ਸਿੱਖ ਨੌਜਵਾਨ ’ਤੇ ਹਮਲੇ ਦੀ ਜਾਂਚ ’ਚ ਐਫਬੀਆਈ ਸ਼ਾਮਲ

ਅਮਰੀਕਾ ਵੱਲੋਂ ਨਫ਼ਰਤੀ ਅਪਰਾਧ ਪੀੜਤ ਭਾਰਤੀਆਂ ਨੂੰ ਜਲਦੀ ਇਨਸਾਫ਼ ਦੇਣ ਦਾ ਭਰੋਸਾ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਵਾਸ਼ਿੰਗਟਨ- ਇਥੇ ਕੈਂਟ ’ਚ ਘਰ ਬਾਹਰ ਭਾਰਤੀ ਮੂਲ ਦੇ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰੇ ਜਾਣ ਦੀ ਜਾਂਚ ਐਫਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸ਼ੱਕੀ ਨਫ਼ਰਤੀ ਅਪਰਾਧ ਦੇ ਮੁਲਜ਼ਮ ਨੇ ਹਮਲੇ ਸਮੇਂ ਕਿਹਾ ਸੀ, ‘ਆਪਣੇ ਵਤਨ ਪਰਤ ਜਾਓ।’ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਇਸ ਘਟਨਾ ਦੀ ਨਫ਼ਰਤੀ-ਮੰਤਵ ਵਾਲੇ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ।
ਐਫਬੀਆਈ ਸਿਆਟਲ ਦੇ ਤਰਜਮਾਨ ਆਈਨ ਡਾਈਟ੍ਰਿਚ ਨੇ ਦੱਸਿਆ, ‘ਸਿਆਟਲ ਐਫਬੀਆਈ ਵੱਲੋਂ ਗੋਲੀਬਾਰੀ ਦੀ ਘਟਨਾ ਦੀ ਸਾਂਝੀ ਪੜਤਾਲ ਵਿੱਚ ਕੈਂਟ ਪੁਲੀਸ ਵਿਭਾਗ ਦੀ ਮਦਦ ਕੀਤੀ ਜਾ ਰਹੀ ਹੈ। ਨਫ਼ਰਤੀ-ਉਦੇਸ਼ ਵਾਲੇ ਅਪਰਾਧਾਂ ਦੀ ਪੜਤਾਲ ਲਈ ਐਫਬੀਆਈ ਪ੍ਰਤੀਬੱਧ ਹੈ ਅਤੇ ਅਸੀਂ ਸਿਆਟਲ ਇਲਾਕੇ ਵਿੱਚ ਆਪਣੇ ਭਾਈਚਾਰੇ ਦੇ ਸਾਰੇ ਭਾਈਵਾਲਾਂ ਨਾਲ ਕੰਮ ਜਾਰੀ ਰੱਖਾਂਗੇ।’
ਗ਼ੌਰਤਲਬ ਹੈ ਕਿ ਪਿਛਲੇ ਹਫ਼ਤੇ ਕੈਨਸਾਸ ’ਚ ਹੋਈ ਗੋਲੀਬਾਰੀ ਦੀ ਵੀ ਐਫਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ 32 ਸਾਲਾ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕਰ ਦਿੱਤੀ ਸੀ।  ਇਸ ਦੌਰਾਨ ਭਾਰਤੀ-ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੇ ਦੀਪ ਰਾਏ ’ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ, ‘ਪ੍ਰੇਸ਼ਾਨ ਕਰਨ ਵਾਲੇ ਇਸ ਤਰ੍ਹਾਂ ਦੇ ਅਪਰਾਧ ਸਾਡੇ ਉਨ੍ਹਾਂ ਸਾਰੇ ਅਕੀਦਿਆਂ ਖ਼ਿਲਾਫ਼ ਹਨ, ਜਿਨ੍ਹਾਂ ਲਈ ਅਸੀਂ ਇਸ ਪਰਵਾਸੀਆ ਦੇ ਮੁਲਕ ਦੇ ਵਾਸੀ ਹੋਣ ਨਾਤੇ ਖੜ੍ਹਦੇ ਹਾਂ। ਅਮਰੀਕਾ ਵਿੱਚ ਨਸਲਵਾਦ ਅਤੇ ਵਿਦੇਸ਼ੀਆਂ ਲਈ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਰਾਸ਼ਟਰਪਤੀ (ਡੋਨਲਡ ਟਰੰਪ) ਨਾਲ ਸ਼ੁਰੂ ਹੋਣ ਵਾਲੇ ਅਜਿਹੇ ਅਪਰਾਧਾਂ ਖ਼ਿਲਾਫ਼ ਸਾਨੂੰ ਇਕ ਮੁਲਕ ਵਜੋਂ ਡਟਣ ਦੀ ਲੋੜ ਹੈ। ਮੇਰੀਆਂ ਦੁਆਵਾਂ ਤੇ ਸ਼ੁੱਭ ਇੱਛਾਵਾਂ ਪੀੜਤ ਤੇ ਉਸ ਦੇ ਪਰਿਵਾਰ ਨਾਲ ਹਨ।’
ਸਿੱਖ ਕੁਲੀਸ਼ਨ ਨੇ ਕੈਂਟ ਪੁਲੀਸ ਵੱਲੋਂ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਪੜਤਾਲ ਕੀਤੇ ਜਾਣ ਦੀ ਪ੍ਰਸ਼ੰਸਾ ਕੀਤੀ ਹੈ। ਇਸ ਸਿੱਖ ਜਥੇਬੰਦੀ ਦੇ ਅੰਤ੍ਰਿਮ ਪ੍ਰੋਗਰਾਮ ਮੈਨੇਜਰ ਰਾਜਦੀਪ ਸਿੰਘ ਨੇ ਕਿਹਾ ਕਿ ਕੁਲੀਸ਼ਨ ਵੱਲੋਂ ਅਜਿਹੇ ਅਪਰਾਧਾਂ ਨੂੰ ਨੱਪਣ ਲਈ ਟਰੰਪ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਵਾਸਤੇ ਅਪੀਲ ਕੀਤੀ ਜਾਂਦੀ ਹੈ।

ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਚੌਕੰਨੇ ਰਹਿਣ ਦੀ ਅਪੀਲ
ਕੈਂਟ: ਸਿੱਖ ਨੌਜਵਾਨ ਨੂੰ ਉਸ ਦੇ ਘਰ ਅੱਗੇ ਗੋਲੀ ਮਾਰੇ ਜਾਣ ਬਾਅਦ ਰੈਂਟਨ ਦੇ ਗੁਰਦੁਆਰੇ ਵਿੱਚ ਇਕੱਤਰ ਹੋਏ ਭਾਈਚਾਰੇ ਦੇ ਲੋਕਾਂ ਦੇ ਮਨਾਂ ’ਚ ਸਹਿਮ, ਜ਼ਖ਼ਮ ਤੇ ਬੇਵਿਸਾਹੀ ਦੀ ਭਾਵਨਾ ਸੀ। ਸਿੱਖ ਭਾਈਚਾਰੇ ਦੀ ਆਗੂ ਬੀਬੀ ਸਤਵਿੰਦਰ ਕੌਰ ਨੇ ਕਿਹਾ, ‘ਸਿੱਖ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਚੌਕੰਨੇ ਰਹਿਣ ਦੀ ਲੋੜ ਹੈ। ਗੋਲੀਬਾਰੀ ਦੀ ਘਟਨਾ ਬੇਹੱਦ ਭਿਆਨਕ ਹੈ ਅਤੇ ਭਾਈਚਾਰਾ ਧੁਰ ਅੰਦਰੋਂ ਹਿੱਲ ਗਿਆ ਹੈ।’ 24 ਸਾਲਾ ਸੰਦੀਪ ਸਿੰਘ ਨੇ ਕਿਹਾ, ‘ਸਿੱਖ ਧਰਮ ਸਮਾਨਤਾ ਅਤੇ ਸ਼ਾਂਤੀ ਦਾ ਪਾਠ ਪੜ੍ਹਾਉਂਦਾ ਹੈ। ਇਹ ਹਰੇਕ ਦਾ ਦੇਸ਼ ਹੈ।’ ਇਰਾਕ ਜੰਗ ਲੜਨ ਵਾਲੇ ਤੇ ਮੈਰੀਨ ਕੋਰ ’ਚ ਸੇਵਾਵਾਂ ਦੇਣ ਵਾਲੇ ਗੁਰਜੋਤ ਸਿੰਘ (39) ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਕਾਰਨ ਦੁਖੀ ਹੈ।

 

7 copyਰਾਜਦੂਤ ਨਵਤੇਜ ਸਰਨਾ ਵੱਲੋਂ ਵਿਦੇਸ਼ ਵਿਭਾਗ ਤੱਕ ਪਹੁੰਚ
ਵਾਸ਼ਿੰਗਟਨ: ਅਮਰੀਕਾ ਨੇ ਅੱਜ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਨਫ਼ਰਤੀ ਅਪਰਾਧ ਪੀੜਤ ਭਾਰਤੀਆਂ ਨੂੰ ਜਲਦੀ ਇਨਸਾਫ਼ ਦਿਵਾਇਆ ਜਾਵੇਗਾ। ਭਾਰਤੀ ਰਾਜਦੂਤ ਨਵਤੇਜ ਸਰਨਾ ਵੱਲੋਂ ਵਿਦੇਸ਼ ਵਿਭਾਗ ਤੱਕ ਪਹੁੰਚ ਕਰਕੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਉਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਗਈ। ਅਮਰੀਕਾ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਟਵੀਟ ਕੀਤਾ, ‘ਵਿਦੇਸ਼ ਵਿਭਾਗ ਨੇ ਅਮਰੀਕੀ ਸਰਕਾਰ ਵੱਲੋਂ ਅਫ਼ਸੋਸ ਜ਼ਾਹਿਰ ਕਰਦਿਆਂ ਭਰੋਸਾ ਦਿੱਤਾ ਹੈ ਕਿ ਉਹ ਤੇਜ਼ੀ ਨਾਲ ਇਨਸਾਫ਼ ਯਕੀਨੀ ਬਣਾਉਣ ਲਈ ਸਾਰੀਆਂ ਸਬੰਧਤ ਏਜੰਸੀਆਂ ਨਾਲ ਕੰਮ ਕਰ ਰਹੇ ਹਨ।’ ਸ੍ਰੀ ਸਰਨਾ ਨੇ ਭਾਰਤੀ ਭਾਈਚਾਰੇ ਦੀ ਸੁਰੱਖਿਆ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਲੋੜ ਦਾ ਮੁੱਦਾ ਵੀ ਉਠਾਇਆ।    

 

ਨਿਊਜ਼ੀਲੈਂਡ ਵਿੱਚ ਪੰਜਾਬੀ ਉੱਤੇ ਨਸਲੀ ਹਮਲਾ
ਮੈਲਬਰਨ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਰੋਡ ਰੇਜ ਦੀ ਇਕ ਘਟਨਾ ਵਿੱਚ ਇਕ ਪੰਜਾਬੀ ਨਸਲੀ ਹਮਲੇ ਦਾ ਸ਼ਿਕਾਰ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਦੀ ਪਛਾਣ ਨਰਿੰਦਰਵੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਹਮਲਾਵਰਾਂ ਨੇ ਦੇਸ਼ ਛੱਡ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਫੇਸਬੁੱਕ ਉਤੇ ਪਾਈ ਵੀਡੀਓ ਵਿੱਚ ਦੱਸਿਆ ਕਿ ਇਹ ਘਟਨਾ ਪਿਛਲੇ ਹਫ਼ਤੇ ਉਦੋਂ ਵਾਪਰੀ ਜਦੋਂ ਉਹ ਆਪਣੇ ਵਾਹਨ ਦੇ ਅੰਦਰੋਂ ਫਿਲਮ ਬਣਾ ਰਿਹਾ ਸੀ। ਫ਼ਿਲਮ ਵਿੱਚ ਦਿਖਾਈ ਦੇ ਰਿਹਾ ਹਮਲਾਵਰ ਨਰਿੰਦਰਵੀਰ ਸਿੰਘ ਨੂੰ ਗਾਲੀ-ਗਲੋਚ ਕਰ ਰਿਹਾ ਹੈ ਤੇ ਪੰਜਾਬੀਆਂ ਬਾਰੇ ਮੰਦਾ ਬੋਲ ਰਿਹਾ ਹੈ।

Share :

Share

rbanner1

Share