ਸਿੱਖਾਂ ਦੀਆਂ ਕੁਰਬਾਨੀਆਂ ਦੇ ਬੜੇ ਮੱਦਾਹ ਤਾਂ ਸਨ ਹੀ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਉਹ ਆਪਣੇ ਗੁਰੂ-ਘਰਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੋਈ ਵੀ ਕਦਮ ਚੁੱਕ ਸਕਦੇ ਹਨ | ਉਂਜ ਇਥੇ ਚਲਦੇ-ਚਲਦੇ ਏਨਾ ਕੁ ਜ਼ਿਕਰ ਕਰ ਦੇਣਾ ਵੀ ਅੰਗਰੇਜ਼ਾਂ ਦੇ ਸਿੱਖਾਂ ਪ੍ਰਤੀ ਕੁਝ ਹਾਂ-ਪੱਖੀ ਨਜ਼ਰੀਏ ਦੀ ਇਕ ਝਲਕ ਮਾਤਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀਅ ਉਹ ਅੰਦਰ-ਖਾਤੇ ਤਾਂ ਭਲੇ ਹੀ ਪੰਜਾਬ ‘ਤੇ ਕਬਜ਼ੇ ਦੀ ਲਾਲਸਾ ਪਾਲੀ ਬੈਠੇ ਸਨ ਪਰ ਬਾਹਰੀ ਤੌਰ ‘ਤੇ ਖਾਮੋਸ਼ ਹੀ ਰਹੇ, ਕਿਉਂਕਿ ਮਹਾਰਾਜੇ ਨੇ ਉਨ੍ਹਾਂ ਨਾਲ ਜੋ ਸੰਧੀ ਕੀਤੀ ਸੀ, ਉਹਦਾ ਤੱਤ ਸਾਰ ਇਹ ਸੀ ਕਿ ਉਹ ਉਹਦੇ ਜਿਉਂਦੇ ਜੀਅ ਪੰਜਾਬ ਵੱਲ ਕਤਈ ਨਾ ਝਾਕਣ ਅਤੇ ਉਨ੍ਹਾਂ ਨੇ ਇਹ ਕੀਤਾ ਵੀ ਜਾਂ ਕਹਿ ਲਓ ਕਿ ਕਰਨਾ ਪਿਆ | ਸ਼ਾਇਦ ਇਹ ਵੀ ਇਸੇ ਦਾ ਕੁਝ ਪ੍ਰਭਾਵ ਹੋਵੇ ਕਿ ਉਨ੍ਹਾਂ ਨੇ 1925 ਵਿਚ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਜੂਦ ‘ਤੇ ਪੱਕੀ ਮੋਹਰ ਲਾ ਦਿੱਤੀ |
ਸੋ, ਹੋਰ ਚਹੁੰ ਸਾਲਾਂ ਨੂੰ ਇਸ ਸ਼ਾਨਾਮੱਤੀ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਮਰ ਇਕ ਸ਼ਤਾਬਦੀ ਹੋ ਜਾਵੇਗੀ | ਅੱਜ 96 ਸਾਲ ਦੇ ਇਸ ਸਫ਼ਰ ਵਿਚ ਇਸ ਕਮੇਟੀ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ, ਜਿਨ੍ਹਾਂ ਵਿਚੋਂ ਇਕ 1947 ਵੇਲੇ ਦੇਸ਼ ਦੀ ਵੰਡ ਦਾ ਹੈ | ਵੰਡ ਤੋਂ ਪਹਿਲਾਂ ਇਸ ਦੇ ਪ੍ਰਬੰਧ ਹੇਠ ਜਿਥੇ ਪਾਕਿਸਤਾਨ ਵਿਚਲੇ ਗੁਰਦੁਆਰੇ ਵੀ ਸਨ, ਬਾਅਦ ਵਿਚ ਇਸ ਦੇ ਕੰਟਰੋਲ ਹੇਠ ਸਿਰਫ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਗੁਰਦੁਆਰੇ ਹੀ ਰਹਿ ਗਏ | ਦਿੱਲੀ ਦੇ ਗੁਰਦੁਆਰੇ ਵੀ ਇਸ ਦੇ ਅਧੀਨ ਨਹੀਂ ਰਹੇ, ਕਿਉਂਕਿ ਉਥੋਂ ਦੇ ਸਿੱਖਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂਅ ਦੀ ਵੱਖਰੀ ਕਮੇਟੀ ਬਣਾ ਲਈ ਹੈ | ਇਸੇ ਤਰ੍ਹਾਂ ਪਿਛਲੇ ਇਕ-ਡੇਢ ਦਹਾਕੇ ਤੋਂ ਹਰਿਆਣਾ ਦੇ ਸਿੱਖਾਂ ਵੱਲੋਂ ਵੀ ਆਪਣੀ ਵੱਖਰੀ ਕਮੇਟੀ ਬਣਾਉਣ ਲਈ ਸਿਰਤੋੜ ਕੋਸ਼ਿਸ਼ਾਂ ਹੋ ਰਹੀਆਂ ਹਨ, ਬਲਕਿ ਹਰਿਆਣਾ ਦੀ ਪਿਛਲੀ ਕਾਂਗਰਸ ਸਰਕਾਰ ਦੇ ਸਹਿਯੋਗ ਨਾਲ ਐਡਹਾਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਵੀ ਲਈ ਗਈ ਹੈ ਪਰ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਅਧੀਨ ਇਸ ਨੂੰ ਹਾਲੇ ਤੱਕ ਮਾਨਤਾ ਨਹੀਂ ਮਿਲ ਸਕੀ | ਦੂਜੇ ਸ਼ਬਦਾਂ ਵਿਚ ਹਰਿਆਣਾ ਦੇ 14-15 ਲੱਖ ਸਿੱਖ ਜੇ ਇਸ ਕਮੇਟੀ ਲਈ ਯਤਨਸ਼ੀਲ ਹਨ ਤਾਂ ਹਰਿਆਣਾ ਵੀ ਇਸ ਦੇ ਪ੍ਰਬੰਧ ਹੇਠੋਂ ਨਿਕਲ ਸਕਦਾ ਹੈ |
gurcharan-singh-tohar11ਇਥੇ ਇਹ ਤੱਥ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਲਈ ਵੀਹਵਿਆਂ ਵਿਚ ਸ਼ੁਰੂ ਕੀਤੀ ਗਈ ਲਹਿਰ ਨੂੰ ਸਹਿਯੋਗ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਤੀ ਕੀਤੀ ਗਈ | ਉਦੋਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਵਿਚ ਗਹਿਰਾ ਸਬੰਧ ਹੈ, ਕਿਉਂਕਿ ਅਕਾਲੀ ਦਲ ਨਾਲ ਜੁੜੇ ਮੈਂਬਰ ਹੀ ਚੋਣਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਹਨ | ਇਕ ਵੇਲੇ ਤੱਕ ਤਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਆਪਸ ਵਿਚ ਬਰਾਬਰ ਦੇ ਰੁਤਬੇ ਚਲਦੇ ਰਹੇ ਪਰ ਹੌਲੀ-ਹੌਲੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਹੇਠ ਆਉਣੀ ਸ਼ੁਰੂ ਹੋ ਗਈ | ਸ਼ਾਇਦ ਇਹੀਓ ਵਜ੍ਹਾ ਹੈ ਕਿ ਪਿਛਲੇ ਕਾਫੀ ਸਾਲਾਂ ਤੋਂ ਇਹ ਪਰੰਪਰਾ ਬਣ ਗਈ ਹੈ ਕਿ ਕਮੇਟੀ ਦੇ ਦੂਜੇ ਮੈਂਬਰ ਤਾਂ ਲੋਕਰਾਜੀ ਢੰਗ ਨਾਲ ਸਿੱਖ ਵੋਟਰਾਂ ਵੱਲੋਂ ਚੁਣੇ ਜਾਂਦੇ ਹਨ ਪਰ ਕਮੇਟੀ ਦੇ ਪ੍ਰਧਾਨ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤੀ ਜਾਂਦੀ ਹੈ | ਇਸ ਨਾਲ ਕਮੇਟੀ ਦੇ ਪ੍ਰਬੰਧਾਂ ਵਿਚ ਕੁਝ ਤਰੁੱਟੀਆਂ ਵੀ ਆਈਆਂ ਹਨ |
ਇਸ ਕਮੇਟੀ ਦੇ ਹੁਣ ਤੱਕ 41 ਪ੍ਰਧਾਨ ਰਹਿ ਚੁੱਕੇ ਹਨ, ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਅਵਤਾਰ ਸਿੰਘ, ਬੀਬੀ ਜਗੀਰ ਕੌਰ, ਜਗਦੇਵ ਸਿੰਘ ਤਲਵੰਡੀ ਆਦਿ ਸ਼ਾਮਿਲ ਹਨ | ਸਭ ਤੋਂ ਲੰਮਾ ਸਮਾਂ 27 ਸਾਲ ਜਥੇਦਾਰ ਟੌਹੜਾ ਪ੍ਰਧਾਨ ਰਹੇ | 41ਵੇਂ ਪ੍ਰਧਾਨ ਹੁਣ ਪ੍ਰੋ: ਕਿਰਪਾਲ ਸਿੰਘ ਬਡੰੂਗਰ ਹਨ, ਜੋ ਡੇਢ ਦਹਾਕਾ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ | ਪਿਛਲੇ 96 ਸਾਲਾਂ ਵਿਚ ਜਿਥੇ ਇਸ ਦੀ ਆਮਦਨ ਵਿਚ ਬੇਹਿਸਾਬਾ ਇਜ਼ਾਫਾ ਹੋਇਆ ਹੈ, ਉਥੇ ਇਹ ਵਿਸ਼ਾਲ ਸੰਸਥਾ ਬਣ ਗਈ ਹੈ | ਮੋਟੇ ਤੌਰ ‘ਤੇ ਇਹ ਆਪਣੇ ਅਧੀਨ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਸਿੱਖੀ ਦਾ ਪ੍ਰਚਾਰ-ਪਰਸਾਰ ਤਾਂ ਕਰਦੀ ਹੀ ਹੈ, ਇਹ ਆਪਣੇ ਪ੍ਰਬੰਧ ਹੇਠਲੇ ਅਨੇਕਾਂ ਸਕੂਲਾਂ, ਕਾਲਜਾਂ, ਮੈਡੀਕਲ ਅਤੇ ਤਕਨੀਕੀ ਕਾਲਜਾਂ ਤੋਂ ਬਿਨਾਂ ਦੋ ਯੂਨੀਵਰਸਿਟੀਆਂ ਨੂੰ ਚਲਾ ਕੇ ਸਿੱਖਿਆ ਦੇ ਖੇਤਰ ਵਿਚ ਬੜਾ ਅਹਿਮ ਰੋਲ ਅਦਾ ਕਰ ਰਹੀ ਹੈ | ਭਗਤ ਪੂਰਨ ਸਿੰਘ ਪਿੰਗਲਵਾੜੇ ਵਰਗੀਆਂ ਸੰਸਥਾਵਾਂ ਨੂੰ ਮਾਲੀ ਸਹਾਇਤਾ ਦੇ ਰਹੀ ਹੈ | ਦੇਸ਼-ਵਿਦੇਸ਼ਾਂ ਵਿਚ ਸਿੱਖਾਂ ਜਾਂ ਆਮ ਲੋਕਾਂ ਨੂੰ ਦਰਪੇਸ਼ ਸੰਕਟ ਸਮੇਂ ਹਰ ਤਰ੍ਹਾਂ ਦੀ ਮਦਦ ਕਰਦੀ ਹੈ | ਪਿੱਛੇ ਜਿਹੇ ਇਹ ਵਾਦ-ਵਿਵਾਦ ਵਿਚ ਵੀ ਘਿਰ ਗਈ ਪਰ ਹੁਣ ਜਦੋਂ ਧਾਰਮਿਕ ਅਤੇ ਸਿਆਸੀ ਸੁਮੇਲ ਵਰਗੀ ਸ਼ਖ਼ਸੀਅਤ ਪ੍ਰੋ: ਕਿਰਪਾਲ ਸਿੰਘ ਬਡੰੂਗਰ ਨੇ ਇਸ ਦਾ ਪ੍ਰਬੰਧ ਸੰਭਾਲ ਲਿਆ ਹੈ ਤਾਂ ਆਸ ਰੱਖੀ ਜਾਣੀ ਚਾਹੀਦੀ ਹੈ ਕਿ ਇਸ ਦੇ ਅਕਸ ਨੂੰ ਜੋ ਢਾਹ ਲੱਗੀ ਸੀ, ਉਹ ਤਾਂ ਚਮਕੇਗਾ ਹੀ, ਸਗੋਂ ਇਸ ਦੇ ਸਮੁੱਚੇ ਕੰਮ ਵਿਚ ਵਧੇਰੇ ਪਾਰਦਰਸ਼ਤਾ ਵੀ ਆਵੇਗੀ | ਅਸਲ ਵਿਚ ਅੱਜ ਵੱਡੀ ਲੋੜ ਸਿੱਖੀ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਹੈ, ਜਿਸ ਵੱਲ ਪਿਛਲੇ ਵਰਿ੍ਹਆਂ ਵਿਚ ਬਹੁਤਾ ਧਿਆਨ ਨਹੀਂ ਦਿੱਤਾ ਜਾ ਸਕਿਆ |

Share :

Share

rbanner1

Share