ਸਿਆਸਤ ਤੇ ਖੇਡਾਂ ਵਿੱਚ ਧੂੜ੍ਹਾਂ ਪੁੱਟਣ ਵਾਲੀ ਬੇਤੀਆ

ਰੀਓ ਓਲੰਪਿਕ ’ਚ ਸਪੇਨ ਦੀ ਬੇਤੀਆ ਰੁੱਥ ਨੇ 37 ਸਾਲ ਦੀ ਉਮਰ ’ਚ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਖੇਡ ਹਲਕਿਆਂ ’ਚ ਨਵੀਂ ਮਿਸਾਲ ਪੈਦਾ ਕੀਤੀ ਹੈ। ਸਪੈਨਿਸ਼ ਅਥਲੀਟ ਬੇਤੀਆ ’ਤੇ ਰੀਓ ਵਿੱਚ ਓਲੰਪਿਕ ਚੈਂਪੀਅਨ ਦੀ ਮੋਹਰ ਲਗਾਤਾਰ ਤਿੰਨ ਓਲੰਪਿਕ ਟੂਰਨਾਮੈਂਟਾਂ ’ਚ ਕੋਈ ਵੀ ਤਗ਼ਮਾ ਜਿੱਤਣ ਤੋਂ ਨਾਕਾਮ ਰਹਿਣ ਤੋਂ ਬਾਅਦ ਲੱਗੀ ਹੈ। ਜ਼ਿਕਰਯੋਗ ਹੈ ਕਿ ਬੇਤੀਆ ਨੂੰ ਰੀਓ ਤੋਂ ਪਹਿਲਾਂ ਤਿੰਨ ਓਲੰਪਿਕ ਖੇਡਾਂ ਏਥਨਜ਼-2004 ’ਚ 1.89 ਮੀਟਰ ਛਾਲ ਨਾਲ 16ਵਾਂ, ਪੇਈਚਿੰਗ-2008 ’ਚ 1.96 ਮੀਟਰ ਨਾਲ 7ਵਾਂ ਅਤੇ ਲੰਡਨ-2012 ਓਲੰਪਿਕ ’ਚ 2.00 ਮੀਟਰ ਛਾਲ ਲਾਉਣ ’ਤੇ ਚੌਥਾ ਸਥਾਨ ਮਿਲਿਆ ਸੀ।
ਬੇਤੀਆ ਨੂੰ ਲੰਡਨ ਓਲੰਪਿਕ ’ਚ ਤਗ਼ਮਾ ਜਿੱਤਣ ਦੀ ਪੂਰੀ ਉਮੀਦ ਸੀ ਪਰ ਚੌਥੇ ਸਥਾਨ ’ਤੇ ਰਹਿਣ ਕਰਕੇ ਇੱਕ ਵਾਰ ਉਸ ਨੇ ਮੈਦਾਨ ਤੋਂ ਸਦਾ ਲਈ ਕਿਨਾਰਾ ਕਰਨ ਦਾ ਫ਼ੈਸਲਾ ਕਰ ਲਿਆ ਸੀ। ਵਧਦੀ ਉਮਰ ਵੀ ਉਸ ਨੂੰ ਮੈਦਾਨ ਤੋਂ ਪਾਸੇ ਹੋਣ ਵੱਲ ਇਸ਼ਾਰਾ ਕਰ ਰਹੀ ਸੀ। ਪਰ ਬੇਤੀਆ ਦੇ ਪ੍ਰਸ਼ੰਸਕਾਂ ਨੇ ਉਸ ’ਤੇ ਇਹ ਕਹਿ ਕੇ ਫ਼ੈਸਲਾ ਬਦਲਣ ਲਈ ਦਬਾਅ ਪਾਇਆ ਕਿ ਹਰ ਓਲੰਪਿਕ ’ਚ ਉਸ ਦੀ ਰੈਂਕਿੰਗ ਸੁਧਰ ਰਹੀ ਹੈ, ਜਿਸ ਕਰਕੇ ਇਕ ਨਾ ਇਕ ਦਿਨ ਉਸ ਦੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਅਖੀਰ ਬੇਤੀਆ ਰੀਓ ’ਚ 1.97 ਮੀਟਰ ਉੱਚੀ ਛਾਲ ਨਾਲ ਚੈਂਪੀਅਨ ਬਣ ਕੇ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ। ਬੇਤੀਆ ਦੀ ਰੀਓ ਵਿਚਲੀ ਬਿਹਤਰ ਕਾਰਗੁਜ਼ਾਰੀ ਬਾਰੇ ਖੇਡ ਹਲਕੇ ਇਸ ਕਰਕੇ ਹੈਰਾਨ ਹਨ ਕਿ ਵੱਧਦੀ ਉਮਰ ਤਗ਼ਮਾ ਜਿੱਤਣ ਦੇ ਉਸ ਦੇ ਰਾਹ ’ਚ ਰੋੜਾ ਨਹੀਂ ਬਣ ਸਕੀ। ਉਹ ਇਸ ਕਰਕੇ ਵੀ ਕਿਸਮਤ ਦੀ ਧਨੀ ਰਹੀ ਕਿਉਂਕਿ ਉਸ ਨੇ ਰੀਓ ਤੋਂ ਪਹਿਲਾਂ ਖੇਡੇ ਗਏ ਅੱਠ ਓਲੰਪਿਕ ਮੁਕਾਬਲਿਆਂ ਤੋਂ ਘੱਟ ਉਚਾਈ ਪਾਰ ਕਰ ਕੇ ਸੋਨ ਤਗ਼ਮਾ ਜਿੱਤਣ ਲਈ ਰਾਹ ਪੱਧਰਾ ਕੀਤਾ।
ਛੇ ਫੁੱਟ ਚਾਰ ਇੰਚ ਕੱਦ ਅਤੇ 71 ਕਿਲੋ ਭਾਰ ਵਾਲੀ ਬੇਤੀਆ ਰੁੱਥ ਦਾ ਜਨਮ ਪਹਿਲੀ ਅਪਰੈਲ 1979 ’ਚ ਸਪੇਨ ਦੇ ਸ਼ਹਿਰ ਸੈਨਤਾਂਡੇਰ ’ਚ ਹੋਇਆ। ਸਰੀਰਕ ਸਿੱਖਿਆ ਅਧਿਆਪਕ ਰਹੀ ਇਸ ਖਿਡਾਰਨ ਦਾ ਪੂਰਾ ਨਾਮ ਬੇਤੀਆ ਰੁੱਧ ਵਿਲਾ ਹੈ। ਬੇਤੀਆ ਦੁਨੀਆਂ ਦੀ ਪਹਿਲੀ ਖਿਡਾਰਨ ਹੈ, ਜਿਸ ਨੇ ਸੰਸਦ ਮੈਂਬਰ ਹੁੰਦਿਆਂ ਦੇਸ਼ ਦੀ ਝੋਲੀ ਓਲੰਪਿਕ ਖੇਡਾਂ ਦਾ ਸੋਨ ਤਗ਼ਮਾ ਪਾਇਆ। ਰਾਜਨੀਤੀ ’ਚ ਦਿਲਚਸਪੀ ਰੱਖਣ ਵਾਲੀ ਬੇਤੀਆ ਨੂੰ 2008 ’ਚ ਸਪੇਨ ਦੀ ਕੌਮੀ ਰਾਜਸੀ ਪਾਰਟੀ (ਪੀਪੀਸੀ) ਪੀਪਲਜ਼ ਪਾਰਟੀ ਆਫ਼ ਕੈਂਟਾਬਰੀਆ ਦੀ ਸਥਾਨਕ ਇਕਾਈ ’ਚ ਰਿਜਨਲ ਐਗਜ਼ੈਕਟਿਵ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਅਤੇ 2012 ਤੱਕ ਉਸ ਨੇ ਇਸ ਅਹਿਮ ਅਹੁਦੇ ’ਤੇ ਰਹਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ। ਪੀਪਲਜ਼ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਸਦਕਾ 2011 ’ਚ ਬੇਤੀਆ ਨੂੰ ਪੀਪਲਜ਼ ਪਾਰਟੀ ਵੱਲੋਂ ਕੈਂਟਾਬਰੀਆ ਹਲਕੇ ਤੋਂ ਸੰਸਦੀ ਚੋਣ ਲੜਾਈ ਗਈ। ਪੀਪੀਸੀ ਨੇ 20 ਸੀਟਾਂ ’ਤੇ ਜਿੱਤ ਦਰਜ ਕੀਤੀ, ਜਿਸ ’ਚ ਬੇਤੀਆ ਵੱਲੋਂ ਜਿੱਤੀ ਸੀਟ ਵੀ ਸ਼ਾਮਲ ਸੀ। ਬੇਤੀਆ ਰੁੱਥ ਨੂੰ ਸੰਸਦ ਸਕੱਤਰ ਦਾ ਅਹੁਦਾ ਦਿੱਤਾ ਗਿਆ। ਸਾਲ-2015 ’ਚ ਭਾਵੇਂ ਪੀਪਲਜ਼ ਪਾਰਟੀ ਸੱਤਾ ਗਵਾ ਬੈਠੀ, ਪਰ ਬੇਤੀਆ ਨੇ ਵੋਟਾਂ ਦੀ ਸੂਚੀ ’ਚ ਛੇਵਾਂ ਸਥਾਨ ਹਾਸਲ ਕਰ ਕੇ ਮੁੜ ਤੋਂ ਸੰਸਦੀ ਸੀਟ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ ਹੈ।
betia ruth1998 ’ਚ ਬੇਤੀਆ ਨੇ 1.89 ਮੀਟਰ ਉੱਚੀ ਛਾਲ ਨਾਲ ਕੌਮੀ ਰਿਕਾਰਡ ਬਣਾਇਆ। ਉਹ ਸਪੇਨ ਦੀ 2 ਮੀਟਰ ਤੋਂ ਵੱਧ ਛਾਲ ਮਾਰਨ ਵਾਲੀ ਪਹਿਲੀ ਕੌਮੀ ਰਿਕਾਰਡ ਹੋਲਡਰ ਮਹਿਲਾ ਹੈ, ਜਿਸ ਨੇ 2007 ’ਚ ਕਰੀਅਰ ਦੀ ਬੈਸਟ 2.02 ਮੀਟਰ ਉਚੀ ਛਾਲ ਲਾਉਣ ’ਚ ਸਫ਼ਲਤਾ ਹਾਸਲ ਕੀਤੀ। ਮਾਸਕੋ-2006 ਵਿਸ਼ਵ ਇਨਡੋਰ ਅਥਲੈਟਿਕ ਮੀਟ ’ਚ ਬੇਤੀਆ ਰੁੱਥ ਨੇ ਪਹਿਲੀ ਵਾਰ ਤਾਂਬੇ ਦਾ ਤਗ਼ਮਾ ਹਾਸਲ ਕਰਕੇ ਆਪਣੀਆਂ ਸੰਸਾਰ ਪੱਧਰੀ ਜਿੱਤਾਂ ਦਾ ਆਗਾਜ਼ ਕੀਤਾ ਸੀ। ਦੋਹਾ-2010 ਵਿਸ਼ਵ ਇਨਡੋਰ ਅਥਲੈਟਿਕਸ ਮੁਕਾਬਲੇ ’ਚ ਉਸ ਨੇ ਚਾਂਦੀ ਦਾ ਮੈਡਲ ਜਿੱਤ ਕੇ ਕੁੱਲ ਜਗਤ ’ਚ ਆਪਣੀ ਪਛਾਣ ਬਣਾਈ। ਮਾਸਕੋ-2013 ਵਿਸ਼ਵ ਚੈਂਪੀਅਨਸ਼ਿਪ ’ਚ ਬੇਤੀਆ ਦੀ ਝੋਲੀ ਕਾਂਸੀ ਦਾ ਤਗ਼ਮਾ ਪਿਆ।

Share :

Share

rbanner1

Share